ਗੁਰੂ ਤੇਗ ਬਹਾਦਰ

ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ – ਹਰੀ ਸਿੰਘ ਜਾਚਕ

ਲਾਲ ਗੁਰੂ ਦੇ ਚੌਂਕ ਜਿਉਂ ਲਾਲ ਕਰ ਗਏ, ਕਰ ਸਕੇ ਨਾ ਮਾਈ ਦਾ ਲਾਲ ਕੋਈ।
ਜਿਉਂਦੇ ਜੀਅ ਸੀ ਸਾੜਿਆ ਗਿਆ ਕੋਈ, ਦਿੱਤਾ ਦੇਗੇ ਦੇ ਵਿੱਚ ਉਬਾਲ ਕੋਈ।
ਗੁਰੂ ਤੇਗ ’ਤੇ ਤੇਗ ਦਾ ਵਾਰ ਹੋਇਆ, ਤਿੰਨਾਂ ਲੋਕਾਂ ’ਚ ਆਇਆ ਭੂਚਾਲ ਕੋਈ।
ਜੋ ਕੁਝ ਹੋਇਆ ਸੀ ਚਾਂਦਨੀ ਚੌਂਕ ਅੰਦਰ, ਦੁਨੀਆਂ ਵਿੱਚ ਨਹੀਂ ਮਿਲਦੀ ਮਿਸਾਲ ਕੋਈ।

ਅਜੇ ਕੱਲ ਹੀ ਤਾਂ ਮਤੀਦਾਸ ਤਾਂਈਂ, ਦਬਕੇ ਦੇ ਦੇ ਦੁਸ਼ਟਾਂ ਡਰਾਇਆ ਹੈਸੀ।
ਏਸ ਸਿੱਖ ਨੂੰ ਦੀਨ ਮਨਵਾਉਣ ਖ਼ਾਤਿਰ, ਜ਼ੋਰ ਕਾਜ਼ੀ ਨੇ ਬੜਾ ਲਗਾਇਆ ਹੈਸੀ।
ਚੀਰ ਦੇਣ ਲਈ ਆਰੇ ਦੇ ਨਾਲ ਇਹਨੂੰ, ਆਖ਼ਰ ਓਸ ਨੇ ਫਤਵਾ ਸੁਣਾਇਆ ਹੈਸੀ।
ਖ਼ਾਹਿਸ਼ ਆਖ਼ਰੀ ਪੁੱਛੀ ਜਦ ਗਈ ਉਸ ਤੋਂ, ਮੁੱਖ ਗੁਰਾਂ ਦੇ ਵੱਲ ਫੁਰਮਾਇਆ ਹੈਸੀ।

ਮੰਨ ਕੇ ਹੁਕਮ ਜਲਾਦ ਨੇ ਉਸ ਤਾਂਈਂ, ਰੱਸੇ ਕੱਸ ਕੇ ਫੱਟੇ ’ਤੇ ਪੀੜਿਆ ਸੀ।
ਆਰਾ ਉਸਦੇ ਸੀਸ ਤੇ ਰੱਖ ਕੇ ਤੇ, ਲੱਕੜ ਵਾਂਗ ਵਿਚਕਾਰ ਤੋਂ ਚੀਰਿਆ ਸੀ।
ਖੋਪੜ ਚਿਰਿਆ ਤੇ ਖੂਨ ਦੀ ਧਾਰ ਚੱਲੀ, ਜਪਦੇ ਜਪੁਜੀ ਮੁੱਖ ਤੋਂ ਜਾ ਰਹੇ ਸੀ।
ਨੌਵੀਂ ਜੋਤ ਦੇ ਵੱਲ ਨੂੰ ਮੁੱਖ ਹੈਸੀ, ਮਰਦਾਂ ਵਾਂਗ ਸ਼ਹੀਦੀਆਂ ਪਾ ਰਹੇ ਸੀ।

ਪਰਸੋਂ ਭਾਈ ਦਿਆਲੇ ਨੂੰ ਏਸ ਥਾਂ ’ਤੇ, ਦੇਗ਼ ਉਬਲਦੀ ਦੇ ਵਿੱਚ ਉਬਾਲਿਆ ਸੀ।
ਜਿਉਂਦੇ ਜੀਅ ਨੂੰ ਰਿੰਨ੍ਹਿਆ ਜ਼ਾਲਮਾਂ ਨੇ, ਥੱਲੇ ਅੱਗ ਵਾਲਾ ਭਾਂਬੜ ਬਾਲਿਆ ਸੀ।
ਸੁਰਤ ਉਹਦੀ ਗੁਰ ਚਰਨਾਂ ’ਚ ਜੁੜੀ ਹੋਈ ਸੀ, ਜੀਵਨ ਮਰਨ ਨੂੰ ਉਹਨੇ ਭੁਲਾ ਲਿਆ ਸੀ।
ਗੁਰੂ ਅਰਜਨ ਦੇ ਚੱਲ ਕੇ ਪੂਰਨੇ ’ਤੇ, ਸਿੱਖੀ ਸਿਦਕ ਨੂੰ ਤੋੜ ਨਿਭਾ ਲਿਆ ਸੀ।

ਸਤੀ ਦਾਸ ਜਦ ਧਰਮ ਤੋਂ ਡੋਲਿਆ ਨਾ, ਦਿੱਤੇ ਕਸ਼ਟ ਫਿਰ ਬਣਤ ਬਣਾ ਕੇ ਤੇ।
ਕੋਮਲ ਜਿਸਮ ’ਤੇ ਰੂਈਂ ਲਪੇਟ ਦਿੱਤੀ, ਲੋਕਾਂ ਸਾਹਮਣੇ ਉਹਨੂੰ ਖੜ੍ਹਾ ਕੇ ਤੇ।
ਕਰ ਦਿੱਤੀ ਤਸ਼ੱਦਦ ਦੀ ਹੱਦ ਉਹਨਾਂ, ਅੰਗ ਅੰਗ ਉੱਤੇ ਤੇਲ ਪਾ ਕੇ ਤੇ।
ਕਰ ਦਿੱਤਾ ਸੀ ਜ਼ਿੰਦਾ ਸ਼ਹੀਦ ਉਹਨੂੰ, ਹੱਥੀਂ ਜ਼ਾਲਮਾਂ ਨੇ ਲਾਂਬੂ ਲਾ ਕੇ ਤੇ।

ਭੀੜ ਅੱਜ ਵੀ ਜੁੜੀ ਹੈ ਬਹੁਤ ਭਾਰੀ, ਖੂਨ ਜ਼ਿਮੀਂ ਅਸਮਾਨ ’ਚੋਂ ਵੱਗ ਰਿਹਾ ਏ।
ਓਧਰ ਨੋਂਵੇਂ ਦਾਤਾਰ ਨਿਸ਼ਚਿੰਤ ਬੈਠੇ, ਇਧਰ ਹੋ ਬੇਚੈਨ ਅੱਜ ਜੱਗ ਰਿਹਾ ਏ।
ਨੂਰ ਮੁਖੜੇ ’ਤੇ ਠਾਠਾਂ ਮਾਰਦਾ ਏ, ਮਸਤੀ ਨੈਣਾਂ ’ਚ ਉਨ੍ਹਾਂ ਦੇ ਛਾਈ ਹੋਈ ਏ।
ਹਰਖ ਸੋਗ ਨਾ ਚਿਹਰੇ ’ਤੇ ਨਜ਼ਰ ਆਵੇ, ਬਿਰਤੀ ਨਾਮ ’ਚ ਉਨ੍ਹਾਂ ਲਗਾਈ ਹੋਈ ਏ।

ਧੁਰ ਕੀ ਬਾਣੀ ’ਚ ਬਿਰਤੀ ਨੂੰ ਜੋੜ ਕੇ ਤੇ, ਭੋਗ ਜਪੁਜੀ ਸਾਹਿਬ ਦਾ ਪਾ ਦਿੱਤਾ।
ਇੱਧਰ ਹੱਥ ਜੱਲਾਦ ਦਾ ਉਠਿਆ ਏ, ਉਧਰ ਸਤਿਗੁਰਾਂ ਨੇ ਮੁਸਕਰਾ ਦਿੱਤਾ।
ਜਦੋਂ ਸੀਸ ਤੇ ਧੜ ਅਲੱਗ ਹੋਏ, ਝੁਲੀ ਸਖ਼ਤ ਹਨੇਰੀ ਤੁਫਾਨ ਚੱਲਿਆ।
ਭਾਈ ਜੈਤਾ ਉਠਾ ਕੇ ਸੀਸ ਪਾਵਨ, ਰੱਖਕੇ ਤਲੀ ’ਤੇ ਆਪਣੀ ਜਾਨ ਚੱਲਿਆ।

ਭਾਈ ਉਦੇ, ਗੁਰਦਿੱਤੇ ਨੇ ਧੜ ਤਾਂਈਂ, ਲੱਖੀ ਸ਼ਾਹ ਦੇ ਗੱਡੇ ’ਚ ਆਨ ਰੱਖਿਆ।
ਧੜ ਸਣੇ ਮਕਾਨ ਨੂੰ ਅੱਗ ਲਾ ਕੇ, ਉਹਨੇ ਗੁਰੂ ਦਾ ਮਾਣ ਸਨਮਾਨ ਰੱਖਿਆ।
ਦੀਨਾਂ ਦੁੱਖੀਆਂ ਦੀ ਰੱਖਿਆ ਲਈ ‘ਜਾਚਕ’, ਸੀਸ ਆਪਣਾ ਸਤਿਗੁਰਾਂ ਵਾਰ ਦਿੱਤਾ।
ਨੌਵੀਂ ਜੋਤ ਅਦੁੱਤੀ ਬਲੀਦਾਨ ਦੇ ਕੇ, ਸਿੱਖ ਕੌਮ ਨੂੰ ਨਵਾਂ ਨਿਖਾਰ ਦਿੱਤਾ।

ਸਾਕਾ ਚਾਂਦਨੀ ਚੌਂਕ – ਹਰੀ ਸਿੰਘ ਜਾਚਕ

ਕਿਰਨਾਂ ਸੱਚ ਦੀਆਂ, ਚਾਨਣ ਲੈਣ ਜਿਸ ਤੋਂ, ਸੂਝਵਾਨ ਸ਼ਖ਼ਸੀਅਤ ਸੀ ਪਾਤਸ਼ਾਹ ਦੀ।
ਵੀਹ ਵਰ੍ਹੇ ਜਿਸ ਭੋਰੇ ’ਚ ਤੱਪ ਕੀਤਾ, ਅੰਤਰ ਧਿਆਨ ਸ਼ਖ਼ਸੀਅਤ ਸੀ ਪਾਤਸ਼ਾਹ ਦੀ।
ਰਚੀ ਬਾਣੀ ਦੇ ਇਕ ਇਕ ਸ਼ਬਦ ਵਿਚੋਂ, ਰੂਪਮਾਨ ਸ਼ਖ਼ਸੀਅਤ ਸੀ ਪਾਤਸ਼ਾਹ ਦੀ।
ਜ਼ੁਲਮੀ ਹੜ੍ਹ ਨੂੰ ਜੀਹਨਾਂ ਸੀ ਠੱਲ ਪਾਈ, ਉਹ ਮਹਾਨ ਸ਼ਖ਼ਸੀਅਤ ਸੀ ਪਾਤਸ਼ਾਹ ਦੀ।

ਔਰੰਗਜ਼ੇਬ ਦੇ ਜ਼ੁਲਮ ਤੇ ਅੱਤ ਕਾਰਣ,ਗੈਰ ਮੁਸਲਮ ਜਦ ਹਾਲੋਂ ਬੇਹਾਲ ਹੋ ਗਏ।
ਹਿੰਦੂ ਮੰਦਰਾਂ, ਠਾਕਰ ਦੁਆਰਿਆਂ ’ਚ, ਵੱਜਣੇ ਬੰਦ ਜਦ ਸੰਖ ਘੜਿਆਲ ਹੋ ਗਏ।
ਲੈ ਕੇ ਅਟਕ ਤੋਂ ਗੰਗਾ ਦਰਿਆ ਤੀਕਰ, ਰੰਗ ਪਾਣੀਆਂ ਦੇ ਲਾਲੋ ਲਾਲ ਹੋ ਗਏ।
ਹਿੰਦੂ ਧਰਮ ਨੂੰ ਓਦੋਂ ਬਚਾਉਣ ਖ਼ਾਤਰ, ਗੁਰੂ ਤੇਗ ਬਹਾਦਰ ਦਇਆਲ ਹੋ ਗਏ।

ਸਤੇ ਬ੍ਰਾਹਮਣ ਅਖੀਰ ਕਸ਼ਮੀਰ ਵਿੱਚੋਂ, ਡਿੱਗਦੇ ਢਹਿੰਦੇ ਸਨ ਗੁਰੂ ਦੁਆਰ ਪਹੁੰਚੇ।
ਕਿਰਪਾ ਰਾਮ ਨੇ ਕਿਹਾ ਹੁਣ ਕਰੋ ਕਿਰਪਾ, ਚਾਰੇ ਪਾਸੇ ਤੋਂ ਹੋ ਲਾਚਾਰ ਪਹੁੰਚੇ।
ਸਾਡੀ ਕੋਈ ਨਹੀਂ ਦਾਦ ਫਰਿਆਦ ਸੁਣਦਾ, ਤੁਹਾਡੇ ਦਰ ਤੇ ਹਾਂ ਆਖਰਕਾਰ ਪਹੁੰਚੇ।
ਕਿਰਪਾ ਕਰੋ ਹੁਣ ਕਿਰਪਾ ਨਿਧਾਨ ਐਸੀ, ਬੇੜਾ ਧਰਮ ਦਾ ਭਵਜਲੋਂ ਪਾਰ ਪਹੁੰਚੇ।

ਰੋ ਰੋ ਕੇ ਪੰਡਿਤ ਸੀ ਕਹਿਣ ਲੱਗੇ, ਹੋਣੀ ਸਾਡੇ ਬਨੇਰੇ ਤੇ ਖੜੀ ਦਾਤਾ।
ਚਾਰੇ ਪਾਸੇ ਹੀ ਸਹਿਮ ਦੇ ਛਾਏ ਬੱਦਲ, ਕਾਲੀ ਘਟਾ ਕੋਈ ਜ਼ੁਲਮ ਦੀ ਚੜ੍ਹੀ ਦਾਤਾ।
ਠਾਕੁਰਦੁਆਰੇ ਤੇ ਮੰਦਰ ਨੇ ਢਹਿ ਚੁੱਕੇ, ਕਿਸਮਤ ਸਾਡੀ ਏ ਸਾਡੇ ਨਾਲ ਲੜੀ ਦਾਤਾ।
ਪਕੜੋ ਤੁਸੀਂ ਮਜ਼ਲੂਮਾਂ ਦੀ ਬਾਂਹ ਹੁਣ ਤਾਂ, ਔਖੀ ਬੜੀ ਇਮਤਿਹਾਨ ਦੀ ਘੜੀ ਦਾਤਾ।

ਮਾਣ ਰੱਖਦਿਆਂ ਇਨ੍ਹਾਂ ਨਿਤਾਣਿਆਂ ਦਾ, ਗੁਰਾਂ ਕਿਹਾ ਮੈਂ ਦੁਖੜੇ ਮੁਕਾ ਦਿਆਂਗਾ।
ਤੁਹਾਡੇ ਤਿਲਕ ਤੇ ਜੰਝੂ ਦੀ ਰੱਖਿਆ ਲਈ, ਸੀਸ ਆਪਣਾ ਭੇਟ ਚੜ੍ਹਾ ਦਿਆਂਗਾ।
ਮੈਂ ਤੁਹਾਡੀਆਂ ਬਹੂ ਤੇ ਬੇਟੀਆਂ ਦਾ, ਸਿਰ ਦੇ ਕੇ ਸਤ ਬਚਾ ਦਿਆਂਗਾ।
ਥੋਡੇ ਧਰਮ ਦਾ ਦੀਵਾ ਨਾ ਬੁਝ ਸਕੇ, ਤੇਲ ਆਪਣੇ ਲਹੂ ਦਾ ਪਾ ਦਿਆਂਗਾ।

ਨੋਵੀਂ ਜੋਤ ਨੂੰ ਪਿੰਜਰੇ ’ਚ ਬੰਦ ਕਰਕੇ, ਡਾਹਢਾ ਕਹਿਰ ਕਮਾਇਆ ਸੀ ਜ਼ਾਲਮਾਂ ਨੇ।
ਲਾਲਚ ਵੱਡੇ ਤੋਂ ਵੱਡੇ ਵੀ ਗਏ ਦਿੱਤੇ, ਸਬਜ ਬਾਗ ਵਿਖਾਇਆ ਸੀ ਜ਼ਾਲਮਾਂ ਨੇ।
ਜਦੋਂ ਰਤਾ ਵੀ ਡੋਲੇ ਨਾ ਗੁਰੂ ਨੌਂਵੇਂ, ਜੁਲਮੀ ਚੱਕਰ ਚਲਾਇਆ ਸੀ ਜ਼ਾਲਮਾਂ ਨੇ।
ਕਤਲ ਕਰਨ ਦੇ ਲਈ ਨੋਵੇਂ ਪਾਤਸ਼ਾਹ ਨੂੰ, ਚੌਂਕ ਵਿੱਚ ਬਿਠਾਇਆ ਸੀ ਜ਼ਾਲਮਾਂ ਨੇ।

ਨੂਰ ਚਿਹਰੇ ਤੇ ਡਲਕਾਂ ਪਿਆ ਮਾਰਦਾ ਸੀ, ਮਸਤੀ ਨੈਣਾਂ ’ਚ ਨਾਮ ਦੀ ਛਾਈ ਹੋਈ ਸੀ।
ਹਰਖ ਸੋਗ ਨਾ ਚਿਹਰੇ ਤੇ ਨਜ਼ਰ ਆਵੇ, ਬਿਰਤੀ ਵਾਹਿਗੁਰੂ ਵਿੱਚ ਲਗਾਈ ਹੋਈ ਸੀ।
ਜਪੁਜੀ ਸਾਹਿਬ ਦਾ ਸ਼ੁਰੂ ਸੀ ਪਾਠ ਕੀਤਾ, ਸੁਰਤੀ ਓਸ ਦੇ ਵਿਚ ਹੀ ਲਾਈ ਹੋਈ ਸੀ।
ਏਧਰ ਹੱਥ ਜਲਾਦ ਦਾ ਉਠਿਆ ਏ, ਓਧਰ ਚਿਹਰੇ ਤੇ ਰੌਣਕ ਆਈ ਹੋਈ ਸੀ।

ਪਾਵਨ ਸੀਸ ਤੇ ਧੜ ਅਲੱਗ ਹੋ ਕੇ, ਪਏ ਧਰਤੀ ਤੇ ਲਹੂ ਲੁਹਾਨ ਓਦੋਂ।
ਸੂਰਜ ਸ਼ਰਮ ਨਾਲ ਬੱਦਲਾਂ ਵਿੱਚ ਛਿਪਿਆ, ਲਾਲ ਹਨੇਰੀ ਤੇ ਆਇਆ ਤੂਫਾਨ ਓਦੋਂ।
ਕਾਲੀ ਘਟਾ ਕੋਈ ਛਾਈ ਸੀ ਚੌਹੀਂ ਪਾਸੀਂ, ਵਰਤ ਗਈ ਓਥੇ ਸੁਨਸਾਨ ਓਦੋਂ।
ਅਫਰਾ ਤਫਰੀ ਤੇ ਭਾਜੜ ਸੀ ਪੈ ਚੁੱਕੀ, ਚੌਂਕ ਚਾਂਦਨੀ ਖੁਲ੍ਹੇ ਮੈਦਾਨ ਓਦੋਂ।

ਭਾਈ ਜੈਤੇ ਉਠਾਇਆ ਸੀ ਸੀਸ ਪਾਵਨ, ਰੱਖ ਕੇ ਤਲੀ ਤੇ ਆਪਣੀ ਜਾਨ ਓਦੋਂ।
ਭਾਈ ਉਦੇ ਗੁਰਦਿੱਤੇ ਨੇ ਧੜ ਰੱਖਿਆ, ਲੱਖੀ ਸ਼ਾਹ ਦੇ ਗੱਡੇ ਤੇ ਆਨ ਓਦੋਂ।
ਲੱਖੀ ਸ਼ਾਹ ਨੇ ਘਰ ’ਪਹੁੰਚ ਕੇ ਤੇ, ਲਾਇਆ ਸੀਨੇ ਦੇ ਨਾਲ ਭਗਵਾਨ ਓਦੋਂ।
ਧੜ ਸਣੇ ਮਕਾਨ ਨੂੰ ਅੱਗ ਲਾ ਕੇ, ਓਹਨੇ ਰੱਖ ਲਈ ਸਿੱਖੀ ਦੀ ਸ਼ਾਨ ਓਦੋਂ।

ਖੁੰਡੀ ਕੀਤੀ ਸੀ ਜ਼ੁਲਮੀ ਤਲਵਾਰ ਓਨ੍ਹਾਂ, ਕਰਕੇ ਮੌਤ ਕਬੂਲ ਸੀ ਖਿੜੇ ਮੱਥੇ।
ਕਤਲ ਹੋਣ ਲਈ ਪਹੁੰਚਿਆ ਆਪ ਚੱਲ ਕੇ,ਕਾਤਲ ਪਾਸ ਮਕਤੂਲ ਸੀ ਖਿੜੇ ਮੱਥੇ।
ਦਿੱਤਾ ਸੀਸ ਪਰ ਸਿਰਰ ਨਾ ਛੱਡਿਆ ਸੀ, ਪਾਲੇ ਸਿੱਖੀ ਅਸੂਲ ਸੀ ਖਿੜੇ ਮੱਥੇ।
ਬਣੀ ਤੱਕ ਕੇ ਬਿਪਤਾ ਬੇਦੋਸ਼ਿਆਂ ਤੇ, ਦਿੱਤੀ ਜਿੰਦੜੀ ਹੂਲ ਸੀ ਖਿੜੇ ਮੱਥੇ।

ਪਹਿਲੇ ਗੁਰਾਂ ਜੋ ਜੰਝੂ ਨਾ ਪਹਿਨਿਆਂ ਸੀ, ਓਸੇ ਜੰਝੂ ਲਈ ਦਿੱਤਾ ਬਲੀਦਾਨ ਸਤਿਗੁਰ।
ਬੋਦੀ ਟਿੱਕੇ ਬਚਾਏ ਬ੍ਰਾਹਮਣਾਂ ਦੇ, ਦੇ ਕੇ ਆਪਣੇ ਸੀਸ ਦਾ ਦਾਨ ਸਤਿਗੁਰ।
ਬਦਲੇ ਧਰਮ ਨਾ ਕਿਸੇ ਦਾ ਕੋਈ ਜ਼ਬਰੀ, ਏਸੇ ਲਈ ਹੋ ਗਏ ਕੁਰਬਾਨ ਸਤਿਗੁਰ।
ਤਾਹੀਓਂ ਦੁਨੀਆਂ ਦੇ ਹਰ ਇਕ ਦੇਸ਼ ਅੰਦਰ, ਯਾਦ ਕਰ ਰਿਹੈ ਸਾਰਾ ਜਹਾਨ ਸਤਿਗੁਰ।

ਗੁਰੂ ਤੇਗ ਬਹਾਦਰ ਨਾਲ ਨਹੀਂ ਹੋਇਆ, ਇਹ ਤਾਂ ਹੋਇਆ ਮਨੁੱਖਤਾ ਨਾਲ ਸਾਕਾ।
ਦਿਨ ਦਿਹਾੜੇ ਹੀ ਲੋਕਾਂ ਨੇ ਤੱਕਿਆ ਸੀ, ਲਾਲ ਖੂਨ ਵਾਲਾ ਲਾਲੋ ਲਾਲ ਸਾਕਾ।
ਹਿੱਲੀ ਧਰਤੀ ਤੇ ਲੋਕਾਂ ਦੇ ਦਿਲ ਹਿੱਲੇ, ਮਾਨੋ ਲਿਆਇਆ ਸੀ ਕੋਈ ਭੂਚਾਲ ਸਾਕਾ।
ਰਹਿੰਦੀ ਦੁਨੀਆਂ ਤੱਕ ‘ਜਾਚਕਾ’ ਯਾਦ ਰਹਿਣੈ, ਚੌਂਕ ਚਾਂਦਨੀ ਦਾ ਬੇਮਿਸਾਲ ਸਾਕਾ।

ਧਰਮ ਦੀ ਢਾਲ-ਗੁਰੂ ਤੇਗ ਬਹਾਦਰ – ਹਰੀ ਸਿੰਘ ਜਾਚਕ

ਨਾਲ ਜਬਰ ਦੇ ਬਦਲਣੈ ਧਰਮ ਏਥੇ, ਐਸਾ ਢੰਗ ਹੈਸੀ ਆਲਮਗੀਰ ਚੁਣਿਆ।
ਇਕ ਸਿਰੇ ਤੋਂ ਮੁਸਲਮ ਬਣਾਉਣ ਖ਼ਾਤਰ, ਸਭ ਤੋਂ ਪਹਿਲਾਂ ਸੀ ਓਸ ਕਸ਼ਮੀਰ ਚੁਣਿਆ।
ਅਮਲੀ ਜਾਮਾ ਪਹਿਨਾਉਣ ਲਈ ਏਸ ਤਾਂਈਂ, ਉਸਨੇ ਸ਼ੇਰ ਅਫ਼ਗਾਨ ਵਜ਼ੀਰ ਚੁਣਿਆ।
ਹਿੰਦੂ ਧਰਮ ਦੇ ਚੁਣੇ ਵਿਦਵਾਨ ਪੰਡਿਤ, ਕਿਰਪਾ ਰਾਮ ਵਰਗਾ ਧਰਮਵੀਰ ਚੁਣਿਆ।

ਲੱਗੇ ਸੋਚਾਂ ਦੇ ਘੋੜੇ ਦੁੜਾਉਣ ਪੰਡਿਤ, ਖਹਿੜਾ ਇਹਦੇ ਤੋਂ ਸਾਡਾ ਛੁਡਾਊ ਕਿਹੜਾ।
ਇਹਦੇ ਜ਼ੁਲਮ ਦੇ ਹੜ੍ਹ ਨੂੰ ਠੱਲ ਪਾ ਕੇ, ਬੇੜਾ ਧਰਮ ਦਾ ਬੰਨੇ ਲਗਾਊ ਕਿਹੜਾ।
ਜਿਹੜੇ ਪੁੱਤ ਨੇ ਪਿਉ ਨੂੰ ਬਖਸ਼ਿਆ ਨਹੀਂ, ਉਹਦੇ ਹੱਥੋਂ ਹੁਣ ਸਾਨੂੰ ਬਚਾਊ ਕਿਹੜਾ।
ਕਿਹੜਾ ਨਿਤਰੂ ਮਰਦ ਮੈਦਾਨ ਅੰਦਰ, ਮੱਥਾ ਮੁਗਲ ਸਰਕਾਰ ਨਾਲ ਲਾਊ ਕਿਹੜਾ।

ਡਿੱਗਦੇ ਢਹਿੰਦੇ ਹੋਏ ਮਾਰੇ ਮੁਸੀਬਤਾਂ ਦੇ, ਅਨੰਦਪੁਰ ’ਚ ਇਹ ਹਿੰਦੂ ਵੀਰ ਪਹੁੰਚੇ।
ਦੁਖੀ ਦਿਲਾਂ ਦੀ ਦਾਦ ਫਰਿਆਦ ਲੈ ਕੇ, ਹੋ ਕੇ ਬੜੇ ਲਾਚਾਰ ਦਿਲਗੀਰ ਪਹੁੰਚੇ।
ਸਹਿਮੇ, ਡਰੇ ਤੇ ਬੜੇ ਬੇਬੱਸ ਹੋਏ, ਨੈਣਾਂ ਵਿੱਚੋਂ ਵਗਾਉਂਦੇ ਹੋਏ ਨੀਰ ਪਹੁੰਚੇ।
ਗੁਰੂ ਨਾਨਕ ਦੇ ਏਸ ਦਰਬਾਰ ਅੰਦਰ, ਨੌਵੇਂ ਪਾਤਸ਼ਾਹ ਕੋਲ ਅਖ਼ੀਰ ਪਹੁੰਚੇ।

ਕਿਰਪਾ ਰਾਮ ਨੇ ਗੱਲ ਵਿੱਚ ਪਾ ਪੱਲਾ, ਹੱਥ ਬੰਨ੍ਹ ਕੇ ਕੀਤੀ ਅਰਜ਼ੋਈ ਦਾਤਾ।
ਝੱਖੜ ਜ਼ੁਲਮ ਦਾ ਝੁਲਿਐ ਚਹੁੰ ਪਾਸੀਂ, ਥੰਮਣ ਵਾਲਾ ਨਹੀਂ ਦਿੱਸਦਾ ਕੋਈ ਦਾਤਾ।
ਸਿਰ ’ਤੇ ਟੁੱਟੇ ਪਹਾੜ ਮੁਸੀਬਤਾਂ ਦੇ, ਸਾਡੇ ਨਾਲ ਅਣਹੋਣੀ ਹੈ ਹੋਈ ਦਾਤਾ।
ਗਲੇ ਲੱਗ ਕੇ ਤਿਲਕ ਤੇ ਜੰਝੂਆਂ ਦੇ, ਜ਼ਾਰੋਜ਼ਾਰ ਅੱਜ ਬੋਦੀ ਹੈ ਰੋਈ ਦਾਤਾ।

ਵਾਰੋ ਵਾਰੀ ਫਿਰ ਨਾਲ ਸਨ ਆਏ ਜਿਹੜੇ, ਕੇਰ ਕੇਰ ਕੇ ਹੰਝੂ ਉਹ ਕਹਿ ਰਹੇ ਨੇ।
ਆਈ ਹੋਈ ਏ ਖ਼ੂਨੀ ਬਰਸਾਤ ਦਾਤਾ, ਨਾਲੇ ਲਹੂ ਦੇ ਥਾਂ ਥਾਂ ਵਹਿ ਰਹੇ ਨੇ।
ਮੌਤ ਰਹੀ ਖੜਕਾ ਹਰ ਥਾਂ ਡਮਰੂ, ਘਰ ਘਰ ’ਚ ਵੈਣ ਹੁਣ ਪੈ ਰਹੇ ਨੇ।
ਖੇਡੀ ਜਾ ਰਹੀ ਖੂਨ ਦੇ ਨਾਲ ਹੋਲੀ, ਸਵਾ ਮਣ ਜੰਝੂ ਰੋਜ਼ ਲਹਿ ਰਹੇ ਨੇ।

ਮਸਤ ਹਾਥੀ ਦੇ ਵਾਂਗ ਇਹ ਭੂਤਰੇ ਨੇ, ਬਣਾ ਰਹੇ ਜਬਰੀ ਮੁਸਲਮਾਨ ਦਾਤਾ।
ਜਿਹੜਾ ਨਹੀਂ ਇਸਲਾਮ ਕਬੂਲ ਕਰਦਾ, ਕੱਢ ਲੈਂਦੇ ਨੇ ਉਸਦੀ ਜਾਨ ਦਾਤਾ।
ਦੜ ਵੱਟ ਕੇ ਬੈਠੇ ਸਭ ਸੂਰਮੇ ਨੇ, ਰਾਜਪੂਤ, ਮਰਹੱਟੇ ਚੌਹਾਨ ਦਾਤਾ।
ਅੱਖੀਂ ਦੇਖ ਕੇ ਅੱਖੀਆਂ ਮੀਟ ਲਈਆਂ, ਜਾਣ ਬੁਝ ਕੇ ਬਣੇ ਅਨਜਾਣ ਦਾਤਾ।

ਠੱਲ ਪਾਉਣ ਲਈ ਜ਼ਾਲਮ ਦੇ ਜ਼ੁਲਮ ਤਾਂਈਂ, ਸਿਰ ’ਤੇ ਬੀੜਾ ਉਠਾਇਆ ਸੀ ਪਾਤਸ਼ਾਹ ਨੇ।
ਦੇਣਾ ਪੈਣਾ ਏ ਮੈਨੂੰ ਬਲੀਦਾਨ ਹੁਣ ਤਾਂ, ਆਪਣਾ ਮਨ ਬਣਾਇਆ ਸੀ ਪਾਤਸ਼ਾਹ ਨੇ।
ਦੁਖੀਆਂ ਅਤੇ ਮਜ਼ਲੂਮਾਂ ਦੇ ਬਣ ਦਰਦੀ, ਦੁਖ ਦਰਦ ਵੰਡਾਇਆ ਸੀ ਪਾਤਸ਼ਾਹ ਨੇ।
ਤਿਲਕ ਜੰਝੂ ਦੀ ਰੱਖਿਆ ਕਰਨ ਨਿਕਲੇ, ਭਾਂਵੇਂ ਜੰਝੂ ਨਾ ਪਾਇਆ ਸੀ ਪਾਤਸ਼ਾਹ ਨੇ।

ਕੀਤੇ ਬਚਨਾਂ ਨੂੰ ਤੋੜ ਨਿਭਾਉਣ ਖਾਤਰ, ਤੁਰ ਪਏ ਦਿੱਲੀ ਨੂੰ ਦੀਨ ਦਇਆਲ ਆਖਿਰ।
ਭਾਈ ਉਦਾ ਗੁਰਦਿੱਤਾ ਤੇ ਭਾਈ ਜੈਤਾ, ਮਤੀਦਾਸ ਦਿਆਲਾ ਸੀ ਨਾਲ ਆਖਿਰ।
ਰਸਤੇ ਵਿੱਚ ਫਿਰ ਥਾਂ ਥਾਂ ਸੰਗਤਾਂ ਨੂੰ, ਬਚਨਾਂ ਨਾਲ ਸੀ ਕੀਤਾ ਨਿਹਾਲ ਆਖਿਰ।
ਜਾ ਕੇ ਆਗਰੇ ਸੀ ਗ਼੍ਰਿਫ਼ਤਾਰ ਹੋ ਗਏ, ਦਿੱਲੀ ਲੈ ਗਿਆ ਨਾਲ ਕੋਤਵਾਲ ਆਖਿਰ।

ਕਿਹਾ ਗੁਰਾਂ ਨੂੰ ਦਿੱਲੀ ਦੇ ਵਿੱਚ ਕਾਜ਼ੀ, ਕਾਮਲ ਮੁਰਸ਼ਦ ਹੋ ਹਿੰਦੁਸਤਾਨ ਅੰਦਰ।
ਤੁਸਾਂ ਲਈ ਏ ਅਦਬ ਸਤਿਕਾਰ ਡਾਢਾ, ਹਰ ਧਰਮ ਦੇ ਹਰ ਇਨਸਾਨ ਅੰਦਰ।
ਅਸੀਂ ਚਾਹੁੰਦੇ ਇਸਲਾਮ ਦਾ ਬੋਲਬਾਲਾ, ਹੋ ਜਾਏ ਹੁਣ ਸਾਰੇ ਜਹਾਨ ਅੰਦਰ।
ਜੇਕਰ ਤੁਸੀਂ ਵੀ ਦੀਨ ਕਬੂਲ ਕਰ ਲਉ, ਇਕੋ ਧਰਮ ਹੋਜੂ ਹਿੰਦੁਸਤਾਨ ਅੰਦਰ।

ਸਤਿਗੁਰ ਹੱਸੇ ਤੇ ਹੱਸ ਕੇ ਕਹਿਣ ਲੱਗੇ, ਮੋਮੇ ਠੱਗਣੀਆਂ ਗੱਲਾਂ ਤੂੰ ਛੱਡ ਕਾਜ਼ੀ।
ਕੋਈ ਧਰਮ ਨਹੀਂ ਫਲ ਤੇ ਫੁਲ ਸਕਦਾ, ਦੂਜੇ ਧਰਮਾਂ ਦੇ ਲੋਕਾਂ ਨੂੰ ਵੱਢ ਕਾਜ਼ੀ।
ਇਹ ਨਹੀਂ ਹੋ ਸਕਿਆ ਇਹ ਨਹੀਂ ਹੋ ਸਕਣਾ, ਇਸ ਵਹਿਮ ਨੂੰ ਦਿਲੋਂ ਤੂੰ ਕੱਢ ਕਾਜ਼ੀ।
ਪ੍ਰੇਮ ਪਿਆਰ ਨਾਲ ਲੋਕਾਂ ਦੇ ਦਿਲਾਂ ਅੰਦਰ, ਝੰਡੇ ਧਰਮ ਇਸਲਾਮ ਦੇ ਗੱਡ ਕਾਜ਼ੀ।

ਗੱਲ ਹੋਰ ਧਿਆਨ ਦੇ ਨਾਲ ਸੁਣ ਲੈ, ਮੈਂ ਨਹੀਂ ਏਥੇ ਕੁਝ ਸੁਣਨ ਸੁਣਾਉਣ ਆਇਆ।
ਕਰਾਮਾਤ ਨਹੀਂ ਕੋਈ ਦਿਖਾਣ ਆਇਆ, ਨਾ ਦੀਨ ਇਸਲਾਮ ਅਪਨਾਉਣ ਆਇਆ।
ਸਭ ਕਾਦਰ ਦੇ ਹੁਕਮ ’ਚ ਹੋ ਰਿਹਾ ਏ, ਉਹਦੇ ਰਾਹ ਨਹੀਂ ਰੋੜਾ ਅਟਕਾਉਣ ਆਇਆ।
ਅਨੰਦਪੁਰੀ ਦੇ ਸਾਰੇ ਅਨੰਦ ਛੱਡ ਕੇ, ਮੈਂ ਤਾਂ ਸੀਸ ਹਾਂ ਕਲਮ ਕਰਵਾਉਣ ਆਇਆ।

ਹੋਣੀ ਨੱਚੀ ਫਿਰ ਚਾਂਦਨੀ ਚੌਂਕ ਅੰਦਰ, ਨੌਂਵੇ ਗੁਰੂ ਜਦ ਚੌਂਕੜਾ ਮਾਰ ਬਹਿ ਗਏ।
ਸਾਨੂੰ ਧਰਮ ਪਿਆਰਾ ਏ ਜਿੰਦ ਨਾਲੋਂ, ਏਨਾ ਕਹਿ ਕੇ ਮੇਰੇ ਦਾਤਾਰ ਬਹਿ ਗਏ।
ਤਿਲਕ ਜੰਝੂ ਦੀ ਰੱਖਿਆ ਕਰਨ ਦੇ ਲਈ, ਮੌਤ ਵਰਨ ਲਈ ਹੋ ਤਿਆਰ ਬਹਿ ਗਏ।
ਡੁਬਦਾ ਹਿੰਦ ਦਾ ਬੇੜਾ ਬਚਾਉਣ ਖਾਤਰ, ਸੀਸ ਦੇਣ ਲਈ ਦਿਲ ਵਿੱਚ ਧਾਰ ਬਹਿ ਗਏ।

ਜਲਾਲੂਦੀਨ ਜਲਾਦ ਨੇ ਕਈ ਵਾਰੀ, ਤੇਜ ਤਿੱਖੀ ਤਲਵਾਰ ਦੀ ਧਾਰ ਤੱਕੀ।
ਕਈ ਵਾਰੀ ਸੀ ਕੰਬਣੀ ਛਿੜੀ ਓਹਨੂੰ, ਸਾਹਵੇਂ ਬੈਠੀ ਜਦ ਨੂਰੀ ਨੁਹਾਰ ਤੱਕੀ।
ਕਤਲ ਕੀਤੇ ਸਨ ਜੇਸ ਅਣਗਿਣਤ ਬੰਦੇ, ਪਹਿਲੀ ਵਾਰ ਉਸ ਆਪਣੀ ਹਾਰ ਤੱਕੀ।
ਉਹਦੀ ਮਾਨਸਕ ਹਾਲਤ ਸੀ ਉਸ ਵੇਲੇ, ਅੰਤਰਦ੍ਰਿਸ਼ਟੀ ਨਾਲ ਮੇਰੇ ਦਾਤਾਰ ਤੱਕੀ।

ਤੱਕ ਕੇ ਓਸ ਵੱਲ ਫੇਰ ਦਾਤਾਰ ਬੋਲੇ, ਨਹੀਂ ਤੇਰਾ ਵੀ ਨਹੀਂ ਕਸੂਰ ਸੱਜਣਾ।
ਤੇਰੇ ਸਿਰ ’ਤੇ ਕੂਕਦਾ ਹੁਕਮ ਸ਼ਾਹੀ, ਹੁਕਮ ਮੰਨਣ ਲਈ ਤੂੰ ਮਜਬੂਰ ਸੱਜਣਾ।
ਅੱਜ ਤੇਰੇ ਇਮਤਿਹਾਨ ਦੀ ਘੜੀ ਆਈ, ਡਰ ਭੈ ਸਭ ਕਰ ਤੂੰ ਦੂਰ ਸੱਜਣਾ।
ਏਧਰ ਤੂੰ ਤਲਵਾਰ ਦਾ ਵਾਰ ਕਰ ਦਈਂ, ਓਧਰ ਮੈਨੂੰ ਵੀ ਆਊ ਸਰੂਰ ਸੱਜਣਾ।

ਜਪੁਜੀ ਸਾਹਿਬ ਜੀ ਦਾ ਪਾਵਨ ਪਾਠ ਪੂਰਾ, ਕਰ ਲਿਆ ਜਦ ਮੇਰੇ ਦਾਤਾਰ ਹੈਸੀ।
ਜਲਾਲੂਦੀਨ ਜਲਾਦ ਨੇ ਸੀਸ ਉੱਤੇ, ਕੀਤਾ ਨਾਲ ਤਲਵਾਰ ਦੇ ਵਾਰ ਹੈਸੀ।
ਸੀਸ ਧੜ ਤੋਂ ਲਾਂਭੇ ਸੀ ਹੋ ਡਿੱਗਿਆ, ਪਾਵਨ ਲਹੂ ਦੀ ਫੁੱਟੀ ਫੁਹਾਰ ਹੈਸੀ।
ਹਾਹਾਕਾਰ ਸੀ ਮਚ ਗਈ ਜੱਗ ਅੰਦਰ, ਸੁਰਲੋਕ ਹੋਈ ਜੈ ਜੈ ਕਾਰ ਹੈਸੀ।

ਜ਼ੁਲਮੀ ਤੇਗ ਦੀ ਪਿਆਸ ਬੁਝਾ ਦਿੱਤੀ, ਸ਼ਾਹ ਰਗ ਦਾ ਖੂਨ ਪਿਆਲ ਸਤਿਗੁਰ।
ਆਈ ਹੋਈ ਮੁਸੀਬਤ ਮਨੁੱਖਤਾ ’ਤੇ, ਸੀਸ ਦੇ ਕੇ ਦਿੱਤੀ ਸੀ ਟਾਲ ਸਤਿਗੁਰ।
ਆਪਣੇ ਪਾਵਨ ਪਵਿੱਤਰ ਬਲੀਦਾਨ ਸਦਕਾ, ਸਚਮੁੱਚ ਧਰਮ ਦੀ ਬਣ ਗਏ ਢਾਲ ਸਤਿਗੁਰ।
ਰਹਿੰਦੀ ਦੁਨੀਆਂ ਤੱਕ ‘ਜਾਚਕ’ ਨਹੀਂ ਬੁਝ ਸਕਦੀ, ਦਿੱਤੀ ਸ਼ਮਾਂ ਸ਼ਹੀਦੀ ਦੀ ਬਾਲ ਸਤਿਗੁਰ।