ਸ਼ਹੀਦੀ

ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ – ਹਰੀ ਸਿੰਘ ਜਾਚਕ

ਲਾਲ ਗੁਰੂ ਦੇ ਚੌਂਕ ਜਿਉਂ ਲਾਲ ਕਰ ਗਏ, ਕਰ ਸਕੇ ਨਾ ਮਾਈ ਦਾ ਲਾਲ ਕੋਈ।
ਜਿਉਂਦੇ ਜੀਅ ਸੀ ਸਾੜਿਆ ਗਿਆ ਕੋਈ, ਦਿੱਤਾ ਦੇਗੇ ਦੇ ਵਿੱਚ ਉਬਾਲ ਕੋਈ।
ਗੁਰੂ ਤੇਗ ’ਤੇ ਤੇਗ ਦਾ ਵਾਰ ਹੋਇਆ, ਤਿੰਨਾਂ ਲੋਕਾਂ ’ਚ ਆਇਆ ਭੂਚਾਲ ਕੋਈ।
ਜੋ ਕੁਝ ਹੋਇਆ ਸੀ ਚਾਂਦਨੀ ਚੌਂਕ ਅੰਦਰ, ਦੁਨੀਆਂ ਵਿੱਚ ਨਹੀਂ ਮਿਲਦੀ ਮਿਸਾਲ ਕੋਈ।

ਅਜੇ ਕੱਲ ਹੀ ਤਾਂ ਮਤੀਦਾਸ ਤਾਂਈਂ, ਦਬਕੇ ਦੇ ਦੇ ਦੁਸ਼ਟਾਂ ਡਰਾਇਆ ਹੈਸੀ।
ਏਸ ਸਿੱਖ ਨੂੰ ਦੀਨ ਮਨਵਾਉਣ ਖ਼ਾਤਿਰ, ਜ਼ੋਰ ਕਾਜ਼ੀ ਨੇ ਬੜਾ ਲਗਾਇਆ ਹੈਸੀ।
ਚੀਰ ਦੇਣ ਲਈ ਆਰੇ ਦੇ ਨਾਲ ਇਹਨੂੰ, ਆਖ਼ਰ ਓਸ ਨੇ ਫਤਵਾ ਸੁਣਾਇਆ ਹੈਸੀ।
ਖ਼ਾਹਿਸ਼ ਆਖ਼ਰੀ ਪੁੱਛੀ ਜਦ ਗਈ ਉਸ ਤੋਂ, ਮੁੱਖ ਗੁਰਾਂ ਦੇ ਵੱਲ ਫੁਰਮਾਇਆ ਹੈਸੀ।

ਮੰਨ ਕੇ ਹੁਕਮ ਜਲਾਦ ਨੇ ਉਸ ਤਾਂਈਂ, ਰੱਸੇ ਕੱਸ ਕੇ ਫੱਟੇ ’ਤੇ ਪੀੜਿਆ ਸੀ।
ਆਰਾ ਉਸਦੇ ਸੀਸ ਤੇ ਰੱਖ ਕੇ ਤੇ, ਲੱਕੜ ਵਾਂਗ ਵਿਚਕਾਰ ਤੋਂ ਚੀਰਿਆ ਸੀ।
ਖੋਪੜ ਚਿਰਿਆ ਤੇ ਖੂਨ ਦੀ ਧਾਰ ਚੱਲੀ, ਜਪਦੇ ਜਪੁਜੀ ਮੁੱਖ ਤੋਂ ਜਾ ਰਹੇ ਸੀ।
ਨੌਵੀਂ ਜੋਤ ਦੇ ਵੱਲ ਨੂੰ ਮੁੱਖ ਹੈਸੀ, ਮਰਦਾਂ ਵਾਂਗ ਸ਼ਹੀਦੀਆਂ ਪਾ ਰਹੇ ਸੀ।

ਪਰਸੋਂ ਭਾਈ ਦਿਆਲੇ ਨੂੰ ਏਸ ਥਾਂ ’ਤੇ, ਦੇਗ਼ ਉਬਲਦੀ ਦੇ ਵਿੱਚ ਉਬਾਲਿਆ ਸੀ।
ਜਿਉਂਦੇ ਜੀਅ ਨੂੰ ਰਿੰਨ੍ਹਿਆ ਜ਼ਾਲਮਾਂ ਨੇ, ਥੱਲੇ ਅੱਗ ਵਾਲਾ ਭਾਂਬੜ ਬਾਲਿਆ ਸੀ।
ਸੁਰਤ ਉਹਦੀ ਗੁਰ ਚਰਨਾਂ ’ਚ ਜੁੜੀ ਹੋਈ ਸੀ, ਜੀਵਨ ਮਰਨ ਨੂੰ ਉਹਨੇ ਭੁਲਾ ਲਿਆ ਸੀ।
ਗੁਰੂ ਅਰਜਨ ਦੇ ਚੱਲ ਕੇ ਪੂਰਨੇ ’ਤੇ, ਸਿੱਖੀ ਸਿਦਕ ਨੂੰ ਤੋੜ ਨਿਭਾ ਲਿਆ ਸੀ।

ਸਤੀ ਦਾਸ ਜਦ ਧਰਮ ਤੋਂ ਡੋਲਿਆ ਨਾ, ਦਿੱਤੇ ਕਸ਼ਟ ਫਿਰ ਬਣਤ ਬਣਾ ਕੇ ਤੇ।
ਕੋਮਲ ਜਿਸਮ ’ਤੇ ਰੂਈਂ ਲਪੇਟ ਦਿੱਤੀ, ਲੋਕਾਂ ਸਾਹਮਣੇ ਉਹਨੂੰ ਖੜ੍ਹਾ ਕੇ ਤੇ।
ਕਰ ਦਿੱਤੀ ਤਸ਼ੱਦਦ ਦੀ ਹੱਦ ਉਹਨਾਂ, ਅੰਗ ਅੰਗ ਉੱਤੇ ਤੇਲ ਪਾ ਕੇ ਤੇ।
ਕਰ ਦਿੱਤਾ ਸੀ ਜ਼ਿੰਦਾ ਸ਼ਹੀਦ ਉਹਨੂੰ, ਹੱਥੀਂ ਜ਼ਾਲਮਾਂ ਨੇ ਲਾਂਬੂ ਲਾ ਕੇ ਤੇ।

ਭੀੜ ਅੱਜ ਵੀ ਜੁੜੀ ਹੈ ਬਹੁਤ ਭਾਰੀ, ਖੂਨ ਜ਼ਿਮੀਂ ਅਸਮਾਨ ’ਚੋਂ ਵੱਗ ਰਿਹਾ ਏ।
ਓਧਰ ਨੋਂਵੇਂ ਦਾਤਾਰ ਨਿਸ਼ਚਿੰਤ ਬੈਠੇ, ਇਧਰ ਹੋ ਬੇਚੈਨ ਅੱਜ ਜੱਗ ਰਿਹਾ ਏ।
ਨੂਰ ਮੁਖੜੇ ’ਤੇ ਠਾਠਾਂ ਮਾਰਦਾ ਏ, ਮਸਤੀ ਨੈਣਾਂ ’ਚ ਉਨ੍ਹਾਂ ਦੇ ਛਾਈ ਹੋਈ ਏ।
ਹਰਖ ਸੋਗ ਨਾ ਚਿਹਰੇ ’ਤੇ ਨਜ਼ਰ ਆਵੇ, ਬਿਰਤੀ ਨਾਮ ’ਚ ਉਨ੍ਹਾਂ ਲਗਾਈ ਹੋਈ ਏ।

ਧੁਰ ਕੀ ਬਾਣੀ ’ਚ ਬਿਰਤੀ ਨੂੰ ਜੋੜ ਕੇ ਤੇ, ਭੋਗ ਜਪੁਜੀ ਸਾਹਿਬ ਦਾ ਪਾ ਦਿੱਤਾ।
ਇੱਧਰ ਹੱਥ ਜੱਲਾਦ ਦਾ ਉਠਿਆ ਏ, ਉਧਰ ਸਤਿਗੁਰਾਂ ਨੇ ਮੁਸਕਰਾ ਦਿੱਤਾ।
ਜਦੋਂ ਸੀਸ ਤੇ ਧੜ ਅਲੱਗ ਹੋਏ, ਝੁਲੀ ਸਖ਼ਤ ਹਨੇਰੀ ਤੁਫਾਨ ਚੱਲਿਆ।
ਭਾਈ ਜੈਤਾ ਉਠਾ ਕੇ ਸੀਸ ਪਾਵਨ, ਰੱਖਕੇ ਤਲੀ ’ਤੇ ਆਪਣੀ ਜਾਨ ਚੱਲਿਆ।

ਭਾਈ ਉਦੇ, ਗੁਰਦਿੱਤੇ ਨੇ ਧੜ ਤਾਂਈਂ, ਲੱਖੀ ਸ਼ਾਹ ਦੇ ਗੱਡੇ ’ਚ ਆਨ ਰੱਖਿਆ।
ਧੜ ਸਣੇ ਮਕਾਨ ਨੂੰ ਅੱਗ ਲਾ ਕੇ, ਉਹਨੇ ਗੁਰੂ ਦਾ ਮਾਣ ਸਨਮਾਨ ਰੱਖਿਆ।
ਦੀਨਾਂ ਦੁੱਖੀਆਂ ਦੀ ਰੱਖਿਆ ਲਈ ‘ਜਾਚਕ’, ਸੀਸ ਆਪਣਾ ਸਤਿਗੁਰਾਂ ਵਾਰ ਦਿੱਤਾ।
ਨੌਵੀਂ ਜੋਤ ਅਦੁੱਤੀ ਬਲੀਦਾਨ ਦੇ ਕੇ, ਸਿੱਖ ਕੌਮ ਨੂੰ ਨਵਾਂ ਨਿਖਾਰ ਦਿੱਤਾ।

ਸ਼ਹੀਦੀ ਗੁਰੂ ਅਰਜਨ ਦੇਵ ਜੀ – ਹਰੀ ਸਿੰਘ ਜਾਚਕ

ਬੂਟਾ ਸਿੱਖੀ ਦਾ ਲਾਇਆ ਜੋ ਗੁਰੂ ਨਾਨਕ, ਸੋਹਣੇ ਫੁੱਲ ਤੇ ਫਲ ਸੀ ਆਉਣ ਲੱਗੇ।
ਪੰਚਮ ਪਾਤਸ਼ਾਹ ਏਸਦੀ ਮਹਿਕ ਤਾਂਈਂ, ਸਾਰੇ ਜਗਤ ਦੇ ਵਿੱਚ ਫੈਲਾਉਣ ਲੱਗੇ।
‘ਆਦਿ ਬੀੜ’ ਤੇ ਤਾਈਂ ਤਿਆਰ ਕਰਕੇ, ਜੀਵਨ ਜੀਉਣ ਦੀ ਜੁਗਤ ਸਿਖਾਉਣ ਲੱਗੇ।
ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਖਾਤਰ, ਕੋਨੇ ਕੋਨੇ ਤੋਂ ਸਿੱਖ ਸਨ ਆਉਣ ਲੱਗੇ।

ਓਧਰ ਸਿੱਖੀ ਦੀ ਲਹਿਰ ਦੇ ਖ਼ਾਤਮੇ ਲਈ, ਦੋਖੀ ਸੋਚਾਂ ਦੇ ਘੋੜੇ ਦੁੜਾਉਣ ਲੱਗੇ।
ਲਾਉਣ ਲਈ ਗ਼੍ਰਹਿਣ ਇਸ ਚੰਨ ਤਾਈਂ, ਘਟੀਆ ਢੰਗ ਤਰੀਕੇ ਅਪਨਾਉਣ ਲੱਗੇ।
ਤਰ੍ਹਾਂ ਤਰ੍ਹਾਂ ਦੇ ਝੂਠੇ ਇਲਜ਼ਾਮ ਲਾ ਕੇ, ਜਹਾਂਗੀਰ ਦੇ ਤਾਂਈਂ ਭੜਕਾਉਣ ਲੱਗੇ।
ਬਾਗੀ ਖੁਸਰੋ ਦੀ ਮਦਦ ਦੇ ਦੋਸ਼ ਥੱਲੇ, ਬਲਦੀ ਅੱਗ ਉਤੇ ਤੇਲ ਪਾਉਣ ਲੱਗੇ।

ਜਹਾਂਗੀਰ ਨੇ ਆਖਿਰ ਇਹ ਹੁਕਮ ਦਿੱਤਾ, ਬੰਦ ਝੂਠ ਦੀ ਇਹ ਦੁਕਾਨ ਹੋਵੇ।
ਅਰਜਨ ਦੇਵ ਨੂੰ ਦੇਈਏ ਸਜ਼ਾ ਐਸੀ, ਚਰਚਾ ਜਿਨ੍ਹਾਂ ਦੀ ਵਿੱਚ ਜਹਾਨ ਹੋਵੇ।
ਡਿੱਗੇ ਲਹੂ ਦੀ ਬੂੰਦ ਨਾ ਧਰਤ ਉੱਤੇ, ਜਦੋਂ ਤੱਕ ਸਰੀਰ ਵਿੱਚ ਜਾਨ ਹੋਵੇ।
ਆਖਰ ਦੇਣਾ ਦਰਿਆ ਵਿੱਚ ਰੋਹੜ ਇਹਨੂੰ, ਚੁੱਪ ਸਦਾ ਲਈ ਇਹ ਜ਼ੁਬਾਨ ਹੋਵੇ।

ਜੇਠ ਹਾੜ੍ਹ ਦੀ ਕੜਕਦੀ ਧੁੱਪ ਅੰਦਰ, ਪੈਰ ਧਰਤੀ ’ਤੇ ਧਰਿਆ ਨਾ ਜਾ ਰਿਹਾ ਸੀ।
ਸੜਦੀ ਤਪਦੀ ਜ਼ਮੀਨ ਦੀ ਹਿੱਕ ਵਿੱਚੋਂ, ਲਾਵਾ ਫੁੱਟ ਕੇ ਬਾਹਰ ਨੂੰ ਆ ਰਿਹਾ ਸੀ।
ਲਾਲੋ ਲਾਲ ਸੂਰਜ ਆਪਣੇ ਜੋਸ਼ ਅੰਦਰ, ਉੱਤੋਂ ਅੱਗ ਦੇ ਗੋਲੇ ਵਰਸਾ ਰਿਹਾ ਸੀ।
ਪੰਚਮ ਪਾਤਸ਼ਾਹ ਇਹੋ ਜਿਹੇ ਸਮੇਂ ਅੰਦਰ, ਤੱਤੀ ਤਵੀ ’ਤੇ ਚੌਂਕੜਾ ਲਾ ਰਿਹਾ ਸੀ।

ਲਾਲ ਤਵੀ ਵੱਲ ਵੇਖ ਕੇ ਕਹਿਣ ਲੱਗੇ, ਇਹਨੇ ਸਿੱਖੀ ਦੀਆਂ ਸ਼ਾਨਾਂ ਨੂੰ ਜਨਮ ਦੇਣੈ।
ਤੱਤੀ ਰੇਤਾ ਜੋ ਸੀਸ ਵਿੱਚ ਪੈ ਰਹੀ ਏ, ਇਹਨੇ ਅਣਖੀ ਜੁਆਨਾਂ ਨੂੰ ਜਨਮ ਦੇਣੈ।
ਉਬਲ ਰਿਹਾ ਜੋ ਪਾਣੀ ਇਹ ਦੇਗ ਅੰਦਰ, ਇਹਨੇ ਲੱਖਾਂ ਤੂਫਾਨਾਂ ਨੂੰ ਜਨਮ ਦੇਣੈ।
ਮੇਰੇ ਜਿਸਮ ’ਤੇ ਪਏ ਹੋਏ ਛਾਲਿਆਂ ਨੇ, ਮੀਰੀ ਪੀਰੀ ਕਿਰਪਾਨਾਂ ਨੂੰ ਜਨਮ ਦੇਣੈ।

ਕਸ਼ਟ ਸਹਿ ਕੇ ਕੋਮਲ ਸਰੀਰ ਉਤੇ, ਭਾਣਾ ਮਿੱਠਾ ਕਰ ਮੰਨਿਆ, ਗੁਰੂ ਅਰਜਨ।
ਸੀਸ ਵਿੱਚ ਪੁਆ ਕੇ ਰੇਤ ਤੱਤੀ, ਸਿਰ ਜ਼ੁਲਮ ਦਾ ਭੰਨਿਆ, ਗੁਰੂ ਅਰਜਨ।
ਪੈਦਾ ਲੱਖਾਂ ਸ਼ਹੀਦ ਸਨ ਹੋਏ ਉਸ ਤੋਂ, ਮੁੱਢ ਜੇਸਦਾ ਬੰਨ੍ਹਿਆ, ਗੁਰੂ ਅਰਜਨ।
ਤਾਹੀਂਉਂ ਸ਼ਹੀਦਾਂ ਦੇ ਸਿਰਤਾਜ ਲਿਖਿਐ, ਤਵਾਰੀਖ ਦੇ ਪੰਨਿਆਂ, ਗੁਰੂ ਅਰਜਨ।

ਕਿਵੇਂ ਸਬਰ ਨੇ ਜਬਰ ਨੂੰ ਮਾਤ ਦਿੱਤੀ, ਦੁਨੀਆਂ ਤਾਂਈਂ ਮੈਂ ਅੱਜ ਦਿਖਲਾ ਚੱਲਿਆਂ।
ਸਹਿ ਕੇ ਜ਼ੁਲਮ ਅਸਹਿ ਨਾ ਸੀਅ ਕੀਤੀ, ਛਾਪ ਸੱਚ ਦੀ ਦਿਲਾਂ ’ਤੇ ਲਾ ਚੱਲਿਆਂ।
ਮੇਰੇ ਸਿੱਖ ਨਾ ਸਿਦਕ ਤੋਂ ਡੋਲ ਜਾਵਣ, ਏਸੇ ਲਈ ਮੈਂ ਪੂਰਨੇ ਪਾ ਚੱਲਿਆਂ।
ਸਿਹਰਾ ਬੰਨ੍ਹ ਸ਼ਹੀਦੀ ਦਾ ਸਿਰ ਉਤੇ, ਜੂਝ ਮਰਣ ਦਾ ਵੱਲ ਸਿਖਾ ਚੱਲਿਆਂ।

ਕਹਿੰਦੇ ਖੂਨ ਨੂੰ ਬੜਾ ਵਿਆਜ ਲੱਗਦਾ, ਸਿੱਖ ਸ਼ੁਰੂ ਤੋਂ ਜੱਗ ਨੂੰ ਦੱਸਦੇ ਰਹੇ।
ਗੋਡੇ ਟੇਕੇ ਨਹੀਂ ਕਦੀ ਵੀ ਜ਼ੁਲਮ ਅੱਗੇ, ਬੰਦ ਬੰਦ ਕਟਵਾਉਂਦੇ ਵੀ ਹੱਸਦੇ ਰਹੇ।
ਲੜੇ ਜੰਗ ਅੰਦਰ ਤਲੀ ਸੀਸ ਧਰਕੇ, ਦੁਸ਼ਮਣ ਤੱਕਦੇ ਰਹੇ ਨਾਲੇ ਨੱਸਦੇ ਰਹੇ।
ਭਾਣਾ ਮੰਨਿਆ ਖਾਲਸੇ ਖਿੜੇ ਮੱਥੇ, ਜ਼ਹਿਰੀ ਨਾਗ ਭਾਂਵੇਂ ‘ਜਾਚਕ’ ਡੱਸਦੇ ਰਹੇ।