ਧੁਰ ਕੀ ਬਾਣੀ – ਹਰੀ ਸਿੰਘ ਜਾਚਕ

ਪਾਵਨ ਗ੍ਰੰਥ ਨੇ ਦੁਨੀਆਂ ’ਚ ਕਈ ਭਾਵੇਂ, ਪਰ ਗੁਰੂ ਗ੍ਰੰਥ ਜੀ ਇਕੋ ਸੰਸਾਰ ਅੰਦਰ।
ਰੱਬੀ ਤੱਤ ਹਨ ਜੁਗਾਂ ਜੁਗਾਤਰਾਂ ਦੇ, ਧੁਰ ਕੀ ਬਾਣੀ ਦੇ ਭਰੇ ਭੰਡਾਰ ਅੰਦਰ।
ਦੈਵੀ ਗਿਆਨ ਦਾ ਹੈ ਅਮੁੱਕ ਸੋਮਾ, ਬ੍ਰਹਮ ਗਿਆਨ ਇਸ ਬ੍ਰਹਮ ਵੀਚਾਰ ਅੰਦਰ।
ਬਾਣੀ ਸਦਾ ਹੀ ਸਾਨੂੰ ਇਹ ਸੇਧ ਦੇਵੇ, ਰਹਿਣੈ ਕਮਲ ਦੇ ਵਾਂਗ ਸੰਸਾਰ ਅੰਦਰ।

ਧੁਰ ਕੀ ਬਾਣੀ ਨੂੰ ਪੂਰਨ ਤਰਤੀਬ ਦੇਣੀ, ਨਹੀਂ ਸੀ ਛੋਟਾ ਜਾਂ ਕੋਈ ਆਸਾਨ ਕਾਰਜ।
ਪੰਚਮ ਪਿਤਾ ਨੇ ਜਿਦਾਂ ਸੀ ਇਹ ਕੀਤਾ, ਕਰ ਸਕਦਾ ਨਹੀਂ ਕੋਈ ਇਨਸਾਨ ਕਾਰਜ।
ਨਾਲ ਗੁਰਾਂ ਦੇ ਭਾਈ ਗੁਰਦਾਸ ਜੀ ਨੇ, ਕੀਤਾ ਹੋ ਕੇ ਅੰਤਰ ਧਿਆਨ ਕਾਰਜ।
ਜੁਗੋ ਜੁਗ ਜੋ ਸਦਾ ਅਟੱਲ ਰਹਿਣੈ, ਤਿੰਨਾਂ ਸਾਲਾਂ ’ਚ ਹੋਇਆ ਮਹਾਨ ਕਾਰਜ।

ਗੁਰੂਆਂ, ਭਗਤਾਂ ਤੇ ਗੁਰਸਿੱਖ ਪਿਆਰਿਆਂ ਦੀ, ਬਾਣੀ ਕੱਠੀ ਕਰਵਾਈ ਸੀ ਗੁਰੂ ਅਰਜਨ।
ਰਾਮਸਰ ਸਰੋਵਰ ਦੇ ਬਹਿ ਕੰਢੇ, ਸੁਰਤੀ ਬਿਰਤੀ ਲਗਾਈ ਸੀ ਗੁਰੂ ਅਰਜਨ।
ਕਲਮ ਦੇ ਕੇ ਹੱਥ ਗੁਰਦਾਸ ਜੀ ਦੇ, ਪਾਵਨ ਬਾਣੀ ਲਿਖਵਾਈ ਸੀ ਗੁਰੂ ਅਰਜਨ।
ਭਾਦੋਂ ਸੁਦੀ ਏਕਮ, ਅੰਮ੍ਰਿਤਸਰ ਅੰਦਰ, ਸਾਰੀ ਸੰਗਤ ਬੁਲਾਈ ਸੀ ਗੁਰੂ ਅਰਜਨ।

ਆਦਿ ਬੀੜ ਸੰਪੂਰਨ ਅੱਜ ਹੋਈ ਹੈਸੀ, ਸਿੱਖ ਗਏ ਸੱਦੇ ਖਾਸ ਖਾਸ ਏਥੇ।
ਦੂਰੋਂ ਦੂਰੋਂ ਸਨ ਪਹੁੰਚੀਆਂ ਸਿੱਖ ਸੰਗਤਾਂ, ਸ਼ਰਧਾ ਅਦਬ ਤੇ ਨਾਲ ਵਿਸ਼ਵਾਸ ਏਥੇ।
ਗੱਲ ’ਚ ਪਾ ਪੱਲਾ, ਪੰਚਮ ਪਾਤਸ਼ਾਹ ਨੇ, ਗੁਰੂ ਚਰਨਾਂ ’ਚ ਕੀਤੀ ਅਰਦਾਸ ਏਥੇ।
ਰਹਿਮਤ ਪੁਰਖ ਅਕਾਲ ਦੀ ਹੋਈ ਐਸੀ, ਕਾਰਜ ਸਾਰੇ ਹੀ ਹੋਏ ਨੇ ਰਾਸ ਏਥੇ।

ਬਾਬਾ ਬੁੱਢਾ ਜੀ ਸੀਸ ਤੇ ‘ਬੀੜ’ ਰੱਖਕੇ, ਨੰਗੇ ਪੈਰੀਂ ਹਰਿਮੰਦਰ ਵੱਲ ਚੱਲ ਰਹੇ ਸੀ।
ਆਪਣੀ ਪੱਗ ਦੇ ਪੱਲੂ ਨਾਲ ਭਾਈ ਬੰਨੋ, ਕਰ ਸਾਫ ਰਸਤਾ ਪਲੋ ਪਲ ਰਹੇ ਸੀ।
ਅੱਗੇ ਅੱਗੇ ਗੁਰਦਾਸ ਜੀ ਪਕੜ ਗੜਵਾ, ਛਿੜਕ ਜ਼ਮੀਨ ਉੱਤੇ ਪਾਵਨ ਜਲ ਰਹੇ ਸੀ।
ਸੰਗਤਾਂ ਸ਼ਬਦ ਗੁਰਬਾਣੀ ਦੇ ਪੜ੍ਹੀ ਜਾਵਣ, ਪੰਚਮ ਪਾਤਸ਼ਾਹ ਜੀ ਚੌਰ ਝੱਲ ਰਹੇ ਸੀ।

ਪਾਵਨ ਬੀੜ ਲਿਆ ਕੇ ਹਰੀਮੰਦਰ, ਜਦ ਪ੍ਰਕਾਸ਼ ਕਰਵਾਇਆ ਸੀ ਪਾਤਸ਼ਾਹ ਨੇ।
ਪੋਥੀ ਸਾਹਿਬ ਸਜਾ ਕੇ ਤਖ਼ਤ ਉੱਤੇ, ਥੱਲੇ ਆਸਨ ਲਗਾਇਆ ਸੀ ਪਾਤਸ਼ਾਹ ਨੇ।
ਮੇਰੀ ਦੇਹ ਤੋਂ ਵੱਧ ਸਤਿਕਾਰ ਕਰਿਉ, ਸੰਗਤਾਂ ਤਾਂਈਂ ਸਮਝਾਇਆ ਸੀ ਪਾਤਸ਼ਾਹ ਨੇ।
ਬਾਬਾ ਬੁੱਢਾ ਜੀ ਤਾਂਈਂ ਸਨਮਾਨ ਦੇ ਕੇ, ਪਹਿਲੇ ਗ੍ਰੰਥੀ ਬਣਾਇਆ ਸੀ ਪਾਤਸ਼ਾਹ ਨੇ।

ਜਗਦੇ ਦੀਵੇ ਨਾਲ ਜਗਦਾ ਹੈ ਜਿਵੇਂ ਦੀਵਾ, ਦੱਸਾਂ ਗੁਰੂਆਂ ਨੇ ਜੋਤ ਜਗਾਈ ਸੋਹਣੀ।
ਸਮੇਂ ਸਮੇਂ ’ਤੇ ਧਾਰ ਕੇ ਦਸ ਜਾਮੇਂ, ਇਕ ਦੂਜੇ ’ਚ ਜੋਤ ਸੀ ਪਾਈ ਸੋਹਣੀ।
ਮੁੱਖੋਂ ‘ਆਦਿ ਗ੍ਰੰਥ’ ਨੂੰ ‘ਗੁਰੂ’ ਕਹਿ ਕੇ, ਜੋਤ ਸ਼ਬਦ ਦੇ ਵਿੱਚ ਸਮਾਈ ਸੋਹਣੀ।
ਜੁਗੋ ਜੁਗ ਅਟੱਲ ਹੈ ਗੁਰਬਾਣੀ, ਇਹਨੂੰ ਮਿਲੀ ਸੀ ਪਾਵਨ ਗੁਰਿਆਈ ਸੋਹਣੀ।

ਅੱਲਾ ਰਾਮ ਤੇ ਵਾਹਿਗੁਰੂ ਹੈ ਇਕੋ, ਤੱਤ ਸਾਰ ਇਹ ਸਾਨੂੰ ਸਮਝਾਏ ਬਾਣੀ।
ਜੀਹਦੇ ਹੁਕਮ ’ਚ ਵਰਤ ਰਹੀ ਖੇਡ ਸਾਰੀ, ਓਸੇ ਕਰਤੇ ਦੇ ਲੜ ਹੀ ਲਾਏ ਬਾਣੀ।
ਏਕ ਨੂਰ ਤੋਂ ਉਪਜਿਆ ਜਗ ਸਾਰਾ, ਵੰਡ ਵਿਤਕਰੇ ਸਾਰੇ ਮਿਟਾਏ ਬਾਣੀ।
ਸ਼ੁਭ ਅਮਲਾਂ ਦੇ ਬਾਝੋਂ ਨਹੀਂ ਗਲ ਬਣਨੀ, ਵਾਰ ਵਾਰ ਇਹ ਗੱਲ ਦੁਹਰਾਏ ਬਾਣੀ।

ਅੰਮ੍ਰਿਤ ਰਸ ਨੂੰ ਜਿਹੜੇ ਵੀ ਚੱਖ ਲੈਂਦੇ, ਅੰਮ੍ਰਿਤ ਸਾਗਰ ’ਚ ਲਾਉਂਦੇ ਉਹ ਤਾਰੀਆਂ ਨੇ।
ਸਾਰੇ ਰੋਗਾਂ ਦਾ ਦਾਰੂ ਹੈ ਗੁਰੂਬਾਣੀ, ਖਤਮ ਹੁੰਦੀਆਂ ਜੜੋਂ ਬਿਮਾਰੀਆਂ ਨੇ।
ਮੁਰਦਾ ਰੂਹਾਂ ’ਚ ਜ਼ਿੰਦਗੀ ਸਰਕ ਪੈਂਦੀ, ਇਹਦੇ ਵਿੱਚ ਹੀ ਬਰਕਤਾਂ ਸਾਰੀਆਂ ਨੇ।
ਨਾਮ ਬਾਣੀ ’ਚ ਜਿਹੜੇ ਨੇ ਲੀਨ ਰਹਿੰਦੇ, ਚੜ੍ਹੀਆਂ ਰਹਿੰਦੀਆਂ ਨਾਮ ਖੁਮਾਰੀਆਂ ਨੇ।

ਜਿਹੜਾ ਰਹਿੰਦਾ ਏ ਤਰਕ ਦੀ ਕੈਦ ਅੰਦਰ, ਕਿਵੇਂ ਉਸ ਦੀ ਸਮਝ ਇਹ ਆਏ ਬਾਣੀ।
ਮੰਨਦਾ ਜੋ ਗੁਰਬਾਣੀ ਦੀ ਸਿੱਖਿਆ ਨੂੰ, ਉਹਨੂੰ ਭਵਜਲੋਂ ਪਾਰ ਲੰਘਾਏ ਬਾਣੀ।
ਉਹਦੇ ਦੁਖਾਂ ਕਲੇਸ਼ਾਂ ਦਾ ਨਾਸ਼ ਹੁੰਦੈ, ਜੀਹਦੇ ਹਿਰਦੇ ਦੇ ਵਿੱਚ ਸਮਾਏ ਬਾਣੀ।
‘ਜਾਚਕ’ ਸੱਚ ਦੀ ਹੈ ਅਵਾਜ਼ ਇਹ ਤਾਂ, ਸ਼ਬਦ ਸੁਰਤ ਦਾ ਮੇਲ ਕਰਵਾਏ ਬਾਣੀ।

ਸਰਬ ਸਾਂਝੀ ਇਹ ਸਾਰੀ ਮਨੁੱਖਤਾ ਲਈ, ਸਮਝ ਲਏ ਜੇ ਸਾਰਾ ਸੰਸਾਰ ਬਾਣੀ।
ਚੰਚਲ ਮਨ ਦੇ ਘੋੜੇ ਨੂੰ ਕਰੇ ਕਾਬੂ, ਰੱਬੀ ਪਿਆਰ ਵਾਲੇ ਚਾਬਕ ਮਾਰ ਬਾਣੀ।
ਲੋਕੀਂ ਮਰ ਕੇ ਮੁਕਤੀਆਂ ਭਾਲਦੇ ਨੇ, ਪਰ ਜੀਉਂਦੇ ਜੀਅ ਹੀ ਦੇਂਦੀ ਏ ਮਾਰ ਬਾਣੀ।
ਗੁਰੂ ਚਰਨਾਂ ’ਚ ‘ਜਾਚਕ’ ਅਰਦਾਸ ਕਰੀਏ, ਸਾਡੇ ਜੀਵਨ ਦਾ ਬਣੇ ਆਧਾਰ ਬਾਣੀ।