ਕਵਿਤਾਵਾਂ

ਧਰਮ ਦੀ ਢਾਲ-ਗੁਰੂ ਤੇਗ ਬਹਾਦਰ – ਹਰੀ ਸਿੰਘ ਜਾਚਕ

ਨਾਲ ਜਬਰ ਦੇ ਬਦਲਣੈ ਧਰਮ ਏਥੇ, ਐਸਾ ਢੰਗ ਹੈਸੀ ਆਲਮਗੀਰ ਚੁਣਿਆ।
ਇਕ ਸਿਰੇ ਤੋਂ ਮੁਸਲਮ ਬਣਾਉਣ ਖ਼ਾਤਰ, ਸਭ ਤੋਂ ਪਹਿਲਾਂ ਸੀ ਓਸ ਕਸ਼ਮੀਰ ਚੁਣਿਆ।
ਅਮਲੀ ਜਾਮਾ ਪਹਿਨਾਉਣ ਲਈ ਏਸ ਤਾਂਈਂ, ਉਸਨੇ ਸ਼ੇਰ ਅਫ਼ਗਾਨ ਵਜ਼ੀਰ ਚੁਣਿਆ।
ਹਿੰਦੂ ਧਰਮ ਦੇ ਚੁਣੇ ਵਿਦਵਾਨ ਪੰਡਿਤ, ਕਿਰਪਾ ਰਾਮ ਵਰਗਾ ਧਰਮਵੀਰ ਚੁਣਿਆ।

ਲੱਗੇ ਸੋਚਾਂ ਦੇ ਘੋੜੇ ਦੁੜਾਉਣ ਪੰਡਿਤ, ਖਹਿੜਾ ਇਹਦੇ ਤੋਂ ਸਾਡਾ ਛੁਡਾਊ ਕਿਹੜਾ।
ਇਹਦੇ ਜ਼ੁਲਮ ਦੇ ਹੜ੍ਹ ਨੂੰ ਠੱਲ ਪਾ ਕੇ, ਬੇੜਾ ਧਰਮ ਦਾ ਬੰਨੇ ਲਗਾਊ ਕਿਹੜਾ।
ਜਿਹੜੇ ਪੁੱਤ ਨੇ ਪਿਉ ਨੂੰ ਬਖਸ਼ਿਆ ਨਹੀਂ, ਉਹਦੇ ਹੱਥੋਂ ਹੁਣ ਸਾਨੂੰ ਬਚਾਊ ਕਿਹੜਾ।
ਕਿਹੜਾ ਨਿਤਰੂ ਮਰਦ ਮੈਦਾਨ ਅੰਦਰ, ਮੱਥਾ ਮੁਗਲ ਸਰਕਾਰ ਨਾਲ ਲਾਊ ਕਿਹੜਾ।

ਡਿੱਗਦੇ ਢਹਿੰਦੇ ਹੋਏ ਮਾਰੇ ਮੁਸੀਬਤਾਂ ਦੇ, ਅਨੰਦਪੁਰ ’ਚ ਇਹ ਹਿੰਦੂ ਵੀਰ ਪਹੁੰਚੇ।
ਦੁਖੀ ਦਿਲਾਂ ਦੀ ਦਾਦ ਫਰਿਆਦ ਲੈ ਕੇ, ਹੋ ਕੇ ਬੜੇ ਲਾਚਾਰ ਦਿਲਗੀਰ ਪਹੁੰਚੇ।
ਸਹਿਮੇ, ਡਰੇ ਤੇ ਬੜੇ ਬੇਬੱਸ ਹੋਏ, ਨੈਣਾਂ ਵਿੱਚੋਂ ਵਗਾਉਂਦੇ ਹੋਏ ਨੀਰ ਪਹੁੰਚੇ।
ਗੁਰੂ ਨਾਨਕ ਦੇ ਏਸ ਦਰਬਾਰ ਅੰਦਰ, ਨੌਵੇਂ ਪਾਤਸ਼ਾਹ ਕੋਲ ਅਖ਼ੀਰ ਪਹੁੰਚੇ।

ਕਿਰਪਾ ਰਾਮ ਨੇ ਗੱਲ ਵਿੱਚ ਪਾ ਪੱਲਾ, ਹੱਥ ਬੰਨ੍ਹ ਕੇ ਕੀਤੀ ਅਰਜ਼ੋਈ ਦਾਤਾ।
ਝੱਖੜ ਜ਼ੁਲਮ ਦਾ ਝੁਲਿਐ ਚਹੁੰ ਪਾਸੀਂ, ਥੰਮਣ ਵਾਲਾ ਨਹੀਂ ਦਿੱਸਦਾ ਕੋਈ ਦਾਤਾ।
ਸਿਰ ’ਤੇ ਟੁੱਟੇ ਪਹਾੜ ਮੁਸੀਬਤਾਂ ਦੇ, ਸਾਡੇ ਨਾਲ ਅਣਹੋਣੀ ਹੈ ਹੋਈ ਦਾਤਾ।
ਗਲੇ ਲੱਗ ਕੇ ਤਿਲਕ ਤੇ ਜੰਝੂਆਂ ਦੇ, ਜ਼ਾਰੋਜ਼ਾਰ ਅੱਜ ਬੋਦੀ ਹੈ ਰੋਈ ਦਾਤਾ।

ਵਾਰੋ ਵਾਰੀ ਫਿਰ ਨਾਲ ਸਨ ਆਏ ਜਿਹੜੇ, ਕੇਰ ਕੇਰ ਕੇ ਹੰਝੂ ਉਹ ਕਹਿ ਰਹੇ ਨੇ।
ਆਈ ਹੋਈ ਏ ਖ਼ੂਨੀ ਬਰਸਾਤ ਦਾਤਾ, ਨਾਲੇ ਲਹੂ ਦੇ ਥਾਂ ਥਾਂ ਵਹਿ ਰਹੇ ਨੇ।
ਮੌਤ ਰਹੀ ਖੜਕਾ ਹਰ ਥਾਂ ਡਮਰੂ, ਘਰ ਘਰ ’ਚ ਵੈਣ ਹੁਣ ਪੈ ਰਹੇ ਨੇ।
ਖੇਡੀ ਜਾ ਰਹੀ ਖੂਨ ਦੇ ਨਾਲ ਹੋਲੀ, ਸਵਾ ਮਣ ਜੰਝੂ ਰੋਜ਼ ਲਹਿ ਰਹੇ ਨੇ।

ਮਸਤ ਹਾਥੀ ਦੇ ਵਾਂਗ ਇਹ ਭੂਤਰੇ ਨੇ, ਬਣਾ ਰਹੇ ਜਬਰੀ ਮੁਸਲਮਾਨ ਦਾਤਾ।
ਜਿਹੜਾ ਨਹੀਂ ਇਸਲਾਮ ਕਬੂਲ ਕਰਦਾ, ਕੱਢ ਲੈਂਦੇ ਨੇ ਉਸਦੀ ਜਾਨ ਦਾਤਾ।
ਦੜ ਵੱਟ ਕੇ ਬੈਠੇ ਸਭ ਸੂਰਮੇ ਨੇ, ਰਾਜਪੂਤ, ਮਰਹੱਟੇ ਚੌਹਾਨ ਦਾਤਾ।
ਅੱਖੀਂ ਦੇਖ ਕੇ ਅੱਖੀਆਂ ਮੀਟ ਲਈਆਂ, ਜਾਣ ਬੁਝ ਕੇ ਬਣੇ ਅਨਜਾਣ ਦਾਤਾ।

ਠੱਲ ਪਾਉਣ ਲਈ ਜ਼ਾਲਮ ਦੇ ਜ਼ੁਲਮ ਤਾਂਈਂ, ਸਿਰ ’ਤੇ ਬੀੜਾ ਉਠਾਇਆ ਸੀ ਪਾਤਸ਼ਾਹ ਨੇ।
ਦੇਣਾ ਪੈਣਾ ਏ ਮੈਨੂੰ ਬਲੀਦਾਨ ਹੁਣ ਤਾਂ, ਆਪਣਾ ਮਨ ਬਣਾਇਆ ਸੀ ਪਾਤਸ਼ਾਹ ਨੇ।
ਦੁਖੀਆਂ ਅਤੇ ਮਜ਼ਲੂਮਾਂ ਦੇ ਬਣ ਦਰਦੀ, ਦੁਖ ਦਰਦ ਵੰਡਾਇਆ ਸੀ ਪਾਤਸ਼ਾਹ ਨੇ।
ਤਿਲਕ ਜੰਝੂ ਦੀ ਰੱਖਿਆ ਕਰਨ ਨਿਕਲੇ, ਭਾਂਵੇਂ ਜੰਝੂ ਨਾ ਪਾਇਆ ਸੀ ਪਾਤਸ਼ਾਹ ਨੇ।

ਕੀਤੇ ਬਚਨਾਂ ਨੂੰ ਤੋੜ ਨਿਭਾਉਣ ਖਾਤਰ, ਤੁਰ ਪਏ ਦਿੱਲੀ ਨੂੰ ਦੀਨ ਦਇਆਲ ਆਖਿਰ।
ਭਾਈ ਉਦਾ ਗੁਰਦਿੱਤਾ ਤੇ ਭਾਈ ਜੈਤਾ, ਮਤੀਦਾਸ ਦਿਆਲਾ ਸੀ ਨਾਲ ਆਖਿਰ।
ਰਸਤੇ ਵਿੱਚ ਫਿਰ ਥਾਂ ਥਾਂ ਸੰਗਤਾਂ ਨੂੰ, ਬਚਨਾਂ ਨਾਲ ਸੀ ਕੀਤਾ ਨਿਹਾਲ ਆਖਿਰ।
ਜਾ ਕੇ ਆਗਰੇ ਸੀ ਗ਼੍ਰਿਫ਼ਤਾਰ ਹੋ ਗਏ, ਦਿੱਲੀ ਲੈ ਗਿਆ ਨਾਲ ਕੋਤਵਾਲ ਆਖਿਰ।

ਕਿਹਾ ਗੁਰਾਂ ਨੂੰ ਦਿੱਲੀ ਦੇ ਵਿੱਚ ਕਾਜ਼ੀ, ਕਾਮਲ ਮੁਰਸ਼ਦ ਹੋ ਹਿੰਦੁਸਤਾਨ ਅੰਦਰ।
ਤੁਸਾਂ ਲਈ ਏ ਅਦਬ ਸਤਿਕਾਰ ਡਾਢਾ, ਹਰ ਧਰਮ ਦੇ ਹਰ ਇਨਸਾਨ ਅੰਦਰ।
ਅਸੀਂ ਚਾਹੁੰਦੇ ਇਸਲਾਮ ਦਾ ਬੋਲਬਾਲਾ, ਹੋ ਜਾਏ ਹੁਣ ਸਾਰੇ ਜਹਾਨ ਅੰਦਰ।
ਜੇਕਰ ਤੁਸੀਂ ਵੀ ਦੀਨ ਕਬੂਲ ਕਰ ਲਉ, ਇਕੋ ਧਰਮ ਹੋਜੂ ਹਿੰਦੁਸਤਾਨ ਅੰਦਰ।

ਸਤਿਗੁਰ ਹੱਸੇ ਤੇ ਹੱਸ ਕੇ ਕਹਿਣ ਲੱਗੇ, ਮੋਮੇ ਠੱਗਣੀਆਂ ਗੱਲਾਂ ਤੂੰ ਛੱਡ ਕਾਜ਼ੀ।
ਕੋਈ ਧਰਮ ਨਹੀਂ ਫਲ ਤੇ ਫੁਲ ਸਕਦਾ, ਦੂਜੇ ਧਰਮਾਂ ਦੇ ਲੋਕਾਂ ਨੂੰ ਵੱਢ ਕਾਜ਼ੀ।
ਇਹ ਨਹੀਂ ਹੋ ਸਕਿਆ ਇਹ ਨਹੀਂ ਹੋ ਸਕਣਾ, ਇਸ ਵਹਿਮ ਨੂੰ ਦਿਲੋਂ ਤੂੰ ਕੱਢ ਕਾਜ਼ੀ।
ਪ੍ਰੇਮ ਪਿਆਰ ਨਾਲ ਲੋਕਾਂ ਦੇ ਦਿਲਾਂ ਅੰਦਰ, ਝੰਡੇ ਧਰਮ ਇਸਲਾਮ ਦੇ ਗੱਡ ਕਾਜ਼ੀ।

ਗੱਲ ਹੋਰ ਧਿਆਨ ਦੇ ਨਾਲ ਸੁਣ ਲੈ, ਮੈਂ ਨਹੀਂ ਏਥੇ ਕੁਝ ਸੁਣਨ ਸੁਣਾਉਣ ਆਇਆ।
ਕਰਾਮਾਤ ਨਹੀਂ ਕੋਈ ਦਿਖਾਣ ਆਇਆ, ਨਾ ਦੀਨ ਇਸਲਾਮ ਅਪਨਾਉਣ ਆਇਆ।
ਸਭ ਕਾਦਰ ਦੇ ਹੁਕਮ ’ਚ ਹੋ ਰਿਹਾ ਏ, ਉਹਦੇ ਰਾਹ ਨਹੀਂ ਰੋੜਾ ਅਟਕਾਉਣ ਆਇਆ।
ਅਨੰਦਪੁਰੀ ਦੇ ਸਾਰੇ ਅਨੰਦ ਛੱਡ ਕੇ, ਮੈਂ ਤਾਂ ਸੀਸ ਹਾਂ ਕਲਮ ਕਰਵਾਉਣ ਆਇਆ।

ਹੋਣੀ ਨੱਚੀ ਫਿਰ ਚਾਂਦਨੀ ਚੌਂਕ ਅੰਦਰ, ਨੌਂਵੇ ਗੁਰੂ ਜਦ ਚੌਂਕੜਾ ਮਾਰ ਬਹਿ ਗਏ।
ਸਾਨੂੰ ਧਰਮ ਪਿਆਰਾ ਏ ਜਿੰਦ ਨਾਲੋਂ, ਏਨਾ ਕਹਿ ਕੇ ਮੇਰੇ ਦਾਤਾਰ ਬਹਿ ਗਏ।
ਤਿਲਕ ਜੰਝੂ ਦੀ ਰੱਖਿਆ ਕਰਨ ਦੇ ਲਈ, ਮੌਤ ਵਰਨ ਲਈ ਹੋ ਤਿਆਰ ਬਹਿ ਗਏ।
ਡੁਬਦਾ ਹਿੰਦ ਦਾ ਬੇੜਾ ਬਚਾਉਣ ਖਾਤਰ, ਸੀਸ ਦੇਣ ਲਈ ਦਿਲ ਵਿੱਚ ਧਾਰ ਬਹਿ ਗਏ।

ਜਲਾਲੂਦੀਨ ਜਲਾਦ ਨੇ ਕਈ ਵਾਰੀ, ਤੇਜ ਤਿੱਖੀ ਤਲਵਾਰ ਦੀ ਧਾਰ ਤੱਕੀ।
ਕਈ ਵਾਰੀ ਸੀ ਕੰਬਣੀ ਛਿੜੀ ਓਹਨੂੰ, ਸਾਹਵੇਂ ਬੈਠੀ ਜਦ ਨੂਰੀ ਨੁਹਾਰ ਤੱਕੀ।
ਕਤਲ ਕੀਤੇ ਸਨ ਜੇਸ ਅਣਗਿਣਤ ਬੰਦੇ, ਪਹਿਲੀ ਵਾਰ ਉਸ ਆਪਣੀ ਹਾਰ ਤੱਕੀ।
ਉਹਦੀ ਮਾਨਸਕ ਹਾਲਤ ਸੀ ਉਸ ਵੇਲੇ, ਅੰਤਰਦ੍ਰਿਸ਼ਟੀ ਨਾਲ ਮੇਰੇ ਦਾਤਾਰ ਤੱਕੀ।

ਤੱਕ ਕੇ ਓਸ ਵੱਲ ਫੇਰ ਦਾਤਾਰ ਬੋਲੇ, ਨਹੀਂ ਤੇਰਾ ਵੀ ਨਹੀਂ ਕਸੂਰ ਸੱਜਣਾ।
ਤੇਰੇ ਸਿਰ ’ਤੇ ਕੂਕਦਾ ਹੁਕਮ ਸ਼ਾਹੀ, ਹੁਕਮ ਮੰਨਣ ਲਈ ਤੂੰ ਮਜਬੂਰ ਸੱਜਣਾ।
ਅੱਜ ਤੇਰੇ ਇਮਤਿਹਾਨ ਦੀ ਘੜੀ ਆਈ, ਡਰ ਭੈ ਸਭ ਕਰ ਤੂੰ ਦੂਰ ਸੱਜਣਾ।
ਏਧਰ ਤੂੰ ਤਲਵਾਰ ਦਾ ਵਾਰ ਕਰ ਦਈਂ, ਓਧਰ ਮੈਨੂੰ ਵੀ ਆਊ ਸਰੂਰ ਸੱਜਣਾ।

ਜਪੁਜੀ ਸਾਹਿਬ ਜੀ ਦਾ ਪਾਵਨ ਪਾਠ ਪੂਰਾ, ਕਰ ਲਿਆ ਜਦ ਮੇਰੇ ਦਾਤਾਰ ਹੈਸੀ।
ਜਲਾਲੂਦੀਨ ਜਲਾਦ ਨੇ ਸੀਸ ਉੱਤੇ, ਕੀਤਾ ਨਾਲ ਤਲਵਾਰ ਦੇ ਵਾਰ ਹੈਸੀ।
ਸੀਸ ਧੜ ਤੋਂ ਲਾਂਭੇ ਸੀ ਹੋ ਡਿੱਗਿਆ, ਪਾਵਨ ਲਹੂ ਦੀ ਫੁੱਟੀ ਫੁਹਾਰ ਹੈਸੀ।
ਹਾਹਾਕਾਰ ਸੀ ਮਚ ਗਈ ਜੱਗ ਅੰਦਰ, ਸੁਰਲੋਕ ਹੋਈ ਜੈ ਜੈ ਕਾਰ ਹੈਸੀ।

ਜ਼ੁਲਮੀ ਤੇਗ ਦੀ ਪਿਆਸ ਬੁਝਾ ਦਿੱਤੀ, ਸ਼ਾਹ ਰਗ ਦਾ ਖੂਨ ਪਿਆਲ ਸਤਿਗੁਰ।
ਆਈ ਹੋਈ ਮੁਸੀਬਤ ਮਨੁੱਖਤਾ ’ਤੇ, ਸੀਸ ਦੇ ਕੇ ਦਿੱਤੀ ਸੀ ਟਾਲ ਸਤਿਗੁਰ।
ਆਪਣੇ ਪਾਵਨ ਪਵਿੱਤਰ ਬਲੀਦਾਨ ਸਦਕਾ, ਸਚਮੁੱਚ ਧਰਮ ਦੀ ਬਣ ਗਏ ਢਾਲ ਸਤਿਗੁਰ।
ਰਹਿੰਦੀ ਦੁਨੀਆਂ ਤੱਕ ‘ਜਾਚਕ’ ਨਹੀਂ ਬੁਝ ਸਕਦੀ, ਦਿੱਤੀ ਸ਼ਮਾਂ ਸ਼ਹੀਦੀ ਦੀ ਬਾਲ ਸਤਿਗੁਰ।

ਗੁਰੂ ਹਰਿਕ੍ਰਿਸ਼ਨ ਜੀ – ਹਰੀ ਸਿੰਘ ਜਾਚਕ

ਸੱਤਵੇਂ ਮਾਂਹ ਦੀ ਸੱਤ ਤਾਰੀਖ ਸੋਹਣੀ, ਪ੍ਰਗਟੇ ਗੁਰੂ ਅੱਠਵੇਂ ਕੀਰਤਪੁਰ ਹੈਸੀ।
ਖਿੜਿਆ ਫੁੱਲ ਤੇ ਭੌਰਿਆਂ ਗੀਤ ਗਾਏ, ਕੱਢੀ ਕੋਇਲਾਂ ਨੇ ਮਿੱਠੀ ਜਿਹੀ ਸੁਰ ਹੈਸੀ।
ਰਹਿ ਕੇ ਬਾਣੀ ’ਚ ਸ਼ੁਰੂ ਤੋਂ ਲੀਨ ਹਰਦਮ, ਗੁਰੂ ਪਿਤਾ ਦੇ ਰਸਤੇ ਪਏ ਤੁਰ ਹੈਸੀ।
ਪੰਜ ਸਾਲਾਂ ਦੀ ਨਿਕੜੀ ਉਮਰ ਸੀ ਜਦ, ਬੈਠੇ ਗੁਰਗੱਦੀ ਅੱਠਵੇਂ ਗੁਰ ਹੈਸੀ।

ਬਾਲ ਗੁਰੂ ਗੁਰਗੱਦੀ ’ਤੇ ਬੈਠ ਕੇ ਤੇ, ਦੈਵੀ ਚਾਨਣ ਤੇ ਬਖਸ਼ੀ ਅਗਵਾਈ ਸੋਹਣੀ।
ਨਾਨਕ ਜੋਤ ਨੂਰਾਨੀ ਹੁਣ ਬਦਲ ਚੋਲਾ, ਏਸ ਬਾਲਕ ਦੇ ਰੂਪ ਵਿੱਚ ਆਈ ਸੋਹਣੀ।
ਦੈਵੀ ਸ਼ਕਤੀਆਂ ਸਦਕਾ ਹੀ ਪਾਤਸ਼ਾਹ ਨੇ, ਜ਼ਿੰਮੇਵਾਰੀ ਸੀ ਤੋੜ ਨਿਭਾਈ ਸੋਹਣੀ।
‘ਜਿਸ ਡਿਠੈ ਸਭਿ ਦੁਖ ਜਾਇ’ ਲਿਖਕੇ, ਦਸਮ ਪਿਤਾ ਨੇ ਕੀਤੀ ਵਡਿਆਈ ਸੋਹਣੀ।

ਰਾਮ ਰਾਇ ਦੀ ਬੁੱਧੀ ਸੀ ਗਈ ਭ੍ਰਿਸ਼ਟੀ, ਕਿਹਾ ਗੁਰਾਂ ਨੂੰ ‘ਮਾਤਾ ਦਾ ਮਾਲ’ ਉਸਨੇ।
ਲੈਣ ਵਾਸਤੇ ਪਾਵਨ ਗੁਰਿਆਈ ਤਾਂਈਂ, ਚੱਲੀ ਬੜੀ ਹੀ ਕੋਝੀ ਸੀ ਚਾਲ ਉਸਨੇ।
ਲਾਲਚ ਵੱਸ ਮਸੰਦਾਂ ਨੂੰ ਕਰਕੇ ਤੇ, ਗੰਢ ਲਿਆ ਸੀ ਆਪਣੇ ਨਾਲ ਉਸਨੇ।
ਮੱਦਦ ਮੰਗੀ ਫਿਰ ਔਰੰਗਜ਼ੇਬ ਕੋਲੋਂ, ਗਲਦੀ ਵੇਖੀ ਨਾ ਜਦੋਂ ਕੋਈ ਦਾਲ ਉਸਨੇ।

ਸੱਦਾ ਆਇਆ ਸੀ ਜਦੋਂ ਫਿਰ ਬਾਦਸ਼ਾਹ ਦਾ, ਗੁਰਾਂ ਜਾਣ ਤੋਂ ਕੀਤਾ ਇਨਕਾਰ ਓਦੋਂ।
ਅਰਜ਼ ਮੰਨ ਐਪਰ ਰਾਜਾ ਜੈ ਸਿੰਘ ਦੀ, ਹੋ ਗਏ ਗੁਰੂ ਜੀ ਫੇਰ ਤਿਆਰ ਓਦੋਂ।
ਬਾਲਾ ਪ੍ਰੀਤਮ ਨਾਲ ਦਿੱਲੀ ਨੂੰ ਜਾਣ ਦੇ ਲਈ, ਸੰਗਤਾਂ ਤੁਰੀਆਂ ਸੀ ਬੇਸ਼ੁਮਾਰ ਓਦੋਂ।
ਉੱਘੇ ਸਿੱਖਾਂ ਤੋਂ ਬਿਨਾਂ ਸਭ ਮੋੜ ਦਿੱਤੀਆਂ, ਪਹੁੰਚ ਪੰਜੋਖਰੇ, ਨੂਰੀ ਨੁਹਾਰ ਓਦੋਂ।

ਭੁੱਲੜ ਬਾਹਮਣ ਪੰਜੋਖਰੇ ਵਿਖੇ ਆ ਕੇ, ਗੁਰੂ ਸਾਹਿਬ ਨਾਲ ਜਦੋਂ ਤਕਰਾਰ ਕੀਤਾ।
ਛੱਜੂ ਝਿਊਰ ’ਤੇ ਮਿਹਰ ਦੀ ਨਜ਼ਰ ਕਰ ਕੇ, ਅਨਪੜ੍ਹ ਤਾਂਈਂ ਵਿਦਵਾਨ ਦਾਤਾਰ ਕੀਤਾ।
ਦਿੱਬ ਦ੍ਰਿਸ਼ਟ ਨਾਲ ਛੱਜੂ ਨੇ ਮੁੱਖ ਵਿੱਚੋਂ, ਪਾਵਨ ਗੀਤਾ ਦਾ ਅਰਥ ਵਿਚਾਰ ਕੀਤਾ।
ਕੌਤਕ ਤੱਕ ਸਾਰਾ ਕਿਸ਼ਨ ਲਾਲ ਪੰਡਿਤ, ਚਰਨਾਂ ਵਿੱਚ ਢਹਿ ਕੇ ਨਮਸਕਾਰ ਕੀਤਾ।

ਸਾਰੇ ਰਾਹ ਵਿੱਚ ਤਾਰ ਕੇ ਸੰਗਤਾਂ ਨੂੰ, ਆਖ਼ਰ ਚੱਲ ਕੇ ਦਿੱਲੀ ਨੂੰ ਆਏ ਸਤਿਗੁਰ।
ਰਾਜਾ ਜੈ ਸਿੰਘ ਦੇ ਸੁੰਦਰ ਬੰਗਲੇ ਵਿੱਚ, ਨਾਲ ਅਦਬ ਦੇ ਗਏ ਠਹਿਰਾਏ ਸਤਿਗੁਰ।
ਸਿੱਖ ਧਰਮ ਦਾ ਕਰਨ ਪ੍ਰਚਾਰ ਲੱਗੇ, ਹਰ ਰੋਜ਼ ਦੀਵਾਨ ਸਜਾਏ ਸਤਿਗੁਰ।
ਔਰੰਗਜ਼ੇਬ ਨੂੰ ਮਿਲਣ ਤੋਂ ਨਾਂਹ ਕਰਕੇ, ਗੁਰੂ ਪਿਤਾ ਦੇ ਬਚਨ ਨਿਭਾਏ ਸਤਿਗੁਰ।

ਰਾਣੀ ਜੈ ਸਿੰਘ ਜਦੋਂ ਸੀ ਪਰਖ ਕੀਤੀ, ਚਰਨ ਓਸੇ ਦੀ ਗੋਦ ਵਿੱਚ ਪਾਏ ਦਿੱਲੀ।
ਸੇਵਾ ਕੀਤੀ ਸੀ ਦੁੱਖੀਆਂ ਤੇ ਰੋਗੀਆਂ ਦੀ, ਜਿਹੜੇ ਹੋਏ ਸੀ ਬੜੇ ਘਬਰਾਏ ਦਿੱਲੀ।
ਸਾਰੇ ਪਿੰਡੇ ’ਤੇ ਉਦੋਂ ਫਿਰ ਪਾਤਿਸ਼ਾਹ ਦੇ, ਛਾਲੇ ਚੇਚਕ ਦੇ ਨਿਕਲ ਸੀ ਆਏ ਦਿੱਲੀ।
ਮੁੱਖੋਂ ‘ਬਾਬਾ ਬਕਾਲਾ’ ਫਿਰ ਕਹਿ ‘ਜਾਚਕ’, ਜੋਤੀ ਜੋਤ ਸੀ, ਆਖਰ ਸਮਾਏ ਦਿੱਲੀ।

ਗੁਰੂ ਹਰਿਰਾਇ ਸਾਹਿਬ ਜੀ – ਹਰੀ ਸਿੰਘ ਜਾਚਕ

ਕੀਰਤਪੁਰ ਦੀ ਧਰਤੀ ਨੂੰ ਭਾਗ ਲੱਗੇ, ਹਰਿਰਾਇ ਦਾ ਹੋਇਆ ਪ੍ਰਕਾਸ਼ ਹੈਸੀ।
ਨੂਰੀ ਮੁਖੜਾ ਤੱਕ ਕੇ ਸੰਗਤਾਂ ਨੂੰ, ਧੁਰ ਅੰਦਰੋਂ ਚੜ੍ਹਿਆ ਹੁਲਾਸ ਹੈਸੀ।
ਖੁਸ਼ੀਆਂ ਖੇੜੇ ਲੈ ਏਥੋਂ ਸੀ ਵਿਦਾ ਹੋਇਆ, ਜਿਹੜਾ ਜਿਹੜਾ ਵੀ ਆਇਆ ਉਦਾਸ ਹੈਸੀ।
ਸ਼ਸਤਰ ਵਿਦਿਆ ਨਾਲ ਹੀ ਬਾਲਕੇ ਨੇ, ਘੋੜ ਸਵਾਰੀ ਦਾ ਕੀਤਾ ਅਭਿਆਸ ਹੈਸੀ।

ਕਲੀਆਂਦਾਰ ਚੋਲਾ ਇਕ ਦਿਨ ਪਹਿਨ ਕੇ ਤੇ, ਟਹਿਲ ਰਹੇ ਹਰਿਰਾਇ ਸੀ ਬਾਗ਼ ਅੰਦਰ।
ਫੁੱਲ ਟਹਿਣੀਉਂ ਟੁੱਟੇ ਜਦ ਨਾਲ ਅੜ ਕੇ, ਕੋਮਲ ਹਿਰਦਾ ਸੀ ਆਇਆ ਵੈਰਾਗ ਅੰਦਰ।
ਕਿਹਾ ਗੁਰਾਂ ਜਦ, ਦਾਮਨ ਸੰਕੋਚ ਚੱਲੋ, ਲੱਗ ਗਈ ਸੀ ਉਨ੍ਹਾਂ ਦੇ ਜਾਗ ਅੰਦਰ।
ਸਾਰੀ ਉਮਰ ਜੋ ਰੋਸ਼ਨੀ ਰਿਹਾ ਵੰਡਦਾ, ਜਗ ਮਗ ਜਗ ਪਿਆ ਕੋਈ ਚਰਾਗ਼ ਅੰਦਰ।

ਚੌਦਾਂ ਸਾਲ ਦੀ ਉਮਰ ਸੀ ਜਦੋਂ ਹੋਈ, ਛੇਵੇਂ ਪਾਤਸ਼ਾਹ ਹੱਥੀਂ ਗੁਰਿਆਈ ਬਖ਼ਸੀ।
ਯੋਗ ਜਾਣ ਕੇ ਆਪਣੇ ਪੋਤਰੇ ਨੂੰ, ਸਭ ਤੋਂ ਵੱਡੀ ਸੀ ਗੁਰਾਂ ਵਡਿਆਈ ਬਖ਼ਸ਼ੀ।
ਦੂਰ ਕਰਨ ਲਈ ਝੂਠ ਦੀ ਧੁੰਧ ਤਾਂਈਂ, ਨਾਨਕ ਜੋਤ ਦੀ ਪਾਵਨ ਰੁਸ਼ਨਾਈ ਬਖ਼ਸ਼ੀ।
ਆਪਣੇ ਸਮੇਂ ’ਚ ਗੁਰਾਂ ਨੇ ਹਰ ਪੱਖੋਂ, ਸਿੱਖ ਕੌਮ ਨੂੰ ਸੋਹਣੀ ਅਗਵਾਈ ਬਖ਼ਸ਼ੀ।

ਕੋਮਲ ਹਿਰਦਾ ਸੀ ਜਿਨ੍ਹਾਂ ਦਾ ਵਾਂਗ ਫੁੱਲਾਂ, ਵੰਡੀ ਵਿੱਚ ਸੰਸਾਰ ਸੁਗੰਧ ਓਨ੍ਹਾਂ।
ਰੱਬੀ ਪ੍ਰੇਮ ਦੀ ਤਾਰ ਨਾਲ ਬੰਨ੍ਹ ਸਭ ਨੂੰ, ਜੋੜ ਦਿੱਤੇ ਸੀ ਟੁੱਟੇ ਸਬੰਧ ਓਨ੍ਹਾਂ।
ਕਾਲ ਪਿਆ ਜਦ ਪੂਰੇ ਪੰਜਾਬ ਅੰਦਰ, ਲੇਖੇ ਲਾਇਆ ਸੀ ਸਾਰਾ ਦਸਵੰਧ ਓਨ੍ਹਾਂ।
ਲੋੜਵੰਦਾਂ ਦੀ ਲੋੜ ਨੂੰ ਮੁੱਖ ਰੱਖਕੇ, ਲੰਗਰ ਬਸਤਰ ਦਾ ਕੀਤਾ ਪ੍ਰਬੰਧ ਓਨ੍ਹਾਂ।

ਬਾਲਕ ਫੂਲ ਤੇ ਸੰਦਲੀ ਜਦੋਂ ਲੈ ਕੇ, ਕਾਲਾ ਚੌਧਰੀ ਆਇਆ ਦਰਬਾਰ ਅੰਦਰ।
ਹੱਥ ਫੇਰਨੇ ਢਿੱਡਾਂ ’ਤੇ ਸ਼ੁਰੂ ਕੀਤੇ, ਬੱਚਿਆਂ ਟੇਕ ਕੇ ਮੱਥਾ, ਸਤਿਕਾਰ ਅੰਦਰ।
ਗੁਰਾਂ ਤਾਂਈਂ ਸੀ ਦੱਸਿਆ ਚੌਧਰੀ ਨੇ, ਡਾਢੇ ਭੁੱਖ ਨੇ ਕੀਤੇ ਲਾਚਾਰ ਅੰਦਰ।
ਰਾਜੇ ਬਣਨਗੇ ਇਹ ਰਿਆਸਤਾਂ ਦੇ, ਗੁਰਾਂ ਕਿਹਾ ਸੀ ਅੱਗੋਂ ਖ਼ੁਮਾਰ ਅੰਦਰ।

ਸੁਣ ਕੇ ਕੀਰਤਨ ਇਕ ਦਿਨ ਪਾਤਸ਼ਾਹ ਜੀ, ਲੇਟੇ ਮੰਜੇ ਤੋਂ ਉੱਠੇ ਝੱਟਪੱਟ ਹੈਸੀ।
ਕਾਹਲੀ ਨਾਲ ਜਦ ਉਤਰੇ ਆਪ ਹੇਠਾਂ, ਲੱਗੀ ਗੋਡੇ ’ਤੇ ਓਨ੍ਹਾਂ ਦੇ ਸੱਟ ਹੈਸੀ।
ਕਿਹਾ ਸਿੱਖਾਂ ਨੇ, ਪਿਆਰੇ ਪਾਤਸ਼ਾਹ ਜੀ, ਤੁਸੀਂ ਕਿਉਂ ਉੱਠੇ, ਫਟਾਫੱਟ ਹੈਸੀ।
ਅਸਾਂ ਬਾਣੀ ਦਾ ਪੂਰਨ ਸਤਿਕਾਰ ਕਰਨੈ, ਅੱਗੋਂ ਕਿਹਾ ਦਾਤਾਰ ਨੇ ਝੱਟ ਹੈਸੀ।

ਦੂਰ ਦੂਰ ਤੱਕ ਸਿੱਖੀ ਪ੍ਰਚਾਰ ਕਰਕੇ, ਖਲਕਤ, ਸੁੱਤੀ ਜਗਾਈ ਸੀ ਪਾਤਸ਼ਾਹ ਨੇ।
ਰੱਖੇ ਬਾਈ ਸੌ ਘੋੜ ਸਵਾਰ ਭਾਂਵੇਂ, ਨਾ ਕੋਈ ਕੀਤੀ ਲੜਾਈ ਸੀ ਪਾਤਸ਼ਾਹ ਨੇ।
ਥਾਂ ਥਾਂ ਖੋਹਲ ਗਰੀਬਾਂ ਲਈ ਦਵਾਖਾਨੇ, ਸੁਖੀ ਕੀਤੀ ਲੋਕਾਈ ਸੀ ਪਾਤਸ਼ਾਹ ਨੇ।
ਰਾਜੀ ਜੀਹਦੇ ਨਾਲ ਦਾਰਾ ਸ਼ਿਕੋਹ ਹੋਇਆ, ਏਥੋਂ ਭੇਜੀ ਦਵਾਈ ਸੀ ਪਾਤਸ਼ਾਹ ਨੇ।

ਸੱਦਾ ਆਇਆ ਔਰੰਗੇ ਦਾ ਗੁਰਾਂ ਤਾਂਈਂ, ਰਾਮਰਾਇ ਨੂੰ ਕੀਤਾ ਤਿਆਰ ਓਹਨਾਂ।
ਸਿੱਖ ਸਿਧਾਂਤਾਂ ’ਤੇ ਆਂਚ ਨਹੀਂ ਆਉਣ ਦੇਣੀ, ਕਿਹਾ ਉਸ ਨੂੰ ਨਾਲ ਪਿਆਰ ਓਹਨਾਂ।
ਉਹਨੇ ਜਦੋਂ ਗੁਰਬਾਣੀ ਦੀ ਤੁੱਕ ਬਦਲੀ, ਸਦਾ ਸਦਾ ਲਈ ਦਿੱਤਾ ਦੁਰਕਾਰ ਓਹਨਾਂ।
ਕਰਕੇ ਸਦਾ ਦੇ ਲਈ ਬੇਦਖ਼ਲ ‘ਜਾਚਕ’, ਮੱਥੇ ਲਾਉਣ ਤੋਂ ਕੀਤਾ ਇਨਕਾਰ ਓਹਨਾਂ।

ਮੀਰੀ ਪੀਰੀ ਦੇ ਮਾਲਕ – ਹਰੀ ਸਿੰਘ ਜਾਚਕ

ਸੂਰਜ ਵਾਂਗ ਸੀ ਚਿਹਰੇ ’ਤੇ ਤੇਜ ਜਿਸਦੇ, ਸੋਹਣੇ ਸੁੰਦਰ ਉਸ ਬਾਲਕ ਦਾ ਜਨਮ ਹੋਇਆ।
ਰੱਖਿਆ ਖਲਕਤ ਦੀ ਕਰਨ ਲਈ ਨਾਲ ਸ਼ਕਤੀ, ਪੰਚਮ ਪਿਤਾ ਘਰ ਖਾਲਕ ਦਾ ਜਨਮ ਹੋਇਆ।
ਸੋਲਾਂ ਕਲਾਂ ਸੰਪੂਰਨ ਸੀ ਸਾਹਿਬਜ਼ਾਦਾ, ਸਚਮੁੱਚ ਸਰਬ ਪ੍ਰਿਤਪਾਲਕ ਦਾ ਜਨਮ ਹੋਇਆ।
ਮੁਰਦਾ ਅਣਖ ’ਚ ਜ਼ਿੰਦਗੀ ਪਾਉਣ ਖਾਤਰ, ਮੀਰੀ ਪੀਰੀ ਦੇ ਮਾਲਕ ਦਾ ਜਨਮ ਹੋਇਆ।

ਓਧਰ ਪ੍ਰਿਥੀਏ ਦੇ ਸਿਰ ਸੀ ਖੂਨ ਚੜ੍ਹਿਆ, ਲੱਗੀਆਂ ਰੌਣਕਾਂ ਕਿਵੇਂ ਸੀ ਜਰ ਸਕਦਾ।
ਦਿਨੇਂ ਰਾਤ ਉਹ ਸਾਜਿਸ਼ਾਂ ਘੜਨ ਲੱਗਾ, ਇਹਨੂੰ ਕਿਵੇਂ ਕੋਈ ਖ਼ਤਮ ਹੈ ਕਰ ਸਕਦਾ।
ਦੋਖੀ ਸੋਚਾਂ ਦੇ ਘੋੜੇ ਦੁੜਾ ਰਿਹਾ ਸੀ, ਸਾਹਿਬਜ਼ਾਦਾ ਹੈ ਕਿਸ ਤਰ੍ਹਾਂ ਮਰ ਸਕਦਾ।
ਪਰ ਜੀਹਦਾ ਰਾਖਾ ਉਹ ਆਪ ਅਕਾਲ ਹੋਵੇ, ਉਹਦਾ ਵਾਲ ਨਹੀਂ ਵਿੰਗਾ ਕੋਈ ਕਰ ਸਕਦਾ।

ਸੋਭੀ ਦਾਈ ਨੇ ਥਣਾਂ ਨੂੰ ਜ਼ਹਿਰ ਲਾ ਕੇ, ਉਹਨੂੰ ਦੁੱਧ ਪਿਲਾਉਣ ਦਾ ਯਤਨ ਕੀਤਾ।
ਇੱਕ ਸਪੇਰੇ ਤੋਂ ਪ੍ਰਿਥੀਏ ਨੇ ਸੱਪ ਰਾਹੀਂ, ਜ਼ਹਿਰੀ ਡੰਗ ਮਰਵਾਉਣ ਦਾ ਯਤਨ ਕੀਤਾ।
ਪਾ ਪਾ ਕੇ ਦਹੀਂ ’ਚ ਸੰਖੀਆ ਵੀ, ਬਾਲਕ ਤਾਂਈਂ ਖੁਵਾਉਣ ਦਾ ਯਤਨ ਕੀਤਾ।
ਕਰਨੀ ਕੁਦਰਤ ਦੀ ਉਹ ਸਭ ਆਪ ਮਰ ਗਏ, ਜਿਨ੍ਹਾਂ ਮਾਰ ਮੁਕਾਉਣ ਦਾ ਯਤਨ ਕੀਤਾ।

ਬਹਿ ਕੇ ਗੁਰਗੱਦੀ, ਛੇਵੇਂ ਪਾਤਸ਼ਾਹ ਜੀ, ਪਾਵਨ ਗੁਰਮਤਿ ਦਾ ਕਰਨ ਪ੍ਰਚਾਰ ਲੱਗੇ।
ਉਚੇ ਕੱਦ ਵਾਲੇ ਸੁੰਦਰ ਗੱਭਰੂ ਉਹ, ਮੀਰੀ ਪੀਰੀ ਦੀ ਪਹਿਨਣ ਤਲਵਾਰ ਲੱਗੇ।
ਕਰਕੇ ਕਮਰਕਸੇ, ਹੱਥ ਵਿੱਚ ਤੀਰ ਫੜ੍ਹਕੇ, ਸੀਸ ਉਤੇ ਸਜਾਉਣ ਦਸਤਾਰ ਲੱਗੇ।
ਸਸ਼ਤਰ ਬਸਤਰ ਸਜਾ ਕੇ ਸਤਿਗੁਰੂ ਜੀ, ਸੋਹਣੇ ਘੋੜੇ ’ਤੇ ਹੋਣ ਸਵਾਰ ਲੱਗੇ।

ਯੋਧੇ ਬੀਰ ਬਲਕਾਰਾਂ ਨੂੰ ਕਰ ਭਰਤੀ, ਸਿੱਖ ਫੌਜਾਂ ਸਨ ਕਰਨ ਤਿਆਰ ਲੱਗੇ।
ਫਰਕਣ ਲੱਗ ਪਏ ਡੌਲੇ ਬਹਾਦਰਾਂ ਦੇ, ਜਦੋਂ ਹੱਥਾਂ ’ਚ ਫੜਨ ਹਥਿਆਰ ਲੱਗੇ।
ਭਗਤੀ ਨਾਲ ਹੀ ਗੁਰੂ ਦੀਆਂ ਸੰਗਤਾਂ ’ਚ, ਉਹ ਤਾਂ ਸ਼ਕਤੀ ਦਾ ਕਰਨ ਸੰਚਾਰ ਲੱਗੇ।
ਨਾਲ ਸਿੱਖਾਂ ਦੇ ਜੰਗਲਾਂ ਵਿੱਚ ਜਾ ਕੇ, ਉਹ ਤਾਂ ਸ਼ੇਰਾਂ ਦਾ ਕਰਨ ਸ਼ਿਕਾਰ ਲੱਗੇ।

ਦਿਲਾਂ ਵਿੱਚ ਸੀ ਜੋਸ਼ ਦਾ ਹੜ੍ਹ ਆਇਆ,ਉਹ ਤਾਂ ਹੋਣ ਸੀ ਤਿਆਰ ਬਰ ਤਿਆਰ ਲੱਗੇ।
ਦੁਸ਼ਟ ਰੂਹਾਂ ਨੂੰ ਮਾਰ ਮੁਕਾਉਣ ਦੇ ਲਈ, ਸਿੱਖ ਕਰਨ ਓਦੋਂ ਮਾਰੋ ਮਾਰ ਲੱਗੇ।
ਦੂਰ ਕਰਨ ਲਈ ਦੁਖ ਫਰਿਆਦੀਆਂ ਦੇ, ਕਰਨ ਫੈਸਲੇ ਆਪ ਦਾਤਾਰ ਲੱਗੇ।
ਨਾਮ ਦਾਨ ਦੇ ਕੇ ਆਈਆਂ ਸੰਗਤਾਂ ਨੂੰ, ਭਵਸਾਗਰ ਤੋਂ ਕਰਨ ਉਹ ਪਾਰ ਲੱਗੇ।

ਉਨ੍ਹਾਂ ਕਿਹਾ ਕਿ ਲੱਕੜ ਦੀ ਇੱਕ ਤੀਲੀ, ਸਾਰੇ ਜੰਗਲ ਨੂੰ ਅੱਗ ਹੈ ਲਾ ਸਕਦੀ।
’ਕੱਠੇ ਹੋਵੋਗੇ ਬੱਦਲਾਂ ਵਾਂਗ ਜੇਕਰ, ਘਟਾ ਕਾਲੀ ਘਨਘੋਰ ਹੈ ਛਾ ਸਕਦੀ।
ਥੋਡੇ ਦਿਲਾਂ ’ਚੋਂ ਬੀਰਤਾ ਬਣ ਬਿਜਲੀ, ਵਖਤ ਤਖ਼ਤਾਂ ਦੇ ਤਾਂਈਂ ਹੈ ਪਾ ਸਕਦੀ।
ਜਦੋਂ ਵਰ੍ਹੋਗੇ ਤਾਂ ਇਹ ਹੜ੍ਹ ਬਣਕੇ, ਜ਼ਾਲਮ ਦੁਸ਼ਟਾਂ ਨੂੰ ਰੋਹੜ ਲਿਜਾ ਸਕਦੀ।

ਢਾਡੀ ਕਵੀਆਂ ਨੂੰ ਗੁਰਾਂ ਫੁਰਮਾਨ ਕੀਤਾ, ਕੱਢੋ ਕੌਮ ਨੂੰ ਟੋਇਆਂ ’ਚੋਂ ਬਾਹਰ ਹੁਣ ਤਾਂ।
ਠੰਡਾ ਕੌਮ ਦਾ ਖੂਨ ਗਰਮਾਉਣ ਖ਼ਾਤਰ, ਥੋਡੇ ਸਾਜਾਂ ’ਚੋਂ ਨਿਕਲੇ ਲਲਕਾਰ ਹੁਣ ਤਾਂ।
ਕਰਨ ਲਈ ਕੁਰਬਾਨੀ ਦਾ ਚਾਅ ਪੈਦਾ, ਸੂਰਬੀਰਾਂ ਦੀ ਛੇੜੋ ਕੋਈ ਵਾਰ ਹੁਣ ਤਾਂ।
ਕੁੱਦਣ ਸ਼ਮਾਂ ਤੇ ਵਾਂਗ ਪ੍ਰਵਾਨਿਆਂ ਦੇ, ਸਿੱਖ ਤੁਰਨ ਇਹ ਖੰਡੇ ਦੀ ਧਾਰ ਹੁਣ ਤਾਂ।

ਬਿਧੀ ਚੰਦ ਨੂੰ ਸਤਿਗੁਰਾਂ ਬਚਨ ਕੀਤੇ, ਕਿ ਉਹਨਾਂ ਲੋਕਾਂ ’ਤੇ ਕਦੇ ਨਾ ਵਾਰ ਹੋਵੇ।
ਜੋ ਅਣਭੋਲ ਜ਼ਮੀਨ ਤੇ ਹੋਣ ਲੇਟੇ, ਜਾਂ ਕੋਈ ਰੋਗ ਦੇ ਨਾਲ ਬਿਮਾਰ ਹੋਵੇ।
ਚੁੱਕਣਾ ਹੱਥ ਨਹੀਂ ਇਸਤਰੀ, ਬੱਚਿਆਂ ’ਤੇ, ਨਾ ਹੀ ਬੁੱਢੇ ਤੇ ਜੋ ਲਾਚਾਰ ਹੋਵੇ।
ਬਖ਼ਸ਼ ਦੇਣਾ ਜੋ ਆਵੇ ਪਨਾਹ ਅੰਦਰ, ਛੱਡ ਦੇਣਾ ਜੋ ਬੇ-ਹਥਿਆਰ ਹੋਵੇ।

ਦੁਸ਼ਮਣ ਦਲਾਂ ਦੇ ਕਰਨ ਲਈ ਦੰਦ ਖੱਟੇ, ਲੋਹਗੜ੍ਹ ਦਾ ਕਿਲ੍ਹਾ ਉਸਾਰਿਆ ਸੀ।
ਹੱਥੀਂ ਆਪਣੀ ਕਰਕੇ ਫੌਜ ਭਰਤੀ, ਮੀਰੀ ਪੀਰੀ ਸਿਧਾਂਤ ਉਭਾਰਿਆ ਸੀ।
ਸੱਚ ਧਰਮ ਦੀ ਰੱਖਿਆ ਲਈ ‘ਜਾਚਕ’, ਦੁਸ਼ਟਾਂ ਦੋਖੀਆਂ ਤਾਈਂ ਵੰਗਾਰਿਆ ਸੀ।
ਜੰਗਾਂ ਚਾਰ ਜੋ ਲੜੀਆਂ ਸੀ ਪਾਤਸ਼ਾਹ ਨੇ, ਸੱਚ ਜਿੱਤਿਆ ਤੇ ਝੂਠ ਹਾਰਿਆ ਸੀ।

ਗੁਰੂ ਹਰਿਗੋਬਿੰਦ ਸਾਹਿਬ ਜੀ – ਹਰੀ ਸਿੰਘ ਜਾਚਕ

ਲੱਗੀਆਂ ਪਿੰਡ ਵਡਾਲੀ ਵਿੱਚ ਰੌਣਕਾਂ ਸੀ, ਸੱਚਾ ਪਾਤਸ਼ਾਹ ਆਪ ਦਿਆਲ ਹੋਇਆ।
ਬਾਬਾ ਬੁੱਢਾ ਜੀ ਦੇ ਪਾਵਨ ਵਰ ਸਦਕਾ, ਪੰਚਮ ਪਿਤਾ ਦੇ ਘਰ ਸੀ ਲਾਲ ਹੋਇਆ।
ਏਧਰ ਖੁਸ਼ੀ ਦੀ ਲਹਿਰ ਸੀ ਹਰ ਪਾਸੇ, ਵਾਤਾਵਰਣ ਸੀ ਸਾਰਾ ਖੁਸ਼ਹਾਲ ਹੋਇਆ।
ਓਧਰ ਬੱਚੇ ਨੂੰ ਮਾਰ ਮੁਕਾਉਣ ਦੇ ਲਈ, ਪ੍ਰਿਥੀ ਚੰਦ ਸੀ ਹਾਲੋ ਬੇਹਾਲ ਹੋਇਆ।

ਜ਼ਹਿਰ ਦੇਣ ਦੀ ਕੋਸ਼ਿਸ਼ ਵੀ ਗਈ ਕੀਤੀ, ਐਪਰ ਦਾਈ ਦਾ ਮੰਦੜਾ ਹਾਲ ਹੋਇਆ।
ਫਨੀਅਰ ਸੱਪ ਵੀ ਡੰਗ ਨਾ ਮਾਰ ਸਕਿਆ, ਵੇਖਣ ਵਾਲਿਆਂ ਕਿਹਾ ਕਮਾਲ ਹੋਇਆ।
ਰੱਖਿਆ ਗੁਰੂ ਨੇ ‘ਚੇਚਕ’ ਤੋਂ ਆਪ ਕੀਤੀ, ਰੱਤੀ ਭਰ ਵੀ ਵਿੰਗਾ ਨਾ ਵਾਲ ਹੋਇਆ।
ਮੁੱਖੜਾ ਚੰਦ ਵਰਗਾ ਚਿੱਟਾ ਬਾਲਕੇ ਦਾ, ਤੱਕਿਆ ਜੇਸ ਨੇ ਓਹੀਓ ਨਿਹਾਲ ਹੋਇਆ।

ਛੋਟੀ ਉਮਰ ਤੋਂ ਹੀ ਹਰਿਗੋਬਿੰਦ ਜੀ ਦਾ, ਭਰਵਾਂ ਜੁੱਸਾ ਤੇ ਨੂਰੀ ਨੁਹਾਰ ਹੈਸੀ।
ਘੋੜ ਸਵਾਰੀ ਤੇ ਸ਼ਸਤਰਾਂ ਬਸਤਰਾਂ ਨਾਲ, ਰੱਖਿਆ ਸ਼ੁਰੂ ਤੋਂ ਉਨ੍ਹਾਂ ਪਿਆਰ ਹੈਸੀ।
ਗਿਆਰਾਂ ਸਾਲ ਦੇ ਜਦੋਂ ਸੀ ਆਪ ਹੋਏ, ਆਇਆ ਸੀਸ ’ਤੇ ਗੱਦੀ ਦਾ ਭਾਰ ਹੈਸੀ।
ਕੀਤੇ ਪਿਤਾ ਸ਼ਹੀਦ ਜਦ ਜ਼ਾਲਮਾਂ ਨੇ, ਮੀਰੀ ਪੀਰੀ ਦੀ ਪਹਿਨੀ ਤਲਵਾਰ ਹੈਸੀ।

ਭੇਜੇ ਹੁਕਮਨਾਮੇ ਗੱਦੀ ਬੈਠ ਕੇ ’ਤੇ, ਹੋ ਜਾਓ ਹੁਣ ਤਿਆਰ ਬਰ ਤਿਆਰ ਸਿੱਖੋ।
ਲੜੋ ਕੁਸ਼ਤੀਆਂ, ਕਸਰਤਾਂ ਕਰੋ ਮਿਲ ਕੇ, ਰੱਖੋ ਘੋੜੇ ਤੇ ਖੇਡੋ ਸ਼ਿਕਾਰ ਸਿੱਖੋ।
ਭੇਟ ਕਰੋ ਜਵਾਨੀਆਂ ਤੁਸੀਂ ਆ ਕੇ, ਫੜੋ ਹੱਥਾਂ ’ਚ ਤਿੱਖੀ ਤਲਵਾਰ ਸਿੱਖੋ।
ਜ਼ੁਲਮ ਜ਼ਾਲਮਾਂ ਦੇ ਰੋਕਣ ਵਾਸਤੇ ਹੁਣ, ਭੇਜੋ ਮਾਇਆ ਦੀ ਥਾਂ ਹਥਿਆਰ ਸਿੱਖੋ।

ਰਚਿਆ ਤਖ਼ਤ, ਹਰਿਮੰਦਰ ਦੇ ਐਨ ਸਾਹਵੇਂ, ਕੋਈ ਕਿਸੇ ਨੂੰ ਕਰ ਨਾ ਤੰਗ ਸੱਕੇ।
ਹਰੀਮੰਦਰ ਦੀ ਗੋਦ ਵਿੱਚ ਸਿੱਖ ਬੈਠਾ, ਆਪਾ ਨਾਮ ਦੇ ਰੰਗ ਵਿੱਚ ਰੰਗ ਸੱਕੇ।
ਅਕਾਲ ਤਖ਼ਤ ਸਾਹਵੇਂ ਸੁਣ ਕੇ ਸਿੱਖ ਵਾਰਾਂ, ਛੇੜ ਜ਼ੁਲਮ ਵਿਰੁੱਧ ਹੁਣ ਜੰਗ ਸੱਕੇ।
ਸੰਤ ਸਿਪਾਹੀਆਂ ਦੀ ਫੌਜ ਬਣਾਈ ਤਾਂ ਕਿ, ਜ਼ਾਲਮ ਸ਼ਾਂਤੀ ਕਰ ਨਾ ਭੰਗ ਸੱਕੇ।

ਛੇਵੇਂ ਪਾਤਸ਼ਾਹ ਤਖ਼ਤ ’ਤੇ ਬੈਠਦੇ ਸੀ, ਇਥੇ ਸੁੰਦਰ ਸਿੰਘਾਸਨ ਸਜਾ ਕੇ ਤੇ।
ਮੀਰੀ ਪੀਰੀ ਤਲਵਾਰਾਂ ਨੂੰ ਪਹਿਨ ਕੇ ਤੇ, ਉਪਰ ਸੀਸ ਦੇ ਕਲਗੀ ਫਬਾ ਕੇ ਤੇ।
ਮੁੱਖੜਾ ਗੁਰਾਂ ਦਾ ਚੰਦ ਦੇ ਵਾਂਗ ਚਮਕੇ, ਸੰਗਤਾਂ ਤੱਕਣ ਚਕੋਰਾਂ ਵਾਂਗ ਆ ਕੇ ਤੇ।
ਦੁੱਖ ਦੂਰ ਫ਼ਰਿਆਦੀ ਦੇ ਕਰ ਦਿੰਦੇ, ਸਜ਼ਾ ਦੋਸ਼ੀਆਂ ਤਾਂਈਂ ਸੁਣਾ ਕੇ ਤੇ।

ਜਦ ਗਵਾਲੀਅਰ ਕਿਲ੍ਹੇ ’ਚ ਕੈਦ ਕਰਕੇ, ਦਿੱਤਾ ਸੰਗਤ ਦੇ ਨਾਲੋਂ ਵਿਛੋੜ ਦਾਤਾ।
ਕਹਿਣ ਰੋਂਦੀਆਂ ਕਿਲ੍ਹੇ ਦੇ ਕੋਲ ਜਾ ਕੇ, ਸਾਨੂੰ ਬਾਹਰੋਂ ਹੀ ਦੇਂਦੇ ਨੇ ਮੋੜ ਦਾਤਾ।
ਓਧਰ ਕਿਲ੍ਹੇ ’ਚ ਕੈਦੀਆਂ ਕਿਹਾ ਇਥੇ, ਸਾਡੇ ਸੰਗਲ ਗੁਲਾਮੀ ਦੇ ਤੋੜ ਦਾਤਾ।
ਕੈਦੀ ਰਾਜੇ ਰਿਹਾਅ ਕਰਵਾਉਣ ਕਰਕੇ, ਨਾਂ ਪੈ ਗਿਆ ਸੀ ਬੰਦੀ-ਛੋੜ ਦਾਤਾ।

ਜਿੱਥੇ ਜਿੱਥੇ ਵੀ ਕਿਸੇ ਨੇ ਯਾਦ ਕੀਤਾ, ਓਥੇ ਓਥੇ ਹੀ ਬਾਂਕੇ ਬਲਬੀਰ ਪਹੁੰਚੇ।
ਭਾਗ ਭਰੀ ਨੇ ਜਦੋਂ ਅਰਦਾਸ ਕੀਤੀ, ਕਿ ਮੇਰੇ ਦਿਲ ਦਾ ਸ਼ੂਕਦਾ ਤੀਰ ਪਹੁੰਚੇ।
ਤੇਰੇ ਚਰਨਾਂ ’ਚ ਬਿਰਧ ਗਰੀਬਣੀ ਦਾ, ਹੋ ਨਹੀਂ ਸਕਦਾ, ਕਦੇ ਸਰੀਰ ਪਹੁੰਚੇ।
ਰਹਿ ਨਾ ਦਿਲ ਦੀ ਦਿਲ ਦੇ ਵਿੱਚ ਜਾਵੇ, ਛੇਵੇਂ ਪਾਤਸ਼ਾਹ ਆਪ ਕਸ਼ਮੀਰ ਪਹੁੰਚੇ।

ਪਿਆਰ ਨਾਲ ਸੀਤਾ ਕੁੜਤਾ ਪਾਉਣ ਦੇ ਲਈ, ਭਾਗ ਭਰੀ ਦੇ ਕੋਲ ਅਖ਼ੀਰ ਪਹੁੰਚੇ।
ਭਾਈ ਰੂਪੇ ਦੀ ਸੱਦ ਜਦ ਖਿੱਚ ਪਾਈ, ਤਿੱਖੀ ਧੁੱਪ ’ਚ ਵਾਟਾਂ ਨੂੰ ਚੀਰ ਪਹੁੰਚੇ।
ਪਿਆਸੇ ਪਾਣੀ ਤੋਂ ਬਿਨਾਂ ਜੋ ਤੜਪ ਰਹੇ ਸਨ,ਉਨ੍ਹਾਂ ਸਿੱਖਾਂ ਨੂੰ ਦੇਣ ਲਈ ਧੀਰ ਪਹੁੰਚੇ।
ਛਕਣ ਵਾਸਤੇ ਉਨ੍ਹਾਂ ਤੋਂ ਜਲ ਠੰਡਾ, ਮੀਰ ਮੀਰਾਂ ਦੇ, ਪੀਰਾਂ ਦੇ ਪੀਰ ਪਹੁੰਚੇ।

ਪੁੰਜ ਬੀਰਤਾ ਦੇ ਹੈਸਨ ਗੁਰੂ ‘ਜਾਚਕ’, ਸੀ ਰੂਹਾਨੀਅਤ ਦੇ ਵੀ ਭੰਡਾਰ ਸਤਿਗੁਰ।
ਬਾਣੀ ਵਿੱਚੋਂ ਹੀ ਸਨ ਉਪਦੇਸ਼ ਦਿੰਦੇ, ਦਿੰਦੇ ਪੋਥੀ ਦੇ ਨਾਲ ਕਟਾਰ ਸਤਿਗੁਰ।
ਪਹਿਲੀ ਪਾਤਸ਼ਾਹੀ ਪਿਛੋਂ ਸੰਗਤਾਂ ਵਿੱਚ, ਕੀਤਾ ਥਾਂ ਥਾਂ ਜਾ ਕੇ ਪ੍ਰਚਾਰ ਸਤਿਗੁਰ।
ਪੱਕੇ ਪੈਰਾਂ ’ਤੇ ਕੌਮ ਨੂੰ ਖੜ੍ਹੀ ਕਰ ਕੇ, ਗੁਰਪੁਰੀ ਨੂੰ ਗਏ ਸਿਧਾਰ ਸਤਿਗੁਰ।