sukwinder amrit

ਹਵਾ ਕੀ ਕਰ ਲਊਗੀ -ਸੁਖਵਿੰਦਰ ਅੰਮ੍ਰਿਤ

ਹਵਾ ਕੀ ਕਰ ਲਊਗੀ ਚਿਹਰਿਆਂ ‘ਤੇ ਧੂੜ ਪਾ ਕੇ
ਤੂੰ ਅਪਣੀ ਆਤਮਾ ਦਾ ਹੁਸਨ ਬਸ ਰੱਖੀਂ ਬਚਾ ਕੇ
ਮੇਰਾ ਮੱਥਾ ਉਸੇ ਦੀਵਾਰ ਵਿਚ ਫਿਰ ਜਾ ਕੇ ਵੱਜਿਆ
ਮੈਂ ਜਿਸ ਤੋਂ ਬਚਣ ਲਈ ਕੋਹਾਂ ਦਾ ਲੰਘੀ ਗੇੜ ਪਾ ਕੇ
ਬਖੇੜਾ ਪਾਣੀਆਂ ਦੀ ਵੰਡ ਦਾ ਮੁੱਕਿਆ ਨਹੀਂ ਸੀ
ਤੇ ਹੁਣ ਉਹ ਬਹਿ ਗਏ ਅਪਣੇ ਲਹੂ ਵਿਚ ਲੀਕ ਪਾ ਕੇ
ਮੈਂ ਫਿਰ ਤਰਤੀਬ ਵਿਚ ਰੱਖੇ ਨੇ ਟੁਕੜੇ ਜ਼ਿੰਦਗੀ ਦੇ
ਹਵਾ ਨੇ ਫੇਰ ਮੈਨੂੰ ਦੇਖਿਆ ਹੈ ਮੁਸਕਰਾ ਕੇ
ਤੁਸੀਂ ਵੀ ਉਸ ਦੀਆਂ ਗੱਲਾਂ ‘ਚ ਆ ਗਏ ਹੱਦ ਹੋ ਗਈ
ਉਹ ਜੰਗਲ ਫੂਕ ਦਿੰਦਾ ਹੈ ਅਗਰਬੱਤੀ ਜਲਾ ਕੇ
ਤੇਰੀ ਜਾਦੂਗਰੀ ਦਾ ਸ਼ਹਿਰ ਵਿਚ ਚਰਚਾ ਬੜਾ ਹੈ
ਤੂੰ ਰੱਖ ਦਿੰਦਾ ਹੈਂ ਹਰ ਇਕ ਲਹਿਰ ਨੂੰ ਰੇਤਾ ਬਣਾ ਕੇ
ਤੂੰ ਆਪਣੀ ਪਿਆਸ ਦੇ ਟੁਕੜੇ ਹੀ ਕਿਉਂ ਨੀਂ ਜੋੜ ਲੈਂਦਾ
ਕੀ ਮੁੜ ਮੁੜ ਦੇਖਦਾ ਹੈਂ ਪਾਣੀਆਂ ਵਿਚ ਲੀਕ ਪਾ ਕੇ
ਮੇਰੇ ਮਨ ਦੀ ਜਵਾਲਾ ਨੇ ਉਦੋਂ ਹੀ ਸ਼ਾਂਤ ਹੋਣਾ
ਜਦੋਂ ਲੈ ਜਾਣਗੇ ਪਾਣੀ ਮੇਰੀ ਮਿੱਟੀ ਵਹਾ ਕੇ
ਉਹਦੇ ਬੋਲਾਂ ਦੀਆਂ ਜ਼ੰਜੀਰੀਆਂ ਜੇ ਤੋੜ ਦੇਵਾਂ
ਉਹ ਮੈਨੂੰ ਪਕੜ ਲੈਂਦਾ ਹੈ ਨਜ਼ਰ ਦਾ ਜਾਲ ਪਾ ਕੇ

ਸੁਪਨੇ ਵਿੱਚ ਇਕ – ਸੁਖਵਿੰਦਰ ਅੰਮ੍ਰਿਤ

ਸੁਪਨੇ ਵਿੱਚ ਇਕ ਰੁਖ ਤੇ ਲਿਖਿਆ ਰਾਤੀਂ ਆਪਣਾ ਨਾਮ ਅਸੀਂ
ਦਿਨ ਚੜ੍ਹਦੇ ਨੂੰ ਹੋ ਗਏ ਸਾਰੇ ਜੰਗਲ ਵਿੱਚ ਬਦਨਾਮ ਅਸੀਂ

ਕਿੰਜ ਸਹਿ ਲੈਂਦੇ ਉਹਦੇ ਮੁਖ ਤੇ ਪਲ ਪਲ ਢਲਦੀ ਸ਼ਾਮ ਅਸੀਂ
ਆਪਣੇ ਦਿਲ ਦਾ ਦਗ਼ਦਾ ਸੂਰਜ ਕਰ ‘ਤਾ ਉਹਦੇ ਨਾਮ ਅਸੀਂ

ਇਕ ਇਕ ਕਰਕੇ ਵਿਕ ਗਏ ਆਖ਼ਰ ਤਾਰੇ ਸਾਡੇ ਅੰਬਰ ਦੇ
ਹਾਏ, ਫਿਰ ਵੀ ਤਾਰ ਸਕੇ ਨਾ ਉਸ ਦੀਵੇ ਦੇ ਦਾਮ ਅਸੀਂ

ਇਕ ਮੁੱਦਤ ਤੋਂ ਤਰਸ ਰਹੇ ਨੇ ਖੰਭ ਸਾਡੇ ਪਰਵਾਜ਼ਾਂ ਦੇ
ਭੋਲੇਪਨ ਵਿਚ ਇਕ ਪਿੰਜਰੇ ਨੂੰ ਦਿੱਤਾ ਘਰ ਦਾ ਨਾਮ ਅਸੀਂ

ਪੱਤਾ ਪੱਤਾ ਹੋ ਕੇ ਸਾਡੇ ਵਿਹੜੇ ਦੇ ਵਿਚ ਆਣ ਕਿਰੇ
ਬਿਰਖਾਂ ਦੇ ਵੱਲ ਜਦ ਵੀ ਭੇਜੇ ਮੋਹ-ਭਿੱਜੇ ਪੈਗ਼ਾਮ ਅਸੀਂ

ਹਾਂ, ਉਹਨਾਂ ਦੀ ਲਾਈ ਅੱਗ ਵਿਚ ਸੁਲਗ ਰਹੇ ਹਾਂ ਰਾਤ ਦਿਨੇ
ਕਿੰਜ ਦੇਈਏ ਪਰ ਉਹਨਾਂ ਕੋਮਲ ਫੁੱਲਾਂ ਨੂੰ ਇਲਜ਼ਾਮ ਅਸੀਂ

ਓਧਰ ਸਾਡੇ ਚੰਦ ਨੂੰ ਖਾ ਗਏ ਟੁੱਕ ਸਮਝ ਕੇ ਭੁੱਖੇ ਲੋਕ
ਏਧਰ ਨ੍ਹੇਰੇ ਦੀ ਬੁੱਕਲ ਵਿਚ ਕਰਦੇ ਰਹੇ ਅਰਾਮ ਅਸੀਂ

ਸਦੀਆਂ ਤੋਂ ਮੁਹੱਬਤ – ਸੁਖਵਿੰਦਰ ਅੰਮ੍ਰਿਤ

ਸਦੀਆਂ ਤੋਂ  ਮੁਹੱਬਤ  ਦਾ ਏਹੀ ਅਫਸਾਨਾ  ਹੈ
ਹਰ ਹੱਥ ਵਿਚ ਪੱਥਰ ਹੈ  ਮਜਨੂੰ ‘ਤੇ ਨਿਸ਼ਾਨਾ ਹੈ

ਇਹ ਰਹਿਬਰ ਦੀ ਜਾਨਣ, ਦਾਨਸ਼ਵਰ ਕੀ ਸਮਝਣ
ਇਸ ਇਸ਼ਕ਼ ਦੀ ਮੰਜਿਲ ਤੇ ਪੁੱਜਦਾ ਦੀਵਾਨਾ ਹੈ

ਕੋਈ ਰਾਂਝਾ ਜਾਣ ਸਕੇ  ਫ਼ਰਿਆਦ ਹੀ ਸਮਝ ਸਕੇ
ਕਿਉਂ ਬਲਦੀਆਂ ਲਾਟਾਂ ‘ਤੇ ਸੜਦਾ ਪਰਵਾਨਾ ਹੈ

ਕਿਆ ਇਸ਼ਕ਼ ਦੀ ਸ਼ਾਨ ਅੱਲ੍ਹਾ, ਇਹ ਇਸ਼ਕ਼ ਸੁਬਹਾਂ ਅੱਲ੍ਹਾ !
ਇਸ ਇਸ਼ਕ਼ ਬਿਨਾਂ ਲੋਕੋ ਕਿਆ ਖਾਕ ਜ਼ਮਾਨਾ ਹੈ ?

ਇਸ ਇਸ਼ਕ਼ ਦੀ ਹੱਟੀ ‘ਤੇ ਕੋਈ ਹੋਰ  ਵਪਾਰ ਨਹੀਂ
ਬਸ ਦਿਲ ਦੇ ਸੌਦੇ ਨੇ ਤੇ ਸਿਰ ਨਜ਼ਰਾਨਾ ਹੈ

ਮੀਰੀ ਵੀ, ਪੀਰੀ ਵੀ, ਸ਼ਾਹੀ ਵੀ, ਫ਼ਕੀਰੀ ਵੀ
ਇਸ ਇਸ਼ਕ਼ ਦੇ ਦਾਮਨ ਵਿਚ ਹਰ ਇਕ ਹੀ ਖ਼ਜ਼ਾਨਾ ਹੈ