ਕਵਿਤਾਵਾਂ

ਸੁਖਮਨੀ ਸਾਹਿਬ – ਹਰੀ ਸਿੰਘ ਜਾਚਕ

ਜੀਹਨੂੰ ਕਹਿੰਦੇ ਨੇ ਸੁਖਾਂ ਦੀ ਮਨੀ ਸਾਰੇ, ਰੱਚਿਆ ਗੁਰਾਂ ਸੀ ਆਪ, ਸੁਖਮਨੀ ਸਾਹਿਬ।
ਕੀਤੀ ਗਈ ਹੈ ਏਸ ਵਿੱਚ ਨਾਮ ਮਹਿਮਾਂ, ਸਾਰਾ ਓਹਦਾ ਪ੍ਰਤਾਪ, ਸੁਖਮਨੀ ਸਾਹਿਬ।
ਪੜ੍ਹ ਸੁਣ ਕੇ ਦੁੱਖ ਨੇ ਦੂਰ ਹੁੰਦੇ, ਲਾਹੁੰਦਾ ਤੀਨੇ ਹੀ ਤਾਪ, ਸੁਖਮਨੀ ਸਾਹਿਬ।
ਸੰਗਤਾਂ ਅਤੇ ਸੁਸਾਇਟੀਆਂ ਥਾਂ ਥਾਂ ’ਤੇ, ‘ਜਾਚਕ’ ਜਪਦੀਆਂ ਜਾਪ, ਸੁਖਮਨੀ ਸਾਹਿਬ।

ਲੂਣਾ – ਦੂਜਾ ਅੰਕ | ਭਾਗ – 7

ਲੂਣਾ – ਦੂਜਾ ਅੰਕ | ਭਾਗ – 6 ਪੜ੍ਹਨ ਲਈ ਕਲਿੱਕ ਕਰੋ

ਸਲਵਾਨ
ਹਰਫ਼ ਤੁਸਾਂ ‘ਤੇ
ਤਦ ਆਵੇਗਾ
ਜਦ ਸਲਵਾਨ ਵੀ
ਮਰ ਜਾਵੇਗਾ

ਵਰਮਨ
ਇਹ ਇੱਛਰਾਂ ਸੰਗ
ਵੀ ਅਣਿਆਂ ਹੈ
ਉਹ ਤੇਰੇ
ਵਿਹੜੇ ਦੀ ਛਾਂ ਹੈ
‘ਤੇ ਤੇਰੇ ਪੁੱਤਰ ਦੀ ਮਾਂ ਹੈ
ਨਾਰੀ ਜਦ ਇੱਕ
ਮਾਂ ਬਣ ਜਾਵੇ
ਨਾਰੀ ਨਹੀਂ
ਬੇ-ਜੀਭੀ ਗਾਂ ਹੈ

ਕੁੰਤ
ਨਾਰੀ,ਨਰ ਦਾ
ਉਹ ਗਹਿਣਾ ਹੈ
ਨਰ ਦੇ ਗਲ ਵਿੱਚ
ਤਾਂ ਰਹਿਣਾ ਹੈ
ਜੇ ਨਰ ਨੂੰ
ਉਸ ਮੋਹ ਲੈਣਾ ਹੈ
ਪਰ ਜੇ
ਨਰ ਨੂੰ ਮੋਹ ਨਹੀਂ ਸਕਦੀ
ਤਾਂ ਉਹ ਨਾਰੀ
ਹੋ ਨਹੀਂ ਸਕਦੀ
ਅਗਨ-ਸਰਪਨੀ
ਹੋ ਸਕਦੀ ਹੈ
ਸੁਪਨ-ਸਰਪਨੀ
ਹੋ ਨਹੀਂ ਸਕਦੀ
ਇਹਦੇ ਨਾਲੋਂ
ਅਗਨ-ਸਰਪਨੀ
ਚੰਗਾ ਹੈ
ਜੇਕਰ ਮਰ ਜਾਵੇ
ਮੁੜ ਨਾਰੀ ਦੀ
ਜੂਨ ਨਾ ਆਵੇ

ਵਰਮਨ
ਕੁੰਤੇ !
ਪਰ ਹਰ ਅਗਨ-ਸਰਪਨੀ
ਸੁਪਨ-ਸਰਪਨੀ
ਵੀ ਹੈ ਹੁੰਦੀ
ਜੇ ਇੱਕ ਅੱਖ ਲਈ
ਨਿਰਾ ਕੋਝ ਹੈ
ਦੂਜੀ ਦੇ ਲਈ
ਸੁਹਜ ਹੈ ਹੁੰਦੀ
ਰੱਤੀ ਦੀ ਨੀਂਦਰ ‘ਚੋਂ ਟੁੱਟਾ
ਹਰ ਨਾਰੀ
ਸੁਪਨਾ ਹੈ ਹੁੰਦੀ
ਪਰ ਜੇ ਤੁਸੀਂ
ਬੜੇ ਇੱਛਕ ਹੋ
ਕਹੋ ਮੰਤਰੀ ਤਾਈਂ ਜਾ ਕੇ
ਬਾਰੂ ਦੇ ਘਰ
ਜਾ ਕਹਿ ਆਵੇ
ਕਿ ਉਹ ਧੀ ਦਾ
ਕਾਜ ਰਚਾਵੇ
ਤੇ ਮੇਰੇ
ਮਿੱਤ੍ਰ ਲੜ ਲਾਵੇ
ਜੋ ਮੰਗੇ
ਸੋ ਬਖਸ਼ਸ਼ ਪਵੇ
[ ਸਾਰੇ ਉੱਠ ਕੇ ਚਲੇ ਜਾਂਦੇ ਹਨ ]

(ਦੂਜਾ ਅੰਕ ਸਮਾਪਤ)

ਗੁਰੂ ਅਰਜਨ ਦੇਵ ਜੀ – ਹਰੀ ਸਿੰਘ ਜਾਚਕ

ਤੀਜੇ ਪਾਤਸ਼ਾਹ ਭਾਨੀ ਨੂੰ ਕਿਹਾ ਇਕ ਦਿਨ, ਅਰਜਨ ਹੈ ਤੇਰਾ ਹੋਣਹਾਰ ਬਾਲਕ।
ਸਾਡੀ ਪੱਗ ਦੀ ਰੱਖੂਗਾ ਲਾਜ ਇਹ ਤਾਂ, ਦੁਨੀਆਂ ਵਿੱਚ ਇਹ ਪਾਊ ਸਤਿਕਾਰ ਬਾਲਕ।
ਰਹੂ ਸਦਾ ਹੀ ਰੱਬੀ ਰਜ਼ਾ ਅੰਦਰ, ਹੋਊ ਸ਼ਾਂਤੀ ਦਾ ਇਹ ਅਵਤਾਰ ਬਾਲਕ।
ਘੋਰ ਸੰਕਟ ਤੇ ਦੁੱਖ ਮੁਸੀਬਤਾਂ ਨੂੰ, ਖਿੜੇ ਮੱਥੇ ਇਹ ਲਊ ਸਹਾਰ ਬਾਲਕ।

ਬਹਿ ਕੇ ਤੀਸਰੇ ਪਾਤਸ਼ਾਹ ਪਾਸ ਸੰਗਤਾਂ, ਸੁਣ ਰਹੀਆਂ ਸਨ, ਦੀਨ ਦਇਆਲ ਤਾਂਈਂ।
ਬਾਲ ਅਰਜਨ ਵੀ ਰਿੜਦੇ ਹੋਏ ਕੋਲ ਪਹੁੰਚੇ, ਗੁਰਾਂ ਲਿਆ ਸੀ ਗੋਦੀ ਵਿੱਚ ਲਾਲ ਤਾਂਈਂ।
‘ਦੋਹਿਥਾ ਬਾਣੀ ਕਾ ਬੋਹਿਥਾ’ ਕਹਿ ਮੁੱਖੋਂ, ਵਰ ਦਿੱਤਾ ਸੀ ਨੰਨ੍ਹੇ ਜਿਹੇ ਬਾਲ ਤਾਂਈਂ।
ਨਦਰੀ ਨਦਰਿ ਸੀ ਕਰ ਨਿਹਾਲ ਦਿੱਤਾ, ਭਾਈ ਜੇਠੇ ਦੇ ਨੌਨਿਹਾਲ ਤਾਂਈਂ।

ਭਾਈ ਜੇਠੇ ਦੇ ਲਾਡਲੇ ਲਾਲ ਹੈਸਨ, ਮਾਤਾ ਭਾਨੀ ਦੇ ਜਾਏ ਸਨ ਬਾਲ ਅਰਜਨ।
ਨਾਨਾ ਗੁਰੂ ਦੀ ਗੋਦ ’ਚ ਖੇਡ ਖੇਡਾਂ, ਮੁਢਲੇ ਸਾਲ ਬਿਤਾਏ ਸਨ ਬਾਲ ਅਰਜਨ।
ਸਮੇਂ ਸਮੇਂ ’ਤੇ ਨਿਕੜੀ ਉਮਰ ਅੰਦਰ, ਵਰ ਝੋਲੀ ਪੁਆਏ ਸਨ ਬਾਲ ਅਰਜਨ।
ਗੁਰਮਤਿ ਅਤੇ ਗੁਰਬਾਣੀ ਦੀ ਮਿਲੀ ਗੁੜ੍ਹਤੀ, ਆਏ ਧੁਰੋਂ ਵਰੋਸਾਏ ਸਨ ਬਾਲ ਅਰਜਨ।

ਸਹਜ ਅਵੱਸਥਾ ’ਚ ਸ਼ੁਰੂ ਤੋਂ ਰਹੇ ਉਹ ਤਾਂ, ਰੱਬੀ ਰੰਗ ’ਚ ਰੰਗੇ ਸਨ ਬਾਲ ਅਰਜਨ।
ਭਾਵੇਂ ਸਭ ਭਰਾਵਾਂ ਤੋਂ ਸਨ ਛੋਟੇ, ਐਪਰ ਸਭ ਤੋਂ ਚੰਗੇ ਸਨ ਬਾਲ ਅਰਜਨ।
ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਦੇ, ਰਹੇ ਸਦਾ ਹੀ ਸੰਗੇ ਸਨ ਬਾਲ ਅਰਜਨ।
ਪਰ ਪ੍ਰਿਥੀ ਚੰਦ ਦੇ ਸ਼ੁਰੂ ਤੋਂ ਈਰਖਾ ਦੇ, ਜ਼ਹਿਰੀ ਡੰਗਾਂ ਨਾਲ ਡੰਗੇ ਸਨ ਬਾਲ ਅਰਜਨ।

ਸਮੇਂ ਸਮੇਂ ਉਤੇ ਪੰਚਮ ਪਾਤਸ਼ਾਹ ’ਤੇ, ਦੁੱਖ ਮੁਸੀਬਤਾਂ ਦੇ ਘੋਰ ਆਏ ਸੰਕਟ।
ਗੱਦੀ ਬੈਠਣ ਤੋਂ ਪਹਿਲਾਂ ਹੀ ਕਈ ਵਾਰੀ, ਗੁਰੂ ਦੋਖੀ ਸਨ ਕਈ ਲਿਆਏ ਸੰਕਟ।
ਕੀਤੀ ਗਈ ਸੀ ਜਦੋਂ ਦਸਤਾਰ ਬੰਦੀ, ਕਾਲੀ ਘਟਾ ਦੇ ਵਾਂਗ ਸਨ ਛਾਏ ਸੰਕਟ।
ਪ੍ਰਿਥੀ ਚੰਦ ਨੇ ਚੱਲੀਆਂ ਸਦਾ ਚਾਲਾਂ, ਛੋਟੇ ਭਾਈ ਦੇ ਗਲ ਪੁਆਏ ਸੰਕਟ।

ਜ਼ਿੰਮੇਵਾਰੀ ਗੁਰਿਆਈ ਦੀ ਮਿਲੀ ਉਹਨੂੰ, ਗੁਰੂ ਨਜ਼ਰ ‘ਚ ਹੋਇਆ ਪ੍ਰਵਾਨ ਜਿਹੜਾ।
ਕੰਵਲ ਫੁੱਲ ਦੇ ਵਾਂਗ ਨਿਰਲੇਪ ਰਹਿਕੇ, ਗ੍ਰਿਹਸਤੀ ਜੀਵਨ ’ਚ ਪੂਰਨ ਇਨਸਾਨ ਜਿਹੜਾ।
ਸੇਵਾ ਸਿਮਰਨ ਨੂੰ ਜੀਵਨ ਦੇ ਵਿੱਚ ਧਾਰੇ, ਗੁਣਾਂ ਨਾਲ ਭਰਪੂਰ ਗੁਣਵਾਨ ਜਿਹੜਾ।
ਹਰ ਇਕ ਨੂੰ ਵਿਰਸੇ ’ਚ ਨਹੀਂ ਮਿਲਦਾ, ਗੁਰੂ ਅਰਜਨ ਨੂੰ ਮਿਲਿਆ ਸਨਮਾਨ ਜਿਹੜਾ।

ਗੁਰੂ ਨਾਨਕ ਦੀ ਗੱਦੀ ’ਤੇ ਬੈਠ ਕੇ ਤੇ, ਕਰਦੇ ਗੁਰਮਤਿ ਦਾ ਰਹੇ ਪ੍ਰਚਾਰ ਸਤਿਗੁਰ।
ਚੜ੍ਹ ਪੈਂਦਾ ਗਿਆਨ ਦਾ ਕੋਈ ਸੂਰਜ, ਕਰਦੇ ਸੰਗਤ ਨਾਲ ਜਦੋਂ ਵਿਚਾਰ ਸਤਿਗੁਰ।
ਸੁੱਚੀ ਕਿਰਤ ਵਿੱਚ ਅੰਮ੍ਰਿਤ ਦੇ ਘੁੱਟ ਹੁੰਦੇ, ਕਹਿੰਦੇ ਸੰਗਤਾਂ ਨੂੰ ਬਾਰੰਬਾਰ ਸਤਿਗੁਰ।
ਕਰਨੇ ਚਾਹੀਦੇ ਸੇਵਾ ਨਾਲ ਹੱਥ ਸੁੱਚੇ, ਇਹ ਵੀ ਕਹਿੰਦੇ ਸਨ ਪੰਚਮ ਦਾਤਾਰ ਸਤਿਗੁਰ।

ਪੰਚਮ ਪਿਤਾ ਨੇ ਆਪਣੇ ਸਮੇਂ ਅੰਦਰ, ਗੁਰੂ ਘਰ ਤਿਆਰ ਕਰਵਾਏ ਸੋਹਣੇ।
ਦੁਖੀ ਮਨਾਂ ਨੂੰ ਸੁੱਖਾਂ ਦੀ ਮਨੀ ਦੇ ਕੇ, ਤਨ ਮਨ ਦੇ ਸੁੱਖ ਪਹੁੰਚਾਏ ਸੋਹਣੇ।
ਨਾਮ ਬਾਣੀ ਦੇ ਪਾਰਸ ਦੀ ਛੋਹ ਦੇ ਕੇ, ਪਾਪੀ ਹਿਰਦੇ ਸਨ ਪਾਵਨ ਬਣਾਏ ਸੋਹਣੇ।
ਕਥਨੀ ਕਰਨੀ ਨਾਲ ਧਰਮ ਪ੍ਰਚਾਰ ਕਰਕੇ, ਹਰ ਥਾਂ ਧਰਮ ਦੇ ਝੰਡੇ ਝੁਲਾਏ ਸੋਹਣੇ।

ਗੁਰੂਆਂ, ਭਗਤਾਂ ਤੇ ਗੁਰਸਿੱਖ ਪਿਆਰਿਆਂ ਦੀ, ਬਾਣੀ ਕੱਠੀ ਕਰਵਾਈ ਸੀ ਪਾਤਸ਼ਾਹ ਨੇ।
ਰਾਮਸਰ ਸਰੋਵਰ ਦੇ ਬਹਿ ਕੰਢੇ, ਸੁਰਤੀ ਬਿਰਤੀ ਲਗਾਈ ਸੀ ਪਾਤਸ਼ਾਹ ਨੇ।
ਹੱਥ ਭਾਈ ਗੁਰਦਾਸ ਦੇ ਕਲਮ ਦੇ ਕੇ, ਪਾਵਨ ਬਾਣੀ ਲਿਖਵਾਈ ਸੀ ਪਾਤਸ਼ਾਹ ਨੇ।
ਭਾਦੋਂ ਸੁਦੀ ਏਕਮ, ਅੰਮ੍ਰਿਤਸਰ ਅੰਦਰ, ਸਾਰੀ ਸੰਗਤ ਬੁਲਾਈ ਸੀ ਪਾਤਸ਼ਾਹ ਨੇ।

ਆਦਿ ਬੀੜ ਸੰਪੂਰਨ ਅੱਜ ਹੋਈ ਹੈਸੀ, ਸਿੱਖ ਗਏ ਸੱਦੇ ਖਾਸ ਖਾਸ ਏਥੇ।
ਦੂਰੋਂ ਦੂਰੋਂ ਸਨ ਪਹੁੰਚੀਆਂ ਸਿੱਖ ਸੰਗਤਾਂ, ਸ਼ਰਧਾ ਅਦਬ ਤੇ ਨਾਲ ਵਿਸ਼ਵਾਸ ਏਥੇ।
ਗੱਲ ’ਚ ਪਾ ਪੱਲਾ, ਪੰਚਮ ਪਾਤਸ਼ਾਹ ਨੇ, ਗੁਰੂ ਚਰਨਾਂ ’ਚ ਕੀਤੀ ਅਰਦਾਸ ਏਥੇ।
ਰਹਿਮਤ ਪੁਰਖ ਅਕਾਲ ਦੀ ਹੋਈ ਐਸੀ, ਕਾਰਜ ਸਾਰੇ ਹੀ ਹੋਏ ਨੇ ਰਾਸ ਏਥੇ।

ਬਾਬਾ ਬੁੱਢਾ ਜੀ ਸੀਸ ’ਤੇ ਬੀੜ ਰੱਖਕੇ, ਨੰਗੇ ਪੈਰੀਂ ਹਰਿਮੰਦਰ ਵੱਲ ਚੱਲ ਰਹੇ ਸੀ।
ਅੱਗੇ ਅੱਗੇ ਗੁਰਦਾਸ ਜੀ ਪਕੜ ਗੜਵਾ, ਛਿੜਕ ਜ਼ਮੀਨ ਉੱਤੇ ਪਾਵਨ ਜਲ ਰਹੇ ਸੀ।
ਆਪਣੀ ਪੱਗ ਦੇ ਪੱਲੂ ਨਾਲ ਭਾਈ ਬੰਨੋ, ਕਰ ਸਾਫ਼ ਰਸਤਾ ਪਲੋ ਪਲ ਰਹੇ ਸੀ।
ਸੰਗਤਾਂ ਸ਼ਬਦ ਗੁਰਬਾਣੀ ਦੇ ਪੜ੍ਹੀ ਜਾਵਨ, ਪੰਚਮ ਪਾਤਸ਼ਾਹ ਜੀ ਚੌਰ ਝੱਲ ਰਹੇ ਸੀ।

ਹਰਿਮੰਦਰ ਸਜਾ ਕੇ ‘ਬੀੜ’ ਸਾਹਿਬ, ਜਦ ਪ੍ਰਕਾਸ਼ ਕਰਵਾਇਆ ਸੀ ਗੁਰੂ ਅਰਜਨ।
ਰਿਦਾ ਗੁਰੂ ਦਾ ਜਾਨੋਂ ਗਰੰਥ ਅੰਦਰ, ਆਪਣੇ ਮੁੱਖੋਂ ਫੁਰਮਾਇਆ ਸੀ ਗੁਰੂ ਅਰਜਨ।
ਪੋਥੀ ਸਾਹਿਬ ਸਜਾ ਕੇ ਤਖ਼ਤ ਉੱਤੇ, ਥੱਲੇ ਆਸਨ ਲਗਾਇਆ ਸੀ ਗੁਰੂ ਅਰਜਨ।
ਬਾਬਾ ਬੁੱਢਾ ਜੀ ਤਾਂਈਂ ਸਨਮਾਨ ਦੇ ਕੇ, ਮੁੱਖ ਗ੍ਰੰਥੀ ਬਣਾਇਆ ਸੀ ਗੁਰੂ ਅਰਜਨ।

ਚੜ੍ਹਦੀ ਕਲਾ ’ਚ ਸਿੱਖੀ ਨੂੰ ਤੱਕ ਕੇ ਤੇ, ਧੁਰ ਅੰਦਰੋਂ ਖਾਧੀ ਸੀ ਖਾਰ ਦੁਸ਼ਟਾਂ।
ਇਹਨੂੰ ਸਦਾ ਲਈ ਜੜ੍ਹਾਂ ਤੋਂ ਖਤਮ ਕਰਨੈ, ਇਹ ਸੀ ਰੱਖਿਆ ਦਿਲਾਂ ’ਚ ਧਾਰ ਦੁਸ਼ਟਾਂ।
ਸੋਚ ਸਮਝ ਕੇ ਗੁੰਦੀਆਂ ਸਨ ਗੋਂਦਾਂ, ਗੁਰੂ ਘਰ ’ਤੇ ਕਰਨ ਲਈ ਵਾਰ ਦੁਸ਼ਟਾਂ।
ਸ਼ੇਖ ਅਹਿਮਦ ਸਰਹੰਦੀ ਤੇ ਮੁਰਤਜ਼ਾ ਜਿਹੇ, ਕੱਟੜ ਪੰਥੀ ਸਨ ਕੀਤੇ ਤਿਆਰ ਦੁਸ਼ਟਾਂ।

ਜਹਾਂਗੀਰ ਪਿਆਲੇ ਜਦ ਪੀ ਓਧਰ, ਡੁੱਬ ਚੁੱਕਾ ਸੀ ਨਸ਼ੇ ਸ਼ਰਾਬ ਅੰਦਰ।
ਗੁਰੂ ਘਰ ਦੇ ਦੋਖੀਆਂ ਤਾੜ ਮੌਕਾ, ਜ਼ਹਿਰ ਭਰੀ ਸੀ ਓਦੋਂ ਜਨਾਬ ਅੰਦਰ।
ਅਰਜਨ ਨਾਮ ਦਾ ਇਕ ਚਲਾਕ ਸਾਧੂ, ਖੋਲੀ ਬੈਠੈ ਦੁਕਾਨ ਪੰਜਾਬ ਅੰਦਰ।
ਕੀਤੀ ਗਈ ਇਸਲਾਮ ਦੀ ਨਿੰਦਿਆ ਹੈ, ਉਹਦੀ ਲਿਖੀ ਹੋਈ ਖਾਸ ਕਿਤਾਬ ਅੰਦਰ।

ਉਹਨੇ ਗੁਰਾਂ ਦੇ ਕਤਲ ਦਾ ਹੁਕਮ ਦਿੱਤਾ, ਕਰਮ ਧਰਮ ਤੇ ਦੀਨ ਇਮਾਨ ਛੱਡ ਕੇ।
ਚੱਲ ਪਏ ਲਾਹੌਰ ਦੇ ਵੱਲ ਸਤਿਗੁਰ, ਪਾਵਨ ਗੁਰੂ ਕੀ ਨਗਰੀ ਮਹਾਨ ਛੱਡ ਕੇ।
ਚਿਹਰੇ ਫੁੱਲਾਂ ਦੇ ਗਏ ਮੁਰਝਾ ਓਦੋਂ, ਮਾਲੀ ਜਾ ਰਿਹਾ ਸੀ ਗੁਲਿਸਤਾਨ ਛੱਡ ਕੇ।
ਪੀ ਕੇ ਜਾਮਿ ਸ਼ਹਾਦਤ ਅਲੋਪ ਹੋ ਗਏ, ਵੱਸਦਾ ਰੱਸਦਾ ‘ਜਾਚਕ’ ਜਹਾਨ ਛੱਡ ਕੇ।

ਗੁਰੂ ਰਾਮ ਦਾਸ ਜੀ – ਹਰੀ ਸਿੰਘ ਜਾਚਕ

ਮਾਂ ਬਾਪ ਦਾ ਸਾਇਆ ਸੀ ਉਠ ਗਿਆ, ਛੋਟੀ ਉਮਰ ’ਚ ਜੇਠੇ ਦੇ ਸਿਰ ਉਤੋਂ।
ਇੰਜ ਲੱਗਿਆ ਜਿਵੇਂ ਇਸ ਬਾਲਕੇ ’ਤੇ, ਬਿਜਲੀ ਕੋਈ ਅਸਮਾਨੀ ਪਈ ਗਿਰ ਉਤੋਂ।
ਛੋਟੇ ਭੈਣ ਭਰਾ ਨੂੰ ਪਾਲਣੇ ਲਈ, ਜਿੰਮੇਵਾਰੀ ਵੀ ਪਈ ਸੀ ਫਿਰ ਉਤੋਂ।
ਐਪਰ ਜਦੋਂ ਯਤੀਮ ਦੇ ਭਾਗ ਜਾਗੇ, ਰੱਖਿਆ ਹੱਥ ‘ਨਿਧਿਰਿਆਂ ਦੀ ਧਿਰ’ ਉਤੋਂ।

ਸੁਘੜ ਸਿਆਣਾ ਤੇ ਪੁੰਜ ਸੀ ਨਿਮਰਤਾ ਦਾ, ਸੇਵਾ ਕਰਦਾ ਸੀ ਸਿਦਕ ਦੇ ਨਾਲ ਜੇਠਾ।
ਕਿਸੇ ਹੁਕਮ ’ਤੇ ਕਿੰਤੂ ਨਾ ਕਦੇ ਕੀਤਾ, ਬੜੀ ਰਿਹਾ ਸੀ ਘਾਲਣਾ ਘਾਲ ਜੇਠਾ।
ਬਣਨ ਪਿਛੋਂ ਦਾਮਾਦ ਵੀ ਖਿੜ੍ਹੇ ਮੱਥੇ, ਕਰਦਾ ਰਿਹਾ ਸੇਵਾ ਬੇਮਿਸਾਲ ਜੇਠਾ।
ਤਾਹੀਉਂ ਸਤਿਗੁਰਾਂ ਸੇਵਾ ਤੋਂ ਖੁਸ਼ ਹੋ ਕੇ, ਗੁਰਗੱਦੀ ’ਤੇ ਦਿੱਤਾ ਬਿਠਾਲ ਜੇਠਾ।

ਹੁਕਮ ਮੰਨ ਕੇ ਤੀਸਰੇ ਪਾਤਸ਼ਾਹ ਦਾ, ਅੰਮ੍ਰਿਤਸਰ ਵਸਾਇਆ ਸੀ ਆਪ ਆ ਕੇ।
ਦੁੱਖ ਭੰਜਨੀ ਬੇਰੀ ਦੇ ਨਾਲ ਕਰਕੇ, ਸੋਹਣਾ ਤਾਲ ਖੁਦਵਾਇਆ ਸੀ ਆਪ ਆ ਕੇ।
ਸ਼ਾਹਾਂ, ਕਿਰਤੀਆਂ ਅਤੇ ਵਪਾਰੀਆਂ ਨੂੰ, ਦੂਰੋਂ ਦੂਰੋਂ ਮੰਗਵਾਇਆ ਸੀ ਆਪ ਆ ਕੇ।
ਗੁਰੂ ਬਨਣ ਤੋਂ ਬਾਅਦ ਫਿਰ ਪਾਤਸ਼ਾਹ ਨੇ, ਡੇਰਾ ਏਥੇ ਹੀ ਲਾਇਆ ਸੀ ਆਪ ਆ ਕੇ।

ਪਾਵਨ ਅੰਮ੍ਰਿਤ ਸਰੋਵਰ ਤਿਆਰ ਕਰ ਕੇ, ਕੀਤੀ ਕਿਰਪਾ ਸੀ ਕਿਰਪਾ ਨਿਧਾਨ ਏਥੇ।
ਏਸ ਥਾਂ ਤੇ ਪਿੰਗਲੇ ਬਣੇ ਕੁੰਦਨ, ਸੇਵਾ ਰਜਨੀ ਦੀ ਹੋਈ ਪਰਵਾਨ ਏਥੇ।
ਲਹਿੰਦੀ ਮੈਲ ਹੈ ਜਨਮ ਜਨਮਾਂਤਰਾਂ ਦੀ, ਪਾਵਨ ਅੰਮ੍ਰਿਤ ਦਾ ਸੋਮਾ ਮਹਾਨ ਏਥੇ।
ਸਾਰੀ ਦੁਨੀਆਂ ਤੋਂ ਚੱਲ ਕੇ ਲੋਕ ਸਾਰੇ, ਕਰਨ ਆਉਂਦੇ ਨੇ ਦਰਸ਼ਨ ਇਸ਼ਨਾਨ ਏਥੇ।

ਏਸ ਅੰਮ੍ਰਿਤ ਸਰੋਵਰ ’ਚੋਂ ਬੂੰਦ ਪੀ ਕੇ, ਸਿੰਘਾਂ ਮੌਤ ਦੇ ਮੂੰਹ ਸੀ ਮੋੜ ਦਿੱਤੇ।
ਸਮੇਂ ਸਮੇਂ ਤੇ ਕਰਨ ਜੋ ਜੁਲਮ ਆਏ, ਜ਼ਾਲਮ ਜ਼ੁਲਮ ਦੇ ਹੜ੍ਹਾਂ ’ਚ ਰੋੜ੍ਹ ਦਿੱਤੇ।
ਜੀਹਨੇ ਜੀਹਨੇ ਵੀ ਵੇਖਿਆ ਅੱਖ ਕੈਰੀ,ਓਹ ਸਭ ਨਿਬੂਆਂ ਵਾਂਗ ਨਿਚੋੜ ਦਿੱਤੇ।
ਜਿਹੜੇ ਕਹਿੰਦੇ ਕਿ ਸਿੰਘਾਂ ਦੇ ਲੱਕ ਟੁੱਟੇ, ਸਿੰਘਾਂ ਉਨ੍ਹਾਂ ਦੇ ਲੱਕ ਹੀ ਤੋੜ ਦਿੱਤੇ।

ਏਸ ਪਾਵਨ ਅਸਥਾਨ ਤੋਂ ਪਾਤਸ਼ਾਹ ਨੇ, ਚਹੁੰ ਚੱਕਾਂ ਦੇ ਵਿੱਚ ਫੈਲਾਈ ਸਿੱਖੀ।
ਬਾਲ ਉਮਰ ’ਚੋਂ ਨਿਕਲ ਕੇ ਉਸ ਵੇਲੇ, ਭਰ ਜਵਾਨੀ ਦੇ ਵਿੱਚ ਸੀ ਆਈ ਸਿੱਖੀ।
ਵਾਸਾ ਕੀਤਾ ਸੀ ਉਨ੍ਹਾਂ ਦੇ ਹਿਰਦਿਆਂ ਵਿੱਚ, ਪੂਰੀ ਤਰ੍ਹਾਂ ਸੀ ਜਿੰਨ੍ਹਾਂ ਅਪਣਾਈ ਸਿੱਖੀ।
ਜਾਤਾਂ ਪਾਤਾਂ ਦੇ ਵਿਤਕਰੇ ਖਤਮ ਕਰਕੇ, ਊਚ ਨੀਚ ਦੀ ਵਿੱਥ ਮਿਟਾਈ ਸਿੱਖੀ।

ਅਕਬਰ ਬਾਦਸ਼ਾਹ ਜਦੋਂ ਦੀਦਾਰ ਕੀਤੇ, ਲੱਗੀ ਪਾਵਨ ਸ਼ਖ਼ਸੀਅਤ ਦੀ ਛਾਪ ਉਸ ’ਤੇ।
ਭਟਕੀ ਰੂਹ ਜੋ ਚਰਨਾਂ ’ਤੇ ਆਣ ਡਿੱਗੀ, ਉਨ੍ਹਾਂ ਛਿੜਕਿਆ ਨਾਮ ਦਾ ਜਾਪ ਉਸ ’ਤੇ।
ਛੱਟੇ ਮਾਰ ਗੁਰਬਾਣੀ ਦੇ ਲਾਹ ਦਿੱਤੇ, ਚੜ੍ਹੇ ਹੋਏ ਸਨ ਜਿਹੜੇ ਵੀ ਪਾਪ ਉਸ ’ਤੇ।
ਦੂਰੋਂ ਨੇੜਿਓ ਜਿਹੜਾ ਵੀ ਸ਼ਰਨ ਆਇਆ, ਕੀਤੀ ਮਿਹਰ ਸੀ ਗੁਰਾਂ ਨੇ ਆਪ ਉਸ ’ਤੇ।

ਪ੍ਰਿਥੀ ਚੰਦ ਜਦ ਸਾਜ਼ਸ਼ੀ ਹੋ ਗਿਆ ਸੀ, ਦਿੱਤਾ ਓਸ ਨੂੰ ਦਿਲੋਂ ਵਿਸਾਰ ਉਹਨਾਂ।
ਦੁਸ਼ਟਾਂ ਦੋਖੀਆਂ, ਨਿੰਦਕਾਂ, ਭੇਖੀਆਂ ਨੂੰ, ਮਾਰੀ ਬੜੀ ਹੀ ਕਰੜੀ ਸੀ ਮਾਰ ਉਹਨਾਂ।
ਪੂਰਨ ਪੁਰਖ ਸਮਦ੍ਰਿਸ਼ਟੀ ਦੇ ਸਨ ਮਾਲਕ, ਲਈ ਦੁਖੀਆਂ ਗਰੀਬਾਂ ਦੀ ਸਾਰ ਉਹਨਾਂ।
ਮਹਿਮਾਂ ਪਾਵਨ ਗੁਰਬਾਣੀ ਦੀ ਕਾਇਮ ਰੱਖੀ, ਕਈ ਤਰ੍ਹਾਂ ਦੇ ਜੋਖ਼ਮ ਸਹਾਰ ਉਹਨਾਂ।

ਸੁਣਿਆ ਗੁਰਾਂ ਜਦ ਸ੍ਰੀ ਚੰਦ ਆ ਰਹੇ ਨੇ, ਪਹੁੰਚ ਗਏ ਸੀ ਕਰਨ ਦਿਦਾਰ ਅੱਗੋਂ।
ਲੱਤਾਂ ਘੁੱਟੀਆਂ, ਚਰਨ ਦਬਾਏ ਸੋਹਣੇ, ਹੱਦਾਂ ਟੱਪ ਕੇ ਕੀਤਾ ਸਤਿਕਾਰ ਅੱਗੋਂ।
ਦਾਹੜੀ ਲੰਮੀ ਕਿਉਂ ਏਨੀ ਵਧਾਈ ਹੋਈ ਏ, ਬਾਬੇ ਪੁਛਿਆ ਨਾਲ ਪਿਆਰ ਅੱਗੋਂ।
ਮਹਾਂ ਪੁਰਖਾਂ ਦੇ ਚਰਨਾਂ ਨੂੰ ਝਾੜਨੇ ਲਈ, ਮੁੱਖੋਂ ਕਿਹਾ ਸੀ ਨੂਰੀ ਨੁਹਾਰ ਅੱਗੋਂ।

ਲੈ ਕੇ ਧੁਰੋਂ ਉਹ ਨਾਮ ਦਾ ਧਨ ਸੱਚਾ, ਵੰਡਣ ਆਏ ਸਨ ਪੂਰੇ ਸੰਸਾਰ ਅੰਦਰ।
ਤੀਹ ਰਾਗਾਂ ’ਚ ਬਾਣੀ ਸੀ ਰਚੀ ‘ਜਾਚਕ’, ਰੰਗੇ ਹੋਇਆਂ ਨੇ ਰੱਬੀ ਪਿਆਰ ਅੰਦਰ।
ਦੀਨ ਦੁਨੀਆਂ ਦਾ ਉਨ੍ਹਾਂ ਨੂੰ ਥੰਮ ਕਿਹੈ, ਭਾਈ ਗੁਰਦਾਸ ਨੇ ਆਪਣੀ ਵਾਰ ਅੰਦਰ।
ਇਕ ਸੌ ਤੇਈ ਸਵੱਯੀਆਂ ’ਚੋਂ ਵਿੱਚ ਸੱਠਾਂ, ਮਹਿਮਾ ਕੀਤੀ ਏ ਭੱਟਾਂ ਸਤਿਕਾਰ ਅੰਦਰ।

ਪਾਵਨ ਅੰਮ੍ਰਿਤ ਸਰੋਵਰ ਖੁਦਵਾਉਣ ਦੇ ਲਈ, ਆਪਣੇ ਹੱਥੀਂ ਲਗਾਇਆ ਟੱਕ ਹੈਸੀ।
ਸੇਵਾ ਕੀਤੀ ਸੀ ਸੰਗਤਾਂ ਨਾਲ ਉਨ੍ਹਾਂ, ਸਿੱਖੀ ਸਿਦਕ ’ਚ ਰਹਿ ਪ੍ਰਪੱਕ ਹੈਸੀ।
ਮਨ ਬਾਂਛਤ ਫਲ ਪਾਉਗੇ ਤੁਸੀਂ ਏਥੋਂ, ਕਿਹਾ ਹਰ ਇਕ ਸਿੱਖ ਵੱਲ ਤੱਕ ਹੈਸੀ।
ਅੰਮ੍ਰਿਤਸਰ ਹਾਂ ਜੇਸਨੂੰ ਅੱਜ ਕਹਿੰਦੇ, ਇਹਨੂੰ ਆਖਦੇ ‘ਗੁਰੂ ਕਾ ਚੱਕ’ ਹੈਸੀ।

ਭਾਈ ਜੇਠੇ ਨੇ ਕੀਤੀ ਮਹਾਨ ਸੇਵਾ – ਹਰੀ ਸਿੰਘ ਜਾਚਕ

ਤੀਜੇ ਗੁਰਾਂ ਦੇ ਬਣੇ ਜੁਆਈ ਭਾਂਵੇਂ, (ਪਰ) ਭਾਈ ਜੇਠੇ ਨੇ ਕੀਤੀ ਮਹਾਨ ਸੇਵਾ।
ਖਿੜੇ ਮੱਥੇ ਸੀ ਟੋਕਰੀ ਢੋਈ ਸਿਰ ’ਤੇ, ਉਨ੍ਹਾਂ ਸਮਝੀ ਨਾ ਕਦੇ ਅਪਮਾਨ ਸੇਵਾ।
ਸਿਰ ’ਤੇ ਮਿੱਟੀ ਦੀ ਟੋਕਰੀ ਰਹੇ ਚੁੱਕਦੇ, ਸਦਾ ਸਮਝ ਕੇ ਸਿੱਖੀ ਦੀ ਸ਼ਾਨ ਸੇਵਾ।
ਆਏ ਕਦੇ ਨਾ ਹਊਮੈਂ ਹੰਕਾਰ ਅੰਦਰ, ਕੀਤੀ ਹੋ ਕੇ ਸਦਾ ਨਿਰਮਾਨ ਸੇਵਾ।

ਤੀਜੇ ਪਾਤਸ਼ਾਹ ਸੋਚ ਕੇ ਸੋਚ ਲੰਮੀ, ਦੋਏ ਪਰਾਹੁਣੇ ਬੁਲਾਉਣ ਲਈ, ਹੁਕਮ ਕੀਤਾ।
ਸਿੱਖੀ ਸਿਦਕ ਦੀ ਪ੍ਰੀਖਿਆ ਲੈਣ ਖਾਤਰ, ਇਕ ਥੜਾ ਬਣਾਉਣ ਲਈ, ਹੁਕਮ ਕੀਤਾ।
ਹੁੰਦਾ ਪਾਸ ਕਿਹੜਾ ਇਮਤਿਹਾਨ ਵਿੱਚੋਂ, ਗੁਰਾਂ ਇਹ ਅਜ਼ਮਾਉਣ ਲਈ, ਹੁਕਮ ਕੀਤਾ।
ਬਣੇ ਥੜੇ ਨੂੰ ਤੱਕ ਕੇ ਹਰ ਵਾਰੀ, ਗੁਰੂ ਸਾਹਿਬ ਨੇ ਢਾਉਣ ਲਈ, ਹੁਕਮ ਕੀਤਾ।

ਨਹੀਂ ਇਹ ਪਸੰਦ ਨਹੀਂ ਥੜਾ ਮੈਨੂੰ, ਢਾਅ ਕੇ ਫੇਰ ਬਣਾਉਣ ਲਈ, ਹੁਕਮ ਕੀਤਾ।
ਭਾਈ ਰਾਮਾ ਜੀ ਅੱਕ ਕੇ ਕਹਿਣ ਲੱਗੇ, ਤੁਸਾਂ ਸਾਨੂੰ ਖਿਝਾਉਣ ਲਈ, ਹੁਕਮ ਕੀਤਾ।
ਬਿਰਧ ਉਮਰ ਕਰਕੇ, ਤੁਸੀਂ ਭੁੱਲ ਜਾਂਦੇ, ਪਹਿਲਾਂ ਜਿੱਦਾਂ ਬਣਾਉਣ ਲਈ, ਹੁਕਮ ਕੀਤਾ।
ਹਰ ਵਾਰੀ ਬਣਾਵਾਂ ਮੈਂ ਥੜਾ ਓਦਾਂ, ਜਿਦਾਂ ਤੁਸੀਂ ਬਣਾਉਣ ਲਈ ਹੁਕਮ ਕੀਤਾ।

ਭਾਈ ਜੇਠੇ ਨੂੰ ਕਿਹਾ ਜਦ ਸਤਿਗੁਰਾਂ ਨੇ, ਕਹਿੰਦਾ ਬੜਾ ਮੈਂ ਤਾਂ ਭੁੱਲਣਹਾਰ ਦਾਤਾ।
ਹਰ ਵਾਰੀ ਹੋ ਤੁਸੀਂ ਤਾਂ ਠੀਕ ਦੱਸਦੇ, ਮੈਂ ਹੀ ਭੁਲ ਜਾਂਦਾ ਹਰ ਵਾਰ ਦਾਤਾ।
ਟੇਢਾ ਮੇਢਾ ਬਣ ਜਾਂਦਾ ਏ ਥੜਾ ਮੈਥੋਂ, ਢਾਹ ਕੇ ਦੇਂਦਾ ਹਾਂ ਫੇਰ ਉਸਾਰ ਦਾਤਾ।
ਵਾਰ ਵਾਰ ਮੈਂ ਗਲਤੀ ਤੇ ਕਰਾਂ ਗਲਤੀ, ਤੁਸੀਂ ਬਖ਼ਸ ਦੇਂਦੇ ਹਰ ਵਾਰ ਦਾਤਾ।

ਓਨੀ ਵਾਰ ਹੀ ਥੜਾ ਬਣਾਊਂ ਮੈਂ ਤਾਂ, ਹੁਕਮ ਕਰੋਗੇ ਜਿੰਨੀ ਵੀ ਵਾਰ ਦਾਤਾ।
ਤੁਸੀਂ ਦਿਆਲੂ ਕਿਰਪਾਲੂ ਹੋ ਪਾਤਸ਼ਾਹ ਜੀ, ਕੀਤੀ ਮੇਰੇ ’ਤੇ ਰਹਿਮਤ ਅਪਾਰ ਦਾਤਾ।
ਹੁਕਮ ਮੰਨ ਕੇ ਸੇਵਾ ਮੈਂ ਰਹਾਂ ਕਰਦਾ, ਸਾਰੀ ਉਮਰ ਕਰਾਈਂ ਇਹ ਕਾਰ ਦਾਤਾ।
(ਪਰ) ਥੜਾ ਬਣਨਾ ਏ ਵਧੀਆ ਤੇ ਸਾਫ ਸੁਥਰਾ, ਥੋਡੀ ਮਿਹਰ ਦੇ ਨਾਲ ਦਾਤਾਰ ਦਾਤਾ।

ਸੁਣ ਕੇ ਬਚਨ ਇਹ ਜੇਠੇ ਦੇ ਮੁੱਖ ਵਿੱਚੋਂ, ਸਤਿਗੁਰ ਆਖਿਆ ਵਜਦ ਵਿੱਚ ਆ ਕੇ ਤੇ।
ਸਿੱਖਾ, ਸੇਵਾ ਦੀ ਸਿੱਖੀ ਤੂੰ ਜਾਚ ਪੂਰੀ, ਵਾਰ ਵਾਰ ਇਹ ਥੜਾ ਬਣਾ ਕੇ ਤੇ।
ਥੜਾ ਨਹੀਂ, ਤੂੰ ਤਖ਼ਤ ਬਣਾ ਰਿਹਾ ਸੀ, ਸੇਵਾ, ਸਿਮਰਨ ਦੀ ਮਿਹਨਤ ਲਗਾ ਕੇ ਤੇ।
ਤੇਰੀ ਸੇਵਾ ਨੇ ਕੀਤਾ ਏ ਵੱਸ ਮੈਨੂੰ, ਗੁਰਾਂ ਆਖਿਆ ਸੀਨੇ ਲਗਾ ਕੇ ਤੇ।

ਇਹ ਹੈ ਗੁਰੂ ਦੀ ਗੱਦੀ ਦਾ ਅਸਲ ਵਾਰਸ, ਕਿਹਾ ਸੰਗਤ ਨੂੰ ਗੁਰਾਂ ਸੁਣਾ ਕੇ ਤੇ।
ਬਾਬੇ ਬੁੱਢੇ ਤੋਂ ਜੇਠੇ ਨੂੰ ਉਸੇ ਵੇਲੇ, ਗੁਰ ਗੱਦੀ ਦਾ ਤਿਲਕ ਲਗਵਾ ਕੇ ਤੇ।
ਪੰਜ ਪੈਸੇ ਤੇ ਨਾਰੀਅਲ ਰੱਖ ਅੱਗੇ, ਮੱਥਾ ਟੇਕਿਆ ਸੀਸ ਨਿਵਾ ਕੇ ਤੇ।
ਨਦਰੀ ਨਦਰਿ ਸੀ ਕੀਤਾ ਨਿਹਾਲ ‘ਜਾਚਕ’, ਭਾਈ ਜੇਠੇ ਨੂੰ ‘ਗੁਰੂ’ ਬਣਾ ਕੇ ਤੇ।