ਮੈਂ ਕੰਡਿਆਲੀ ਥੋਹਰ ਵੇ ਸੱਜਣਾ – ਸ਼ਿਵ ਕੁਮਾਰ ਬਟਾਲਵੀ

ਮੈਂ ਕੰਡਿਆਲੀ ਥੋਹਰ ਵੇ ਸੱਜਣਾ,ਉੱਗੀ ਵਿੱਚ ਉਜਾੜਾਂ
ਜਾਂ ਉੱਡਦੀ ਬਦਲੋਟੀ ਕੋਈ ਵਰ ਗਈ ਵਿੱਚ ਪਹਾੜਾਂ।
ਮੈਂ ਕੰਡਿਆਲੀ ਥੋਹਰ ਵੇ ਸੱਜਣਾ, ਉੱਗੀ ਕਿਤੇ ਕੁਰਾਹੇ
ਨਾਂ ਕਿਸੇ ਮਾਲੀ ਸਿੰਜਿਆ ਮੈਨੂ ਨਾਂ ਕੋਈ ਸਿੰਜਣਾ ਚਾਹੇ।
ਜਾਂ ਕੋਈ ਬੋਟ ਕਿ ਜਿਸਦੇ ਹਾਲੇ ਨੈਣ ਨਹੀਂ ਸਨ ਖੁੱਲੇ
ਮਾਰਿਆ ਮਾਲੀ ਕੱਸ ਗੁਲੇਲਾ ਲੈ ਦਾਖਾਂ ਦੀਆਂ ਆੜਾਂ।
ਮੈਂ ਕੰਡਿਆਲੀ ਥੋਹਰ ਵੇ ਸੱਜਣਾ, ਉੱਗੀ ਵਿੱਚ ਜੋ ਬੇਲੇ
ਨਾ ਕੋਈ ਮੇਰੇ ਛਾਂਵੇ ਬੈਠੇ, ਨਾ ਪੱਤ ਖਾਵਣ ਲੇਲੇ।
ਮੈਂ ਉਹ ਚੰਦਰੀ ਜਿਸਦੀ ਡੋਲੀ ਲੁੱਟ ਲਈ ਆਪ ਕੁਹਾਰਾਂ
ਬੰਨਣ ਦੀ ਥਾਂ ਬਾਬਲ ਜਿਸਦੇ ਆਪਾ ਕਲੀਰੇ ਲਾਹੇ।
ਮੈਂ ਰਾਜੇ ਦੀ ਬਰਦੀ ਅੜਿਆ ਤੂੰ ਰਾਜੇ ਦਾ ਜਾਇਆ
ਤੂੰ ਹੀ ਦੱਸ ਕੇ ਮੋਹਰਾਂ ਸਾਂਵੇ ਮੁੱਲ ਕੀ ਖੋਵਣ ਧੇਲੇ।
ਸਿਖਰ ਦੁਪਿਹਰਾਂ ਜੇਠ ਦੀਆਂ ਨੂੰ ਸੌਣ ਕਿਵੇਂ ਮੈਂ ਆਖਾਂ
ਚੌਹੀਂ ਕੂਟੀ ਭਾਵੇਂ ਲੱਗਣ ਲੱਖ ਤੀਆਂ ਦੇ ਮੇਲੇ।
ਤੇਰੀ ਮੇਰੀ ਪ੍ਰੀਤ ਦਾ ਅੜਿਆ ਓਹੀ ਹਾਲ ਸੂ ਹੋਇਆ
ਜਿਉਂ ਚਕਵੀ ਪਹਿਚਾਣ ਨਾ ਸਕੀ ਚੰਨ ਚੜ੍ਹਿਆ ਦਿਹੁੰ ਵੇਲੇ।
ਜਾਂ ਸੱਸੀ ਦੀ ਭੈਣ ਵੇ ਦੂਜੀ ਕੰਮ ਜੀਹਦਾ ਬੱਸ ਰੋਣਾ
ਲੁੱਟ ਖੜਿਆ ਜੀਹਦਾ ਪੁੰਨੂ ਹੋਤਾਂ ਪਰ ਆਈਆਂ ਨਾ ਜਾਗਾਂ।