ਲੂਣਾ – ਦੂਜਾ ਅੰਕ | ਭਾਗ – 2

ਲੂਣਾ – ਦੂਜਾ ਅੰਕ | ਭਾਗ – 1 ਪੜ੍ਹਨ ਲਈ ਕਲਿੱਕ ਕਰੋ

ਸਲਵਾਨ
ਹਾਂ ਸੱਜਣ !
ਮੈਨੂੰ ਨੀਂਦ ਆ ਗਈ
ਹਾਂ ਸੱਜਣ
ਮੈਂ ਸੌਣਾ ਚਾਹੁੰਦਾਂ
ਦਿਨ-ਦੀਵੀਂ,ਭਰ ਸ਼ਿਖਰ ਦੁਪਿਹਰੇ
ਸੂਰਜ ਕਿਤੇ ਬੁਝਾਣਾ ਚਾਹੁੰਦਾਂ
ਹਰ ਦਿਹੁੰ
ਮੇਰੀ ਨੀਂਦ ਦਾ ਪਿੰਡਾ
ਅਗਨ-ਸਰਪਨੀ ਨੇ ਡੰਗਿਆ ਹੈ
ਹਰ ਦਿਹੁੰ ਮੇਰਾ
ਪਰ ਅੰਗ ਛੋਹ ਪਾ
ਹੋਈ ਗਰਭਵਤੀ ਦੇ ਵਾਕਣ
ਲੱਜਿਆ ਸੰਗ ਭਿੱਜਿਆ ਲੰਘਿਆ ਹੈ
ਹਰ ਦਿਹੁੰ ਮੇਰਾ
ਸਮੇਂ ਦੀ ਸੁੱਕੀ ਸੂਲੀ ਉੱਪਰ
ਸੂਤਕ-ਰੁੱਤ ਤੋਂ ਹੀ ਟੰਗਿਆ ਹੈ
ਹਾਂ ਹਾਂ ਸੱਜਣ
ਮੈਂ ਕਹਿੰਦਾਂ
ਮੈਂ ਜਗਰਾਤੇ ਦਾ ਥਲ ਲੰਘਿਆ ਹੈ
ਥੱਕ ਟੁੱਟ ਕੇ ਅੱਜ ਜੀਭ ਮੇਰੀ ਨੇ
ਨੀਂਦਰ ਦਾ
ਇੱਕ ਘੁੱਟ ਮੰਗਿਆ ਹੈ
ਹਾਂ ਸੱਜਣ
ਮੈਨੂੰ ਨੀਂਦ ਆ ਗਈ
ਹਾਂ ਸੱਜਣ
ਮੈਂ ਸੌਣਾ ਚਾਹੁੰਦਾਂ

ਹਾਂ ਹਾਂ ਮੈਂ ਹੁਣ
ਸੌਣਾ ਚਾਹੁੰਦਾਂ
ਆਪਣੇ ਪਰਛਾਵੇਂ ਦੀ ਛਾਵੇਂ
ਮੇਰੇ ਪਰਛਾਵੇਂ ਦੇ ਭਾਵੇਂ
ਪੁੱਤਰ ਟਾਂਵੇ ਟਾਂਵੇ
ਮੇਰੇ
ਪਰਛਾਵੇਂ ਦੀ ਛਾਵੇਂ
ਕੋਈ ਪੰਛੀ ਨਾਂ ਗਾਵੇ
ਮੇਰੇ ਪਰਛਾਵੇਂ ਨੂੰ ਭਾਵੇਂ
ਤੂੰ ਵੀ ਅੰਗ ਨਾਂ ਲਾਵੇਂ
ਪਰ ਮੈਂ
ਫਿਰ ਵੀ ਸੌਣਾ ਚਾਹੁੰਦਾਂ
ਆਪਣੀ ਧੁੱਪ ਦੀ ਛਾਵੇਂ
ਹਾਂ ਸੱਜਣ
ਸੱਭ ਆਪਣੀ ਧੁੱਪ ਨੂੰ
ਧੁੱਪਿਓੰ ਛਾਵੇਂ ਕਰਦੇ
ਆਪਣੀ ਧੁੱਪ ਦਾ ਆਪਣੇ ਹੱਥੀਂ
ਚੀਰ-ਹਰਨ ਹਨ ਕਰਦੇ
ਦਿਹੁੰ ਦੇ ਗਜ
ਉਮਰ ਦਾ ਕੱਪੜਾ
ਮਿਣ ਮਿਣ ਸਾਰੇ ਮਰਦੇ
ਸੱਭੇ ਛਾਂ ਦੇ ਜਾਲ ਵਿਛਾ ਕੇ
ਨਿੰਦਰਾਏ ਪਲ ਫੜਦੇ
ਨਿੰਦਰਾਏ ਹਾਂ ਸਾਰੇ ਜੰਮਦੇ
ਨਿੰਦਰਾਏ ਹਾਂ ਮਰਦੇ

ਵਰਮਨ
ਠੀਕ ਅਸੀਂ ਹਾਂ
ਸਭ ਨਿੰਦਰਾਏ
ਸਭ ਉਨੀਂਦੀ
ਜੂਨੇ ਆਏ
ਅਗਨ-ਬਿਰਛ ਲੁੰਜੇ, ਬੇ-ਪੱਤਰੇ
ਸਭਨਾਂ ਆਪਣੀ ਨੀਂਦਰ ਖ਼ਾਤਰ
ਦੇਹੀਆਂ ਦੀ
ਵਲਗਣ ਵਿੱਚ ਲਾਏ
ਤੇ ਉਸ ਥੱਲੇ
ਪੱਟ ਵਿਛਾਏ
ਫਿਰ ਵੀ ਸਾਨੂੰ ਨੀਂਦ ਨਾ ਆਏ
ਸਾਡੀ ਛਾਂ ਨੂੰ
ਸਾਡੀ ਧੁੱਪ ਹੀ
ਕਈ ਵਾਰੀ ਨਾ ਅੰਗ ਛੁਹਾਏ
ਪਰ ਮਿੱਤਰ
ਹੇ ਮੇਰੇ ਸੱਜਣ
ਜੀਭ ਤੇਰੀ ਕੋਈ ਬਾਤ ਤਾਂ ਪਾਏ
ਬੋਲ ਕੁਲਹਿਣੇ
ਨੀਂਦਰ ਵਾਲੇ
ਕਿਓਂ ਤੇਰੇ ਹੋਠਾਂ ‘ਤੇ ਆਏ ?

ਸਲਵਾਨ
ਕੀਹ ਪਾਵਾਂ
ਮੈਂ ਬਾਤ ਪਿਆਰੇ ?
ਜਿਨ੍ਹਾਂ ਖੂਹਾਂ ਦੇ ਪਾਣੀ ਖਾਰੇ
ਕਦੇ ਨਾ ਪਨਘਟ
ਬਣਨ ਵਿਚਾਰੇ

(ਚਲਦਾ….)