amrita pritam

ਕੁਕਨੂਸ – ਅੰਮ੍ਰਿਤਾ ਪ੍ਰੀਤਮ

ਲਿਖ ਜਾ ਮੇਰੀ ਤਕਦੀਰ ਨੂੰ ਮੇਰੇ ਲਈ
ਮੈਂ ਜੀਅ ਰਹੀ ਤੇਰੇ ਬਿਨਾਂ ਤੇਰੇ ਲਈ……….
ਹਰ ਚੰਦਉਰੀ ਹਰ ਘੜੀ ਬਣਦੀ ਰਹੀ
ਹਰ ਚੰਦਉਰੀ ਹਰ ਘੜੀ ਮਿਟਦੀ ਰਹੀ ……..
ਦੂਧੀਆ ਚਾਨਣ ਵੀ ਅੱਜ ਹੱਸਦੇ ਨਹੀਂ
ਬੇਬਹਾਰੇ ਫ਼ਲ ਜਿਵੇਂ ਰਸਦੇ ਨਹੀਂ ……..
ਉਮਰ ਭਰ ਦਾ ਇਸ਼ਕ਼ ਬੇਆਵਾਜ਼ ਹੈ
ਹਰ ਮੇਰਾ ਨਗਮਾਂ ,ਮੇਰੀ ਆਵਾਜ਼ ਹੈ ……..
ਹਰਫ਼ ਮੇਰੇ ਤੜਪ ਉਠਦੇ ਹਨ ਇਵੇਂ
ਸੁਲਗਦੇ ਹਨ ਰਾਤ ਭਰ ਤਾਰੇ ਜਿਵੇਂ …..
ਉਮਰ ਮੇਰੀ ਬੇ-ਵਫ਼ਾ ਮੁਕਦੀ ਪਈ
ਰੂਹ ਮੇਰੀ ਬੇਚੈਨ ਹੈ ਤੇਰੇ ਲਈ …….
ਕੁਕਨੂਸ ਦੀਪਕ ਰਾਗ ਨੂੰ ਅੱਜ ਗਾਏਗਾ
ਇਸ਼ਕ਼ ਦੀ ਇਸ ਲਾਟ ਤੇ ਬਲ ਜਾਏਗੀ …..
ਸੁਪਨਿਆਂ ਨੂੰ ਚੀਰ ਕੇ ਆ ਜਰਾ
ਰਾਤ ਬਾਕੀ ਬਹੁਤ ਹੈ ਨਾ ਜਾ ਜ਼ਰਾ ……
ਰਾਖ ਹੀ ਇਸ ਰਾਗ ਦਾ ਅੰਜਾਮ ਹੈ
ਕੁਕਨੂਸ ਦੀ ਇਸ ਰਾਖ ਨੂੰ ਪ੍ਰਣਾਮ ਹੈ …….
ਰੱਜ ਕੇ ਅੰਬਰ ਜਦੋਂ ਫਿਰ ਰੋਏਗਾ
ਫਿਰ ਨਵਾਂ ਕੁਕਨੂਸ ਪੈਦਾ ਹੋਏਗਾ ……

ਮਜ਼ਬੂਰ – ਅੰਮ੍ਰਿਤਾ ਪ੍ਰੀਤਮ

ਮੇਰੀ ਮਾਂ ਦੀ ਕੁੱਖ ਮਜ਼ਬੂਰ ਸੀ !
ਮੈਂ ਭੀ ਤਾਂ ਇਕ ਇਨਸਾਨ ਹਾਂ ,
ਆਜ਼ਾਦੀਆਂ ਦੀ ਟੱਕਰ ਵਿੱਚ ਉਸ ਸੱਟ ਦਾ ਨਿਸ਼ਾਨ ਹਾਂ ,
ਉਸ ਹਾਦਸੇ ਦਾ ਚਿੰਨ ਹਾਂ ,
ਜੋ ਮਾਂ ਮੇਰੀ ਦੇ ਮੱਥੇ ਉੱਤੇ ਲੱਗਣਾ ਜ਼ਰੂਰੀ ਸੀ…..
ਮੇਰੀ ਮਾਂ ਦੀ ਕੁੱਖ ਮਜ਼ਬੂਰ ਸੀ…..
ਧਿਰਕਾਰ ਹਾਂ ਮੈਂ ਉਹ ,ਜਿਹੜੀ ਇਨਸਾਨ ਓੱਤੇ ਪੈ ਰਹੀ ,
ਪੈਦਾਇਸ਼ ਹਾਂ ਉਸ ਵਕਤ ਦੀ ਜਦ ਟੁੱਟ ਰਹੇ ਸੀ ਤਾਰੇ
ਜਦ ਬੁਝ ਗਿਆ ਸੀ ਸੂਰਜ ,ਚੰਦ ਵੀ ਬੇਨੂਰ ਸੀ ……
ਮੇਰੀ ਮਾਂ ਦੀ ਕੁੱਖ ਮਜ਼ਬੂਰ ਸੀ…..
ਮੈਂ ਖਰੀਂਢ ਹਾਂ ਇਕ ਜ਼ਖਮ ਦਾ ,
ਮੈਂ ਧੱਬਾ ਹਾਂ ਮਾਂ ਦੇ ਜਿਸਮ ਦਾ ,
ਮੈਂ ਜ਼ੁਲਮ ਦਾ ਉਹ ਬੋਝ ਹਾਂ ਜੋ ਮਾਂ ਮੇਰੀ ਢੋਂਦੀ ਰਹੀ
ਮਾਂ ਮੇਰੀ ਨੂੰ ਪੇਟ ਚੋਂ ਸੜਿਆਂਦ ਇਕ ਔਂਦੀ ਰਹੀ ….
ਕੌਣ ਜਾਣ ਸਕਦਾ ਹੈ ਕਿਤਨਾ ਕੁ ਮੁਸ਼ਕਿਲ ਹੈ –
ਆਖਰਾਂ ਦੇ ਜ਼ੁਲਮ ਨੂੰ ਇਕ ਪੇਟ ਦੇ ਵਿੱਚ ਪਾਲਣਾ ,
ਅੰਗਾ ਨੂੰ ਝੁਲਸਣਾ ਤੇ ਹੱਡਾਂ ਨੂੰ ਬਾਲਣ
ਫਲ ਹਾਂ ਉਸ ਵਕਤ ਦਾ ਮੈਂ ,
ਅਜ਼ਾਦੀ ਦੀਆਂ ਬੇਰੀਆਂ ਨੂੰ ਪੈ ਰਿਹਾ ਜਦ ਬੂਰ ਸੀ….
ਮੇਰੀ ਮਾਂ ਦੀ ਕੁੱਖ ਮਜ਼ਬੂਰ ਸੀ…..

ਚਾਨਣ ਦੀ ਫੁਲਕਾਰੀ – ਅੰਮ੍ਰਿਤਾ ਪ੍ਰੀਤਮ

ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ
ਅੰਬਰ ਦਾ ਇੱਕ ਆਲਾ
ਸੂਰਜ ਬਾਲ ਦਿਆਂ
ਮਨ ਦੀ ਉੱਚੀ ਮੰਮਟੀ ਦੀਵਾ ਕੌਣ ਧਰੇ
ਅੰਬਰ ਗੰਗਾ ਹੁੰਦੀ
ਗਾਗਰ ਭਰ ਦੇਂਦੀ
ਦਰਦਾਂ ਦਾ ਦਰਿਆਓ ਕਿਹੜਾ ਘੁੱਟ ਭਰੇ

ਇਹ ਜੁ ਸਾਨੂੰ ਅੱਗ
ਰਾਖਵੀਂ ਦੇ ਚਲਿਓਂ
ਦਿਲ ਦੇ ਬੁੱਕਲ ਬਲਦੀ ਚਿਣਗਾਂ ਕੌਣ ਜਰੇ

ਆਪਣੇ ਵੱਲੋਂ
ਸਾਰੀ ਬਾਤ ਮੁਕਾ ਬੈਠੇ
ਹਾਲੇ ਵੀ ਇੱਕ ਹੌਕਾ ਤੇਰੀ ਗੱਲ ਕਰੇ

ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ

ਅੱਜ ਆਖਾਂ ਵਾਰਿਸ ਸ਼ਾਹ ਨੂੰ – ਅੰਮ੍ਰਿਤਾ ਪ੍ਰੀਤਮ

ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ !
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !
ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ
ਉਠ ਦਰਦਮੰਦਾਂ ਦਿਆ ਦਰਦਦੀਆ ! ਉਠ ਤੱਕ ਅਪਣਾ ਪੰਜਾਬ
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ
ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ
ਤੇ ਉਹਨਾ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ
ਇਸ ਜ਼ਰਖੇਜ਼ ਜ਼ਮੀਨ ਦੇ ਲੂੰ ਲੂੰ ਫੁਟਿਆ ਜ਼ਹਿਰ
ਗਿਠ ਗਿਠ ਚੜ੍ਹੀਆਂ ਲਾਲੀਆਂ ਫੁੱਟ ਫੁੱਟ ਚੜ੍ਹਿਆ ਕਹਿਰ
ਵਿਹੁ ਵਲਿੱਸੀ ਵਾ ਫਿਰ ਵਣ ਵਣ ਵੱਗੀ ਜਾ
ਉਹਨੇ ਹਰ ਇਕ ਵਾਂਸ ਦੀ ਵੰਝਲੀ ਦਿੱਤੀ ਨਾਗ ਬਣਾ
ਪਹਿਲਾ ਡੰਗ ਮਦਾਰੀਆਂ ਮੰਤ੍ਰ ਗਏ ਗੁਆਚ
ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ
ਲਾਗਾਂ ਕੀਲੇ ਲੋਕ ਮੁੰਹ ਬੱਸ ਫਿਰ ਡੰਗ ਹੀ ਡੰਗ
ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ…
ਗਲਿਓਂ ਟੁੱਟੇ ਗੀਤ ਫਿਰ ਤ੍ਰਕਲਿਓਂ ਟੁੱਟੀ ਤੰਦ
ਤ੍ਰਿੰਜਣੋ ਟੁੱਟੀਆਂ ਸਹੇਲੀਆਂ ਚਰੱਖੜੇ ਘੂਕਰ ਬੰਦ
ਸਣੇ ਸੇਜ਼ ੜੇ ਬੇੜੀਆਂ ਲੁੱਡਣ ਦਿੱਤੀਆਂ ਰੋੜ੍ਹ
ਸਣੇ ਡਾਲੀਆਂ ਪੀਂਘ ਅੱਜ ਪਿੱਪਲਾਂ ਦਿੱਤੀ ਤੋੜ੍ਹ
ਜਿਥੇ ਵਜਦੀ ਸੀ ਫੂਕ ਪਿਆਰ ਦੀ ਵੇ ਉਹ ਵੰਝਲੀ ਗਈ ਗੁਆਚ
ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਸਦੀ ਜਾਚ…
ਧਰਤੀ ਤੇ ਲਹੂ ਵੱਸਿਆ ਕਬਰਾਂ ਪਈਆਂ ਚੋਣ
ਪ੍ਰੀਤ ਦੀਆਂ ਸ਼ਾਹਜਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ…
ਅੱਜ ਸੱਭੇ ਕੈਦੋਂ ਬਣ ਗਏ, ਹੁਸਨ ਇਸ਼ਕ ਦੇ ਚੋਰ
ਅੱਜ ਕਿਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇਕ ਹੋਰ…
ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ !
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !