ਲੂਣਾ – ਦੂਜਾ ਅੰਕ | ਭਾਗ – 7

ਲੂਣਾ – ਦੂਜਾ ਅੰਕ | ਭਾਗ – 6 ਪੜ੍ਹਨ ਲਈ ਕਲਿੱਕ ਕਰੋ

ਸਲਵਾਨ
ਹਰਫ਼ ਤੁਸਾਂ ‘ਤੇ
ਤਦ ਆਵੇਗਾ
ਜਦ ਸਲਵਾਨ ਵੀ
ਮਰ ਜਾਵੇਗਾ

ਵਰਮਨ
ਇਹ ਇੱਛਰਾਂ ਸੰਗ
ਵੀ ਅਣਿਆਂ ਹੈ
ਉਹ ਤੇਰੇ
ਵਿਹੜੇ ਦੀ ਛਾਂ ਹੈ
‘ਤੇ ਤੇਰੇ ਪੁੱਤਰ ਦੀ ਮਾਂ ਹੈ
ਨਾਰੀ ਜਦ ਇੱਕ
ਮਾਂ ਬਣ ਜਾਵੇ
ਨਾਰੀ ਨਹੀਂ
ਬੇ-ਜੀਭੀ ਗਾਂ ਹੈ

ਕੁੰਤ
ਨਾਰੀ,ਨਰ ਦਾ
ਉਹ ਗਹਿਣਾ ਹੈ
ਨਰ ਦੇ ਗਲ ਵਿੱਚ
ਤਾਂ ਰਹਿਣਾ ਹੈ
ਜੇ ਨਰ ਨੂੰ
ਉਸ ਮੋਹ ਲੈਣਾ ਹੈ
ਪਰ ਜੇ
ਨਰ ਨੂੰ ਮੋਹ ਨਹੀਂ ਸਕਦੀ
ਤਾਂ ਉਹ ਨਾਰੀ
ਹੋ ਨਹੀਂ ਸਕਦੀ
ਅਗਨ-ਸਰਪਨੀ
ਹੋ ਸਕਦੀ ਹੈ
ਸੁਪਨ-ਸਰਪਨੀ
ਹੋ ਨਹੀਂ ਸਕਦੀ
ਇਹਦੇ ਨਾਲੋਂ
ਅਗਨ-ਸਰਪਨੀ
ਚੰਗਾ ਹੈ
ਜੇਕਰ ਮਰ ਜਾਵੇ
ਮੁੜ ਨਾਰੀ ਦੀ
ਜੂਨ ਨਾ ਆਵੇ

ਵਰਮਨ
ਕੁੰਤੇ !
ਪਰ ਹਰ ਅਗਨ-ਸਰਪਨੀ
ਸੁਪਨ-ਸਰਪਨੀ
ਵੀ ਹੈ ਹੁੰਦੀ
ਜੇ ਇੱਕ ਅੱਖ ਲਈ
ਨਿਰਾ ਕੋਝ ਹੈ
ਦੂਜੀ ਦੇ ਲਈ
ਸੁਹਜ ਹੈ ਹੁੰਦੀ
ਰੱਤੀ ਦੀ ਨੀਂਦਰ ‘ਚੋਂ ਟੁੱਟਾ
ਹਰ ਨਾਰੀ
ਸੁਪਨਾ ਹੈ ਹੁੰਦੀ
ਪਰ ਜੇ ਤੁਸੀਂ
ਬੜੇ ਇੱਛਕ ਹੋ
ਕਹੋ ਮੰਤਰੀ ਤਾਈਂ ਜਾ ਕੇ
ਬਾਰੂ ਦੇ ਘਰ
ਜਾ ਕਹਿ ਆਵੇ
ਕਿ ਉਹ ਧੀ ਦਾ
ਕਾਜ ਰਚਾਵੇ
ਤੇ ਮੇਰੇ
ਮਿੱਤ੍ਰ ਲੜ ਲਾਵੇ
ਜੋ ਮੰਗੇ
ਸੋ ਬਖਸ਼ਸ਼ ਪਵੇ
[ ਸਾਰੇ ਉੱਠ ਕੇ ਚਲੇ ਜਾਂਦੇ ਹਨ ]

(ਦੂਜਾ ਅੰਕ ਸਮਾਪਤ)