ਨੌਜਵਾਨ ਕਵੀ

ਹਰਕਤ – ਯਸ਼ੂ ਜਾਨ

ਹਰਕਤ ਕੋਈ ਐਸੀ ਕਰ ,
ਜਿਸ ਨਾਲ ਬ੍ਰਹਿਮੰਡ ਕੰਬੇ |

ਰਾਤਾਂ ਲੱਭਣ ਚੰਨ ਤੇ ਤਾਰੇ ,
ਸੂਰਜ ਭੱਜ – ਭੱਜ ਹੰਭੇ |

ਰਸਤੇ ਘਟਕੇ ਗੁੰਮ ਹੋ ਜਾਵਣ ,
ਹੋ ਜਾਣ ਚੁਰੱਸਤੇ ਲੰਬੇ |

ਕੁਦਰਤ ਨੂੰ ਵੀ ਰਾਹ ਨਾ ਲੱਭੇ ,
ਪੈ ਜਾਣ ਜਵਾਲੇ ਠੰਡੇ |

ਜੰਗ ‘ਚ ਚੱਲਣ ਆਪ ਬੰਦੂਕਾਂ ,
ਤੇ ਮਾਰੀ ਜਾਵਣ ਬੰਦੇ |

ਵੈਰੀ ਵੈਰ ਤੋਂ ਤੌਬਾ ਕਰਕੇ |
ਹੱਥ ਜੋੜ ਮੁਆਫ਼ੀ ਮੰਗੇ |

ਉਹਨਾਂ ਨੂੰ ਪੰਜਾਬ ‘ ਚ ਰੋਕੇ ,
ਜੋ ਜਾਣ ਹਿਮਾਚਲ , ਚੰਬੇ |

‘ਯਸ਼ੂ ਜਾਨ ਕੀ ਗੱਲ ਪਿਆ ਕਰਦੈਂ ,
ਪਸ਼ੂ ਵੀ ਤੈਥੋਂ ਚੰਗੇ |

ਇੱਕ -ਇੱਕ ਅੱਖਰ ਕਲਾਮ ਤੇਰੀ ਦਾ ,
ਮੌਤ ਨੂੰ ਸੂਲ਼ੀ ਟੰਗੇ |

ਚੋਚਲੇ – ਯਸ਼ੂ ਜਾਨ

ਅੱਜ ਦੇ ਨਿਆਣੇ ਸੰਸਕਾਰ ਭੁੱਲ ਗਏ,
ਨਸ਼ਿਆਂ ਤੋਂ ਵੱਧ ਪੱਬਜੀ ਤੇ ਡੁੱਲ੍ਹ ਗਏ,
ਗੁਰੂਆਂ ਦਾ ਯਾਰੋ ਸਤਿਕਾਰ ਭੰਨਕੇ,
ਗੋਰਿਆਂ ਦੇ ਚੋਚਲੇ ਮਨਾਉਣ ਮੰਨਕੇ,
ਫਰਵਰੀ ਨੌਂ ਨੂੰ ਇੱਕ ਕੇਸ ਹੋ ਗਿਆ,
ਚੌਕਲੇਟ ਡੇ ਤੇ ਗੈਂਗ ਰੇਪ ਹੋ ਗਿਆ |

ਝੂਠ ਬੋਲਕੇ ਨਾ ਕਦੇ ਘਰੋਂ ਨਿੱਕਲੋ,
ਮਾਪੇ ਤੁਸੀਂ ਕਰਤੇ ਬੇਗ਼ਾਨੇ ਮਿੱਤਰੋ,
ਦੱਸੀਏ ਜੇ ਸੱਚ ਕਿਹੜਾ ਮਾਰ ਦੇਣਗੇ,
ਥੋਡੇ ਵੈਰੀ ਨੂੰ ਉਹ ਸੂਲ਼ੀ ਚਾੜ੍ਹ ਦੇਣਗੇ,
ਦੱਸਣ ਲੱਗਾਂ ਮੈਂ ਯਾਰੋ ਗੱਲ ਕੱਲ੍ਹ ਦੀ,
ਮੈਂ ਦੇਖੀ ਲਾਲ ਰੰਗ ਪਿਛੇ ਡਾਂਗ ਚੱਲਦੀ |

ਭੋਲ਼ਾ-ਭਾਲ਼ਾ ਬੰਦਾ ਵੀ ਚਲਾਕੀ ਖੇਡਦਾ,
ਭਾਵੇਂ ਉਹ ਗਿਆਨੀ ਹੋਵੇ ਲੱਖ ਵੇਦ ਦਾ,
ਮਾੜੇ-ਮੋਟੇ ਬੰਦੇ ਤੋਂ ਵੀ ਪੈਂਦਾ ਡਰਨਾ,
ਕੰਧਾਂ ਨੇ ਵੀ ਸਿੱਖ਼ਿਆ ਪਹਾੜ ਬਣਨਾ,
ਹੋ ਜਾਊਗਾ ਜ਼ਮਾਨਾ ਯਸ਼ੂ ਵੈਰੀ ਜਾਨ ਦਾ,
ਜਿਹੜਾ ਬੰਦਾ ਸੱਚ ਵਾਲਾ ਪੱਲਾ ਤਾਣਦਾ |

ਸੰਵਿਧਾਨ – ਯਸ਼ੂ ਜਾਨ

ਸੰਵਿਧਾਨ ਲਾਗੂ ਹੋਣ ਤੇ,
ਬੁਲਟ ਦੀ ਗੱਲ ਰੱਦ ਹੋਊ,
ਬਹੁਗਿਣਤੀ ਦਾ ਰਾਜ,
ਸਭ ਬੈਲਟ ਦੇ ਹੱਥ ਹੋਊ,
ਲੋਕੋ ਪੜ੍ਹ ਕੇ ਕਰੋ ਚੇਤਾ,
ਤੁਸੀਂ ਭੀਮ ਰਾਓ ਨੂੰ,
ਸੰਵਿਧਾਨ ਦਾ ਰਚੇਤਾ,
ਭਾਰਤ ਮਾਤਾ ਦਾ ਬੇਟਾ,
ਯਾਦ ਰੱਖਿਓ ਹਮੇਸ਼ਾ,
ਤੁਸੀਂ ਭੀਮ ਰਾਓ ਨੂੰ,
ਬਾਬਾ ਸਾਹਿਬ ਨੂੰ |

ਸੰਗਠਨ ਨਾ ਕੋਈ ਚੱਲੂ,
ਮਜ਼ਹਬ ਦੇ ਨਾਮ ਤੇ,
ਹੱਕ ਲੈ ਕੇ ਦੇਸ਼ ਵਾਸੀ,
ਪਹੁੰਚਣਗੇ ਮੁਕਾਮ ਤੇ,
ਬਲੀ ਵੇਦੀ ਤੇ ਚੜ੍ਹੇਗੀ,
ਸਦਾ ਹੀ ਭੇਡ ਬੱਕਰੀ,
ਸ਼ੇਰ ਕੌਮ ਦੀ ਪਛਾਣ,
ਹੋਊ ਸਾਰਿਆਂ ਤੋਂ ਵੱਖਰੀ,
ਮੰਨੋ ਸੱਚਾ-ਸੁੱਚਾ ਨੇਤਾ,
ਤੁਸੀ ਭੀਮ ਰਾਓ ਨੂੰ,
ਬਾਬਾ ਸਾਹਿਬ ਨੂੰ |

ਦਲਿਤਾਂ ਗਰੀਬਾਂ ਦਾ ਸੀ,
ਸੱਚਾ ਯਾਰ ਭੀਮ ਰਾਓ,
ਜਿਹਨਾਂ ਦਾ ਦੁਖ ਪਾਇਆ,
ਨਾ ਸਹਾਰ ਭੀਮ ਰਾਓ,
ਲੜਦਾ ਰਿਹਾ ਉਹ ਯੋਧਾ,
ਦੇਸ਼ਵਾਸੀਆਂ ਦੇ ਵਾਸਤੇ,
ਸਾਰਿਆਂ ਨੂੰ ਕਿਹਾ ਚੱਲੋ,
ਸੱਚਾਈ ਦੇ ਰਾਸਤੇ,
ਦਿਓ ਯਸ਼ੂ ਜੀ ਸੰਦੇਸ਼ਾ,
ਤੁਸੀਂ ਭੀਮ ਰਾਓ ਨੂੰ,
ਬਾਬਾ ਸਾਹਿਬ ਨੂੰ |

ਆਜ਼ਾਦ ਭਾਰਤ – ਯਸ਼ੂ ਜਾਨ

ਥੱਲੇ ਡਿੱਗਦਾ ਜਾ ਰਿਹੈ ਸਿੱਖਿਆ ਦਾ ਮਿਆਰ,
ਨਫ਼ਰਤਾਂ ਨੇ ਪਾਏ ਪਾੜੇ ਬੈਠੇ ਭੁੱਲ ਪਿਆਰ,
ਰਾਜਨੀਤੀ ਅੰਦਰੋਂ-ਅੰਦਰੀ ਬਣੀ ਬੁਝਾਰਤ ਹੈ,
ਕਿੱਦਾਂ ਮੰਨਾਂ ਮੇਰਾ ਦੇਸ਼ ਆਜ਼ਾਦ ਭਾਰਤ ਹੈ |

ਨੀਹਾਂ ਨੇ ਕਮਜ਼ੋਰ ਕਿਉਂ ਹਰ ਇੱਕ ਚੀਜ਼ ਦੀਆਂ,
ਕੰਧਾਂ ਵੀ ਨੇ ਕੱਚੀਆਂ ਲੋਕਾਂ ਦੀ ਰੀਝ ਦੀਆਂ,
ਇੱਕ ਨਾ ਇੱਕ ਦਿਨ ਡਿੱਗਣੀ ਇਹ ਕੱਚੀ ਇਮਾਰਤ ਹੈ,
ਕਿੱਦਾਂ ਮੰਨਾਂ ਮੇਰਾ ਦੇਸ਼ ਆਜ਼ਾਦ ਭਾਰਤ ਹੈ |

ਹੱਕ ਲੈਣ ਲਈ ਹੱਕ ਹੈ ਲੋਕਾਂ ਨੂੰ ਬੋਲਣ ਦਾ,
ਸੱਚ ਨੂੰ ਅਦਾਲਤ ਦੱਬੇ ਕੀ ਫ਼ਾਇਦਾ ਟੋਲ੍ਹਣ ਦਾ,
ਜਨਤਾ ਨੇ ਮਜਬੂਰ ਹੋ ਕੇ ਕਰਨੀ ਬਗ਼ਾਵਤ ਹੈ,
ਕਿੱਦਾਂ ਮੰਨਾਂ ਮੇਰਾ ਦੇਸ਼ ਆਜ਼ਾਦ ਭਾਰਤ ਹੈ |

ਬਲ਼ਤਕਾਰ, ਠੱਗੀ, ਚੋਰੀ ਕੁਝ ਨਾ ਹੋਇਆ ਬੰਦ,
ਕਈ ਸਰਕਾਰਾਂ ਬਦਲੀਆਂ ਕੁਝ ਕੀਤਾ ਨਾ ਪ੍ਰਬੰਧ,
‘ਯਸ਼ੂ ਜਾਨ ‘ ਰਾਜਨੀਤੀ ਕਿਸ ਤੇ ਆਧਾਰਿਤ ਹੈ,
ਕਿੱਦਾਂ ਮੰਨਾਂ ਮੇਰਾ ਦੇਸ਼ ਆਜ਼ਾਦ ਭਾਰਤ ਹੈ |

ਰੱਬ ਦਾ ਘਰ – ਯਸ਼ੂ ਜਾਨ

ਜਾਲ਼ ਕਸੂਤੇ ਬੁਣ ਕੇ,
ਵਿੱਚ ਲਈ ਦੇਹ ਫਸਾ,
ਬਾਹਰ ਬਾਲ਼ ਕੇ ਦੀਵੇ,
ਤੂੰ ਅੰਦਰੋਂ ਲਏ ਬੁਝਾ ।

ਜਾਂ ਤੂੰ ਮੇਰੇ ਮੂਹਰੇ ਆ,
ਜਾਂ ਤੂੰ ਮੈਨੂੰ ਕੋਲ਼ ਬੁਲਾ,
ਜਾਂ ਤੂੰ ਕਰ ਇਸ਼ਾਰਾ ਕੋਈ,
ਜਾਂ ਪਿੰਡ ਦਾ ਦੱਸ ਪਤਾ ।

ਕਿੱਥੇ ਹੈਂ? ਕਿਸ ਦੇ ਕੋਲ਼,
ਲੁਕਿਆ ਮਾਰ ਬਹਾਨਾ,
ਕੀ ਹੈ ਮਕਾਨ ਨੰਬਰ ਤੇਰਾ?
ਤੇ ਕਿਹੜਾ ਡਾਕਖ਼ਾਨਾ?

ਜੇ ਮਿਲਣਾ ਕਿੱਥੇ ਆਵਾਂ?
ਕੀ ਸੱਦਾਂ ਆਵਾਜ਼ ਲਾਵਾਂ?
ਨਾ ਲੱਭੇਂ ਤਾਂ ਕੋਸਾਂ ਖ਼ੁਦ ਨੂੰ,
ਯਸ਼ੂ ਜਾਂ ਦੱਸਾਂ ਮੁਰਸ਼ਦ ਨੂੰ ।