ਕਵਿਤਾਵਾਂ

ਗਮਾਂ ਦੀ ਰਾਤ – ਸ਼ਿਵ ਕੁਮਾਰ ਬਟਾਲਵੀ

ਗਮਾਂ ਦੀ ਰਾਤ ਲੰਮੀ ਏ,
ਜਾਂ ਮੇਰੇ ਗੀਤ ਲੰਮੇ ਨੇ ।
ਨਾਂ ਭੈੜੀ ਰਾਤ ਮੁੱਕਦੀ ਏ,
ਨਾਂ ਮੇਰੇ ਗੀਤ ਮੁੱਕਦੇ ਨੇ ।

ਇਹ ਸਰ ਕਿੰਨੇ ਕੁ ਡੂੰਘੇ ਨੇ,
ਕਿਸੇ ਨੇ ਹਾਥ ਨਾ ਪਾਈ ।
ਨਾ ਬਰਸਾਤਾਂ ‘ਚ ਚੜਦੇ ਨੇ,
‘ਤੇ ਨਾ ਔੜਾਂ ‘ਚ ਸੁੱਕਦੇ ਨੇ ।

ਮੇਰੇ ਹੱਡ ਵੀ ਅਵੱਲੇ ਨੇ,
ਜੋ ਅੱਗ ਲਾਇਆਂ ਨਹੀਂ ਸੜਦੇ ।
ਨਾਂ ਸੜਦੇ ਹਉਕਿਆਂ ਦੇ ਨਾਲ,
ਹਵਾਵਾਂ ਨਾਲ ਧੁੱਖਦੇ ਨੇ ।

ਇਹ ਫੱਟ ਹਨ ਇਸ਼ਕ਼ ਦੇ ਯਾਰੋ,
ਇਹਨਾਂ ਦੀ ਕੀ ਦਵਾ ਹੋਵੇ ।
ਇਹ ਹੱਥ ਲਾਇਆਂ ਵੀ ਦੁੱਖਦੇ ਨੇ,
ਮਲ੍ਹਮ ਲਾਇਆਂ ਵੀ ਦੁੱਖਦੇ ਨੇ ।

ਜੇ ਗੋਰੀ ਰਾਤ ਹੈ ਚੰਨ ਦੀ,
ਤਾਂ ਕਾਲੀ ਰਾਤ ਹੈ ਕਿਸ ਦੀ ।
ਨਾ ਲੁਕਦਾ ਤਾਰਿਆਂ ਵਿੱਚ ਚੰਨ
ਨਾ ਤਾਰੇ ਚੰਨ ‘ਚ ਲੁਕਦੇ ਨੇ ।

ਸਭ ਤੋਂ ਖਤਰਨਾਕ ਹੁੰਦਾ ਹੈ – ਪਾਸ਼

ਕਿਰਤ ਦੀ ਲੁੱਟ, ਸਭ ਤੋਂ ਖਤਰਨਾਕ ਨਹੀਂ ਹੁੰਦੀ
ਪੁਲਿਸ ਦੀ ਕੁੱਟ, ਸਭ ਤੋਂ ਖਤਰਨਾਕ ਨਹੀਂ ਹੁੰਦੀ
ਗੱਦਾਰੀ ਲੋਭ ਦੀ ਮੁੱਠ, ਸਭ ਤੋਂ ਖਤਰਨਾਕ ਨਹੀਂ ਹੁੰਦੀ

ਬੈਠੇ ਸੁੱਤਿਆਂ ਫੜੇ ਜਾਣਾ – ਬੁਰਾ ਤਾਂ ਹੈ
ਡਰੂ ਜਿਹੀ ਚੁੱਪ ਵਿਚ ਮੜੇ ਜਾਣਾ – ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ

ਕਪਟ ਦੇ ਸ਼ੋਰ ਵਿਚ
ਸਹੀ ਹੁੰਦਿਆ ਵੀ ਦਬ ਜਾਣਾ, ਬੁਰਾ ਤਾਂ ਹੈ
ਕਿਸੇ ਜੁਗਨੂੰ ਦੀ ਲੋਅ ਖਾਤਿਰ ਪੜਨ ਲੱਗ ਜਾਣਾ – ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ

ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ
ਨਾ ਹੋਣਾ ਤੜਪ ਦਾ
ਸਭ ਕੁਝ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਆਣਾ

ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ

ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ
ਤੁਹਾਡੇ ਗੁੱਟ ‘ਤੇ ਚਲਦੀ ਹੋਈ ਵੀ ਜੋ
ਤੁਹਾਡੀ ਨਜ਼ਰ ਲਈ ਖੜੀ ਹੁੰਦੀ ਹੈ |

ਸਭ ਤੋ ਖਤਰਨਾਕ ਉਹ ਅੱਖ ਹੁੰਦੀ ਹੈ
ਜੋ ਸਭ ਕੁਝ ਦੇਖਦੀ ਹੋਈ ਵੀ ਠੰਡੀ ਯੱਖ ਹੁੰਦੀ ਹੈ
ਜਿਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ

ਮੇਰੀ ਕਵਿਤਾ – ਸੁਰਜੀਤ ਪਾਤਰ

ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ
ਭਾਵੇਂ ਮੇਰੀ ਮਾਂ-ਬੋਲੀ ਵਿਚ ਲਿਖੀ ਹੋਈ ਸੀ
ਉਹ ਤਾਂ ਕੇਵਲ ਏਨਾ ਸਮਝੀ
ਪੁੱਤ ਦੀ ਰੂਹ ਨੂੰ ਦੁਖ ਹੈ ਕੋਈ
ਪਰ ਇਸਦਾ ਦੁਖ ਮੇਰੇ ਹੁੰਦਿਆਂ
ਆਇਆ ਕਿੱਥੋਂ
ਨੀਝ ਲਗਾਕੇ ਦੇਖੀ
ਮੇਰੀ ਅਨਪੜ੍ਹ ਮਾਂ ਨੇ ਮੇਰੀ ਕਵਿਤਾ
ਦੇਖੋ ਲੋਕੋ
ਕੁੱਖੋਂ ਜਾਏ
ਮਾਂ ਨੂੰ ਛੱਡ ਕੇ
ਦੁਖ ਕਾਗਤਾਂ ਨੂੰ ਦੱਸਦੇ ਨੇ
ਮੇਰੀ ਮਾਂ ਨੇ ਕਾਗ਼ਜ਼ ਚੁੱਕ ਸੀਨੇ ਨੂੰ ਲਾਇਆ
ਖ਼ਬਰੇ ਏਦਾਂ ਹੀ
ਕੁਝ ਮੇਰੇ ਨੇੜੇ ਹੋਵੇ
ਮੇਰਾ ਜਾਇਆ