ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ – ਹਰੀ ਸਿੰਘ ਜਾਚਕ

ਲਾਲ ਗੁਰੂ ਦੇ ਚੌਂਕ ਜਿਉਂ ਲਾਲ ਕਰ ਗਏ, ਕਰ ਸਕੇ ਨਾ ਮਾਈ ਦਾ ਲਾਲ ਕੋਈ।
ਜਿਉਂਦੇ ਜੀਅ ਸੀ ਸਾੜਿਆ ਗਿਆ ਕੋਈ, ਦਿੱਤਾ ਦੇਗੇ ਦੇ ਵਿੱਚ ਉਬਾਲ ਕੋਈ।
ਗੁਰੂ ਤੇਗ ’ਤੇ ਤੇਗ ਦਾ ਵਾਰ ਹੋਇਆ, ਤਿੰਨਾਂ ਲੋਕਾਂ ’ਚ ਆਇਆ ਭੂਚਾਲ ਕੋਈ।
ਜੋ ਕੁਝ ਹੋਇਆ ਸੀ ਚਾਂਦਨੀ ਚੌਂਕ ਅੰਦਰ, ਦੁਨੀਆਂ ਵਿੱਚ ਨਹੀਂ ਮਿਲਦੀ ਮਿਸਾਲ ਕੋਈ।

ਅਜੇ ਕੱਲ ਹੀ ਤਾਂ ਮਤੀਦਾਸ ਤਾਂਈਂ, ਦਬਕੇ ਦੇ ਦੇ ਦੁਸ਼ਟਾਂ ਡਰਾਇਆ ਹੈਸੀ।
ਏਸ ਸਿੱਖ ਨੂੰ ਦੀਨ ਮਨਵਾਉਣ ਖ਼ਾਤਿਰ, ਜ਼ੋਰ ਕਾਜ਼ੀ ਨੇ ਬੜਾ ਲਗਾਇਆ ਹੈਸੀ।
ਚੀਰ ਦੇਣ ਲਈ ਆਰੇ ਦੇ ਨਾਲ ਇਹਨੂੰ, ਆਖ਼ਰ ਓਸ ਨੇ ਫਤਵਾ ਸੁਣਾਇਆ ਹੈਸੀ।
ਖ਼ਾਹਿਸ਼ ਆਖ਼ਰੀ ਪੁੱਛੀ ਜਦ ਗਈ ਉਸ ਤੋਂ, ਮੁੱਖ ਗੁਰਾਂ ਦੇ ਵੱਲ ਫੁਰਮਾਇਆ ਹੈਸੀ।

ਮੰਨ ਕੇ ਹੁਕਮ ਜਲਾਦ ਨੇ ਉਸ ਤਾਂਈਂ, ਰੱਸੇ ਕੱਸ ਕੇ ਫੱਟੇ ’ਤੇ ਪੀੜਿਆ ਸੀ।
ਆਰਾ ਉਸਦੇ ਸੀਸ ਤੇ ਰੱਖ ਕੇ ਤੇ, ਲੱਕੜ ਵਾਂਗ ਵਿਚਕਾਰ ਤੋਂ ਚੀਰਿਆ ਸੀ।
ਖੋਪੜ ਚਿਰਿਆ ਤੇ ਖੂਨ ਦੀ ਧਾਰ ਚੱਲੀ, ਜਪਦੇ ਜਪੁਜੀ ਮੁੱਖ ਤੋਂ ਜਾ ਰਹੇ ਸੀ।
ਨੌਵੀਂ ਜੋਤ ਦੇ ਵੱਲ ਨੂੰ ਮੁੱਖ ਹੈਸੀ, ਮਰਦਾਂ ਵਾਂਗ ਸ਼ਹੀਦੀਆਂ ਪਾ ਰਹੇ ਸੀ।

ਪਰਸੋਂ ਭਾਈ ਦਿਆਲੇ ਨੂੰ ਏਸ ਥਾਂ ’ਤੇ, ਦੇਗ਼ ਉਬਲਦੀ ਦੇ ਵਿੱਚ ਉਬਾਲਿਆ ਸੀ।
ਜਿਉਂਦੇ ਜੀਅ ਨੂੰ ਰਿੰਨ੍ਹਿਆ ਜ਼ਾਲਮਾਂ ਨੇ, ਥੱਲੇ ਅੱਗ ਵਾਲਾ ਭਾਂਬੜ ਬਾਲਿਆ ਸੀ।
ਸੁਰਤ ਉਹਦੀ ਗੁਰ ਚਰਨਾਂ ’ਚ ਜੁੜੀ ਹੋਈ ਸੀ, ਜੀਵਨ ਮਰਨ ਨੂੰ ਉਹਨੇ ਭੁਲਾ ਲਿਆ ਸੀ।
ਗੁਰੂ ਅਰਜਨ ਦੇ ਚੱਲ ਕੇ ਪੂਰਨੇ ’ਤੇ, ਸਿੱਖੀ ਸਿਦਕ ਨੂੰ ਤੋੜ ਨਿਭਾ ਲਿਆ ਸੀ।

ਸਤੀ ਦਾਸ ਜਦ ਧਰਮ ਤੋਂ ਡੋਲਿਆ ਨਾ, ਦਿੱਤੇ ਕਸ਼ਟ ਫਿਰ ਬਣਤ ਬਣਾ ਕੇ ਤੇ।
ਕੋਮਲ ਜਿਸਮ ’ਤੇ ਰੂਈਂ ਲਪੇਟ ਦਿੱਤੀ, ਲੋਕਾਂ ਸਾਹਮਣੇ ਉਹਨੂੰ ਖੜ੍ਹਾ ਕੇ ਤੇ।
ਕਰ ਦਿੱਤੀ ਤਸ਼ੱਦਦ ਦੀ ਹੱਦ ਉਹਨਾਂ, ਅੰਗ ਅੰਗ ਉੱਤੇ ਤੇਲ ਪਾ ਕੇ ਤੇ।
ਕਰ ਦਿੱਤਾ ਸੀ ਜ਼ਿੰਦਾ ਸ਼ਹੀਦ ਉਹਨੂੰ, ਹੱਥੀਂ ਜ਼ਾਲਮਾਂ ਨੇ ਲਾਂਬੂ ਲਾ ਕੇ ਤੇ।

ਭੀੜ ਅੱਜ ਵੀ ਜੁੜੀ ਹੈ ਬਹੁਤ ਭਾਰੀ, ਖੂਨ ਜ਼ਿਮੀਂ ਅਸਮਾਨ ’ਚੋਂ ਵੱਗ ਰਿਹਾ ਏ।
ਓਧਰ ਨੋਂਵੇਂ ਦਾਤਾਰ ਨਿਸ਼ਚਿੰਤ ਬੈਠੇ, ਇਧਰ ਹੋ ਬੇਚੈਨ ਅੱਜ ਜੱਗ ਰਿਹਾ ਏ।
ਨੂਰ ਮੁਖੜੇ ’ਤੇ ਠਾਠਾਂ ਮਾਰਦਾ ਏ, ਮਸਤੀ ਨੈਣਾਂ ’ਚ ਉਨ੍ਹਾਂ ਦੇ ਛਾਈ ਹੋਈ ਏ।
ਹਰਖ ਸੋਗ ਨਾ ਚਿਹਰੇ ’ਤੇ ਨਜ਼ਰ ਆਵੇ, ਬਿਰਤੀ ਨਾਮ ’ਚ ਉਨ੍ਹਾਂ ਲਗਾਈ ਹੋਈ ਏ।

ਧੁਰ ਕੀ ਬਾਣੀ ’ਚ ਬਿਰਤੀ ਨੂੰ ਜੋੜ ਕੇ ਤੇ, ਭੋਗ ਜਪੁਜੀ ਸਾਹਿਬ ਦਾ ਪਾ ਦਿੱਤਾ।
ਇੱਧਰ ਹੱਥ ਜੱਲਾਦ ਦਾ ਉਠਿਆ ਏ, ਉਧਰ ਸਤਿਗੁਰਾਂ ਨੇ ਮੁਸਕਰਾ ਦਿੱਤਾ।
ਜਦੋਂ ਸੀਸ ਤੇ ਧੜ ਅਲੱਗ ਹੋਏ, ਝੁਲੀ ਸਖ਼ਤ ਹਨੇਰੀ ਤੁਫਾਨ ਚੱਲਿਆ।
ਭਾਈ ਜੈਤਾ ਉਠਾ ਕੇ ਸੀਸ ਪਾਵਨ, ਰੱਖਕੇ ਤਲੀ ’ਤੇ ਆਪਣੀ ਜਾਨ ਚੱਲਿਆ।

ਭਾਈ ਉਦੇ, ਗੁਰਦਿੱਤੇ ਨੇ ਧੜ ਤਾਂਈਂ, ਲੱਖੀ ਸ਼ਾਹ ਦੇ ਗੱਡੇ ’ਚ ਆਨ ਰੱਖਿਆ।
ਧੜ ਸਣੇ ਮਕਾਨ ਨੂੰ ਅੱਗ ਲਾ ਕੇ, ਉਹਨੇ ਗੁਰੂ ਦਾ ਮਾਣ ਸਨਮਾਨ ਰੱਖਿਆ।
ਦੀਨਾਂ ਦੁੱਖੀਆਂ ਦੀ ਰੱਖਿਆ ਲਈ ‘ਜਾਚਕ’, ਸੀਸ ਆਪਣਾ ਸਤਿਗੁਰਾਂ ਵਾਰ ਦਿੱਤਾ।
ਨੌਵੀਂ ਜੋਤ ਅਦੁੱਤੀ ਬਲੀਦਾਨ ਦੇ ਕੇ, ਸਿੱਖ ਕੌਮ ਨੂੰ ਨਵਾਂ ਨਿਖਾਰ ਦਿੱਤਾ।