All

ਭਾਰਤ – ਪਾਸ਼

ਭਾਰਤ –
ਮੇਰੇ ਸਤਿਕਾਰ ਦਾ ਸਭ ਤੋਂ ਮਹਾਨ ਸ਼ਬਦ
ਜਿਥੇ ਕਿਤੇ ਵੀ ਵਰਤਿਆ ਜਾਏ
ਬਾਕੀ ਸਾਰੇ ਸ਼ਬਦ ਅਰਥ-ਹੀਣ ਹੋ ਜਾਂਦੇ ਹਨ
ਇਸ ਸ਼ਬਦ ਦੇ ਭਾਵ
ਖੇਤਾਂ ਦੇ ਓਨ੍ਹਾਂ ਪੁੱਤਰਾਂ ਤੋਂ ਹਨ
ਜਿਹੜੇ ਅੱਜ ਵੀ ਰੁੱਖਾਂ ਦੇ ਪਰਛਾਵਿਆਂ ਨਾਲ ,
ਵਕਤ ਮਿਣਦੇ ਹਨ |
ਓਹਨਾਂ ਕੋਲ ਢਿੱਡ ਤੋਂ ਬਿਨਾਂ ਕੋਈ ਸਮੱਸਿਆ ਨਹੀਂ |
ਤੇ ਓਹ ਭੁੱਖ ਲੱਗਣ ‘ਤੇ
ਆਪਣੇ ਅੰਗ ਵੀ ਚਬਾ ਸਕਦੇ ਹਨ ,
ਓਨ੍ਹਾਂ ਲਈ ਜ਼ਿੰਦਗੀ ਇਕ ਪਰੰਪਰਾ ਹੈ
ਤੇ ਮੌਤ ਦੇ ਅਰਥ ਹਨ ਮੁਕਤੀ |
ਜਦ ਵੀ ਕੋਈ ਸਮੁੱਚੇ ਭਾਰਤ ਦੀ
‘ਕੌਮੀ ਏਕਤਾ’ ਦੀ ਗੱਲ ਕਰਦਾ ਹੈ
ਤਾਂ ਮੇਰਾ ਚਿਤ ਕਰਦਾ ਹੈ –
ਉਸ ਦੀ ਟੋਪੀ ਹਵਾ ‘ਚ ਉਛਾਲ ਦਿਆਂ |
ਉਸ ਨੂੰ ਦੱਸਾਂ
ਕਿ ਭਾਰਤ ਦੇ ਅਰਥ
ਕਿਸੇ ਦੁਸ਼ਯੰਤ ਨਾਲ ਸੰਬਧਤ ਨਹੀਂ
ਸਗੋਂ ਖੇਤਾਂ ਵਿੱਚ ਦਾਇਰ ਹਨ |
ਜਿਥੇ ਅੰਨ ਉੱਗਦਾ ਹੈ
ਜਿੱਥੇ ਸੰਨ੍ਹਾਂ ਲੱਗਦੀਆਂ ਹਨ …

ਬਿਰਹਾ – ਸ਼ਿਵ ਕੁਮਾਰ ਬਟਾਲਵੀ

ਮੈਂਥੋਂ ਮੇਰਾ ਬਿਰਹਾ ਵੱਡਾ
ਮੈਂ ਨਿੱਤ ਕੂਕ ਰਿਹਾ
ਮੇਰੀ ਝੋਲੀ ਇੱਕੋ ਹੋਕਾ
ਇਹਦੀ ਝੋਲ ਅਥਾਹ |

ਬਾਲ-ਵਰੋਸੇ ਇਸ਼ਕ ਗਵਾਚਾ
ਜਖਮੀ ਹੋ ਗਏ ਸਾਹ
ਮੇਰੇ ਹੋਠਾਂ ਵੇਖ ਲਈ
ਚੁੰਮਣਾਂ ਦੀ ਜੂਨ ਹੰਢਾ |

ਜੋ ਚੁੰਮਣ ਮੇਰੇ ਦਰ ‘ਤੇ ਖੜ੍ਹਿਆ
ਇਕ ਅਧ ਵਾਰੀ ਆ
ਮੁੜ ਉਹ ਭੁੱਲ ਕਦੇ ਨਾ ਲੰਘਿਆ
ਏਸ ਦਰਾਂ ਦੇ ਰਾਹ |

ਮੈਂ ਉਹਨੂੰ ਨਿੱਤ ਉਡੀਕਣ ਬੈਠਾ
ਥੱਕਿਆ ਔਸੀਆਂ ਪਾ
ਮੈਨੂੰ ਉਹ ਚੁੰਮਣ ਨਾ ਬਹੁੜਿਆ
ਸੈ ਚੁੰਮਣਾਂ ਦੇ ਵਣ ਗਾਹ |

ਉਹ ਚੁੰਮਣ ਮੇਰੇ ਹਾਣ ਦਾ
ਵਿਚ ਲਖ ਸੂਰਜ ਦਾ ਤਾ
ਜਿਹੜੇ ਸਾਹੀਂ ਚੇਤਰ ਖੇਡਦਾ
ਮੈਨੂੰ ਉਹ ਚੁੰਮਣ ਦਾ ਚਾਅ |

ਪਰਦੇਸੀ ਚੁੰਮਣ ਮੈਂਡਿਆ
ਕਦੇ ਵਤਨੀਂ ਫੇਰਾ ਪਾ
ਕਿਤੇ ਸੁੱਚਾ ਬਿਰਹਾ ਤੈਂਡੜਾ
ਮੈਥੋਂ ਜੂਠਾ ਨਾ ਹੋ ਜਾ |

ਬਿਰਹਾ ਵੀ ਲੋਭੀ ਕਾਮ ਦਾ
ਇਹਦੀ ਜਾਤ ਕੁਜਾਤ ਨਾ ਕਾ
ਭਾਵੇਂ ਬਿਰਹਾ ਰੱਬੋਂ ਵੱਡੜਾ
ਮੈਂ ਉਚੀ ਕੂਕ ਰਿਹਾ |

ਸ਼ਿਕਰਾ – ਸ਼ਿਵ ਕੁਮਾਰ ਬਟਾਲਵੀ

ਮਾਏ ! ਨੀ ਮਾਏ !
ਮੈਂ ਇਕ ਸ਼ਿਕਰਾ ਯਾਰ ਬਣਾਇਆ
ਉਹਦੇ ਸਿਰ ‘ਤੇ ਕਲਗੀ
‘ਤੇ ਉਹਦੇ ਪੈਰੀਂ ਝਾਂਜਰ
‘ਤੇ ਉਹ ਚੋਗ ਚੁਗੀਂਦਾ ਆਇਆ
ਨੀ ਮੈਂ ਵਾਰੀ ਜਾਂ |

ਇਕ ਉਹਦੇ ਰੂਪ ਦੀ
ਧੁੱਪ ਤਿਖੇਰੀ
ਦੂਜਾ ਮਹਿਕਾਂ ਦਾ ਤਿਰਹਾਇਆ
ਤੀਜਾ ਉਹਦਾ ਰੰਗ ਗੁਲਾਬੀ
ਕਿਸੇ ਗੋਰੀ ਮਾਂ ਦਾ ਜਾਇਆ
ਨੀ ਮੈਂ ਵਾਰੀ ਜਾਂ |

ਨੈਣੀਂ ਉਹਦੇ
ਚੇਤ ਦੀ ਆਥਣ
ਅਤੇ ਜੁਲ੍ਫੀਂ ਸਾਵਣ ਛਾਇਆ
ਹੋਠਾਂ ਦੇ ਵਿਚ ਕੱਤੇ ਦਾ
ਕੋਈ ਦਿਹੁੰ ਚੜ੍ਹਨੇ ‘ਤੇ ਆਇਆ
ਨੀ ਮੈਂ ਵਾਰੀ ਜਾਂ |

ਸਾਹਵਾਂ ਦੇ ਵਿਚ
ਫੁੱਲ ਸੋਇਆਂ ਦੇ
ਕਿਸੇ ਬਾਗ ਚਾਨਣ ਦਾ ਲਾਇਆ
ਦੇਹੀ ਦੇ ਵਿਚ ਖੇਡੇ ਚੇਤਰ
ਇੱਤਰਾਂ ਨਾਲ ਨੁਹਾਇਆ
ਨੀ ਮੈਂ ਵਾਰੀ ਜਾਂ |

ਬੋਲਾਂ ਦੇ ਵਿਚ
ਪੌਣ ਪੁਰੇ ਦੀ
ਨੀ ਉਹ ਕੋਇਲਾਂ ਦਾ ਹਮਸਾਇਆ
ਚਿੱਟੇ ਦੰਦ ਜਿਉਂ ਧਾਨੋਂ ਬਗਲਾ
ਤੌੜੀ ਮਾਰ ਉਡਾਇਆ
ਨੀ ਮੈਂ ਵਾਰੀ ਜਾਂ |

ਇਸ਼ਕੇ ਦਾ
ਇਕ ਪਲੰਘ ਨੁਆਰੀ
ਅਸਾਂ ਚਾਨਣੀਆਂ ਵਿਚ ਡਾਹਿਆ
ਤਨ ਦੀ ਚਾਦਰ ਹੋ ਗਈ ਮੈਲੀ
ਉਸ ਪੈਰ ਜਾ ਪਲੰਘੇ ਪਾਇਆ
ਨੀ ਮੈਂ ਵਾਰੀ ਜਾਂ |

ਦੁਖਣ ਮੇਰੇ
ਨੈਣਾਂ ਦੇ ਕੋਏ
ਵਿਚ ਹੜ੍ਹ ਹੰਝੂਆਂ ਦਾ ਆਇਆ
ਸਾਰੀ ਰਾਤ ਗਈ ਵਿਚ ਸੋਚਾਂ
ਉਸ ਇਹ ਕੀ ਜੁਲਮ ਕਮਾਇਆ
ਨੀ ਮੈਂ ਵਾਰੀ ਜਾਂ |

ਸੁਬ੍ਹਾ-ਸਵੇਰੇ
ਲੈ ਨੀ ਵੱਟਣਾ
ਅਸਾਂ ਮਲ ਮਲ ਓਸ ਨੁਹਾਇਆ
ਦੇਹੀ ਵਿਚੋਂ ਨਿਕਲਣ ਚਿਣਗਾਂ
ਤੇ ਸਾਡਾ ਹਥ ਗਿਆ ਕੁਮਲਾਇਆ
ਨੀ ਮੈਂ ਵਾਰੀ ਜਾਂ |

ਚੂਰੀ ਕੁੱਟਾਂ
‘ਤੇ ਉਹ ਖਾਂਦਾ ਨਾਹੀਂ
ਉਹਨੂੰ ਦਿਲ ਦਾ ਮਾਸ ਖਵਾਇਆ
ਇਕ ਉਡਾਰੀ ਐਸੀ ਮਾਰੀ
ਉਹ ਮੁੜ ਵਤਨੀਂ ਨਹੀਂ ਆਇਆ
ਨੀ ਮੈਂ ਵਾਰੀ ਜਾਂ |

ਸ਼ਿਕਰਾ
ਮਾਏ ! ਨੀ ਮਾਏ !
ਮੈਂ ਇਕ ਸ਼ਿਕਰਾ ਯਾਰ ਬਣਾਇਆ
ਉਹਦੇ ਸਿਰ ‘ਤੇ ਕਲਗੀ
‘ਤੇ ਉਹਦੇ ਪੈਰੀਂ ਝਾਂਜਰ
‘ਤੇ ਉਹ ਚੋਗ ਚੁਗੀਂਦਾ ਆਇਆ
ਨੀ ਮੈਂ ਵਾਰੀ ਜਾਂ |

ਇਹ ਮੇਰਾ ਗੀਤ – ਸ਼ਿਵ ਕੁਮਾਰ ਬਟਾਲਵੀ

ਇਹ ਮੇਰਾ ਗੀਤ
ਕਿਸੇ ਨਾ ਗਾਣਾ
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ
ਇਹ ਮੇਰਾ ਗੀਤ
ਕਿਸੇ ਨਾ ਗਾਣਾ!
ਇਹ ਮੇਰਾ ਗੀਤ ਧਰਮ ਤੋਂ ਮੈਲਾ
ਸੂਰਜ ਜੇਡ ਪੁਰਾਣਾ
ਕੋਟ ਜਨਮ ਤੋਂ ਪਿਆ ਅਸਾਨੂੰ
ਇਸ ਦਾ ਬੋਲ ਹੰਢਾਣਾ
ਹੋਰ ਕਿਸੇ ਦੀ ਚਾਹ ਨਾ ਕਾਈ
ਇਸ ਨੂੰ ਹੋਠੀਂ ਲਾਣਾ!
ਇਹ ਤਾਂ ਮੇਰੇ ਨਾਲ ਜਨਮਿਆ
ਨਾਲ ਬਹਿਸ਼ਤੀ ਜਾਣਾ!
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ!
ਏਸ ਗੀਤ ਦਾ ਅਜਬ ਜਿਹਾ ਸੁਰ
ਡਾਢਾ ਦਰਦ ਰੰਝਾਣਾ
ਕੱਤਕ ਮਾਹ ਵਿਚ ਦੂਰ ਪਹਾੜੀਂ
ਕੂੰਜਾਂ ਦਾ ਕੁਰਲਾਣਾ
ਨੂਰ-ਪਾਕ ਦੇ ਵੇਲੇ ਰੱਖ ਵਿਚ
ਚਿੜੀਆਂ ਦਾ ਚਿਚਲਾਣਾ
ਕਾਲੀ ਰਾਤੇ ਸਰਕੜਿਆਂ ‘ਚੋਂ
ਪੌਣਾਂ ਦਾ ਲੰਘ ਜਾਣਾ!
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ!
ਮੈਂ ਤੇ ਮੇਰੇ ਗੀਤ ਨੇ ਦੋਹਾਂ
ਜਦ ਭਲਕੇ ਮਰ ਜਾਣਾ
ਬਿਰਹੋਂ ਦੇ ਘਰ ਜਾਈਆਂ ਸਾਨੂੰ
ਕਬਰੀਂ ਲੱਭਣ ਆਉਣਾ
ਸਭਨਾਂ ਸਈਆਂ ਇਕ ਆਵਾਜ਼ੇ
ਮੁੱਖੋਂ ਬੋਲਲ ਅਲਾਣਾ!
“ਕਿਸੇ ਕਿਸੇ ਦੇ ਲੇਖੀਂ ਹੁੰਦਾ
ਏਡਾ ਦਰਦ ਕਮਾਣਾ!
ਇਹ ਮੇਰਾ ਗੀਤ
ਕਿਸੇ ਨਾ ਗਾਣਾ
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ!
ਇਹ ਮੇਰਾ ਗੀਤ
ਕਿਸੇ ਨਾ ਗਾਣਾ!

ਮੈਂ ਕੰਡਿਆਲੀ ਥੋਹਰ ਵੇ ਸੱਜਣਾ – ਸ਼ਿਵ ਕੁਮਾਰ ਬਟਾਲਵੀ

ਮੈਂ ਕੰਡਿਆਲੀ ਥੋਹਰ ਵੇ ਸੱਜਣਾ,ਉੱਗੀ ਵਿੱਚ ਉਜਾੜਾਂ
ਜਾਂ ਉੱਡਦੀ ਬਦਲੋਟੀ ਕੋਈ ਵਰ ਗਈ ਵਿੱਚ ਪਹਾੜਾਂ।
ਮੈਂ ਕੰਡਿਆਲੀ ਥੋਹਰ ਵੇ ਸੱਜਣਾ, ਉੱਗੀ ਕਿਤੇ ਕੁਰਾਹੇ
ਨਾਂ ਕਿਸੇ ਮਾਲੀ ਸਿੰਜਿਆ ਮੈਨੂ ਨਾਂ ਕੋਈ ਸਿੰਜਣਾ ਚਾਹੇ।
ਜਾਂ ਕੋਈ ਬੋਟ ਕਿ ਜਿਸਦੇ ਹਾਲੇ ਨੈਣ ਨਹੀਂ ਸਨ ਖੁੱਲੇ
ਮਾਰਿਆ ਮਾਲੀ ਕੱਸ ਗੁਲੇਲਾ ਲੈ ਦਾਖਾਂ ਦੀਆਂ ਆੜਾਂ।
ਮੈਂ ਕੰਡਿਆਲੀ ਥੋਹਰ ਵੇ ਸੱਜਣਾ, ਉੱਗੀ ਵਿੱਚ ਜੋ ਬੇਲੇ
ਨਾ ਕੋਈ ਮੇਰੇ ਛਾਂਵੇ ਬੈਠੇ, ਨਾ ਪੱਤ ਖਾਵਣ ਲੇਲੇ।
ਮੈਂ ਉਹ ਚੰਦਰੀ ਜਿਸਦੀ ਡੋਲੀ ਲੁੱਟ ਲਈ ਆਪ ਕੁਹਾਰਾਂ
ਬੰਨਣ ਦੀ ਥਾਂ ਬਾਬਲ ਜਿਸਦੇ ਆਪਾ ਕਲੀਰੇ ਲਾਹੇ।
ਮੈਂ ਰਾਜੇ ਦੀ ਬਰਦੀ ਅੜਿਆ ਤੂੰ ਰਾਜੇ ਦਾ ਜਾਇਆ
ਤੂੰ ਹੀ ਦੱਸ ਕੇ ਮੋਹਰਾਂ ਸਾਂਵੇ ਮੁੱਲ ਕੀ ਖੋਵਣ ਧੇਲੇ।
ਸਿਖਰ ਦੁਪਿਹਰਾਂ ਜੇਠ ਦੀਆਂ ਨੂੰ ਸੌਣ ਕਿਵੇਂ ਮੈਂ ਆਖਾਂ
ਚੌਹੀਂ ਕੂਟੀ ਭਾਵੇਂ ਲੱਗਣ ਲੱਖ ਤੀਆਂ ਦੇ ਮੇਲੇ।
ਤੇਰੀ ਮੇਰੀ ਪ੍ਰੀਤ ਦਾ ਅੜਿਆ ਓਹੀ ਹਾਲ ਸੂ ਹੋਇਆ
ਜਿਉਂ ਚਕਵੀ ਪਹਿਚਾਣ ਨਾ ਸਕੀ ਚੰਨ ਚੜ੍ਹਿਆ ਦਿਹੁੰ ਵੇਲੇ।
ਜਾਂ ਸੱਸੀ ਦੀ ਭੈਣ ਵੇ ਦੂਜੀ ਕੰਮ ਜੀਹਦਾ ਬੱਸ ਰੋਣਾ
ਲੁੱਟ ਖੜਿਆ ਜੀਹਦਾ ਪੁੰਨੂ ਹੋਤਾਂ ਪਰ ਆਈਆਂ ਨਾ ਜਾਗਾਂ।