ਗੁਰੂ ਅਰਜਨ ਦੇਵ ਜੀ

ਪੰਚਮ ਦਾਤਾਰ ਸਤਿਗੁਰ – ਹਰੀ ਸਿੰਘ ਜਾਚਕ

ਨਾਨਾ ਗੁਰੂ ਦੀ ਗੋਦ ’ਚ ਖੇਡ ਕੇ ਤੇ, ਬਾਲ ਅਰਜਨ ਨੇ ਬਚਪਨ ਗੁਜ਼ਾਰਿਆ ਸੀ।
ਨਿੱਕੇ ਬੱਚੇ ’ਚ ਤੱਕ ਕੇ ਗੁਣ ਵੱਡੇ, ਤੀਜੇ ਪਾਤਿਸ਼ਾਹ ਬਹੁਤ ਸਤਿਕਾਰਿਆ ਸੀ।
‘ਦੋਹਿਤਾ ਬਾਣੀ ਕਾ ਬੋਹਿਥਾ’ ਮੁੱਖ ਵਿੱਚੋਂ, ਏਸ ਬੱਚੇ ਲਈ ਬਚਨ ਉਚਾਰਿਆ ਸੀ।
ਬਾਲ ਅਰਜਨ ਨੇ ਬਣ ਫਿਰ ਗੁਰੂ ਅਰਜਨ, ਪਾਵਨ ਬਚਨਾਂ ਦਾ ਮੁੱਲ ਉਤਾਰਿਆ ਸੀ।

ਮੱਥਰਾ ਭੱਟ ਸਵੱਈਆਂ ਦੇ ਵਿੱਚ ਲਿਖਦੈ, ਪੂਰਨ ਪੁਰਖ ਹੈਸੀ ਹੋਣਹਾਰ ਸਤਿਗੁਰ।
ਦਿੱਤੀ ਸੇਧ ਜਿਨ੍ਹਾਂ ਭੁੱਲੇ ਭਟਕਿਆਂ ਨੂੰ, ਉਹ ਰੂਹਾਨੀਅਤ ਦੇ ਸੀ ਭੰਡਾਰ ਸਤਿਗੁਰ।
ਧੁਰੋਂ ਭੇਜੇ ਅਧਿਆਤਮਕ ਕਵੀ ਸੀ ਉਹ, ਤੇ ਰਾਗਾਂ ਵਿੱਚ ਵੀ ਮਾਹਰ ਫੰਕਾਰ ਸਤਿਗੁਰ।
ਮੈਲੇ ਮਨਾਂ ਨੂੰ ਨਾਮ ਦਾ ਲਾ ਸਾਬਣ, ਧੋ ਦੇਂਦੇ ਸਨ ਪੰਚਮ ਦਾਤਾਰ ਸਤਿਗੁਰ।

ਮੀਆਂ ਮੀਰ ਤੋਂ ਨੀਂਹ ਰੱਖਵਾ ਕੇ ਤੇ, ਹਰੀਮੰਦਰ ਨੂੰ ਗੁਰਾਂ ਉਸਾਰਿਆ ਸੀ।
ਊਚ ਨੀਚ ਦਵੈਤ ਤੋਂ ਦੂਰ ਰਹਿਕੇ, ਹਰ ਇੱਕ ਦੇ ਤਾਂਈਂ ਸਤਿਕਾਰਿਆ ਸੀ।
ਚੌਂਹ ਦਿਸ਼ਾਂ ਵੱਲ ਰੱਖਕੇ ਚਾਰ ਬੂਹੇ, ਹਰਿ ਧਰਮ ਤੇ ਕੌਮ ਨੂੰ ਪਿਆਰਿਆ ਸੀ।
ਸਾਂਝੀਵਾਲਤਾ ਵਾਲਾ ਸੰਦੇਸ਼ ਦੇ ਕੇ, ਗੁਰਾਂ ਸਾਰੀ ਲੋਕਾਈ ਨੂੰ ਤਾਰਿਆ ਸੀ।

ਰਾਮਸਰ ਸਰੋਵਰ ਦੇ ਬੈਠ ਕੰਢੇ, ਸੁਰਤੀ ਬਿਰਤੀ ਲਗਾਈ ਸੀ ਗੁਰੂ ਅਰਜਨ।
ਕਰਕੇ ਮਿਹਰ ਦੀ ਨਜ਼ਰ ਗੁਰਦਾਸ ਜੀ ’ਤੇ, ਪਾਵਨ ਬੀੜ ਲਿਖਵਾਈ ਸੀ ਗੁਰੂ ਅਰਜਨ।
ਰੱਬੀ ਭਗਤਾਂ ਦੀ ਬਾਣੀ ਵੀ ਕਰ ਸ਼ਾਮਲ, ਸਭ ਨੂੰ ਦਿੱਤੀ ਵਡਿਆਈ ਸੀ ਗੁਰੂ ਅਰਜਨ।
ਆਦਿ ਗ੍ਰੰਥ ਸੰਪੂਰਨ ਕਰਵਾ ਕੇ ਤੇ, ਜੀਵਨ ਜਾਚ ਸਿਖਾਈ ਸੀ ਗੁਰੂ ਅਰਜਨ।

ਤਰਨ ਤਾਰਨ ਤੇ ਪੁਰ ਕਰਤਾਰ ਵਰਗੇ, ਸੋਹਣੇ ਨਗਰ ਵਸਾਏ ਸੀ ਪਾਤਸ਼ਾਹ ਨੇ।
ਕਾਲ ਪਿਆ ਜਦ ਪੂਰੇ ਪੰਜਾਬ ਅੰਦਰ, ਜਜ਼ੀਏ ਮਾਫ਼ ਕਰਵਾਏ ਸੀ ਪਾਤਸ਼ਾਹ ਨੇ।
ਅੰਮ੍ਰਿਤਸਰ ਇਲਾਕੇ ਦੇ ਵਿੱਚ ਓਦੋਂ, ਬਾਰਾਂ ਖੂਹ ਖੁਦਵਾਏ ਸੀ ਪਾਤਿਸ਼ਾਹ ਨੇ।
ਕੋਹੜ ਕੋਹੜੀਆਂ ਦੇ ਦੂਰ ਕਰਨ ਖਾਤਰ, ਦਵਾਖਾਨੇ ਬਣਵਾਏ ਸੀ ਪਾਤਸ਼ਾਹ ਨੇ।

ਗੁਰੂ ਘਰ ਦੀ ਜੱਗ ’ਤੇ ਚੜਤ ਤੱਕ ਕੇ, ਦੋਖੀ ਰਲ ਮਿਲ ਸਾਜਿਸ਼ਾਂ ਘੜਨ ਲੱਗੇ।
ਪ੍ਰਿਥੀ ਚੰਦ ਵਰਗੇ ਚੰਦੂ ਸ਼ਾਹ ਵਰਗੇ, ਅੱਗ ਈਰਖਾ ਦੀ ਅੰਦਰ ਸੜਨ ਲੱਗੇ।
ਸ਼ੇਖ ਅਹਿਮਦ ਤੇ ਮੁਰਤਜ਼ਾ ਖਾਂ ਵਰਗੇ, ਕੱਟੜ ਪੰਥੀ ਵੀ ਇਨ੍ਹਾਂ ਨਾਲ ਖੜਨ ਲੱਗੇ।
ਬਾਗੀ ਖੁਸਰੋ ਨੂੰ ਇਨ੍ਹਾਂ ਪਨਾਂਹ ਦਿੱਤੀ, ਐਸੇ ਦੋਸ਼ ਵੀ ਗੁਰਾਂ ’ਤੇ ਮੜ੍ਹਨ ਲੱਗੇ।

ਜਹਾਂਗੀਰ ਦੇ ਭਰੇ ਜਦ ਕੰਨ ਇਨ੍ਹਾਂ, ਆਖਿਰ ਓਸ ਨੇ ਹੁਕਮ ਸੁਣਾ ਦਿੱਤਾ।
‘ਯਾਸਾ’ ਰਾਹੀਂ ਤਸੀਹੇ ਦਿਵਾਉਣ ਖਾਤਿਰ, ਚੰਦੂ ਚੰਦਰੇ ਕੋਲ ਪਹੁੰਚਾ ਦਿੱਤਾ।
ਗੁਰੂ ਸਾਹਿਬ ਨੂੰ ਭੁਖਿਆਂ ਰੱਖ ਓਹਨੇ, ਪੰਜ ਦਿਨਾਂ ਦਾ ਸਮਾਂ ਲੰਘਾ ਦਿੱਤਾ।
ਤੱਤੀ ਤਵੀ ’ਤੇ ਆਖਿਰ ਬਿਠਾ ਕੇ ਤੇ, ਦੇ ਦੇ ਕਸ਼ਟ ਸ਼ਹੀਦ ਕਰਵਾ ਦਿੱਤਾ।

ਰਾਵੀ ਵਿੱਚੋਂ ਅਗੰਮੀ ਆਵਾਜ਼ ਆਈ, ਹੁਣ ਤਾਂ ਸਿੱਖੀ ਦੀਆਂ ਸ਼ਾਨਾਂ ਦਾ ਜਨਮ ਹੋਊ।
ਜੀਹਨਾਂ ਜ਼ੁਲਮ ਨੂੰ ਜੜੋਂ ਉਖਾੜ ਸੁਟਣੈ, ਉਨ੍ਹਾਂ ਲੱਖਾਂ ਤੂਫ਼ਾਨਾਂ ਦਾ ਜਨਮ ਹੋਊ।
ਸੰਤ ਸਿਪਾਹੀਆਂ ਦੇ ਪੂਰਨ ਸਰੂਪ ਅੰਦਰ, ਬੀਰ ਬਾਂਕੇ ਬਲਵਾਨਾਂ ਦਾ ਜਨਮ ਹੋਊ।
ਰੱਖਿਆ ਭਗਤੀ ਦੀ ਕਰਨ ਲਈ ਨਾਲ ਸ਼ਕਤੀ, ਮੀਰੀ ਪੀਰੀ ਕਿਰਪਾਨਾਂ ਦਾ ਜਨਮ ਹੋਊ।

ਏਸ ਪਾਵਨ ਸ਼ਹਾਦਤ ਤੋਂ ਬਾਅਦ ‘ਜਾਚਕ’, ਬੀਰ ਬਾਂਕੇ ਬਲਕਾਰਾਂ ਦਾ ਜਨਮ ਹੋਇਆ।
ਛੇਵੇਂ ਪਾਤਸ਼ਾਹ ਬੈਠੇ ਜਦ ਤਖ਼ਤ ਉੱਤੇ, ਮੀਰੀ ਪੀਰੀ ਤਲਵਾਰਾਂ ਦਾ ਜਨਮ ਹੋਇਆ।
ਪੈਦਾ ਕਰਨ ਲਈ ਅਣਖ ਦੇ ਕਈ ਸ਼ੋਅਲੇ, ਚੜ੍ਹਦੀ ਕਲਾ ਦੀਆਂ ਵਾਰਾਂ ਦਾ ਜਨਮ ਹੋਇਆ।
ਧੌਂਸੇ ਖੜਕੇ ਨਗਾਰੇ’ਤੇ ਚੋਟ ਲੱਗੀ, ਸਾਡੇ ਬਾਗੀਂ ਬਹਾਰਾਂ ਦਾ ਜਨਮ ਹੋਇਆ।

ਸ਼ਹੀਦੀ ਗੁਰੂ ਅਰਜਨ ਦੇਵ ਜੀ – ਹਰੀ ਸਿੰਘ ਜਾਚਕ

ਬੂਟਾ ਸਿੱਖੀ ਦਾ ਲਾਇਆ ਜੋ ਗੁਰੂ ਨਾਨਕ, ਸੋਹਣੇ ਫੁੱਲ ਤੇ ਫਲ ਸੀ ਆਉਣ ਲੱਗੇ।
ਪੰਚਮ ਪਾਤਸ਼ਾਹ ਏਸਦੀ ਮਹਿਕ ਤਾਂਈਂ, ਸਾਰੇ ਜਗਤ ਦੇ ਵਿੱਚ ਫੈਲਾਉਣ ਲੱਗੇ।
‘ਆਦਿ ਬੀੜ’ ਤੇ ਤਾਈਂ ਤਿਆਰ ਕਰਕੇ, ਜੀਵਨ ਜੀਉਣ ਦੀ ਜੁਗਤ ਸਿਖਾਉਣ ਲੱਗੇ।
ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਖਾਤਰ, ਕੋਨੇ ਕੋਨੇ ਤੋਂ ਸਿੱਖ ਸਨ ਆਉਣ ਲੱਗੇ।

ਓਧਰ ਸਿੱਖੀ ਦੀ ਲਹਿਰ ਦੇ ਖ਼ਾਤਮੇ ਲਈ, ਦੋਖੀ ਸੋਚਾਂ ਦੇ ਘੋੜੇ ਦੁੜਾਉਣ ਲੱਗੇ।
ਲਾਉਣ ਲਈ ਗ਼੍ਰਹਿਣ ਇਸ ਚੰਨ ਤਾਈਂ, ਘਟੀਆ ਢੰਗ ਤਰੀਕੇ ਅਪਨਾਉਣ ਲੱਗੇ।
ਤਰ੍ਹਾਂ ਤਰ੍ਹਾਂ ਦੇ ਝੂਠੇ ਇਲਜ਼ਾਮ ਲਾ ਕੇ, ਜਹਾਂਗੀਰ ਦੇ ਤਾਂਈਂ ਭੜਕਾਉਣ ਲੱਗੇ।
ਬਾਗੀ ਖੁਸਰੋ ਦੀ ਮਦਦ ਦੇ ਦੋਸ਼ ਥੱਲੇ, ਬਲਦੀ ਅੱਗ ਉਤੇ ਤੇਲ ਪਾਉਣ ਲੱਗੇ।

ਜਹਾਂਗੀਰ ਨੇ ਆਖਿਰ ਇਹ ਹੁਕਮ ਦਿੱਤਾ, ਬੰਦ ਝੂਠ ਦੀ ਇਹ ਦੁਕਾਨ ਹੋਵੇ।
ਅਰਜਨ ਦੇਵ ਨੂੰ ਦੇਈਏ ਸਜ਼ਾ ਐਸੀ, ਚਰਚਾ ਜਿਨ੍ਹਾਂ ਦੀ ਵਿੱਚ ਜਹਾਨ ਹੋਵੇ।
ਡਿੱਗੇ ਲਹੂ ਦੀ ਬੂੰਦ ਨਾ ਧਰਤ ਉੱਤੇ, ਜਦੋਂ ਤੱਕ ਸਰੀਰ ਵਿੱਚ ਜਾਨ ਹੋਵੇ।
ਆਖਰ ਦੇਣਾ ਦਰਿਆ ਵਿੱਚ ਰੋਹੜ ਇਹਨੂੰ, ਚੁੱਪ ਸਦਾ ਲਈ ਇਹ ਜ਼ੁਬਾਨ ਹੋਵੇ।

ਜੇਠ ਹਾੜ੍ਹ ਦੀ ਕੜਕਦੀ ਧੁੱਪ ਅੰਦਰ, ਪੈਰ ਧਰਤੀ ’ਤੇ ਧਰਿਆ ਨਾ ਜਾ ਰਿਹਾ ਸੀ।
ਸੜਦੀ ਤਪਦੀ ਜ਼ਮੀਨ ਦੀ ਹਿੱਕ ਵਿੱਚੋਂ, ਲਾਵਾ ਫੁੱਟ ਕੇ ਬਾਹਰ ਨੂੰ ਆ ਰਿਹਾ ਸੀ।
ਲਾਲੋ ਲਾਲ ਸੂਰਜ ਆਪਣੇ ਜੋਸ਼ ਅੰਦਰ, ਉੱਤੋਂ ਅੱਗ ਦੇ ਗੋਲੇ ਵਰਸਾ ਰਿਹਾ ਸੀ।
ਪੰਚਮ ਪਾਤਸ਼ਾਹ ਇਹੋ ਜਿਹੇ ਸਮੇਂ ਅੰਦਰ, ਤੱਤੀ ਤਵੀ ’ਤੇ ਚੌਂਕੜਾ ਲਾ ਰਿਹਾ ਸੀ।

ਲਾਲ ਤਵੀ ਵੱਲ ਵੇਖ ਕੇ ਕਹਿਣ ਲੱਗੇ, ਇਹਨੇ ਸਿੱਖੀ ਦੀਆਂ ਸ਼ਾਨਾਂ ਨੂੰ ਜਨਮ ਦੇਣੈ।
ਤੱਤੀ ਰੇਤਾ ਜੋ ਸੀਸ ਵਿੱਚ ਪੈ ਰਹੀ ਏ, ਇਹਨੇ ਅਣਖੀ ਜੁਆਨਾਂ ਨੂੰ ਜਨਮ ਦੇਣੈ।
ਉਬਲ ਰਿਹਾ ਜੋ ਪਾਣੀ ਇਹ ਦੇਗ ਅੰਦਰ, ਇਹਨੇ ਲੱਖਾਂ ਤੂਫਾਨਾਂ ਨੂੰ ਜਨਮ ਦੇਣੈ।
ਮੇਰੇ ਜਿਸਮ ’ਤੇ ਪਏ ਹੋਏ ਛਾਲਿਆਂ ਨੇ, ਮੀਰੀ ਪੀਰੀ ਕਿਰਪਾਨਾਂ ਨੂੰ ਜਨਮ ਦੇਣੈ।

ਕਸ਼ਟ ਸਹਿ ਕੇ ਕੋਮਲ ਸਰੀਰ ਉਤੇ, ਭਾਣਾ ਮਿੱਠਾ ਕਰ ਮੰਨਿਆ, ਗੁਰੂ ਅਰਜਨ।
ਸੀਸ ਵਿੱਚ ਪੁਆ ਕੇ ਰੇਤ ਤੱਤੀ, ਸਿਰ ਜ਼ੁਲਮ ਦਾ ਭੰਨਿਆ, ਗੁਰੂ ਅਰਜਨ।
ਪੈਦਾ ਲੱਖਾਂ ਸ਼ਹੀਦ ਸਨ ਹੋਏ ਉਸ ਤੋਂ, ਮੁੱਢ ਜੇਸਦਾ ਬੰਨ੍ਹਿਆ, ਗੁਰੂ ਅਰਜਨ।
ਤਾਹੀਂਉਂ ਸ਼ਹੀਦਾਂ ਦੇ ਸਿਰਤਾਜ ਲਿਖਿਐ, ਤਵਾਰੀਖ ਦੇ ਪੰਨਿਆਂ, ਗੁਰੂ ਅਰਜਨ।

ਕਿਵੇਂ ਸਬਰ ਨੇ ਜਬਰ ਨੂੰ ਮਾਤ ਦਿੱਤੀ, ਦੁਨੀਆਂ ਤਾਂਈਂ ਮੈਂ ਅੱਜ ਦਿਖਲਾ ਚੱਲਿਆਂ।
ਸਹਿ ਕੇ ਜ਼ੁਲਮ ਅਸਹਿ ਨਾ ਸੀਅ ਕੀਤੀ, ਛਾਪ ਸੱਚ ਦੀ ਦਿਲਾਂ ’ਤੇ ਲਾ ਚੱਲਿਆਂ।
ਮੇਰੇ ਸਿੱਖ ਨਾ ਸਿਦਕ ਤੋਂ ਡੋਲ ਜਾਵਣ, ਏਸੇ ਲਈ ਮੈਂ ਪੂਰਨੇ ਪਾ ਚੱਲਿਆਂ।
ਸਿਹਰਾ ਬੰਨ੍ਹ ਸ਼ਹੀਦੀ ਦਾ ਸਿਰ ਉਤੇ, ਜੂਝ ਮਰਣ ਦਾ ਵੱਲ ਸਿਖਾ ਚੱਲਿਆਂ।

ਕਹਿੰਦੇ ਖੂਨ ਨੂੰ ਬੜਾ ਵਿਆਜ ਲੱਗਦਾ, ਸਿੱਖ ਸ਼ੁਰੂ ਤੋਂ ਜੱਗ ਨੂੰ ਦੱਸਦੇ ਰਹੇ।
ਗੋਡੇ ਟੇਕੇ ਨਹੀਂ ਕਦੀ ਵੀ ਜ਼ੁਲਮ ਅੱਗੇ, ਬੰਦ ਬੰਦ ਕਟਵਾਉਂਦੇ ਵੀ ਹੱਸਦੇ ਰਹੇ।
ਲੜੇ ਜੰਗ ਅੰਦਰ ਤਲੀ ਸੀਸ ਧਰਕੇ, ਦੁਸ਼ਮਣ ਤੱਕਦੇ ਰਹੇ ਨਾਲੇ ਨੱਸਦੇ ਰਹੇ।
ਭਾਣਾ ਮੰਨਿਆ ਖਾਲਸੇ ਖਿੜੇ ਮੱਥੇ, ਜ਼ਹਿਰੀ ਨਾਗ ਭਾਂਵੇਂ ‘ਜਾਚਕ’ ਡੱਸਦੇ ਰਹੇ।

ਸਾਂਈਂ ਮੀਆਂ ਮੀਰ ਤੇ ਪੰਚਮ ਪਾਤਸ਼ਾਹ – ਹਰੀ ਸਿੰਘ ਜਾਚਕ

ਮੀਆਂ ਮੀਰ ਫਕੀਰ ਨੇ ਗੁਰੂ ਜੀ ਨੂੰ, ਆ ਕੇ ਸੀਸ ਝੁਕਾਇਆ ਸੀ ਓਸ ਵੇਲੇ।
ਸੜਦਾ ਤਵੀ ’ਤੇ ਫੁੱਲ ਗੁਲਾਬ ਤੱਕ ਕੇ, ਰੋਇਆ ਅਤੇ ਕੁਰਲਾਇਆ ਸੀ ਓਸ ਵੇਲੇ।
ਧੁਰ ਅੰਦਰੋਂ ਹਾਅ ਦਾ ਮਾਰ ਨਾਹਰਾ, ਭਾਰੀ ਰੋਸ ਪ੍ਰਗਟਾਇਆ ਸੀ ਓਸ ਵੇਲੇ।
ਪੰਚਮ ਪਿਤਾ ’ਤੇ ਹੁੰਦਾ ਇਹ ਜ਼ੁਲਮ ਤੱਕ ਕੇ, ਡਾਢੇ ਰੋਹ ’ਚ ਆਇਆ ਸੀ ਓਸ ਵੇਲੇ।

ਵਾਂਗ ਸ਼ੇਰ ਦੇ ਗਰਜ ਕੇ ਕਹਿਣ ਲੱਗਾ, ਇਨ੍ਹਾਂ ਦੁਸ਼ਟਾਂ ਨੂੰ ਸਬਕ ਸਿਖਾ ਦੇਵਾਂ।
ਹੁਕਮ ਕਰੋ ਜੇ ਜਗਤ ਦੇ ਪੀਰ ਮੈਨੂੰ, ਸਭ ਨੂੰ ਕੀਤੀ ਦਾ ਮਜਾ ਚਖਾ ਦੇਵਾਂ।
ਤੇਰੇ ਇਕੋ ਇਸ਼ਾਰੇ ਦੇ ਨਾਲ ਦਾਤਾ, ਤਖ਼ਤ ਮਿੱਟੀ ਦੇ ਵਿੱਚ ਮਿਲਾ ਦੇਵਾਂ।
ਹੁਕਮ ਕਰੋ ਤਾਂ ਦਿੱਲੀ ਲਾਹੌਰ ਵਾਲੀ, ਇੱਟ ਨਾਲ ਮੈਂ ਇੱਟ ਖੜਕਾ ਦੇਵਾਂ।

ਜਹਾਂਗੀਰ ਨੂੰ ਲਾਹਨਤਾਂ ਪਾਉਣ ਲੱਗਾ, ਬੜਾ ਘੋਰ ਤੂੰ ਕੀਤੈ ਗੁਨਾਹ ਸ਼ਾਹਾ।
ਦੁੱਖ ਦਿੱਤੈ ਤੂੰ ਅੱਲ੍ਹਾ ਦੀ ਰੂਹ ਤਾਂਈਂ, ਆ ਕੇ ਚੁੱਕ ਵਿੱਚ ਖਾਹਮਖਾਹ ਸ਼ਾਹਾ।
ਤੇਰੇ ਬਾਪ ਵੀ ਸਿੱਜਦੇ ਸੀ ਆਣ ਕੀਤੇ, ਸੱਚੀ ਸੁੱਚੀ ਹੈ ਇਹ ਦਰਗਾਹ ਸ਼ਾਹਾ।
ਸਿਰ ’ਤੇ ਚੁੱਕੀ ਏ ਪਾਪਾਂ ਦੀ ਪੰਡ ਤੂੰ ਤਾਂ, ਭੁੱਲ ਗਿਆ ਇਸਲਾਮ ਦਾ ਰਾਹ ਸ਼ਾਹਾ।

ਤੇਰੇ ਪਾਪ ਦਾ ਬੇੜਾ ਹੁਣ ਭਰ ਚੁੱਕੈ, ਤੇਰੇ ਰਾਜ ਨੇ ਹੋਣੈ ਤਬਾਹ ਸ਼ਾਹਾ।
ਜੀਹਨੂੰ ਝੂਠ ਦੀ ਤੂੰ ਦੁਕਾਨ ਕਹਿੰਦੈਂ, ਇਹ ਤਾਂ ਸੱਚ ਤੇ ਧਰਮ ਦਾ ਰਾਹ ਸ਼ਾਹਾ।
ਤੱਤੀ ਤਵੀ ’ਤੇ ਮਾਲਾ ਪਿਆ ਫੇਰਦਾ ਈ, ਬੈਠਾ ਹੋਇਆ ਉਹ ਬੇਪ੍ਰਵਾਹ ਸ਼ਾਹਾ।
ਕੀਤੈ ਜਿਹੜਾ ਗੁਨਾਹ ਤੂੰ ਜਾਣ ਬੁਝ ਕੇ, ਇਹਦਾ ਰਹੂ ਇਤਿਹਾਸ ਗਵਾਹ ਸ਼ਾਹਾ।

ਸਤਿਗੁਰ ਹੱਸੇ ਤੇ ਹੱਸ ਕੇ ਕਹਿਣ ਲੱਗੇ, ਬਹੁਤੇ ਗੁੱਸੇ ’ਚ ਆਓ ਨਾ ਪੀਰ ਜੀਓ।
ਸਭ ਕੁਝ ਅੱਲਾਹ ਦੇ ਭਾਣੇ ’ਚ ਹੋ ਰਿਹਾ ਏ, ਨੈਣਾਂ ਵਿੱਚੋਂ ਵਗਾਓ ਨਾ ਨੀਰ ਜੀਓ।
ਰੱਖਣੇ ਚਾਹੀਦੇ ਰੁੱਖਾਂ ਦੇ ਵਾਂਗ ਜੇਰੇ, ਔਖੇ ਸਮੇਂ ’ਚ ਰੱਬੀ ਫਕੀਰ ਜੀਓ।
ਨਵਾਂ ਰਾਹ ਇਬਾਦਤ ਦਾ ਦੱਸਣਾ ਏ, ਮਿੱਠਾ ਮੰਨ ਭਾਣਾ ਮੀਆਂ ਮੀਰ ਜੀਓ।

ਨਾਲ ਨਿਮਰਤਾ ਕਿਹਾ ਫਿਰ ਪਾਤਸ਼ਾਹ ਨੇ, ਗ਼ੁੱਸਾ ਨਿਰਾ ਹੁੰਦਾ ਭਾਂਬੜ ਅੱਗ ਦਾ ਏ।
ਨਾਲ ਸਬਰ ਦੇ ਜਬਰ ਨੂੰ ਮਾਤ ਦੇਣੀ, ਏਹੋ ਸਾਂਈਂ ਜੀ ਅਸਾਂ ਨੂੰ ਫੱਬਦਾ ਏ।
ਸਭ ਕੁਝ ਕਾਦਰ ਦੇ ਹੁਕਮ ’ਚ ਹੋ ਰਿਹਾ ਏ, ਇਹਦੇ ਵਿੱਚ ਹੀ ਭਲਾ ਸਭ ਜੱਗ ਦਾ ਏ।
ਤਪਦੀ ਤਵੀ ’ਤੇ ਬੈਠਿਆਂ ਕਿਹਾ ਸਤਿਗੁਰ, ਭਾਣਾ ਮਿੱਠਾ ਪਿਆਰੇ ਦਾ ਲੱਗਦਾ ਏ।

ਕਰਾਮਾਤ ਤਾਂ ਕਹਿਰ ਦਾ ਨਾਂ ਹੁੰਦੈ, ਜੋ ਕੁਝ ਕਰਨਾ ਏ, ਉਹੋ ਹੀ ਕਰ ਰਹੇ ਹਾਂ।
ਪੀਣੈ ਅਸਾਂ ਨੇ ਜਾਮ ਸ਼ਹਾਦਤਾਂ ਦਾ, ਏਸੇ ਲਈ ਇਹ ਦੁੱਖੜੇ ਜਰ ਰਹੇ ਹਾਂ।
ਪਰਦਾ ਝੂਠ ਦਾ ਲਾਹੁਣ ਲਈ ਸੱਚ ਉੱਤੋਂ, ਅਸੀਂ ਮੌਤ ਮਰਜਾਣੀ ਨੂੰ ਵਰ ਰਹੇ ਹਾਂ।
ਤੁਸਾਂ ਨੀਂਹ ਹਰਿਮੰਦਰ ਦੀ ਧਰੀ ਹੈਸੀ, ਅਸੀਂ ਨੀਂਹ ਕੁਰਬਾਨੀ ਦੀ ਧਰ ਰਹੇ ਹਾਂ।

ਮੀਆਂ ਮੀਰ, ਇਹ ਮੌਜ ਅਕਾਲ ਦੀ ਏ, ਦਖਲ ਦੇਣਾ ਨਹੀਂ ਏਸ ਵਿੱਚ ਠੀਕ ਸਾਂਈਆਂ।
ਰਾਜੀ ਰਹਿਣਾ ਏ ਉਸਦੀ ਰਜ਼ਾ ਅੰਦਰ, ਮੈਂ ਤਾਂ ਅੰਤਮ ਸਵਾਸ ਦੇ ਤੀਕ ਸਾਂਈਆਂ।
ਐਸੇ ਦੋਖੀ ਨੂੰ ਸਜਾ ਜ਼ਰੂਰ ਮਿਲਦੀ, ਸਮਝੀਂ ਏਸਨੂੰ ਪੱਥਰ ਤੇ ਲੀਕ ਸਾਈਆਂ।
ਚੱਕੀ ਵਾਹਿਗੁਰੂ ਦੀ ਚਲਦੀ ਬਹੁਤ ਹੌਲੀ, ਆਟਾ ਪੀਸਦੀ ਐਪਰ ਬਰੀਕ ਸਾਈਆਂ।

ਮੀਆਂ ਮੀਰ ਇਹ ਠੀਕ ਹੈ ਰੱਤ ਮੇਰੀ, ਤੱਤੀ ਤਵੀ ਦੇ ਉੱਤੇ ਹੈ ਸੁੱਕ ਸਕਦੀ।
ਜਿੰਨੇ ਮਰਜੀ ਇਹ ਦੇ ਲੈਣ ਦੁਖ ਮੈਨੂੰ, ਦੁੱਖਾਂ ਅੱਗੇ ਨਹੀਂ ਆਤਮਾ ਝੁਕ ਸਕਦੀ।
ਸਮਾਂ ਆਉਣ ਤੇ ਇੱਟ ਨਾਲ ਇੱਟ ਖੜਕੂ, ਅੱਗ ਅਣਖ ਦੀ ਬਲਣੋਂ ਨਹੀਂ ਰੁਕ ਸਕਦੀ।
ਰਹਿੰਦੀ ਸਦਾ ਸਚਾਈ ਸੰਸਾਰ ਅੰਦਰ, ਨਾ ਇਹ ਮਰ ਸਕਦੀ ਨਾ ਹੀ ਮੁੱਕ ਸਕਦੀ।

ਇਸ ਅੱਤ ਨੇ ‘ਜਾਚਕਾ’ ਜਨਮ ਦੇਣੈ, ਨਵੀਂ ਜ਼ਿੰਦਗੀ ਦੀ ਸ਼ੁਰੂਆਤ ਤਾਂਈਂ।
ਸਬਰ ਸ਼ਾਂਤੀ ਦੇ ਮੈਂ ਜੋ ਬੀਜ ਬੀਜੇ, ਖ਼ਤਮ ਕਰਨਗੇ ਜ਼ੁਲਮ ਦੀ ਰਾਤ ਤਾਂਈਂ।
ਕਰੂ ਸ਼ਬਦ ਹੁਣ ਸਫ਼ਰ ਸਮਸ਼ੀਰ ਤੀਕਰ, ਬਲ ਮਿਲੂ ਕ੍ਰਾਂਤੀ ਦੀ ਬਾਤ ਤਾਂਈਂ।
ਤੁਸੀਂ ਸ਼ਾਂਤ ਹੋ ਕੇ ਦੇਖੋ ਪੀਰ ਜੀਉ, ਆਉਂਦੀ ਕੌਮ ’ਤੇ ਨਵੀਂ ਪ੍ਰਭਾਤ ਤਾਂਈਂ।

ਗੁਰੂ ਅਰਜਨ ਦੇਵ ਜੀ – ਹਰੀ ਸਿੰਘ ਜਾਚਕ

ਤੀਜੇ ਪਾਤਸ਼ਾਹ ਭਾਨੀ ਨੂੰ ਕਿਹਾ ਇਕ ਦਿਨ, ਅਰਜਨ ਹੈ ਤੇਰਾ ਹੋਣਹਾਰ ਬਾਲਕ।
ਸਾਡੀ ਪੱਗ ਦੀ ਰੱਖੂਗਾ ਲਾਜ ਇਹ ਤਾਂ, ਦੁਨੀਆਂ ਵਿੱਚ ਇਹ ਪਾਊ ਸਤਿਕਾਰ ਬਾਲਕ।
ਰਹੂ ਸਦਾ ਹੀ ਰੱਬੀ ਰਜ਼ਾ ਅੰਦਰ, ਹੋਊ ਸ਼ਾਂਤੀ ਦਾ ਇਹ ਅਵਤਾਰ ਬਾਲਕ।
ਘੋਰ ਸੰਕਟ ਤੇ ਦੁੱਖ ਮੁਸੀਬਤਾਂ ਨੂੰ, ਖਿੜੇ ਮੱਥੇ ਇਹ ਲਊ ਸਹਾਰ ਬਾਲਕ।

ਬਹਿ ਕੇ ਤੀਸਰੇ ਪਾਤਸ਼ਾਹ ਪਾਸ ਸੰਗਤਾਂ, ਸੁਣ ਰਹੀਆਂ ਸਨ, ਦੀਨ ਦਇਆਲ ਤਾਂਈਂ।
ਬਾਲ ਅਰਜਨ ਵੀ ਰਿੜਦੇ ਹੋਏ ਕੋਲ ਪਹੁੰਚੇ, ਗੁਰਾਂ ਲਿਆ ਸੀ ਗੋਦੀ ਵਿੱਚ ਲਾਲ ਤਾਂਈਂ।
‘ਦੋਹਿਥਾ ਬਾਣੀ ਕਾ ਬੋਹਿਥਾ’ ਕਹਿ ਮੁੱਖੋਂ, ਵਰ ਦਿੱਤਾ ਸੀ ਨੰਨ੍ਹੇ ਜਿਹੇ ਬਾਲ ਤਾਂਈਂ।
ਨਦਰੀ ਨਦਰਿ ਸੀ ਕਰ ਨਿਹਾਲ ਦਿੱਤਾ, ਭਾਈ ਜੇਠੇ ਦੇ ਨੌਨਿਹਾਲ ਤਾਂਈਂ।

ਭਾਈ ਜੇਠੇ ਦੇ ਲਾਡਲੇ ਲਾਲ ਹੈਸਨ, ਮਾਤਾ ਭਾਨੀ ਦੇ ਜਾਏ ਸਨ ਬਾਲ ਅਰਜਨ।
ਨਾਨਾ ਗੁਰੂ ਦੀ ਗੋਦ ’ਚ ਖੇਡ ਖੇਡਾਂ, ਮੁਢਲੇ ਸਾਲ ਬਿਤਾਏ ਸਨ ਬਾਲ ਅਰਜਨ।
ਸਮੇਂ ਸਮੇਂ ’ਤੇ ਨਿਕੜੀ ਉਮਰ ਅੰਦਰ, ਵਰ ਝੋਲੀ ਪੁਆਏ ਸਨ ਬਾਲ ਅਰਜਨ।
ਗੁਰਮਤਿ ਅਤੇ ਗੁਰਬਾਣੀ ਦੀ ਮਿਲੀ ਗੁੜ੍ਹਤੀ, ਆਏ ਧੁਰੋਂ ਵਰੋਸਾਏ ਸਨ ਬਾਲ ਅਰਜਨ।

ਸਹਜ ਅਵੱਸਥਾ ’ਚ ਸ਼ੁਰੂ ਤੋਂ ਰਹੇ ਉਹ ਤਾਂ, ਰੱਬੀ ਰੰਗ ’ਚ ਰੰਗੇ ਸਨ ਬਾਲ ਅਰਜਨ।
ਭਾਵੇਂ ਸਭ ਭਰਾਵਾਂ ਤੋਂ ਸਨ ਛੋਟੇ, ਐਪਰ ਸਭ ਤੋਂ ਚੰਗੇ ਸਨ ਬਾਲ ਅਰਜਨ।
ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਦੇ, ਰਹੇ ਸਦਾ ਹੀ ਸੰਗੇ ਸਨ ਬਾਲ ਅਰਜਨ।
ਪਰ ਪ੍ਰਿਥੀ ਚੰਦ ਦੇ ਸ਼ੁਰੂ ਤੋਂ ਈਰਖਾ ਦੇ, ਜ਼ਹਿਰੀ ਡੰਗਾਂ ਨਾਲ ਡੰਗੇ ਸਨ ਬਾਲ ਅਰਜਨ।

ਸਮੇਂ ਸਮੇਂ ਉਤੇ ਪੰਚਮ ਪਾਤਸ਼ਾਹ ’ਤੇ, ਦੁੱਖ ਮੁਸੀਬਤਾਂ ਦੇ ਘੋਰ ਆਏ ਸੰਕਟ।
ਗੱਦੀ ਬੈਠਣ ਤੋਂ ਪਹਿਲਾਂ ਹੀ ਕਈ ਵਾਰੀ, ਗੁਰੂ ਦੋਖੀ ਸਨ ਕਈ ਲਿਆਏ ਸੰਕਟ।
ਕੀਤੀ ਗਈ ਸੀ ਜਦੋਂ ਦਸਤਾਰ ਬੰਦੀ, ਕਾਲੀ ਘਟਾ ਦੇ ਵਾਂਗ ਸਨ ਛਾਏ ਸੰਕਟ।
ਪ੍ਰਿਥੀ ਚੰਦ ਨੇ ਚੱਲੀਆਂ ਸਦਾ ਚਾਲਾਂ, ਛੋਟੇ ਭਾਈ ਦੇ ਗਲ ਪੁਆਏ ਸੰਕਟ।

ਜ਼ਿੰਮੇਵਾਰੀ ਗੁਰਿਆਈ ਦੀ ਮਿਲੀ ਉਹਨੂੰ, ਗੁਰੂ ਨਜ਼ਰ ‘ਚ ਹੋਇਆ ਪ੍ਰਵਾਨ ਜਿਹੜਾ।
ਕੰਵਲ ਫੁੱਲ ਦੇ ਵਾਂਗ ਨਿਰਲੇਪ ਰਹਿਕੇ, ਗ੍ਰਿਹਸਤੀ ਜੀਵਨ ’ਚ ਪੂਰਨ ਇਨਸਾਨ ਜਿਹੜਾ।
ਸੇਵਾ ਸਿਮਰਨ ਨੂੰ ਜੀਵਨ ਦੇ ਵਿੱਚ ਧਾਰੇ, ਗੁਣਾਂ ਨਾਲ ਭਰਪੂਰ ਗੁਣਵਾਨ ਜਿਹੜਾ।
ਹਰ ਇਕ ਨੂੰ ਵਿਰਸੇ ’ਚ ਨਹੀਂ ਮਿਲਦਾ, ਗੁਰੂ ਅਰਜਨ ਨੂੰ ਮਿਲਿਆ ਸਨਮਾਨ ਜਿਹੜਾ।

ਗੁਰੂ ਨਾਨਕ ਦੀ ਗੱਦੀ ’ਤੇ ਬੈਠ ਕੇ ਤੇ, ਕਰਦੇ ਗੁਰਮਤਿ ਦਾ ਰਹੇ ਪ੍ਰਚਾਰ ਸਤਿਗੁਰ।
ਚੜ੍ਹ ਪੈਂਦਾ ਗਿਆਨ ਦਾ ਕੋਈ ਸੂਰਜ, ਕਰਦੇ ਸੰਗਤ ਨਾਲ ਜਦੋਂ ਵਿਚਾਰ ਸਤਿਗੁਰ।
ਸੁੱਚੀ ਕਿਰਤ ਵਿੱਚ ਅੰਮ੍ਰਿਤ ਦੇ ਘੁੱਟ ਹੁੰਦੇ, ਕਹਿੰਦੇ ਸੰਗਤਾਂ ਨੂੰ ਬਾਰੰਬਾਰ ਸਤਿਗੁਰ।
ਕਰਨੇ ਚਾਹੀਦੇ ਸੇਵਾ ਨਾਲ ਹੱਥ ਸੁੱਚੇ, ਇਹ ਵੀ ਕਹਿੰਦੇ ਸਨ ਪੰਚਮ ਦਾਤਾਰ ਸਤਿਗੁਰ।

ਪੰਚਮ ਪਿਤਾ ਨੇ ਆਪਣੇ ਸਮੇਂ ਅੰਦਰ, ਗੁਰੂ ਘਰ ਤਿਆਰ ਕਰਵਾਏ ਸੋਹਣੇ।
ਦੁਖੀ ਮਨਾਂ ਨੂੰ ਸੁੱਖਾਂ ਦੀ ਮਨੀ ਦੇ ਕੇ, ਤਨ ਮਨ ਦੇ ਸੁੱਖ ਪਹੁੰਚਾਏ ਸੋਹਣੇ।
ਨਾਮ ਬਾਣੀ ਦੇ ਪਾਰਸ ਦੀ ਛੋਹ ਦੇ ਕੇ, ਪਾਪੀ ਹਿਰਦੇ ਸਨ ਪਾਵਨ ਬਣਾਏ ਸੋਹਣੇ।
ਕਥਨੀ ਕਰਨੀ ਨਾਲ ਧਰਮ ਪ੍ਰਚਾਰ ਕਰਕੇ, ਹਰ ਥਾਂ ਧਰਮ ਦੇ ਝੰਡੇ ਝੁਲਾਏ ਸੋਹਣੇ।

ਗੁਰੂਆਂ, ਭਗਤਾਂ ਤੇ ਗੁਰਸਿੱਖ ਪਿਆਰਿਆਂ ਦੀ, ਬਾਣੀ ਕੱਠੀ ਕਰਵਾਈ ਸੀ ਪਾਤਸ਼ਾਹ ਨੇ।
ਰਾਮਸਰ ਸਰੋਵਰ ਦੇ ਬਹਿ ਕੰਢੇ, ਸੁਰਤੀ ਬਿਰਤੀ ਲਗਾਈ ਸੀ ਪਾਤਸ਼ਾਹ ਨੇ।
ਹੱਥ ਭਾਈ ਗੁਰਦਾਸ ਦੇ ਕਲਮ ਦੇ ਕੇ, ਪਾਵਨ ਬਾਣੀ ਲਿਖਵਾਈ ਸੀ ਪਾਤਸ਼ਾਹ ਨੇ।
ਭਾਦੋਂ ਸੁਦੀ ਏਕਮ, ਅੰਮ੍ਰਿਤਸਰ ਅੰਦਰ, ਸਾਰੀ ਸੰਗਤ ਬੁਲਾਈ ਸੀ ਪਾਤਸ਼ਾਹ ਨੇ।

ਆਦਿ ਬੀੜ ਸੰਪੂਰਨ ਅੱਜ ਹੋਈ ਹੈਸੀ, ਸਿੱਖ ਗਏ ਸੱਦੇ ਖਾਸ ਖਾਸ ਏਥੇ।
ਦੂਰੋਂ ਦੂਰੋਂ ਸਨ ਪਹੁੰਚੀਆਂ ਸਿੱਖ ਸੰਗਤਾਂ, ਸ਼ਰਧਾ ਅਦਬ ਤੇ ਨਾਲ ਵਿਸ਼ਵਾਸ ਏਥੇ।
ਗੱਲ ’ਚ ਪਾ ਪੱਲਾ, ਪੰਚਮ ਪਾਤਸ਼ਾਹ ਨੇ, ਗੁਰੂ ਚਰਨਾਂ ’ਚ ਕੀਤੀ ਅਰਦਾਸ ਏਥੇ।
ਰਹਿਮਤ ਪੁਰਖ ਅਕਾਲ ਦੀ ਹੋਈ ਐਸੀ, ਕਾਰਜ ਸਾਰੇ ਹੀ ਹੋਏ ਨੇ ਰਾਸ ਏਥੇ।

ਬਾਬਾ ਬੁੱਢਾ ਜੀ ਸੀਸ ’ਤੇ ਬੀੜ ਰੱਖਕੇ, ਨੰਗੇ ਪੈਰੀਂ ਹਰਿਮੰਦਰ ਵੱਲ ਚੱਲ ਰਹੇ ਸੀ।
ਅੱਗੇ ਅੱਗੇ ਗੁਰਦਾਸ ਜੀ ਪਕੜ ਗੜਵਾ, ਛਿੜਕ ਜ਼ਮੀਨ ਉੱਤੇ ਪਾਵਨ ਜਲ ਰਹੇ ਸੀ।
ਆਪਣੀ ਪੱਗ ਦੇ ਪੱਲੂ ਨਾਲ ਭਾਈ ਬੰਨੋ, ਕਰ ਸਾਫ਼ ਰਸਤਾ ਪਲੋ ਪਲ ਰਹੇ ਸੀ।
ਸੰਗਤਾਂ ਸ਼ਬਦ ਗੁਰਬਾਣੀ ਦੇ ਪੜ੍ਹੀ ਜਾਵਨ, ਪੰਚਮ ਪਾਤਸ਼ਾਹ ਜੀ ਚੌਰ ਝੱਲ ਰਹੇ ਸੀ।

ਹਰਿਮੰਦਰ ਸਜਾ ਕੇ ‘ਬੀੜ’ ਸਾਹਿਬ, ਜਦ ਪ੍ਰਕਾਸ਼ ਕਰਵਾਇਆ ਸੀ ਗੁਰੂ ਅਰਜਨ।
ਰਿਦਾ ਗੁਰੂ ਦਾ ਜਾਨੋਂ ਗਰੰਥ ਅੰਦਰ, ਆਪਣੇ ਮੁੱਖੋਂ ਫੁਰਮਾਇਆ ਸੀ ਗੁਰੂ ਅਰਜਨ।
ਪੋਥੀ ਸਾਹਿਬ ਸਜਾ ਕੇ ਤਖ਼ਤ ਉੱਤੇ, ਥੱਲੇ ਆਸਨ ਲਗਾਇਆ ਸੀ ਗੁਰੂ ਅਰਜਨ।
ਬਾਬਾ ਬੁੱਢਾ ਜੀ ਤਾਂਈਂ ਸਨਮਾਨ ਦੇ ਕੇ, ਮੁੱਖ ਗ੍ਰੰਥੀ ਬਣਾਇਆ ਸੀ ਗੁਰੂ ਅਰਜਨ।

ਚੜ੍ਹਦੀ ਕਲਾ ’ਚ ਸਿੱਖੀ ਨੂੰ ਤੱਕ ਕੇ ਤੇ, ਧੁਰ ਅੰਦਰੋਂ ਖਾਧੀ ਸੀ ਖਾਰ ਦੁਸ਼ਟਾਂ।
ਇਹਨੂੰ ਸਦਾ ਲਈ ਜੜ੍ਹਾਂ ਤੋਂ ਖਤਮ ਕਰਨੈ, ਇਹ ਸੀ ਰੱਖਿਆ ਦਿਲਾਂ ’ਚ ਧਾਰ ਦੁਸ਼ਟਾਂ।
ਸੋਚ ਸਮਝ ਕੇ ਗੁੰਦੀਆਂ ਸਨ ਗੋਂਦਾਂ, ਗੁਰੂ ਘਰ ’ਤੇ ਕਰਨ ਲਈ ਵਾਰ ਦੁਸ਼ਟਾਂ।
ਸ਼ੇਖ ਅਹਿਮਦ ਸਰਹੰਦੀ ਤੇ ਮੁਰਤਜ਼ਾ ਜਿਹੇ, ਕੱਟੜ ਪੰਥੀ ਸਨ ਕੀਤੇ ਤਿਆਰ ਦੁਸ਼ਟਾਂ।

ਜਹਾਂਗੀਰ ਪਿਆਲੇ ਜਦ ਪੀ ਓਧਰ, ਡੁੱਬ ਚੁੱਕਾ ਸੀ ਨਸ਼ੇ ਸ਼ਰਾਬ ਅੰਦਰ।
ਗੁਰੂ ਘਰ ਦੇ ਦੋਖੀਆਂ ਤਾੜ ਮੌਕਾ, ਜ਼ਹਿਰ ਭਰੀ ਸੀ ਓਦੋਂ ਜਨਾਬ ਅੰਦਰ।
ਅਰਜਨ ਨਾਮ ਦਾ ਇਕ ਚਲਾਕ ਸਾਧੂ, ਖੋਲੀ ਬੈਠੈ ਦੁਕਾਨ ਪੰਜਾਬ ਅੰਦਰ।
ਕੀਤੀ ਗਈ ਇਸਲਾਮ ਦੀ ਨਿੰਦਿਆ ਹੈ, ਉਹਦੀ ਲਿਖੀ ਹੋਈ ਖਾਸ ਕਿਤਾਬ ਅੰਦਰ।

ਉਹਨੇ ਗੁਰਾਂ ਦੇ ਕਤਲ ਦਾ ਹੁਕਮ ਦਿੱਤਾ, ਕਰਮ ਧਰਮ ਤੇ ਦੀਨ ਇਮਾਨ ਛੱਡ ਕੇ।
ਚੱਲ ਪਏ ਲਾਹੌਰ ਦੇ ਵੱਲ ਸਤਿਗੁਰ, ਪਾਵਨ ਗੁਰੂ ਕੀ ਨਗਰੀ ਮਹਾਨ ਛੱਡ ਕੇ।
ਚਿਹਰੇ ਫੁੱਲਾਂ ਦੇ ਗਏ ਮੁਰਝਾ ਓਦੋਂ, ਮਾਲੀ ਜਾ ਰਿਹਾ ਸੀ ਗੁਲਿਸਤਾਨ ਛੱਡ ਕੇ।
ਪੀ ਕੇ ਜਾਮਿ ਸ਼ਹਾਦਤ ਅਲੋਪ ਹੋ ਗਏ, ਵੱਸਦਾ ਰੱਸਦਾ ‘ਜਾਚਕ’ ਜਹਾਨ ਛੱਡ ਕੇ।