ਗੁਰੂ ਅਰਜਨ ਦੇਵ ਜੀ – ਹਰੀ ਸਿੰਘ ਜਾਚਕ

ਤੀਜੇ ਪਾਤਸ਼ਾਹ ਭਾਨੀ ਨੂੰ ਕਿਹਾ ਇਕ ਦਿਨ, ਅਰਜਨ ਹੈ ਤੇਰਾ ਹੋਣਹਾਰ ਬਾਲਕ।
ਸਾਡੀ ਪੱਗ ਦੀ ਰੱਖੂਗਾ ਲਾਜ ਇਹ ਤਾਂ, ਦੁਨੀਆਂ ਵਿੱਚ ਇਹ ਪਾਊ ਸਤਿਕਾਰ ਬਾਲਕ।
ਰਹੂ ਸਦਾ ਹੀ ਰੱਬੀ ਰਜ਼ਾ ਅੰਦਰ, ਹੋਊ ਸ਼ਾਂਤੀ ਦਾ ਇਹ ਅਵਤਾਰ ਬਾਲਕ।
ਘੋਰ ਸੰਕਟ ਤੇ ਦੁੱਖ ਮੁਸੀਬਤਾਂ ਨੂੰ, ਖਿੜੇ ਮੱਥੇ ਇਹ ਲਊ ਸਹਾਰ ਬਾਲਕ।

ਬਹਿ ਕੇ ਤੀਸਰੇ ਪਾਤਸ਼ਾਹ ਪਾਸ ਸੰਗਤਾਂ, ਸੁਣ ਰਹੀਆਂ ਸਨ, ਦੀਨ ਦਇਆਲ ਤਾਂਈਂ।
ਬਾਲ ਅਰਜਨ ਵੀ ਰਿੜਦੇ ਹੋਏ ਕੋਲ ਪਹੁੰਚੇ, ਗੁਰਾਂ ਲਿਆ ਸੀ ਗੋਦੀ ਵਿੱਚ ਲਾਲ ਤਾਂਈਂ।
‘ਦੋਹਿਥਾ ਬਾਣੀ ਕਾ ਬੋਹਿਥਾ’ ਕਹਿ ਮੁੱਖੋਂ, ਵਰ ਦਿੱਤਾ ਸੀ ਨੰਨ੍ਹੇ ਜਿਹੇ ਬਾਲ ਤਾਂਈਂ।
ਨਦਰੀ ਨਦਰਿ ਸੀ ਕਰ ਨਿਹਾਲ ਦਿੱਤਾ, ਭਾਈ ਜੇਠੇ ਦੇ ਨੌਨਿਹਾਲ ਤਾਂਈਂ।

ਭਾਈ ਜੇਠੇ ਦੇ ਲਾਡਲੇ ਲਾਲ ਹੈਸਨ, ਮਾਤਾ ਭਾਨੀ ਦੇ ਜਾਏ ਸਨ ਬਾਲ ਅਰਜਨ।
ਨਾਨਾ ਗੁਰੂ ਦੀ ਗੋਦ ’ਚ ਖੇਡ ਖੇਡਾਂ, ਮੁਢਲੇ ਸਾਲ ਬਿਤਾਏ ਸਨ ਬਾਲ ਅਰਜਨ।
ਸਮੇਂ ਸਮੇਂ ’ਤੇ ਨਿਕੜੀ ਉਮਰ ਅੰਦਰ, ਵਰ ਝੋਲੀ ਪੁਆਏ ਸਨ ਬਾਲ ਅਰਜਨ।
ਗੁਰਮਤਿ ਅਤੇ ਗੁਰਬਾਣੀ ਦੀ ਮਿਲੀ ਗੁੜ੍ਹਤੀ, ਆਏ ਧੁਰੋਂ ਵਰੋਸਾਏ ਸਨ ਬਾਲ ਅਰਜਨ।

ਸਹਜ ਅਵੱਸਥਾ ’ਚ ਸ਼ੁਰੂ ਤੋਂ ਰਹੇ ਉਹ ਤਾਂ, ਰੱਬੀ ਰੰਗ ’ਚ ਰੰਗੇ ਸਨ ਬਾਲ ਅਰਜਨ।
ਭਾਵੇਂ ਸਭ ਭਰਾਵਾਂ ਤੋਂ ਸਨ ਛੋਟੇ, ਐਪਰ ਸਭ ਤੋਂ ਚੰਗੇ ਸਨ ਬਾਲ ਅਰਜਨ।
ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਦੇ, ਰਹੇ ਸਦਾ ਹੀ ਸੰਗੇ ਸਨ ਬਾਲ ਅਰਜਨ।
ਪਰ ਪ੍ਰਿਥੀ ਚੰਦ ਦੇ ਸ਼ੁਰੂ ਤੋਂ ਈਰਖਾ ਦੇ, ਜ਼ਹਿਰੀ ਡੰਗਾਂ ਨਾਲ ਡੰਗੇ ਸਨ ਬਾਲ ਅਰਜਨ।

ਸਮੇਂ ਸਮੇਂ ਉਤੇ ਪੰਚਮ ਪਾਤਸ਼ਾਹ ’ਤੇ, ਦੁੱਖ ਮੁਸੀਬਤਾਂ ਦੇ ਘੋਰ ਆਏ ਸੰਕਟ।
ਗੱਦੀ ਬੈਠਣ ਤੋਂ ਪਹਿਲਾਂ ਹੀ ਕਈ ਵਾਰੀ, ਗੁਰੂ ਦੋਖੀ ਸਨ ਕਈ ਲਿਆਏ ਸੰਕਟ।
ਕੀਤੀ ਗਈ ਸੀ ਜਦੋਂ ਦਸਤਾਰ ਬੰਦੀ, ਕਾਲੀ ਘਟਾ ਦੇ ਵਾਂਗ ਸਨ ਛਾਏ ਸੰਕਟ।
ਪ੍ਰਿਥੀ ਚੰਦ ਨੇ ਚੱਲੀਆਂ ਸਦਾ ਚਾਲਾਂ, ਛੋਟੇ ਭਾਈ ਦੇ ਗਲ ਪੁਆਏ ਸੰਕਟ।

ਜ਼ਿੰਮੇਵਾਰੀ ਗੁਰਿਆਈ ਦੀ ਮਿਲੀ ਉਹਨੂੰ, ਗੁਰੂ ਨਜ਼ਰ ‘ਚ ਹੋਇਆ ਪ੍ਰਵਾਨ ਜਿਹੜਾ।
ਕੰਵਲ ਫੁੱਲ ਦੇ ਵਾਂਗ ਨਿਰਲੇਪ ਰਹਿਕੇ, ਗ੍ਰਿਹਸਤੀ ਜੀਵਨ ’ਚ ਪੂਰਨ ਇਨਸਾਨ ਜਿਹੜਾ।
ਸੇਵਾ ਸਿਮਰਨ ਨੂੰ ਜੀਵਨ ਦੇ ਵਿੱਚ ਧਾਰੇ, ਗੁਣਾਂ ਨਾਲ ਭਰਪੂਰ ਗੁਣਵਾਨ ਜਿਹੜਾ।
ਹਰ ਇਕ ਨੂੰ ਵਿਰਸੇ ’ਚ ਨਹੀਂ ਮਿਲਦਾ, ਗੁਰੂ ਅਰਜਨ ਨੂੰ ਮਿਲਿਆ ਸਨਮਾਨ ਜਿਹੜਾ।

ਗੁਰੂ ਨਾਨਕ ਦੀ ਗੱਦੀ ’ਤੇ ਬੈਠ ਕੇ ਤੇ, ਕਰਦੇ ਗੁਰਮਤਿ ਦਾ ਰਹੇ ਪ੍ਰਚਾਰ ਸਤਿਗੁਰ।
ਚੜ੍ਹ ਪੈਂਦਾ ਗਿਆਨ ਦਾ ਕੋਈ ਸੂਰਜ, ਕਰਦੇ ਸੰਗਤ ਨਾਲ ਜਦੋਂ ਵਿਚਾਰ ਸਤਿਗੁਰ।
ਸੁੱਚੀ ਕਿਰਤ ਵਿੱਚ ਅੰਮ੍ਰਿਤ ਦੇ ਘੁੱਟ ਹੁੰਦੇ, ਕਹਿੰਦੇ ਸੰਗਤਾਂ ਨੂੰ ਬਾਰੰਬਾਰ ਸਤਿਗੁਰ।
ਕਰਨੇ ਚਾਹੀਦੇ ਸੇਵਾ ਨਾਲ ਹੱਥ ਸੁੱਚੇ, ਇਹ ਵੀ ਕਹਿੰਦੇ ਸਨ ਪੰਚਮ ਦਾਤਾਰ ਸਤਿਗੁਰ।

ਪੰਚਮ ਪਿਤਾ ਨੇ ਆਪਣੇ ਸਮੇਂ ਅੰਦਰ, ਗੁਰੂ ਘਰ ਤਿਆਰ ਕਰਵਾਏ ਸੋਹਣੇ।
ਦੁਖੀ ਮਨਾਂ ਨੂੰ ਸੁੱਖਾਂ ਦੀ ਮਨੀ ਦੇ ਕੇ, ਤਨ ਮਨ ਦੇ ਸੁੱਖ ਪਹੁੰਚਾਏ ਸੋਹਣੇ।
ਨਾਮ ਬਾਣੀ ਦੇ ਪਾਰਸ ਦੀ ਛੋਹ ਦੇ ਕੇ, ਪਾਪੀ ਹਿਰਦੇ ਸਨ ਪਾਵਨ ਬਣਾਏ ਸੋਹਣੇ।
ਕਥਨੀ ਕਰਨੀ ਨਾਲ ਧਰਮ ਪ੍ਰਚਾਰ ਕਰਕੇ, ਹਰ ਥਾਂ ਧਰਮ ਦੇ ਝੰਡੇ ਝੁਲਾਏ ਸੋਹਣੇ।

ਗੁਰੂਆਂ, ਭਗਤਾਂ ਤੇ ਗੁਰਸਿੱਖ ਪਿਆਰਿਆਂ ਦੀ, ਬਾਣੀ ਕੱਠੀ ਕਰਵਾਈ ਸੀ ਪਾਤਸ਼ਾਹ ਨੇ।
ਰਾਮਸਰ ਸਰੋਵਰ ਦੇ ਬਹਿ ਕੰਢੇ, ਸੁਰਤੀ ਬਿਰਤੀ ਲਗਾਈ ਸੀ ਪਾਤਸ਼ਾਹ ਨੇ।
ਹੱਥ ਭਾਈ ਗੁਰਦਾਸ ਦੇ ਕਲਮ ਦੇ ਕੇ, ਪਾਵਨ ਬਾਣੀ ਲਿਖਵਾਈ ਸੀ ਪਾਤਸ਼ਾਹ ਨੇ।
ਭਾਦੋਂ ਸੁਦੀ ਏਕਮ, ਅੰਮ੍ਰਿਤਸਰ ਅੰਦਰ, ਸਾਰੀ ਸੰਗਤ ਬੁਲਾਈ ਸੀ ਪਾਤਸ਼ਾਹ ਨੇ।

ਆਦਿ ਬੀੜ ਸੰਪੂਰਨ ਅੱਜ ਹੋਈ ਹੈਸੀ, ਸਿੱਖ ਗਏ ਸੱਦੇ ਖਾਸ ਖਾਸ ਏਥੇ।
ਦੂਰੋਂ ਦੂਰੋਂ ਸਨ ਪਹੁੰਚੀਆਂ ਸਿੱਖ ਸੰਗਤਾਂ, ਸ਼ਰਧਾ ਅਦਬ ਤੇ ਨਾਲ ਵਿਸ਼ਵਾਸ ਏਥੇ।
ਗੱਲ ’ਚ ਪਾ ਪੱਲਾ, ਪੰਚਮ ਪਾਤਸ਼ਾਹ ਨੇ, ਗੁਰੂ ਚਰਨਾਂ ’ਚ ਕੀਤੀ ਅਰਦਾਸ ਏਥੇ।
ਰਹਿਮਤ ਪੁਰਖ ਅਕਾਲ ਦੀ ਹੋਈ ਐਸੀ, ਕਾਰਜ ਸਾਰੇ ਹੀ ਹੋਏ ਨੇ ਰਾਸ ਏਥੇ।

ਬਾਬਾ ਬੁੱਢਾ ਜੀ ਸੀਸ ’ਤੇ ਬੀੜ ਰੱਖਕੇ, ਨੰਗੇ ਪੈਰੀਂ ਹਰਿਮੰਦਰ ਵੱਲ ਚੱਲ ਰਹੇ ਸੀ।
ਅੱਗੇ ਅੱਗੇ ਗੁਰਦਾਸ ਜੀ ਪਕੜ ਗੜਵਾ, ਛਿੜਕ ਜ਼ਮੀਨ ਉੱਤੇ ਪਾਵਨ ਜਲ ਰਹੇ ਸੀ।
ਆਪਣੀ ਪੱਗ ਦੇ ਪੱਲੂ ਨਾਲ ਭਾਈ ਬੰਨੋ, ਕਰ ਸਾਫ਼ ਰਸਤਾ ਪਲੋ ਪਲ ਰਹੇ ਸੀ।
ਸੰਗਤਾਂ ਸ਼ਬਦ ਗੁਰਬਾਣੀ ਦੇ ਪੜ੍ਹੀ ਜਾਵਨ, ਪੰਚਮ ਪਾਤਸ਼ਾਹ ਜੀ ਚੌਰ ਝੱਲ ਰਹੇ ਸੀ।

ਹਰਿਮੰਦਰ ਸਜਾ ਕੇ ‘ਬੀੜ’ ਸਾਹਿਬ, ਜਦ ਪ੍ਰਕਾਸ਼ ਕਰਵਾਇਆ ਸੀ ਗੁਰੂ ਅਰਜਨ।
ਰਿਦਾ ਗੁਰੂ ਦਾ ਜਾਨੋਂ ਗਰੰਥ ਅੰਦਰ, ਆਪਣੇ ਮੁੱਖੋਂ ਫੁਰਮਾਇਆ ਸੀ ਗੁਰੂ ਅਰਜਨ।
ਪੋਥੀ ਸਾਹਿਬ ਸਜਾ ਕੇ ਤਖ਼ਤ ਉੱਤੇ, ਥੱਲੇ ਆਸਨ ਲਗਾਇਆ ਸੀ ਗੁਰੂ ਅਰਜਨ।
ਬਾਬਾ ਬੁੱਢਾ ਜੀ ਤਾਂਈਂ ਸਨਮਾਨ ਦੇ ਕੇ, ਮੁੱਖ ਗ੍ਰੰਥੀ ਬਣਾਇਆ ਸੀ ਗੁਰੂ ਅਰਜਨ।

ਚੜ੍ਹਦੀ ਕਲਾ ’ਚ ਸਿੱਖੀ ਨੂੰ ਤੱਕ ਕੇ ਤੇ, ਧੁਰ ਅੰਦਰੋਂ ਖਾਧੀ ਸੀ ਖਾਰ ਦੁਸ਼ਟਾਂ।
ਇਹਨੂੰ ਸਦਾ ਲਈ ਜੜ੍ਹਾਂ ਤੋਂ ਖਤਮ ਕਰਨੈ, ਇਹ ਸੀ ਰੱਖਿਆ ਦਿਲਾਂ ’ਚ ਧਾਰ ਦੁਸ਼ਟਾਂ।
ਸੋਚ ਸਮਝ ਕੇ ਗੁੰਦੀਆਂ ਸਨ ਗੋਂਦਾਂ, ਗੁਰੂ ਘਰ ’ਤੇ ਕਰਨ ਲਈ ਵਾਰ ਦੁਸ਼ਟਾਂ।
ਸ਼ੇਖ ਅਹਿਮਦ ਸਰਹੰਦੀ ਤੇ ਮੁਰਤਜ਼ਾ ਜਿਹੇ, ਕੱਟੜ ਪੰਥੀ ਸਨ ਕੀਤੇ ਤਿਆਰ ਦੁਸ਼ਟਾਂ।

ਜਹਾਂਗੀਰ ਪਿਆਲੇ ਜਦ ਪੀ ਓਧਰ, ਡੁੱਬ ਚੁੱਕਾ ਸੀ ਨਸ਼ੇ ਸ਼ਰਾਬ ਅੰਦਰ।
ਗੁਰੂ ਘਰ ਦੇ ਦੋਖੀਆਂ ਤਾੜ ਮੌਕਾ, ਜ਼ਹਿਰ ਭਰੀ ਸੀ ਓਦੋਂ ਜਨਾਬ ਅੰਦਰ।
ਅਰਜਨ ਨਾਮ ਦਾ ਇਕ ਚਲਾਕ ਸਾਧੂ, ਖੋਲੀ ਬੈਠੈ ਦੁਕਾਨ ਪੰਜਾਬ ਅੰਦਰ।
ਕੀਤੀ ਗਈ ਇਸਲਾਮ ਦੀ ਨਿੰਦਿਆ ਹੈ, ਉਹਦੀ ਲਿਖੀ ਹੋਈ ਖਾਸ ਕਿਤਾਬ ਅੰਦਰ।

ਉਹਨੇ ਗੁਰਾਂ ਦੇ ਕਤਲ ਦਾ ਹੁਕਮ ਦਿੱਤਾ, ਕਰਮ ਧਰਮ ਤੇ ਦੀਨ ਇਮਾਨ ਛੱਡ ਕੇ।
ਚੱਲ ਪਏ ਲਾਹੌਰ ਦੇ ਵੱਲ ਸਤਿਗੁਰ, ਪਾਵਨ ਗੁਰੂ ਕੀ ਨਗਰੀ ਮਹਾਨ ਛੱਡ ਕੇ।
ਚਿਹਰੇ ਫੁੱਲਾਂ ਦੇ ਗਏ ਮੁਰਝਾ ਓਦੋਂ, ਮਾਲੀ ਜਾ ਰਿਹਾ ਸੀ ਗੁਲਿਸਤਾਨ ਛੱਡ ਕੇ।
ਪੀ ਕੇ ਜਾਮਿ ਸ਼ਹਾਦਤ ਅਲੋਪ ਹੋ ਗਏ, ਵੱਸਦਾ ਰੱਸਦਾ ‘ਜਾਚਕ’ ਜਹਾਨ ਛੱਡ ਕੇ।