ਸੰਤ ਸਿਪਾਹੀ – ਹਰੀ ਸਿੰਘ ਜਾਚਕ

ਵਿੱਚ ਅਮਨ ਦੇ ਕਲਮ ਦੇ ਨਾਲ ਲਿਖਿਆ, ਵਿੱਚ ਜੰਗ ਦੇ ਤੇਗ ਚਲਾਈ ਸਤਿਗੁਰ।
ਰੱਖਿਆ ਸਦਾ ਗਰੀਬਾਂ ਦੀ ਰਹੇ ਕਰਦੇ, ਜ਼ੁਲਮ ਵਿਰੁੱਧ ਤਲਵਾਰ ਉਠਾਈ ਸਤਿਗੁਰ।
ਸੈਦ ਖਾਂ ਜਦ ਧਰਤੀ ’ਤੇ ਡਿਗਿਆ ਸੀ, ਆਪਣੀ ਢਾਲ ਨਾਲ ਛਾਂ ਕਰਾਈ ਸਤਿਗੁਰ।
ਕੱਫਨ ਬਿਨਾਂ ਜਹਾਨੋਂ ਨਾ ਜਾਏ ਕੋਈ, ਨੋਕ ਤੀਰਾਂ ਦੀ ਸੋਨੇ ਮੜ੍ਹਾਈ ਸਤਿਗੁਰ।

ਛੀਂਬੇ, ਨਾਈ, ਝੀਵਰ, ਖੱਤਰੀ, ਜੱਟ ਤਾਂਈਂ, ਹੱਥੀਂ ਆਪ ਦਿੰਦਾ ਪਾਤਸ਼ਾਹੀ ਡਿੱਠਾ।
’ਕੱਠਾ ਬਾਣੀ ਤੇ ਬਾਣੇ ਨੂੰ ਕਰਨ ਵਾਲਾ, ਚੜ੍ਹਦੀ ਕਲਾ ’ਚ ਸੰਤ ਸਿਪਾਹੀ ਡਿੱਠਾ।

ਮੁਗਲ ਫੌਜ ਤੇ ਰਾਜੇ ਪਹਾੜੀਆਂ ਨੇ, (ਮਾਖੋਵਾਲ) ਅਨੰਦਪੁਰ ਤੇ ਕੀਤੀ ਚੜ੍ਹਾਈ ਹੈਸੀ।
ਇੱਕ ਸਿੱਖ ਘਨੱਈਆ ਇਸ ਯੁੱਧ ਅੰਦਰ, ਫਿਰਦਾ ਮੋਢੇ ਤੇ ਮਸ਼ਕ ਟਿਕਾਈ ਹੈਸੀ।
ਮੂੰਹਾਂ ਵਿੱਚ ਉਸ ਤੜਪਦੇ ਦੁਸ਼ਮਣਾਂ ਦੇ, ਪਾਣੀ ਪਾ ਪਾ ਜ਼ਿੰਦਗੀ ਪਾਈ ਹੈਸੀ।
ਸਿੰਘਾਂ ਕੀਤੀ ਸ਼ਿਕਾਇਤ ਜਦ ਪਾਤਸ਼ਾਹ ਨੂੰ, ਪੇਸ਼ ਕੀਤੀ ਘਨੱਈਏ ਸਫ਼ਾਈ ਹੈਸੀ।

ਮੈਨੂੰ ਸਿੱਖ ਜਾਂ ਮੁਗਲ ਨਾ ਨਜ਼ਰ ਆਇਆ, ਮੈਂ ਤਾਂ ਸਭ ਵਿੱਚ ਆਪਣਾ ਮਾਹੀ ਡਿੱਠਾ।
ਡੱਬੀ ਮੱਲ੍ਹਮ ਦੀ ਹੱਥ ਫੜਾਉਣ ਵਾਲਾ, ਚੜ੍ਹਦੀ ਕਲਾ ’ਚ ਸੰਤ ਸਿਪਾਹੀ ਡਿੱਠਾ।

ਸਿੰਘਾਂ ਅਤੇ ਪ੍ਰਵਾਰ ਦੇ ਨਾਲ ਸਤਿਗੁਰ, ਚੱਲੇ ਪੁਰੀ ਅਨੰਦ ਨੂੰ ਛੋੜ ਕੇ ਤੇ।
ਹੱਲਾ ਕੀਤਾ ਸੀ ਲਾਲਚੀ ਲੋਭੀਆਂ ਨੇ, ਕਸਮਾਂ ਚੁੱਕੀਆਂ ਹੋਈਆਂ ਨੂੰ ਤੋੜ ਕੇ ਤੇ।
ਖੂਨੀ ਜੰਗ ਅੰਦਰ ਜੂਝੇ ਸਿੰਘ ਸੂਰੇ, ਵਾਗਾਂ ਘੋੜਿਆਂ ਦੀਆਂ ਨੂੰ ਮੋੜ ਕੇ ਤੇ।
ਪਾਣੀ ਸਰਸਾ ਦਾ ਸ਼ੂਕਦਾ ਨਾਲ ਆਪਣੇ, ਲੈ ਗਿਆ ਸੀ ਕਈਆਂ ਨੂੰ ਰੋਹੜ ਕੇ ਤੇ।

ਨਿਤਨੇਮ ਵੀ ਜੰਗ ਵਿੱਚ ਛੱਡਿਆ ਨਾ, ਸੀ ਅਨੋਖਿਆਂ ਰਾਹਾਂ ਦਾ ਰਾਹੀ ਡਿੱਠਾ।
ਹਰ ਸਮੇਂ ਤੇ ਹਰ ਸਥਾਨ ਉੱਤੇ, ਚੜ੍ਹਦੀ ਕਲਾ ’ਚ ਸੰਤ ਸਿਪਾਹੀ ਡਿੱਠਾ।
ਲਾੜੀ ਮੌਤ ਨੂੰ ਵਰਨ ਲਈ ਗੜ੍ਹੀ ਵਿੱਚੋਂ, ਸਿੰਘ ਸੂਰਮੇ ਕਈ ਸਰਦਾਰ ਤੋਰੇ।
ਸਵਾ ਲੱਖ ਨਾਲ ਇੱਕ ਲੜਾਉਣ ਖਾਤਰ, ਵਾਰੀ ਨਾਲ ਅਜੀਤ ਜੁਝਾਰ ਤੋਰੇ।
ਸਿੱਖੀ ਸਿਦਕ ਨਿਭਾਉਣਾ ਏ ਨਾਲ ਸਿਰ ਦੇ, ਦਾਦੀ ਆਖ ਕੇ ਜਾਂ ਨਿਸਾਰ ਤੋਰੇ।
ਮਿਲੇ ਕੋਈ ਮਿਸਾਲ ਨਾ ਜੱਗ ਅੰਦਰ, ਦੋ ਲਾਲ ਜੋ ਨੀਹਾਂ ਵਿੱਚਕਾਰ ਤੋਰੇ।

ਇਨ੍ਹਾਂ ਪੁੱਤਾਂ ਤੋਂ ਵਾਰੇ ਨੇ ਲਾਲ ਚਾਰੇ, ਮਾਤਾ ਜੀਤੋ ਨੂੰ ਦਿੰਦਾ ਗਵਾਹੀ ਡਿੱਠਾ।
ਟੋਟੇ ਜਿਗਰ ਦੇ ਭਾਵੇਂ ਸਨ ਹੋਏ ਟੋਟੇ, (ਫਿਰ ਵੀ) ਚੜ੍ਹਦੀ ਕਲਾ ’ਚ ਸੰਤ ਸਿਪਾਹੀ ਡਿੱਠਾ।

ਗੜ੍ਹੀ ਛੱਡੀ ਸੀ ਪੰਥ ਦਾ ਹੁਕਮ ਮੰਨ ਕੇ, ਸੰਗਤ ਸਿੰਘ ਦੇ ਕਲਗੀ ਸਜਾ ਕੇ ਤੇ।
ਉਚੀ ਟਿੱਬੀ ’ਤੇ ‘ਜਾਚਕ’ ਫਿਰ ਪਾਤਸ਼ਾਹ ਨੇ, ਭਾਜੜ ਪਾ ’ਤੀ ਤਾੜੀ ਵਜਾ ਕੇ ਤੇ।
ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚੇ, ਰਾਤੋ ਰਾਤ ਹੀ ਪੈਂਡਾ ਮੁਕਾ ਕੇ ਤੇ।
ਪਾਣੀ ਪੀ ਕੇ ਖੂਹ ਦੀ ਟਿੰਡ ਵਿੱਚੋਂ, ਥੱਕੇ ਲੇਟ ਗਏ ਇੱਕ ਥਾਂ ਆ ਕੇ ਤੇ।

ਲੀਰਾਂ ਤਨ ’ਤੇ ਪੈਰਾਂ ਦੇ ਵਿੱਚ ਛਾਲੇ, ਸੁੱਤਾ ਕੰਡਿਆਂ ’ਤੇ ਕੋਈ ਰਾਹੀ ਡਿੱਠਾ।
ਹਾਲ ਮਿੱਤਰ ਪਿਆਰੇ ਨੂੰ ਕਹਿਣ ਵਾਲਾ, ਚੜ੍ਹਦੀ ਕਲਾ ’ਚ ਸੰਤ ਸਿਪਾਹੀ ਡਿੱਠਾ।