ਲੂਣਾ – ਪਹਿਲਾ ਅੰਕ | ਭਾਗ – 1

ਅੰਕ ਪਹਿਲਾ

ਧਨਵੰਤੀ ਤੇ ਉਹਦੇ ਪਹਾੜਾਂ ਦੇ ਨਾਂ

[ ਚਾਨਣੀ ਰਾਤ ਦੇ ਅੰਤਿਮ ਪਹਿਰ, ਨਟੀ ਤੇ ਸੂਤਰਧਾਰ ਚੰਬੇ ਸ਼ਹਿਰ ਦੇ ਨੇੜੇ ਇੱਕ ਸੰਘਣੇ ਵਣ ਵਿੱਚ ਬੈਠੇ ਪ੍ਰੇਮ ਕਰ ਰਹੇ ਸਨ | ]
ਨਟੀ
ਇਹ ਕਵਣ ਸੁ ਸੁਹਾਵੜਾ
ਤੇ ਵਕਣ ਸੁ ਇਹ ਦਰਿਆ
ਜੋ ਰਾਤ ਨਮੋਘੀ ਚੰਨ ਦੀ
ਵਿੱਚ ਦੂਰੋਂ ਡਲ੍ਹਕ ਰਿਹਾ
ਕਈ ਵਿੰਗ–ਵਲੇਂਵੇ ਮਾਰਦਾ
ਕੋਈ ਅੱਗ ਦਾ ਸੱਪ ਜਿਹਾ
ਜੋ ਕੱਡ ਦੁਸਾਂਘੀ ਜੀਭ ਨੂੰ
ਵਾਦੀ ਵਿੱਚ ਸ਼ੂਕ ਰਿਹਾ

ਸੂਤਰਧਾਰ
ਇਹ ਦੇਸ ਸੁ ਚੰਬਾ ਸੋਹਣੀਏ
ਇਹ ਰਾਵੀ ਸੁ ਦਰਿਆ
ਜੋ ਐਰਾਵਤੀ ਕਹਾਂਵਦੀ
ਵਿੱਚ ਦੇਵ-ਲੋਕ ਦੇ ਜਾ
ਇਹ ਧੀ ਹੈ ਪਾਂਗੀ ਰਿਸ਼ੀ ਦੀ
ਇਹ ਚੰਦਰਭਾਗ ਭਰਾ
ਚੰਬਿਆਲੀ ਖ਼ਾਤਰ ਜਾਂਵਦਾ
ਇਹਨੂੰ ਚੰਬਾ ਦੇਸ ਕਿਹਾ

ਨਟੀ
ਹੈ ਇੱਤਰਾਂ ਭਿੱਜੀ ਵਗ ਰਹੀ
ਠੰਡੀ ਤੇ ਸੀਤ ਹਵਾ
ਏਥੇ ਰਾਤ ਰਾਣੀ ਦਾ ਜਾਪਦਾ
ਜਿਓਂ ਸਾਹ ਹੈ ਡੁੱਲ੍ਹ ਗਿਆ

ਸੂਤਰਧਾਰ
ਹਾਂ ਨੀਂ ਜਿੰਦੇ ਮੇਰੀਏ !
ਤੂੰ ਬਿਲਕੁਲ ਠੀਕ ਕਿਹਾ
ਹੈ ਕੁੰਗ, ਕਥੂਰੀ , ਅਗਰ ਦਾ
ਜਿਓਂ ਵਗੇ ਪਿਆ ਦਰਿਆ
ਇੱਕ ਮਾਨਸਰੋਵਰ ਇੱਤਰ ਦਾ
ਵਿੱਚ ਚੰਨ ਦਾ ਹੰਸ ਜਿਹਾ
ਹੈ ਚੁਪ-ਚਪੀਤਾ ਤੈਰਦਾ
‘ਤੇ ਤਾਰੇ ਚੁਗੇ ਪਿਆ

ਨਟੀ
ਪਰ ਮੈਨੂੰ ਈਕਣ ਜਾਪਦੈ
ਜਿਓਂ ਚਾਨਣ ਦੇ ਦਰਿਆ
ਇਹ ਮਹਿਕ ਜਿਵੇਂ ਇੱਕ ਕੁੜੀ ਚਿੜੀ
ਜਿਦ੍ਹਾ ਸੱਜਣ ਦੂਰ ਗਿਆ
ਅਗਨ-ਵਰੇਸੇ ਵਟਣਾ ਮਲ ਮਲ
ਰਹੀ ਜੋ ਨਗਨ ਨਹਾ
ਪਾਣੀ ਪਾ ਪਾ ਅੱਗ ਬੁਝਾਵੇ
ਅੱਗ ਨਾਂ ਬੁੱਝਣ ਆ

ਸੂਤਰਧਾਰ
ਵਾਹ !
ਇਹ ਤੂੰ ਖੂਬ ਕਿਹਾ
ਸਚਮੁੱਚ ਤਨ ਦੀ ਅੱਗ ਨੂੰ
ਨਾਂ ਪਾਣੀ ਸਕੇ ਬੁਝਾ
ਹੈ ਸੰਭਵ ਤਨ ਦੀ ਅੱਗ ਥੀਂ
ਖੌਲ ਸਮੁੰਦਰ ਜਾ

ਨਟੀ
ਛੇੜ ਸਾਰੰਗੀ ਪੌਣ ਦੀ
ਰਹੀ ਰੁੱਤ ਬਿਰਹੜੇ ਗਾ
ਜਿਓਂ ਕਾਮੀ ਸੱਜਣ ਕਿਸੇ ਦਾ
ਜਦ ਜਾਏ ਵਿਛੋੜਾ ਪਾ
ਇੱਕ ਡੂੰਘੀ ਸੌਲੀ ਸ਼ਾਮ ਨੂੰ
ਕਿਤੇ ਵਿੱਚ ਉਜਾੜੀਂ ਜਾ
ਜਿਓਂ ਢਿੱਡੀਂ ਮੁੱਕੀਆਂ ਮਾਰਦੀ
ਕੋਈ ਬਿਰਹਣ ਪਏ ਕੁਰਲਾ

ਸੂਤਰਧਾਰ
ਇਹ ਕਿਹਾ ਸੁਹਾਵਾ ਦੇਸ ਹੈ
ਤੇ ਕੇਹੀ ਨਸ਼ੀਲੀ ਵਾ
ਇਓਂ ਤਰਵਰ ਜਾਪਣ ਝੂਮਦੇ
ਜਿਓਂ ਛੀਂਬਾ ਡੰਗ ਗਿਆ
ਹੈ ਥਾਂ ਥਾਂ ਕੇਸੂ ਮੌਲਿਆ
ਤੇ ਡੁੱਲ੍ਹਿਆ ਲਹੂ ਜਿਹਾ
ਜਿਓਂ ਕਾਲੇ ਰੜੇ ਪਹਾੜ ਦਾ
ਸੀਨਾ ਪਾਟ ਗਿਆ
ਇਓਂ ਜਾਪੇ ਭੌਂ ਦੀਆਂ ਬੁੱਲ੍ਹੀਆਂ
ਵਿੱਚ ਭਰਿਆ ਨਸ਼ਾ ਜਿਹਾ
ਇਕ ਸਵਾਦ ਸਵਾਦ ਹੋ ਜਿਨ੍ਹਾਂ ਨੂੰ
ਹੈ ਅੰਬਰ ਚੂੰਮ ਰਿਹਾ
ਕੋਈ ਜੀਕਣ ਪ੍ਰੇਮੀ ਪ੍ਰੇਮੀ ਤੋਂ
ਇੱਕ ਉਮਰਾਂ ਬਾਝ ਰਿਹਾ
ਉੱਸ ਅੰਭੇ ਹੋਂਠ ਤਾਂ ਚੁੰਮਣਾ
ਪਰ ਭੁੱਖਾ ਫੇਰ ਰਿਹਾ

ਨਟੀ
ਸੁਣੋ ਸਵਾਮੀ ਕਿਹਾ ਸੁਹਾਵਾ
ਪੰਛੀ ਬੋਲ ਰਿਹਾ
ਜਿਓਂ ਕਿਸੇ ਪ੍ਰੇਮੀ ਆਪਣੇ
ਪ੍ਰੇਮੀ ਦਾ ਨਾਮ ਲਿਆ
ਜਿਓਂ ਬਾਂਸ ਦੀ ਪਾਟੀ ਪੋਰ ‘ਚੋਂ
ਇੱਕ ਰੁਮਕਾ ਲੰਘ ਗਿਆ
ਜਿਓਂ ਸੇਜ ਸੱਜਣ ਦੀ ਮਾਣਦੀ ਦਾ
ਹਾਸਾ ਨਿਕਲ ਗਿਆ
ਪ੍ਰਥਮ ਪ੍ਰੇਮ ਦੇ ਪ੍ਰਥਮ ਮੇਲ ਦੇ
ਪ੍ਰਥਮ ਹੀ ਸ਼ਬਦ ਜਿਹਾ
ਦਰਦ ਪਰੁੱਚੇ ਕਿਸੇ ਗੀਤ ਦੇ
ਅੰਤਮ ਬੋਲ ਜਿਹਾ

ਸੂਤਰਧਾਰ
ਹੈ ਸੌਲੇ ਜਿਹੇ ਪਹਾੜ ‘ਤੇ
ਚੰਨ ਈਕਣ ਸੋਭ ਰਿਹਾ
ਜਿਓਂ ਕੁਲਿਕ ਨਾਗ ਕੋਈ ਮਨੀਂ ਥੀਂ
ਨੇਰ੍ਹੇ ਵਿੱਚ ਖੇਡ ਰਿਹਾ
ਇਹ ਪਰਬਤ ਲੰਮ-ਸਲੰਮੜਾ
ਹੈ ਈਕਣ ਫੈਲ ਗਿਆ
ਜਿਓਂ ਨਾਗਾਂ ਦੀ ਮਾਂ ਸੂਰਸਾ
ਕੋਈ ਬਾਸ਼ਕ ,ਉਰਗ ਤੇ ਛੀਂਬੜੇ
ਕਈ ਅਹੀ, ਖੜੱਪੇ ਆ
ਕਈ ਕੱਲਰੀ, ਉੱਡਣੇ, ਪਦਮ ‘ਤੇ
ਸੰਗਚੂੜੇ ਧੌਣ ਉਠਾ
ਪਏ ਚਾਨਣ ਦਾ ਦੁੱਧ ਪੀਂਵਦੇ
ਤੇ ਰਹੇ ਨੇ ਜਸ਼ਨ ਮਨਾ
ਔਹ ਵੇਖ ! ਨੀ ਜਿੰਦੇ ਘਾਟੀਆਂ
ਵਿੱਚ ਬੱਦਲ ਉੱਡ ਰਿਹਾ
ਜਿਓਂ ਸੱਪ ਕਿਸੇ ਨੂੰ ਡੰਗ ਕੇ
ਗੁੱਸੇ ਵਿੱਚ ਉਲਟ ਗਿਆ
ਸੁਪਨ-ਲੋਕ ਦੇ ਉਡਦੇ ਹੋਏ
ਦੂਧ ਮਹਿਲ ਜਿਹਾ
ਜਿਦ੍ਹੀ ਮਮਟੀ ਬੈਠਾ ਚੰਨ ਦਾ
ਕੋਈ ਪੰਛੀ ਬੋਲ ਰਿਹਾ
ਵਿੱਚ ਫੁੱਲ-ਪੱਤੀਆਂ ਦੀ ਸੇਜ ‘ਤੇ
ਇੱਕ ਨੰਗਾ ਅਗਨ ਜਿਹਾ
ਇੱਕ ਬੁੱਤ ਗੁਲਾਬੀ ਨਾਰ ਦਾ
ਕੋਈ ਕਾਮ ਵੇਖ ਰਿਹਾ
ਤੇ ਭੋਗਨ ਪਹਿਲੇ ਓਸ ਦਾ
ਜਿਓਂ ਸੁਪਨਾ ਟੁੱਟ ਗਿਆ

(ਚਲਦਾ….)