ਲੂਣਾ – ਪਹਿਲਾ ਅੰਕ | ਭਾਗ – 4

ਲੂਣਾ – ਪਹਿਲਾ ਅੰਕ | ਭਾਗ – 3 ਪੜ੍ਹਨ ਲਈ ਕਲਿੱਕ ਕਰੋ

[ਸੂਤਰਧਾਰ ਤੇ ਨਟੀ ਰੂਪ ਵਟਾ ਲੈਂਦੇ ਹਨ | ਚੰਬਿਆਲਣਾਂ ਉੱਚੀ ਉੱਚੀ ਗਾਉਂਦੀਆਂ ਪਰਵੇਸ਼ ਕਰਦਿਆਂ ਹਨ | ਨਟੀ ਉਂਨ੍ਹਾ ‘ਚੋਂ ਇੱਕ ਨਾਲ ਗੱਲਾਂ ਕਰਦੀ ਹੈ |]
ਨਟੀ
ਚੰਬੇ ਦੀਏ ਚੰਬੇਲੀਏ
ਤੇਰੀ ਜੀਵੇ ਮਹਿਕ ਸਦਾ
ਇਹ ਜੋਬਨ ਦਾ ਹੜ੍ਹ ਠਿਲ੍ਹਿਆ
ਕਿਸ ਪੱਤਣ ਨੂੰ ਜਾ
ਹੱਸ, ਹਮੇਲਾਂ ਬੁਗ੍ਹ੍ਤੀਆਂ
ਗਲ ਵਿੱਚ ਕੰਠੇ ਪਾ
ਛਾਪਾਂ, ਛੱਲੇ , ਆਰਸੀਆਂ
ਗੋਰੇ ਹੱਥ ਅੜਾ
ਚੀਚੀ ਵਿੱਚ ਕਲੀਚੜੀ
ਪੈਰੀਂ ਸਗਲੇ ਪਾ
ਕੋਹ ਕੋਹ ਵਾਲ ਗੁੰਦਾਏ ਕੇ
ਫੁੱਲ ਤੇ ਚੌੰਕ ਸਜਾ
ਕੰਨੀਂ ਝੁਮਕੇ ਝੂਲਦੇ
ਲੌਂਗ , ਤੀਲੀਆਂ ਪਾ
ਸਿਰ ਸੋਭਣ ਫੁਲਕਾਰੀਆਂ
ਅਤਲਸ ,ਪੱਟ ਹੰਢਾ
ਕਿੱਤ ਵੱਲ ਚਲੀਆਂ ਕੂੰਜੜੀਆਂ
ਹਾਰ ਸ਼ਿੰਗਾਰ ਲਗਾ
ਇਹ ਬੌਂਦਲ ਗਈਆਂ ਡਾਚੀਆਂ
ਕਿੱਤ ਵੱਲ ਰਹੀਆਂ ਧਾ ?

ਚੰਬਿਆਲਣ
ਸੁਣ ਭੈਣੇ ਪਰਦੇਸਣੇ
ਅਸੀਂ ਆਈਆਂ ਨਦੀਏ ਜਾ
ਇੱਕ ਯੋਧੇ ਦੇ ਨਾਉਂ ‘ਤੇ
ਲੱਖ ਦੀਵੇ ਪਰਵਾਹ
ਅੱਜ ਜਨਮ-ਦਿਹਾੜਾ ਉਸ ਦਾ
ਅੱਜ ਦਿਲੇ ਥੀਂ ਚਾਅ
ਅਸੀਂ ਰਾਜੇ ਵਰਮਨ ਵੀਰ ਦੇ
ਰਹੀਆਂ ਸ਼ਗਨ ਮਨਾ
ਸਿਰ ‘ਤੇ ਗੜਵੇ ਨੀਰ ਦੇ
ਤਾਜੇ ਫੁੱਲ ਤੁੜਾ
ਅਸੀਂ ਮਹਿਲੀਂ ਰਾਣੀ ਕੁੰਤ ਦੇ
ਚੱਲੀਆਂ ਰੂਪ ਸਜਾ
ਜਿਥੇ ਰਾਜਾ ਨ੍ਹਾਵ੍ਸੀ
ਵਟਨੇ ਲੱਖ ਲਗਾ
ਇੱਤਰ , ਫੁਲੇਲਾਂ, ਕੇਵੜੇ
ਗੰਗਾ-ਜਲੀ ਰਲਾ
ਇਸ ਤੋਂ ਪਿਛੋਂ ਹੋਵਸੀ
ਡਾਢਾ ਯੱਗ ਮਹਾ
ਸਾਰੇ ਚੰਬੇ ਦੇਸ਼ ‘ਚੋਂ
ਕਾਲੇ ਮੁਰਗ ਮੰਗਾ
ਇੱਕ ਸੌ ਇੱਕੀ ਭੇਡ ਥੀਂ
ਕੀਤਾ ਜਾਊ ਜਿਬ੍ਹਾ
ਰਾਜਾ ਕੋਟ ਸਿਆਲ ਦਾ
ਆਇਆ ਪੈਂਡੇ ਗਾਹ
ਜੋ ਸਾਡੇ ਮਹਾਰਾਜ ਦਾ
ਬਣਿਆ ਧਰਮ-ਭਰਾ
ਜੋ ਸਲਵਾਨ ਕਹਾਂਵਦਾ
ਕਰਸੀ ਰਸਮ ਅਦਾ
ਵੱਢੂ ਭੇਡਾਂ ਸਾਰੀਆਂ
ਲੋਹਾ ਸਾਣੇ ਲਾ
ਵਗੂ ਸੂਹਾ ਸ਼ੂਕਦਾ
ਲਹੂਆਂ ਦਾ ਦਰਿਆ
ਚੰਬੇ ਦੀ ਏਸ ਧਰਤੀ ‘ਤੇ
ਦੇਸੀ ਰੰਗ ਚੜ੍ਹਾ
ਮੱਥੇ ਟਿੱਕੇ ਲਾਉਣੀ ਦੀ
ਹੋਸੀ ਰਸਮ ਅਦਾ
ਨੌਬਤ, ਕੈਲਾਂ ,ਡੱਫਲਾਂ
ਦੇਸਣ ਸ਼ੋਰ ਮਚਾ
ਆਸਣ ਭੰਡ ,ਮਰਾਸੀਏ
ਭੱਟ ਸੁਰੰਗੀ ਚਾ
ਹੋਸਣ ਧਾਮਾਂ ਭਾਰੀਆਂ
ਦੇਗਾਂ ਚੁੱਲ੍ਹੇ ਚੜ੍ਹਾ
ਅੰਤ ਵਿੱਚ ਮੁਟਿਆਰ ਇੱਕ
ਚੁਣਸੀ ਰਾਜਾ ਆ
ਸਾਰੇ ਚੰਬੇ ਦੇਸ ‘ਚੋਂ
ਜਿਸ ਦਾ ਹੁਸਨ ਅਥਾਹ
ਉਹ ਸੋਹਣੀ ਮੁਟਿਆਰ ਫਿਰ
ਗੋਰੇ ਹੱਥ ਉਠਾ
ਕਰਸੀ ਰਾਜੇ ਵਾਸਤੇ,
ਦੇਵੀ ਕੋਲ ਦੁਆ
ਦੇਵੀ ਵਰਮਨ ਵੀਰ ਤੇ
ਰਹਿਮਤ ਇਹ ਫਰਮਾ
ਸਾਰੇ ਚੰਬੇ ਦੇਸ ਦੀ
ਇਸ ਨੂੰ ਉਮਰ ਲਗਾ
ਫਿਰ ਰਾਜਾ ਉਸ ਕੁੜੀ ਦਾ
ਧਰਮੀ ਬਾਪ ਬੁਲਾ
ਇੱਕ ਖੁਹਾ , ਦੋ ਬੌਲੀਆਂ
ਦੇਸੀ ਨਾਮ ਲੁਆ
ਆਇਆ ਚੰਬੇ ਸ਼ਹਿਰ ਥੀਂ
ਕੁਲ ਮੁਲੱਖਇਆ ਧਾ
ਆਉ ਰਾਹਿਉ ਲੈ ਚੱਲੀਏ
ਜੇ ਦੇਖਣ ਦਾ ਚਾ

ਨਟੀ
ਨਾ ਨੀਂ ਭੈਣਾਂ ਮੇਰੀਏ
ਅਸਾਂ ਜਾਣਾ ਦੂਰ ਬੜਾ
ਅਜੇ ਪੈਂਡਾ ਵਾਂਗ ਸਰਾਲ ਦੇ
ਕਿੰਨਾ ਹੋਰ ਪਿਆ
[ਚੰਬਿਆਲਣਾਂ ਹੱਸਦੀਆਂ ਹੱਸਦੀਆਂ ਚਲੀਆਂ ਜਾਂਦੀਆਂ ਹਨ ]

(ਚਲਦਾ….)