ਗੁਰੂ ਹਰਿਗੋਬਿੰਦ ਸਾਹਿਬ ਜੀ – ਹਰੀ ਸਿੰਘ ਜਾਚਕ

ਲੱਗੀਆਂ ਪਿੰਡ ਵਡਾਲੀ ਵਿੱਚ ਰੌਣਕਾਂ ਸੀ, ਸੱਚਾ ਪਾਤਸ਼ਾਹ ਆਪ ਦਿਆਲ ਹੋਇਆ।
ਬਾਬਾ ਬੁੱਢਾ ਜੀ ਦੇ ਪਾਵਨ ਵਰ ਸਦਕਾ, ਪੰਚਮ ਪਿਤਾ ਦੇ ਘਰ ਸੀ ਲਾਲ ਹੋਇਆ।
ਏਧਰ ਖੁਸ਼ੀ ਦੀ ਲਹਿਰ ਸੀ ਹਰ ਪਾਸੇ, ਵਾਤਾਵਰਣ ਸੀ ਸਾਰਾ ਖੁਸ਼ਹਾਲ ਹੋਇਆ।
ਓਧਰ ਬੱਚੇ ਨੂੰ ਮਾਰ ਮੁਕਾਉਣ ਦੇ ਲਈ, ਪ੍ਰਿਥੀ ਚੰਦ ਸੀ ਹਾਲੋ ਬੇਹਾਲ ਹੋਇਆ।

ਜ਼ਹਿਰ ਦੇਣ ਦੀ ਕੋਸ਼ਿਸ਼ ਵੀ ਗਈ ਕੀਤੀ, ਐਪਰ ਦਾਈ ਦਾ ਮੰਦੜਾ ਹਾਲ ਹੋਇਆ।
ਫਨੀਅਰ ਸੱਪ ਵੀ ਡੰਗ ਨਾ ਮਾਰ ਸਕਿਆ, ਵੇਖਣ ਵਾਲਿਆਂ ਕਿਹਾ ਕਮਾਲ ਹੋਇਆ।
ਰੱਖਿਆ ਗੁਰੂ ਨੇ ‘ਚੇਚਕ’ ਤੋਂ ਆਪ ਕੀਤੀ, ਰੱਤੀ ਭਰ ਵੀ ਵਿੰਗਾ ਨਾ ਵਾਲ ਹੋਇਆ।
ਮੁੱਖੜਾ ਚੰਦ ਵਰਗਾ ਚਿੱਟਾ ਬਾਲਕੇ ਦਾ, ਤੱਕਿਆ ਜੇਸ ਨੇ ਓਹੀਓ ਨਿਹਾਲ ਹੋਇਆ।

ਛੋਟੀ ਉਮਰ ਤੋਂ ਹੀ ਹਰਿਗੋਬਿੰਦ ਜੀ ਦਾ, ਭਰਵਾਂ ਜੁੱਸਾ ਤੇ ਨੂਰੀ ਨੁਹਾਰ ਹੈਸੀ।
ਘੋੜ ਸਵਾਰੀ ਤੇ ਸ਼ਸਤਰਾਂ ਬਸਤਰਾਂ ਨਾਲ, ਰੱਖਿਆ ਸ਼ੁਰੂ ਤੋਂ ਉਨ੍ਹਾਂ ਪਿਆਰ ਹੈਸੀ।
ਗਿਆਰਾਂ ਸਾਲ ਦੇ ਜਦੋਂ ਸੀ ਆਪ ਹੋਏ, ਆਇਆ ਸੀਸ ’ਤੇ ਗੱਦੀ ਦਾ ਭਾਰ ਹੈਸੀ।
ਕੀਤੇ ਪਿਤਾ ਸ਼ਹੀਦ ਜਦ ਜ਼ਾਲਮਾਂ ਨੇ, ਮੀਰੀ ਪੀਰੀ ਦੀ ਪਹਿਨੀ ਤਲਵਾਰ ਹੈਸੀ।

ਭੇਜੇ ਹੁਕਮਨਾਮੇ ਗੱਦੀ ਬੈਠ ਕੇ ’ਤੇ, ਹੋ ਜਾਓ ਹੁਣ ਤਿਆਰ ਬਰ ਤਿਆਰ ਸਿੱਖੋ।
ਲੜੋ ਕੁਸ਼ਤੀਆਂ, ਕਸਰਤਾਂ ਕਰੋ ਮਿਲ ਕੇ, ਰੱਖੋ ਘੋੜੇ ਤੇ ਖੇਡੋ ਸ਼ਿਕਾਰ ਸਿੱਖੋ।
ਭੇਟ ਕਰੋ ਜਵਾਨੀਆਂ ਤੁਸੀਂ ਆ ਕੇ, ਫੜੋ ਹੱਥਾਂ ’ਚ ਤਿੱਖੀ ਤਲਵਾਰ ਸਿੱਖੋ।
ਜ਼ੁਲਮ ਜ਼ਾਲਮਾਂ ਦੇ ਰੋਕਣ ਵਾਸਤੇ ਹੁਣ, ਭੇਜੋ ਮਾਇਆ ਦੀ ਥਾਂ ਹਥਿਆਰ ਸਿੱਖੋ।

ਰਚਿਆ ਤਖ਼ਤ, ਹਰਿਮੰਦਰ ਦੇ ਐਨ ਸਾਹਵੇਂ, ਕੋਈ ਕਿਸੇ ਨੂੰ ਕਰ ਨਾ ਤੰਗ ਸੱਕੇ।
ਹਰੀਮੰਦਰ ਦੀ ਗੋਦ ਵਿੱਚ ਸਿੱਖ ਬੈਠਾ, ਆਪਾ ਨਾਮ ਦੇ ਰੰਗ ਵਿੱਚ ਰੰਗ ਸੱਕੇ।
ਅਕਾਲ ਤਖ਼ਤ ਸਾਹਵੇਂ ਸੁਣ ਕੇ ਸਿੱਖ ਵਾਰਾਂ, ਛੇੜ ਜ਼ੁਲਮ ਵਿਰੁੱਧ ਹੁਣ ਜੰਗ ਸੱਕੇ।
ਸੰਤ ਸਿਪਾਹੀਆਂ ਦੀ ਫੌਜ ਬਣਾਈ ਤਾਂ ਕਿ, ਜ਼ਾਲਮ ਸ਼ਾਂਤੀ ਕਰ ਨਾ ਭੰਗ ਸੱਕੇ।

ਛੇਵੇਂ ਪਾਤਸ਼ਾਹ ਤਖ਼ਤ ’ਤੇ ਬੈਠਦੇ ਸੀ, ਇਥੇ ਸੁੰਦਰ ਸਿੰਘਾਸਨ ਸਜਾ ਕੇ ਤੇ।
ਮੀਰੀ ਪੀਰੀ ਤਲਵਾਰਾਂ ਨੂੰ ਪਹਿਨ ਕੇ ਤੇ, ਉਪਰ ਸੀਸ ਦੇ ਕਲਗੀ ਫਬਾ ਕੇ ਤੇ।
ਮੁੱਖੜਾ ਗੁਰਾਂ ਦਾ ਚੰਦ ਦੇ ਵਾਂਗ ਚਮਕੇ, ਸੰਗਤਾਂ ਤੱਕਣ ਚਕੋਰਾਂ ਵਾਂਗ ਆ ਕੇ ਤੇ।
ਦੁੱਖ ਦੂਰ ਫ਼ਰਿਆਦੀ ਦੇ ਕਰ ਦਿੰਦੇ, ਸਜ਼ਾ ਦੋਸ਼ੀਆਂ ਤਾਂਈਂ ਸੁਣਾ ਕੇ ਤੇ।

ਜਦ ਗਵਾਲੀਅਰ ਕਿਲ੍ਹੇ ’ਚ ਕੈਦ ਕਰਕੇ, ਦਿੱਤਾ ਸੰਗਤ ਦੇ ਨਾਲੋਂ ਵਿਛੋੜ ਦਾਤਾ।
ਕਹਿਣ ਰੋਂਦੀਆਂ ਕਿਲ੍ਹੇ ਦੇ ਕੋਲ ਜਾ ਕੇ, ਸਾਨੂੰ ਬਾਹਰੋਂ ਹੀ ਦੇਂਦੇ ਨੇ ਮੋੜ ਦਾਤਾ।
ਓਧਰ ਕਿਲ੍ਹੇ ’ਚ ਕੈਦੀਆਂ ਕਿਹਾ ਇਥੇ, ਸਾਡੇ ਸੰਗਲ ਗੁਲਾਮੀ ਦੇ ਤੋੜ ਦਾਤਾ।
ਕੈਦੀ ਰਾਜੇ ਰਿਹਾਅ ਕਰਵਾਉਣ ਕਰਕੇ, ਨਾਂ ਪੈ ਗਿਆ ਸੀ ਬੰਦੀ-ਛੋੜ ਦਾਤਾ।

ਜਿੱਥੇ ਜਿੱਥੇ ਵੀ ਕਿਸੇ ਨੇ ਯਾਦ ਕੀਤਾ, ਓਥੇ ਓਥੇ ਹੀ ਬਾਂਕੇ ਬਲਬੀਰ ਪਹੁੰਚੇ।
ਭਾਗ ਭਰੀ ਨੇ ਜਦੋਂ ਅਰਦਾਸ ਕੀਤੀ, ਕਿ ਮੇਰੇ ਦਿਲ ਦਾ ਸ਼ੂਕਦਾ ਤੀਰ ਪਹੁੰਚੇ।
ਤੇਰੇ ਚਰਨਾਂ ’ਚ ਬਿਰਧ ਗਰੀਬਣੀ ਦਾ, ਹੋ ਨਹੀਂ ਸਕਦਾ, ਕਦੇ ਸਰੀਰ ਪਹੁੰਚੇ।
ਰਹਿ ਨਾ ਦਿਲ ਦੀ ਦਿਲ ਦੇ ਵਿੱਚ ਜਾਵੇ, ਛੇਵੇਂ ਪਾਤਸ਼ਾਹ ਆਪ ਕਸ਼ਮੀਰ ਪਹੁੰਚੇ।

ਪਿਆਰ ਨਾਲ ਸੀਤਾ ਕੁੜਤਾ ਪਾਉਣ ਦੇ ਲਈ, ਭਾਗ ਭਰੀ ਦੇ ਕੋਲ ਅਖ਼ੀਰ ਪਹੁੰਚੇ।
ਭਾਈ ਰੂਪੇ ਦੀ ਸੱਦ ਜਦ ਖਿੱਚ ਪਾਈ, ਤਿੱਖੀ ਧੁੱਪ ’ਚ ਵਾਟਾਂ ਨੂੰ ਚੀਰ ਪਹੁੰਚੇ।
ਪਿਆਸੇ ਪਾਣੀ ਤੋਂ ਬਿਨਾਂ ਜੋ ਤੜਪ ਰਹੇ ਸਨ,ਉਨ੍ਹਾਂ ਸਿੱਖਾਂ ਨੂੰ ਦੇਣ ਲਈ ਧੀਰ ਪਹੁੰਚੇ।
ਛਕਣ ਵਾਸਤੇ ਉਨ੍ਹਾਂ ਤੋਂ ਜਲ ਠੰਡਾ, ਮੀਰ ਮੀਰਾਂ ਦੇ, ਪੀਰਾਂ ਦੇ ਪੀਰ ਪਹੁੰਚੇ।

ਪੁੰਜ ਬੀਰਤਾ ਦੇ ਹੈਸਨ ਗੁਰੂ ‘ਜਾਚਕ’, ਸੀ ਰੂਹਾਨੀਅਤ ਦੇ ਵੀ ਭੰਡਾਰ ਸਤਿਗੁਰ।
ਬਾਣੀ ਵਿੱਚੋਂ ਹੀ ਸਨ ਉਪਦੇਸ਼ ਦਿੰਦੇ, ਦਿੰਦੇ ਪੋਥੀ ਦੇ ਨਾਲ ਕਟਾਰ ਸਤਿਗੁਰ।
ਪਹਿਲੀ ਪਾਤਸ਼ਾਹੀ ਪਿਛੋਂ ਸੰਗਤਾਂ ਵਿੱਚ, ਕੀਤਾ ਥਾਂ ਥਾਂ ਜਾ ਕੇ ਪ੍ਰਚਾਰ ਸਤਿਗੁਰ।
ਪੱਕੇ ਪੈਰਾਂ ’ਤੇ ਕੌਮ ਨੂੰ ਖੜ੍ਹੀ ਕਰ ਕੇ, ਗੁਰਪੁਰੀ ਨੂੰ ਗਏ ਸਿਧਾਰ ਸਤਿਗੁਰ।

ਪੰਚਮ ਦਾਤਾਰ ਸਤਿਗੁਰ – ਹਰੀ ਸਿੰਘ ਜਾਚਕ

ਨਾਨਾ ਗੁਰੂ ਦੀ ਗੋਦ ’ਚ ਖੇਡ ਕੇ ਤੇ, ਬਾਲ ਅਰਜਨ ਨੇ ਬਚਪਨ ਗੁਜ਼ਾਰਿਆ ਸੀ।
ਨਿੱਕੇ ਬੱਚੇ ’ਚ ਤੱਕ ਕੇ ਗੁਣ ਵੱਡੇ, ਤੀਜੇ ਪਾਤਿਸ਼ਾਹ ਬਹੁਤ ਸਤਿਕਾਰਿਆ ਸੀ।
‘ਦੋਹਿਤਾ ਬਾਣੀ ਕਾ ਬੋਹਿਥਾ’ ਮੁੱਖ ਵਿੱਚੋਂ, ਏਸ ਬੱਚੇ ਲਈ ਬਚਨ ਉਚਾਰਿਆ ਸੀ।
ਬਾਲ ਅਰਜਨ ਨੇ ਬਣ ਫਿਰ ਗੁਰੂ ਅਰਜਨ, ਪਾਵਨ ਬਚਨਾਂ ਦਾ ਮੁੱਲ ਉਤਾਰਿਆ ਸੀ।

ਮੱਥਰਾ ਭੱਟ ਸਵੱਈਆਂ ਦੇ ਵਿੱਚ ਲਿਖਦੈ, ਪੂਰਨ ਪੁਰਖ ਹੈਸੀ ਹੋਣਹਾਰ ਸਤਿਗੁਰ।
ਦਿੱਤੀ ਸੇਧ ਜਿਨ੍ਹਾਂ ਭੁੱਲੇ ਭਟਕਿਆਂ ਨੂੰ, ਉਹ ਰੂਹਾਨੀਅਤ ਦੇ ਸੀ ਭੰਡਾਰ ਸਤਿਗੁਰ।
ਧੁਰੋਂ ਭੇਜੇ ਅਧਿਆਤਮਕ ਕਵੀ ਸੀ ਉਹ, ਤੇ ਰਾਗਾਂ ਵਿੱਚ ਵੀ ਮਾਹਰ ਫੰਕਾਰ ਸਤਿਗੁਰ।
ਮੈਲੇ ਮਨਾਂ ਨੂੰ ਨਾਮ ਦਾ ਲਾ ਸਾਬਣ, ਧੋ ਦੇਂਦੇ ਸਨ ਪੰਚਮ ਦਾਤਾਰ ਸਤਿਗੁਰ।

ਮੀਆਂ ਮੀਰ ਤੋਂ ਨੀਂਹ ਰੱਖਵਾ ਕੇ ਤੇ, ਹਰੀਮੰਦਰ ਨੂੰ ਗੁਰਾਂ ਉਸਾਰਿਆ ਸੀ।
ਊਚ ਨੀਚ ਦਵੈਤ ਤੋਂ ਦੂਰ ਰਹਿਕੇ, ਹਰ ਇੱਕ ਦੇ ਤਾਂਈਂ ਸਤਿਕਾਰਿਆ ਸੀ।
ਚੌਂਹ ਦਿਸ਼ਾਂ ਵੱਲ ਰੱਖਕੇ ਚਾਰ ਬੂਹੇ, ਹਰਿ ਧਰਮ ਤੇ ਕੌਮ ਨੂੰ ਪਿਆਰਿਆ ਸੀ।
ਸਾਂਝੀਵਾਲਤਾ ਵਾਲਾ ਸੰਦੇਸ਼ ਦੇ ਕੇ, ਗੁਰਾਂ ਸਾਰੀ ਲੋਕਾਈ ਨੂੰ ਤਾਰਿਆ ਸੀ।

ਰਾਮਸਰ ਸਰੋਵਰ ਦੇ ਬੈਠ ਕੰਢੇ, ਸੁਰਤੀ ਬਿਰਤੀ ਲਗਾਈ ਸੀ ਗੁਰੂ ਅਰਜਨ।
ਕਰਕੇ ਮਿਹਰ ਦੀ ਨਜ਼ਰ ਗੁਰਦਾਸ ਜੀ ’ਤੇ, ਪਾਵਨ ਬੀੜ ਲਿਖਵਾਈ ਸੀ ਗੁਰੂ ਅਰਜਨ।
ਰੱਬੀ ਭਗਤਾਂ ਦੀ ਬਾਣੀ ਵੀ ਕਰ ਸ਼ਾਮਲ, ਸਭ ਨੂੰ ਦਿੱਤੀ ਵਡਿਆਈ ਸੀ ਗੁਰੂ ਅਰਜਨ।
ਆਦਿ ਗ੍ਰੰਥ ਸੰਪੂਰਨ ਕਰਵਾ ਕੇ ਤੇ, ਜੀਵਨ ਜਾਚ ਸਿਖਾਈ ਸੀ ਗੁਰੂ ਅਰਜਨ।

ਤਰਨ ਤਾਰਨ ਤੇ ਪੁਰ ਕਰਤਾਰ ਵਰਗੇ, ਸੋਹਣੇ ਨਗਰ ਵਸਾਏ ਸੀ ਪਾਤਸ਼ਾਹ ਨੇ।
ਕਾਲ ਪਿਆ ਜਦ ਪੂਰੇ ਪੰਜਾਬ ਅੰਦਰ, ਜਜ਼ੀਏ ਮਾਫ਼ ਕਰਵਾਏ ਸੀ ਪਾਤਸ਼ਾਹ ਨੇ।
ਅੰਮ੍ਰਿਤਸਰ ਇਲਾਕੇ ਦੇ ਵਿੱਚ ਓਦੋਂ, ਬਾਰਾਂ ਖੂਹ ਖੁਦਵਾਏ ਸੀ ਪਾਤਿਸ਼ਾਹ ਨੇ।
ਕੋਹੜ ਕੋਹੜੀਆਂ ਦੇ ਦੂਰ ਕਰਨ ਖਾਤਰ, ਦਵਾਖਾਨੇ ਬਣਵਾਏ ਸੀ ਪਾਤਸ਼ਾਹ ਨੇ।

ਗੁਰੂ ਘਰ ਦੀ ਜੱਗ ’ਤੇ ਚੜਤ ਤੱਕ ਕੇ, ਦੋਖੀ ਰਲ ਮਿਲ ਸਾਜਿਸ਼ਾਂ ਘੜਨ ਲੱਗੇ।
ਪ੍ਰਿਥੀ ਚੰਦ ਵਰਗੇ ਚੰਦੂ ਸ਼ਾਹ ਵਰਗੇ, ਅੱਗ ਈਰਖਾ ਦੀ ਅੰਦਰ ਸੜਨ ਲੱਗੇ।
ਸ਼ੇਖ ਅਹਿਮਦ ਤੇ ਮੁਰਤਜ਼ਾ ਖਾਂ ਵਰਗੇ, ਕੱਟੜ ਪੰਥੀ ਵੀ ਇਨ੍ਹਾਂ ਨਾਲ ਖੜਨ ਲੱਗੇ।
ਬਾਗੀ ਖੁਸਰੋ ਨੂੰ ਇਨ੍ਹਾਂ ਪਨਾਂਹ ਦਿੱਤੀ, ਐਸੇ ਦੋਸ਼ ਵੀ ਗੁਰਾਂ ’ਤੇ ਮੜ੍ਹਨ ਲੱਗੇ।

ਜਹਾਂਗੀਰ ਦੇ ਭਰੇ ਜਦ ਕੰਨ ਇਨ੍ਹਾਂ, ਆਖਿਰ ਓਸ ਨੇ ਹੁਕਮ ਸੁਣਾ ਦਿੱਤਾ।
‘ਯਾਸਾ’ ਰਾਹੀਂ ਤਸੀਹੇ ਦਿਵਾਉਣ ਖਾਤਿਰ, ਚੰਦੂ ਚੰਦਰੇ ਕੋਲ ਪਹੁੰਚਾ ਦਿੱਤਾ।
ਗੁਰੂ ਸਾਹਿਬ ਨੂੰ ਭੁਖਿਆਂ ਰੱਖ ਓਹਨੇ, ਪੰਜ ਦਿਨਾਂ ਦਾ ਸਮਾਂ ਲੰਘਾ ਦਿੱਤਾ।
ਤੱਤੀ ਤਵੀ ’ਤੇ ਆਖਿਰ ਬਿਠਾ ਕੇ ਤੇ, ਦੇ ਦੇ ਕਸ਼ਟ ਸ਼ਹੀਦ ਕਰਵਾ ਦਿੱਤਾ।

ਰਾਵੀ ਵਿੱਚੋਂ ਅਗੰਮੀ ਆਵਾਜ਼ ਆਈ, ਹੁਣ ਤਾਂ ਸਿੱਖੀ ਦੀਆਂ ਸ਼ਾਨਾਂ ਦਾ ਜਨਮ ਹੋਊ।
ਜੀਹਨਾਂ ਜ਼ੁਲਮ ਨੂੰ ਜੜੋਂ ਉਖਾੜ ਸੁਟਣੈ, ਉਨ੍ਹਾਂ ਲੱਖਾਂ ਤੂਫ਼ਾਨਾਂ ਦਾ ਜਨਮ ਹੋਊ।
ਸੰਤ ਸਿਪਾਹੀਆਂ ਦੇ ਪੂਰਨ ਸਰੂਪ ਅੰਦਰ, ਬੀਰ ਬਾਂਕੇ ਬਲਵਾਨਾਂ ਦਾ ਜਨਮ ਹੋਊ।
ਰੱਖਿਆ ਭਗਤੀ ਦੀ ਕਰਨ ਲਈ ਨਾਲ ਸ਼ਕਤੀ, ਮੀਰੀ ਪੀਰੀ ਕਿਰਪਾਨਾਂ ਦਾ ਜਨਮ ਹੋਊ।

ਏਸ ਪਾਵਨ ਸ਼ਹਾਦਤ ਤੋਂ ਬਾਅਦ ‘ਜਾਚਕ’, ਬੀਰ ਬਾਂਕੇ ਬਲਕਾਰਾਂ ਦਾ ਜਨਮ ਹੋਇਆ।
ਛੇਵੇਂ ਪਾਤਸ਼ਾਹ ਬੈਠੇ ਜਦ ਤਖ਼ਤ ਉੱਤੇ, ਮੀਰੀ ਪੀਰੀ ਤਲਵਾਰਾਂ ਦਾ ਜਨਮ ਹੋਇਆ।
ਪੈਦਾ ਕਰਨ ਲਈ ਅਣਖ ਦੇ ਕਈ ਸ਼ੋਅਲੇ, ਚੜ੍ਹਦੀ ਕਲਾ ਦੀਆਂ ਵਾਰਾਂ ਦਾ ਜਨਮ ਹੋਇਆ।
ਧੌਂਸੇ ਖੜਕੇ ਨਗਾਰੇ’ਤੇ ਚੋਟ ਲੱਗੀ, ਸਾਡੇ ਬਾਗੀਂ ਬਹਾਰਾਂ ਦਾ ਜਨਮ ਹੋਇਆ।

ਸ਼ਹੀਦੀ ਗੁਰੂ ਅਰਜਨ ਦੇਵ ਜੀ – ਹਰੀ ਸਿੰਘ ਜਾਚਕ

ਬੂਟਾ ਸਿੱਖੀ ਦਾ ਲਾਇਆ ਜੋ ਗੁਰੂ ਨਾਨਕ, ਸੋਹਣੇ ਫੁੱਲ ਤੇ ਫਲ ਸੀ ਆਉਣ ਲੱਗੇ।
ਪੰਚਮ ਪਾਤਸ਼ਾਹ ਏਸਦੀ ਮਹਿਕ ਤਾਂਈਂ, ਸਾਰੇ ਜਗਤ ਦੇ ਵਿੱਚ ਫੈਲਾਉਣ ਲੱਗੇ।
‘ਆਦਿ ਬੀੜ’ ਤੇ ਤਾਈਂ ਤਿਆਰ ਕਰਕੇ, ਜੀਵਨ ਜੀਉਣ ਦੀ ਜੁਗਤ ਸਿਖਾਉਣ ਲੱਗੇ।
ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਖਾਤਰ, ਕੋਨੇ ਕੋਨੇ ਤੋਂ ਸਿੱਖ ਸਨ ਆਉਣ ਲੱਗੇ।

ਓਧਰ ਸਿੱਖੀ ਦੀ ਲਹਿਰ ਦੇ ਖ਼ਾਤਮੇ ਲਈ, ਦੋਖੀ ਸੋਚਾਂ ਦੇ ਘੋੜੇ ਦੁੜਾਉਣ ਲੱਗੇ।
ਲਾਉਣ ਲਈ ਗ਼੍ਰਹਿਣ ਇਸ ਚੰਨ ਤਾਈਂ, ਘਟੀਆ ਢੰਗ ਤਰੀਕੇ ਅਪਨਾਉਣ ਲੱਗੇ।
ਤਰ੍ਹਾਂ ਤਰ੍ਹਾਂ ਦੇ ਝੂਠੇ ਇਲਜ਼ਾਮ ਲਾ ਕੇ, ਜਹਾਂਗੀਰ ਦੇ ਤਾਂਈਂ ਭੜਕਾਉਣ ਲੱਗੇ।
ਬਾਗੀ ਖੁਸਰੋ ਦੀ ਮਦਦ ਦੇ ਦੋਸ਼ ਥੱਲੇ, ਬਲਦੀ ਅੱਗ ਉਤੇ ਤੇਲ ਪਾਉਣ ਲੱਗੇ।

ਜਹਾਂਗੀਰ ਨੇ ਆਖਿਰ ਇਹ ਹੁਕਮ ਦਿੱਤਾ, ਬੰਦ ਝੂਠ ਦੀ ਇਹ ਦੁਕਾਨ ਹੋਵੇ।
ਅਰਜਨ ਦੇਵ ਨੂੰ ਦੇਈਏ ਸਜ਼ਾ ਐਸੀ, ਚਰਚਾ ਜਿਨ੍ਹਾਂ ਦੀ ਵਿੱਚ ਜਹਾਨ ਹੋਵੇ।
ਡਿੱਗੇ ਲਹੂ ਦੀ ਬੂੰਦ ਨਾ ਧਰਤ ਉੱਤੇ, ਜਦੋਂ ਤੱਕ ਸਰੀਰ ਵਿੱਚ ਜਾਨ ਹੋਵੇ।
ਆਖਰ ਦੇਣਾ ਦਰਿਆ ਵਿੱਚ ਰੋਹੜ ਇਹਨੂੰ, ਚੁੱਪ ਸਦਾ ਲਈ ਇਹ ਜ਼ੁਬਾਨ ਹੋਵੇ।

ਜੇਠ ਹਾੜ੍ਹ ਦੀ ਕੜਕਦੀ ਧੁੱਪ ਅੰਦਰ, ਪੈਰ ਧਰਤੀ ’ਤੇ ਧਰਿਆ ਨਾ ਜਾ ਰਿਹਾ ਸੀ।
ਸੜਦੀ ਤਪਦੀ ਜ਼ਮੀਨ ਦੀ ਹਿੱਕ ਵਿੱਚੋਂ, ਲਾਵਾ ਫੁੱਟ ਕੇ ਬਾਹਰ ਨੂੰ ਆ ਰਿਹਾ ਸੀ।
ਲਾਲੋ ਲਾਲ ਸੂਰਜ ਆਪਣੇ ਜੋਸ਼ ਅੰਦਰ, ਉੱਤੋਂ ਅੱਗ ਦੇ ਗੋਲੇ ਵਰਸਾ ਰਿਹਾ ਸੀ।
ਪੰਚਮ ਪਾਤਸ਼ਾਹ ਇਹੋ ਜਿਹੇ ਸਮੇਂ ਅੰਦਰ, ਤੱਤੀ ਤਵੀ ’ਤੇ ਚੌਂਕੜਾ ਲਾ ਰਿਹਾ ਸੀ।

ਲਾਲ ਤਵੀ ਵੱਲ ਵੇਖ ਕੇ ਕਹਿਣ ਲੱਗੇ, ਇਹਨੇ ਸਿੱਖੀ ਦੀਆਂ ਸ਼ਾਨਾਂ ਨੂੰ ਜਨਮ ਦੇਣੈ।
ਤੱਤੀ ਰੇਤਾ ਜੋ ਸੀਸ ਵਿੱਚ ਪੈ ਰਹੀ ਏ, ਇਹਨੇ ਅਣਖੀ ਜੁਆਨਾਂ ਨੂੰ ਜਨਮ ਦੇਣੈ।
ਉਬਲ ਰਿਹਾ ਜੋ ਪਾਣੀ ਇਹ ਦੇਗ ਅੰਦਰ, ਇਹਨੇ ਲੱਖਾਂ ਤੂਫਾਨਾਂ ਨੂੰ ਜਨਮ ਦੇਣੈ।
ਮੇਰੇ ਜਿਸਮ ’ਤੇ ਪਏ ਹੋਏ ਛਾਲਿਆਂ ਨੇ, ਮੀਰੀ ਪੀਰੀ ਕਿਰਪਾਨਾਂ ਨੂੰ ਜਨਮ ਦੇਣੈ।

ਕਸ਼ਟ ਸਹਿ ਕੇ ਕੋਮਲ ਸਰੀਰ ਉਤੇ, ਭਾਣਾ ਮਿੱਠਾ ਕਰ ਮੰਨਿਆ, ਗੁਰੂ ਅਰਜਨ।
ਸੀਸ ਵਿੱਚ ਪੁਆ ਕੇ ਰੇਤ ਤੱਤੀ, ਸਿਰ ਜ਼ੁਲਮ ਦਾ ਭੰਨਿਆ, ਗੁਰੂ ਅਰਜਨ।
ਪੈਦਾ ਲੱਖਾਂ ਸ਼ਹੀਦ ਸਨ ਹੋਏ ਉਸ ਤੋਂ, ਮੁੱਢ ਜੇਸਦਾ ਬੰਨ੍ਹਿਆ, ਗੁਰੂ ਅਰਜਨ।
ਤਾਹੀਂਉਂ ਸ਼ਹੀਦਾਂ ਦੇ ਸਿਰਤਾਜ ਲਿਖਿਐ, ਤਵਾਰੀਖ ਦੇ ਪੰਨਿਆਂ, ਗੁਰੂ ਅਰਜਨ।

ਕਿਵੇਂ ਸਬਰ ਨੇ ਜਬਰ ਨੂੰ ਮਾਤ ਦਿੱਤੀ, ਦੁਨੀਆਂ ਤਾਂਈਂ ਮੈਂ ਅੱਜ ਦਿਖਲਾ ਚੱਲਿਆਂ।
ਸਹਿ ਕੇ ਜ਼ੁਲਮ ਅਸਹਿ ਨਾ ਸੀਅ ਕੀਤੀ, ਛਾਪ ਸੱਚ ਦੀ ਦਿਲਾਂ ’ਤੇ ਲਾ ਚੱਲਿਆਂ।
ਮੇਰੇ ਸਿੱਖ ਨਾ ਸਿਦਕ ਤੋਂ ਡੋਲ ਜਾਵਣ, ਏਸੇ ਲਈ ਮੈਂ ਪੂਰਨੇ ਪਾ ਚੱਲਿਆਂ।
ਸਿਹਰਾ ਬੰਨ੍ਹ ਸ਼ਹੀਦੀ ਦਾ ਸਿਰ ਉਤੇ, ਜੂਝ ਮਰਣ ਦਾ ਵੱਲ ਸਿਖਾ ਚੱਲਿਆਂ।

ਕਹਿੰਦੇ ਖੂਨ ਨੂੰ ਬੜਾ ਵਿਆਜ ਲੱਗਦਾ, ਸਿੱਖ ਸ਼ੁਰੂ ਤੋਂ ਜੱਗ ਨੂੰ ਦੱਸਦੇ ਰਹੇ।
ਗੋਡੇ ਟੇਕੇ ਨਹੀਂ ਕਦੀ ਵੀ ਜ਼ੁਲਮ ਅੱਗੇ, ਬੰਦ ਬੰਦ ਕਟਵਾਉਂਦੇ ਵੀ ਹੱਸਦੇ ਰਹੇ।
ਲੜੇ ਜੰਗ ਅੰਦਰ ਤਲੀ ਸੀਸ ਧਰਕੇ, ਦੁਸ਼ਮਣ ਤੱਕਦੇ ਰਹੇ ਨਾਲੇ ਨੱਸਦੇ ਰਹੇ।
ਭਾਣਾ ਮੰਨਿਆ ਖਾਲਸੇ ਖਿੜੇ ਮੱਥੇ, ਜ਼ਹਿਰੀ ਨਾਗ ਭਾਂਵੇਂ ‘ਜਾਚਕ’ ਡੱਸਦੇ ਰਹੇ।

ਸਾਂਈਂ ਮੀਆਂ ਮੀਰ ਤੇ ਪੰਚਮ ਪਾਤਸ਼ਾਹ – ਹਰੀ ਸਿੰਘ ਜਾਚਕ

ਮੀਆਂ ਮੀਰ ਫਕੀਰ ਨੇ ਗੁਰੂ ਜੀ ਨੂੰ, ਆ ਕੇ ਸੀਸ ਝੁਕਾਇਆ ਸੀ ਓਸ ਵੇਲੇ।
ਸੜਦਾ ਤਵੀ ’ਤੇ ਫੁੱਲ ਗੁਲਾਬ ਤੱਕ ਕੇ, ਰੋਇਆ ਅਤੇ ਕੁਰਲਾਇਆ ਸੀ ਓਸ ਵੇਲੇ।
ਧੁਰ ਅੰਦਰੋਂ ਹਾਅ ਦਾ ਮਾਰ ਨਾਹਰਾ, ਭਾਰੀ ਰੋਸ ਪ੍ਰਗਟਾਇਆ ਸੀ ਓਸ ਵੇਲੇ।
ਪੰਚਮ ਪਿਤਾ ’ਤੇ ਹੁੰਦਾ ਇਹ ਜ਼ੁਲਮ ਤੱਕ ਕੇ, ਡਾਢੇ ਰੋਹ ’ਚ ਆਇਆ ਸੀ ਓਸ ਵੇਲੇ।

ਵਾਂਗ ਸ਼ੇਰ ਦੇ ਗਰਜ ਕੇ ਕਹਿਣ ਲੱਗਾ, ਇਨ੍ਹਾਂ ਦੁਸ਼ਟਾਂ ਨੂੰ ਸਬਕ ਸਿਖਾ ਦੇਵਾਂ।
ਹੁਕਮ ਕਰੋ ਜੇ ਜਗਤ ਦੇ ਪੀਰ ਮੈਨੂੰ, ਸਭ ਨੂੰ ਕੀਤੀ ਦਾ ਮਜਾ ਚਖਾ ਦੇਵਾਂ।
ਤੇਰੇ ਇਕੋ ਇਸ਼ਾਰੇ ਦੇ ਨਾਲ ਦਾਤਾ, ਤਖ਼ਤ ਮਿੱਟੀ ਦੇ ਵਿੱਚ ਮਿਲਾ ਦੇਵਾਂ।
ਹੁਕਮ ਕਰੋ ਤਾਂ ਦਿੱਲੀ ਲਾਹੌਰ ਵਾਲੀ, ਇੱਟ ਨਾਲ ਮੈਂ ਇੱਟ ਖੜਕਾ ਦੇਵਾਂ।

ਜਹਾਂਗੀਰ ਨੂੰ ਲਾਹਨਤਾਂ ਪਾਉਣ ਲੱਗਾ, ਬੜਾ ਘੋਰ ਤੂੰ ਕੀਤੈ ਗੁਨਾਹ ਸ਼ਾਹਾ।
ਦੁੱਖ ਦਿੱਤੈ ਤੂੰ ਅੱਲ੍ਹਾ ਦੀ ਰੂਹ ਤਾਂਈਂ, ਆ ਕੇ ਚੁੱਕ ਵਿੱਚ ਖਾਹਮਖਾਹ ਸ਼ਾਹਾ।
ਤੇਰੇ ਬਾਪ ਵੀ ਸਿੱਜਦੇ ਸੀ ਆਣ ਕੀਤੇ, ਸੱਚੀ ਸੁੱਚੀ ਹੈ ਇਹ ਦਰਗਾਹ ਸ਼ਾਹਾ।
ਸਿਰ ’ਤੇ ਚੁੱਕੀ ਏ ਪਾਪਾਂ ਦੀ ਪੰਡ ਤੂੰ ਤਾਂ, ਭੁੱਲ ਗਿਆ ਇਸਲਾਮ ਦਾ ਰਾਹ ਸ਼ਾਹਾ।

ਤੇਰੇ ਪਾਪ ਦਾ ਬੇੜਾ ਹੁਣ ਭਰ ਚੁੱਕੈ, ਤੇਰੇ ਰਾਜ ਨੇ ਹੋਣੈ ਤਬਾਹ ਸ਼ਾਹਾ।
ਜੀਹਨੂੰ ਝੂਠ ਦੀ ਤੂੰ ਦੁਕਾਨ ਕਹਿੰਦੈਂ, ਇਹ ਤਾਂ ਸੱਚ ਤੇ ਧਰਮ ਦਾ ਰਾਹ ਸ਼ਾਹਾ।
ਤੱਤੀ ਤਵੀ ’ਤੇ ਮਾਲਾ ਪਿਆ ਫੇਰਦਾ ਈ, ਬੈਠਾ ਹੋਇਆ ਉਹ ਬੇਪ੍ਰਵਾਹ ਸ਼ਾਹਾ।
ਕੀਤੈ ਜਿਹੜਾ ਗੁਨਾਹ ਤੂੰ ਜਾਣ ਬੁਝ ਕੇ, ਇਹਦਾ ਰਹੂ ਇਤਿਹਾਸ ਗਵਾਹ ਸ਼ਾਹਾ।

ਸਤਿਗੁਰ ਹੱਸੇ ਤੇ ਹੱਸ ਕੇ ਕਹਿਣ ਲੱਗੇ, ਬਹੁਤੇ ਗੁੱਸੇ ’ਚ ਆਓ ਨਾ ਪੀਰ ਜੀਓ।
ਸਭ ਕੁਝ ਅੱਲਾਹ ਦੇ ਭਾਣੇ ’ਚ ਹੋ ਰਿਹਾ ਏ, ਨੈਣਾਂ ਵਿੱਚੋਂ ਵਗਾਓ ਨਾ ਨੀਰ ਜੀਓ।
ਰੱਖਣੇ ਚਾਹੀਦੇ ਰੁੱਖਾਂ ਦੇ ਵਾਂਗ ਜੇਰੇ, ਔਖੇ ਸਮੇਂ ’ਚ ਰੱਬੀ ਫਕੀਰ ਜੀਓ।
ਨਵਾਂ ਰਾਹ ਇਬਾਦਤ ਦਾ ਦੱਸਣਾ ਏ, ਮਿੱਠਾ ਮੰਨ ਭਾਣਾ ਮੀਆਂ ਮੀਰ ਜੀਓ।

ਨਾਲ ਨਿਮਰਤਾ ਕਿਹਾ ਫਿਰ ਪਾਤਸ਼ਾਹ ਨੇ, ਗ਼ੁੱਸਾ ਨਿਰਾ ਹੁੰਦਾ ਭਾਂਬੜ ਅੱਗ ਦਾ ਏ।
ਨਾਲ ਸਬਰ ਦੇ ਜਬਰ ਨੂੰ ਮਾਤ ਦੇਣੀ, ਏਹੋ ਸਾਂਈਂ ਜੀ ਅਸਾਂ ਨੂੰ ਫੱਬਦਾ ਏ।
ਸਭ ਕੁਝ ਕਾਦਰ ਦੇ ਹੁਕਮ ’ਚ ਹੋ ਰਿਹਾ ਏ, ਇਹਦੇ ਵਿੱਚ ਹੀ ਭਲਾ ਸਭ ਜੱਗ ਦਾ ਏ।
ਤਪਦੀ ਤਵੀ ’ਤੇ ਬੈਠਿਆਂ ਕਿਹਾ ਸਤਿਗੁਰ, ਭਾਣਾ ਮਿੱਠਾ ਪਿਆਰੇ ਦਾ ਲੱਗਦਾ ਏ।

ਕਰਾਮਾਤ ਤਾਂ ਕਹਿਰ ਦਾ ਨਾਂ ਹੁੰਦੈ, ਜੋ ਕੁਝ ਕਰਨਾ ਏ, ਉਹੋ ਹੀ ਕਰ ਰਹੇ ਹਾਂ।
ਪੀਣੈ ਅਸਾਂ ਨੇ ਜਾਮ ਸ਼ਹਾਦਤਾਂ ਦਾ, ਏਸੇ ਲਈ ਇਹ ਦੁੱਖੜੇ ਜਰ ਰਹੇ ਹਾਂ।
ਪਰਦਾ ਝੂਠ ਦਾ ਲਾਹੁਣ ਲਈ ਸੱਚ ਉੱਤੋਂ, ਅਸੀਂ ਮੌਤ ਮਰਜਾਣੀ ਨੂੰ ਵਰ ਰਹੇ ਹਾਂ।
ਤੁਸਾਂ ਨੀਂਹ ਹਰਿਮੰਦਰ ਦੀ ਧਰੀ ਹੈਸੀ, ਅਸੀਂ ਨੀਂਹ ਕੁਰਬਾਨੀ ਦੀ ਧਰ ਰਹੇ ਹਾਂ।

ਮੀਆਂ ਮੀਰ, ਇਹ ਮੌਜ ਅਕਾਲ ਦੀ ਏ, ਦਖਲ ਦੇਣਾ ਨਹੀਂ ਏਸ ਵਿੱਚ ਠੀਕ ਸਾਂਈਆਂ।
ਰਾਜੀ ਰਹਿਣਾ ਏ ਉਸਦੀ ਰਜ਼ਾ ਅੰਦਰ, ਮੈਂ ਤਾਂ ਅੰਤਮ ਸਵਾਸ ਦੇ ਤੀਕ ਸਾਂਈਆਂ।
ਐਸੇ ਦੋਖੀ ਨੂੰ ਸਜਾ ਜ਼ਰੂਰ ਮਿਲਦੀ, ਸਮਝੀਂ ਏਸਨੂੰ ਪੱਥਰ ਤੇ ਲੀਕ ਸਾਈਆਂ।
ਚੱਕੀ ਵਾਹਿਗੁਰੂ ਦੀ ਚਲਦੀ ਬਹੁਤ ਹੌਲੀ, ਆਟਾ ਪੀਸਦੀ ਐਪਰ ਬਰੀਕ ਸਾਈਆਂ।

ਮੀਆਂ ਮੀਰ ਇਹ ਠੀਕ ਹੈ ਰੱਤ ਮੇਰੀ, ਤੱਤੀ ਤਵੀ ਦੇ ਉੱਤੇ ਹੈ ਸੁੱਕ ਸਕਦੀ।
ਜਿੰਨੇ ਮਰਜੀ ਇਹ ਦੇ ਲੈਣ ਦੁਖ ਮੈਨੂੰ, ਦੁੱਖਾਂ ਅੱਗੇ ਨਹੀਂ ਆਤਮਾ ਝੁਕ ਸਕਦੀ।
ਸਮਾਂ ਆਉਣ ਤੇ ਇੱਟ ਨਾਲ ਇੱਟ ਖੜਕੂ, ਅੱਗ ਅਣਖ ਦੀ ਬਲਣੋਂ ਨਹੀਂ ਰੁਕ ਸਕਦੀ।
ਰਹਿੰਦੀ ਸਦਾ ਸਚਾਈ ਸੰਸਾਰ ਅੰਦਰ, ਨਾ ਇਹ ਮਰ ਸਕਦੀ ਨਾ ਹੀ ਮੁੱਕ ਸਕਦੀ।

ਇਸ ਅੱਤ ਨੇ ‘ਜਾਚਕਾ’ ਜਨਮ ਦੇਣੈ, ਨਵੀਂ ਜ਼ਿੰਦਗੀ ਦੀ ਸ਼ੁਰੂਆਤ ਤਾਂਈਂ।
ਸਬਰ ਸ਼ਾਂਤੀ ਦੇ ਮੈਂ ਜੋ ਬੀਜ ਬੀਜੇ, ਖ਼ਤਮ ਕਰਨਗੇ ਜ਼ੁਲਮ ਦੀ ਰਾਤ ਤਾਂਈਂ।
ਕਰੂ ਸ਼ਬਦ ਹੁਣ ਸਫ਼ਰ ਸਮਸ਼ੀਰ ਤੀਕਰ, ਬਲ ਮਿਲੂ ਕ੍ਰਾਂਤੀ ਦੀ ਬਾਤ ਤਾਂਈਂ।
ਤੁਸੀਂ ਸ਼ਾਂਤ ਹੋ ਕੇ ਦੇਖੋ ਪੀਰ ਜੀਉ, ਆਉਂਦੀ ਕੌਮ ’ਤੇ ਨਵੀਂ ਪ੍ਰਭਾਤ ਤਾਂਈਂ।

ਪਾਪੀ ਚੰਦੂ ਤੇ ਗੁਰੂ ਜੀ – ਹਰੀ ਸਿੰਘ ਜਾਚਕ

ਜਹਾਂਗੀਰ ਦੇ ਰਾਜ ਦਰਬਾਰ ਅੰਦਰ, ਦਿੱਲੀ ਵਿੱਚ ਸੀ ਵੱਡਾ ਦੀਵਾਨ ਚੰਦੂ।
ਉੱਚੀ ਕੁੱਲ ਦਾ ਸੀ ਅਮੀਰ ਖੱਤਰੀ, ਸਦਾ ਰਹਿੰਦਾ ਸੀ ਵਿੱਚ ਗੁਮਾਨ ਚੰਦੂ।
ਹੋਈ ਵਿਆਹ ਦੇ ਲਾਇਕ ਜਦ ਧੀ ਉਸਦੀ, ਚੰਗੇ ਵਰ ਦਾ ਸੀ ਚਾਹਵਾਨ ਚੰਦੂ।
ਕਹਿਣ ਲੱਗਾ ਪ੍ਰੋਹਿਤ ਜੀ ਵਰ ਲੱਭੋ, ਆਪਣੇ ਜਿਹਾ ਚਾਹੁੰਦਾ ਖਾਨਦਾਨ ਚੰਦੂ।

ਗੁਰਾਂ ਪਾਸ ਪ੍ਰੋਹਿਤ ਨੇ ਆਣ ਕਿਹਾ, ਲੜਕਾ ਤੁਸਾਂ ਦਾ ਭਰ ਜੁਆਨ ਹੋਇਆ।
ਚੰਦੂ ਸ਼ਾਹ ਦੀ ਧੀ ਦਾ ਲੈ ਰਿਸ਼ਤਾ, ਮੈਂ ਤਾਂ ਹਾਜ਼ਰ ਹਾਂ ਵਿੱਚ ਦੀਵਾਨ ਹੋਇਆ।
ਮੋਹਰਾਂ ਪੰਜ ਸੌ ਗੁਰਾਂ ਦੇ ਰੱਖ ਅੱਗੇ, ਕਹਿੰਦਾ ਸਮਝੋ ਇਹ ਰਿਸ਼ਤਾ ਪ੍ਰਵਾਨ ਹੋਇਆ।
ਭੇਜ ਦਿਆਂਗੇ ਦਿੱਲੀ ਤੋਂ ਸ਼ਗਨ ਛੇਤੀ, ਸਾਹਿਬਜ਼ਾਦਾ ਹੁਣ ਸਾਡਾ ਮਹਿਮਾਨ ਹੋਇਆ।

ਖੁਸ਼ੀ ਖੁਸ਼ੀ ਜਾ ਚੰਦੂ ਨੂੰ ਕਹਿਣ ਲੱਗਾ, ਵਰ ਟੋਲਿਆ ਕੁੜੀ ਦੇ ਹਾਣ ਦਾ ਏ।
ਗੁਰੂ ਅਰਜਨ ਦਾ ਲਾਡਲਾ ਹੈ ਪੁੱਤਰ, ਇਕੋ ਇਕ ਜੁਆਨੀਆਂ ਮਾਣਦਾ ਏ।
ਪੂਜੇ ਜਾਂਦੇ ਉਹ ਸਾਰੇ ਸੰਸਾਰ ਅੰਦਰ, ਹਰ ਕੋਈ ਹੀ ਉਨ੍ਹਾਂ ਨੂੰ ਜਾਣਦਾ ਏ।
ਪੱਕਾ ਰਿਸ਼ਤਾ ਮੈਂ ਏਸੇ ਲਈ ਕਰ ਆਇਆਂ,(ਕਿਉਂਕਿ) ਉੱਚੇ ਸੁੱਚੇ ਉਹ ਖਾਨਦਾਨ ਏ।

ਸੁਣਦੇ ਸਾਰ ਹੰਕਾਰ ਵਿੱਚ ਕਿਹਾ ਚੰਦੂ, ਤੂੰ ਤਾਂ ਪੰਡਤਾ, ਧੋਖਾ ਕੋਈ ਖਾ ਆਇਐਂ।
ਉਹ ਫਕੀਰ ਤੇ ਅਸੀਂ ਦੀਵਾਨ ਸ਼ਾਹੀ, ਇੱਟ ਚੁਬਾਰੇ ਦੀ ਮੋਰੀ ਨੂੰ ਲਾ ਆਇਐਂ।
ਨਾ ਹੀ ਸੋਚਿਆ, ਨਾ ਵੀਚਾਰਿਆ ਤੂੰ, ਮੇਰੀ ਧੀ ਦੀ ਬਲੀ ਚੜ੍ਹਾ ਆਇਐਂ।
ਕੀ ਕਰਾਂ ਤੇ ਕੀ ਨਾ ਕਰਾ ਹੁਣ ਮੈਂ, ਮੈਨੂੰ ਦੁਬਿਧਾ ਦੇ ਵਿੱਚ ਫਸਾ ਆਇਐਂ।

ਤੈਨੂੰ ਪਤੈ ਸਰਕਾਰੀ ਦੀਵਾਨ ਹਾਂ ਮੈਂ, ਨਾਤੇ ਤੋੜ ਸਕਦਾ, ਨਾਤੇ ਜੋੜ ਸਕਦਾ।
ਪਰ ਹੁਣ ਸ਼ਗਨ ਤਾਂ ਭੇਜਣਾ ਹੀ ਪੈਣੈ, ਨਹੀਂ ਤੇਰਾ ਹੁਣ ਕਿਹਾ ਮੈਂ ਮੋੜ ਸਕਦਾ।
ਕਿਸਮਤ ਵਿੱਚ ਬਸ ਏਹੋ ਹੀ ਲਿਖਿਆ ਸੀ, ਰਿਸ਼ਤਾ ਨਹੀਂ ਹੁਣ ਇਹ ਮੈਂ ਤੋੜ ਸਕਦਾ।
ਲਾਉਣਾ ਪੈਣਾ ਹੁਣ ਬੇੜੀ ਨੂੰ ਕਿਸੇ ਕੰਢੇ, ਮੰਝਧਾਰ ਦੇ ਵਿੱਚ ਨਹੀਂ ਛੋੜ ਸਕਦਾ।

ਓਧਰ ਚੰਦੂ ਦੀ ਗੱਲ ਨੇ ਵਿੱਚ ਦਿੱਲੀ, ਹੈਸੀ ਖੂਨ ਉਬਾਲਿਆ, ਸੰਗਤਾਂ ਦਾ।
ਏਸ ਰਿਸ਼ਤੇ ਵਿਰੁੱਧ ਫਿਰ ਰੋਹ ਭਾਰੀ, ਉਪਰ ਤੱਕ ਉਛਾਲਿਆ, ਸੰਗਤਾਂ ਦਾ।
ਨਹੀਂ ਨਹੀਂ ਇਹ ਰਿਸ਼ਤਾ ਹੁਣ ਨਹੀਂ ਹੋਣਾ, ਗੁਰਾਂ ਬਚਨ ਸੀ ਪਾਲਿਆ, ਸੰਗਤਾਂ ਦਾ।
ਏਸ ਰਿਸ਼ਤੇ ਨੂੰ ਗੁਰਾਂ ਨੇ ਟਾਲ ਦਿੱਤਾ, ਐਪਰ ਹੁਕਮ ਨਾ ਟਾਲਿਆ, ਸੰਗਤਾਂ ਦਾ।

ਮੋੜ ਦਿੱਤਾ ਜਦ ਗੁਰਾਂ ਨੇ ਸ਼ਗਨ ਹੈਸੀ, ਸੜ ਬਲ ਕੇ ਕੋਲੇ ਹੋ ਗਿਆ ਚੰਦੂ।
ਨਿਕਲੇ ਅੱਖਾਂ ਦੇ ਵਿੱਚੋਂ ਅੰਗਿਆਰ ਉਸਦੇ, ਆਪਣੇ ਦਿਲ ਨੂੰ ਲਾ ਸੀ ਲਿਆ ਚੰਦੂ।
ਮੇਰੀ ਪੱਤ ਅੱਜ ਗਲੀਆਂ ਦੇ ਵਿੱਚ ਰੁਲ ਗਈ, ਸੋਚ ਸੋਚ ਕੇ ਮੰਜੇ ’ਤੇ ਪਿਆ ਚੰਦੂ।
ਏਸ ਹੇਠੀ ਦਾ ਬਦਲਾ ਜ਼ਰੂਰ ਲੈਣੈ, ਰਿਹਾ ਸੋਚਾਂ ਦੇ ਘੋੜੇ ਦੁੜਾਅ ਚੰਦੂ।

ਉਧਰ ਹੋਣੀ ਨੇ ਬਣਤ ਬਣਾਈ ਐਸੀ, ਘਟਾ ਕਾਲੀ ਕੋਈ ਜ਼ੁਲਮ ਦੀ ਚੜ੍ਹੀ ਹੈਸੀ।
ਸਿੱਖ ਧਰਮ ਨੂੰ ਸਿਖਰਾਂ ’ਤੇ ਤੱਕ ਕੇ ਤੇ, ਆ ਗਈ ਅਣਹੋਣੀ ਕੋਈ ਘੜੀ ਹੈਸੀ।
ਖਿਚ ਰਹੇ ਤਨਾਵਾਂ ਸਨ ਮਾਰ ਤੁਣਕੇ, ਕੱਟੜਵਾਦ ਵਾਲੀ ਗੁੱਡੀ ਚੜ੍ਹੀ ਹੈਸੀ।
ਪੰਚਮ ਪਿਤਾ ਦੇ ਬਣੇ ਸਨ ਲੱਖ ਵੈਰੀ, ਆਈ ਆਖਰ ਸ਼ਹਾਦਤ ਦੀ ਘੜੀ ਹੈਸੀ।

ਦਿਨ ਦੀਵੀਂ ਫਿਰ ਭਾਨੀ ਦੇ ਚੰਨ ਉੱਤੇ, ਚੰਦੂ ਚੰਦਰੇ ਕਹਿਰ ਗੁਜਾਰਿਆ ਸੀ।
ਸੂਰਜ ਨਾਲੋਂ ਵੀ ਗੁੱਸੇ ’ਚ ਲਾਲ ਹੋ ਕੇ, ਬਦਲਾ ਲੈਣ ਲਈ ਦਿਲ ਵਿੱਚ ਧਾਰਿਆ ਸੀ।
ਓਹਦੀ ਨੂੰਹ ਨੇ ਆਣ ਕੇ ਉਸੇ ਵੇਲੇ, ਜ਼ਾਲਮ ਸਹੁਰੇ ਦੇ ਤਾਂਈਂ ਫਿਟਕਾਰਿਆ ਸੀ।
ਇਸ ਸਬਰ ਤੇ ਜਬਰ ਦੀ ਜੰਗ ਅੰਦਰ, ਸਬਰ ਜਿੱਤਿਆ ਤੇ ਜਬਰ ਹਾਰਿਆ ਸੀ।

ਪਾਪੀ ਮਾਰਨੇ ਲਈ ਪਾਪ ਬਲੀ ਹੁੰਦੈ, ਓਹਨੂੰ ਪਾਪਾਂ ਨੇ ਘੇਰਾ ਫਿਰ ਪਾ ਦਿੱਤਾ।
ਜਹਾਂਗੀਰ ਨੇ ਦੇਣ ਲਈ ਸਜਾ ਇਸ ਨੂੰ, ਛੇਵੇਂ ਪਾਤਸ਼ਾਹ ਹੱਥ ਫੜਾ ਦਿੱਤਾ।
ਪਾ ਕੇ ਨੱਕ ਦੇ ਵਿਚ ਨਕੇਲ ਸਿੱਖਾਂ, ਇਹਨੂੰ ਚੱਕਰੀ ਵਾਂਗ ਘੁਮਾ ਦਿੱਤਾ।
ਆਖਰ ਰੋਹ ’ਚ ਸਿੱਖਾਂ ਨੇ ਆ ‘ਜਾਚਕ’, ਪਾਪੀ ਨਰਕਾਂ ਦੇ ਵਿੱਚ ਪਹੁੰਚਾ ਦਿੱਤਾ।