All

ਯੁੱਗ ਪਲਟਾਵਾ – ਪਾਸ਼

ਅੱਧੀ ਰਾਤੇ
ਮੇਰਾ ਕਾਂਬਾ ਸੱਤ ਰਜਾਈਆਂ ਨਾਲ ਵੀ ਨਾ ਰੁਕਿਆ
ਸਤਲੁਜ ਮੇਰੇ ਬਿਸਤਰੇ ‘ਤੇ ਲਹਿ ਗਿਆ
ਸੱਤ ਰਜਾਈਆਂ , ਗਿੱਲੀਆਂ ,
ਤਾਪ ਇਕ ਸੌ ਛੇ , ਇਕ ਸੌ ਸੱਤ
ਹਰ ਸਾਹ ਮੁੜ੍ਹਕੋ ਮੁੜ੍ਹਕੀ
ਯੁੱਗ ਨੂੰ ਪਲਟਾਉਣ ਵਿਚ ਮਸ਼ਰੂਫ ਲੋਕ
ਬੁਖਾਰ ਨਾਲ ਨਹੀਂ ਮਰਦੇ |
ਮੌਤ ਦੇ ਕੰਧੇ ‘ਤੇ ਜਾਣ ਵਾਲਿਆਂ ਲਈ
ਮੌਤ ਤੋਂ ਪਿਛੋਂ ਜ਼ਿੰਦਗੀ ਦਾ ਸਫਰ ਸ਼ੁਰੂ ਹੁੰਦਾ ਹੈ
ਮੈਨੂੰ ਜਿਸ ਸੂਰਜ ਦੀ ਧੁੱਪ ਵਰਜਿਤ ਹੈ
ਮੈਂ ਉਸ ਦੀ ਛਾਂ ਤੋਂ ਵੀ ਇਨਕਾਰ ਕਰ ਦੇਵਾਂਗਾ
ਮੇਰਾ ਲਹੂ ਤੇ ਮੁੜਕਾ ਮਿੱਟੀ ਵਿਚ ਡੁੱਲ੍ਹ ਗਿਆ ਹੈ
ਮੈਂ ਮਿੱਟੀ ਵਿਚ ਦੱਬੇ ਜਾਣ ‘ਤੇ ਵੀ ਉੱਗ ਆਵਾਂਗਾ |

ਇਹ ਕੇਹੀ ਮੁਹੱਬਤ ਹੈ ਦੋਸਤੋ – ਪਾਸ਼

ਘਣੀ ਬਦਬੂ ਵਿਚ ਕੰਧਾਂ ਉਤਲੀ ਉੱਲੀ
ਅਤੇ ਛੱਤ ਨੂੰ ਲੱਗਾ ਮੱਕੜੀ ਦਾ ਜਾਲਾ ਵੇਖ ਕੇ
ਮਾਸ਼ੂਕ ਦਾ ਚਿਹਰਾ ਬਹੁਤ ਯਾਦ ਆਉਂਦਾ ਏ |
ਇਹ ਕੇਹੀ ਮੁਹੱਬਤ ਹੈ ਦੋਸਤੋ ?
ਕਵੀ ਕਾਤਲ ਹਨ , ਕਿਸਾਨ ਡਾਕੂ ਹਨ
ਤਾਜ਼ੀਰਾਤੇ ਹਿੰਦ ਦਾ ਫ਼ਰਮਾਨ ਏ –
ਕਣਕਾਂ ਖੇਤਾਂ ਵਿਚ ਸੜਨ ਦਿਓ ,
ਨਜ਼ਮਾਂ ਇਤਿਹਾਸ ਨਾ ਬਣ ਜਾਣ ,
ਸ਼ਬਦਾਂ ਦੇ ਸੰਘ ਘੁੱਟ ਦਿਓ ,
ਕੱਲ੍ਹ ਤੱਕ ਇਹ ਦਲੀਲ ਬੜੀ ਦਿਲਚਸਪ ਸੀ ,
ਇਸ ਤਿੰਨ ਰੰਗੀ ਜਿਲਦ ਉੱਤੇ
ਨਵਾਂ ਕਾਗਜ਼ ਚੜ੍ਹਾ ਦਈਏ –
ਪਰ ਐਵਰੈਸਟ ‘ਤੇ ਚੜ੍ਹਨਾ ,
ਹੁਣ ਮੈਨੂੰ ਦਿਲਚਸਪ ਨਹੀਂ ਲਗਦਾ
ਮੈਂ ਹਾਲਾਤ ਨਾਲ ਸਮਝੌਤਾ ਕਰਕੇ ,
ਸਾਹ ਘਸੀਟਣੇ ਨਹੀਂ ਚਾਹੁੰਦਾ
ਮੇਰੇ ਯਾਰੋ !
ਮੈਨੂੰ ਇਸ ਕਤਲਾਮ ਵਿਚ ਸ਼ਰੀਕ ਹੋ ਜਾਵਣ ਦਿਓ |

ਹਰ ਬੋਲ ਤੇ ਮਰਦਾ ਰਹੀਂ – ਪਾਸ਼

ਜਦੋਂ ਮੈਂ ਜਨਮਿਆ
ਤਾਂ ਜਿਉਣ ਦੀ ਸਹੁੰ ਖਾ ਕੇ ਜੰਮਿਆ
ਤੇ ਹਰ ਵਾਰ ਜਦੋਂ ਮੈਂ ਤਿਲਕ ਕੇ ਡਿੱਗਿਆ ,
ਮੇਰੀ ਮਾਂ ਲਾਹਨਤਾਂ ਪਾਉਂਦੀ ਰਹੀ |
ਕੋਈ ਸਾਹਿਬਾਂ ਮੇਰੇ ਕਾਇਦੇ ਤੇ ਗਲਤ ਪੜ੍ਹਦੀ ਰਹੀ
ਅੱਖਰਾਂ ਤੇ ਡੋਲ੍ਹ ਕੇ ਸਿਆਹੀ
ਤਖਤੀ ਮਿਟਾਉਂਦੀ ਰਹੀ |
ਹਰ ਜਸ਼ਨ ‘ਤੇ
ਹਾਰ ਮੇਰੀ ਕਾਮਯਾਬੀ ਦੇ
ਉਸ ਨੂੰ ਪਹਿਨਾਏ ਗਏ
ਮੇਰੀ ਗਲੀ ਦੇ ਮੋੜ ਤਕ
ਆ ਕੇ ਉਹ ਮੁੜ ਜਾਂਦੀ ਰਹੀ |
ਮੇਰੀ ਮਾਂ ਦਾ ਵਚਨ ਹੈ
ਹਰ ਬੋਲ ਤੇ ਮਰਦਾ ਰਹੀਂ ,
ਤੇਰੇ ਜ਼ਖਮੀ ਜਿਸਮ ਨੂੰ
ਬੱਕੀ ਬਚਾਉਂਦੀ ਰਹੇਗੀ ,
ਜਦ ਵੀ ਮੇਰੇ ਸਿਰ ‘ਤੇ
ਕੋਈ ਤਲਵਾਰ ਲਿਸ਼ਕੀ ਹੈ ,
ਮੈਂ ਕੇਵਲ ਮੁਸਕੁਰਾਇਆ ਹਾਂ
ਤੇ ਮੈਨੂੰ ਨੀਂਦ ਆ ਜਾਂਦੀ ਰਹੀ ਹੈ |
ਜਦ ਮੇਰੀ ਬੱਕੀ ਨੂੰ ,
ਮੇਰੀ ਲਾਸ਼ ਦੇ ਟੁਕੜੇ ,
ਉਠਾ ਸਕਣ ਦੀ ਸੋਝੀ ਆ ਗਈ ,
ਓਦੋਂ ਮੈਂ ਮਿਰਜ਼ਾ ਨਹੀਂ ਰਹਾਂਗਾ |

ਮੇਰੀ ਮਾਂ ਦੀਆਂ ਅੱਖਾਂ – ਪਾਸ਼

ਜਦ ਇਕ ਕੁੜੀ ਨੇ ਮੈਨੂੰ ਕਿਹਾ,
ਮੈਂ ਬਹੁਤ ਸੋਹਣਾ ਹਾਂ।
ਤਾਂ ਮੈਨੂੰ ਉਸ ਦੀਆਂ ਅੱਖਾਂ ਵਿਚ ਨੁਕਸ ਜਾਪਿਆ ਸੀ,
ਮੇਰੇ ਭਾਣੇ ਤਾਂ ਓਹ ਬਹੁਤ ਸੋਹਣੇ ਸਨ
ਮੇਰੇ ਪਿੰਡ ਵਿਚ ਜੋ ਵੋਟ ਫੇਰੀ ‘ਤੇ,
ਜਾਂ ਉਦਘਾਟਨ ਦੀ ਰਸਮ ਵਾਸਤੇ ਆਉਂਦੇ ਹਨ।
ਇਕ ਦਿਨ
ਜੱਟੂ ਦੀ ਹੱਟੀ ਤੋਂ ਮੈਨੂੰ ਕਣਸੋਅ ਮਿਲੀ
ਕਿ ਉਨ੍ਹਾਂ ਦੇ ਸਿਰ ਦਾ ਸੁਨਿਹਰੀ ਤਾਜ ਚੋਰੀ ਦਾ ਹੈ….
ਮੈਂ ਉਸ ਦਿਨ ਪਿੰਡ ਛੱਡ ਦਿੱਤਾ,
ਮੇਰਾ ਵਿਸ਼ਵਾਸ਼ ਸੀ ਤੇ ਤਾਜਾਂ ਵਾਲੇ ਚੋਰ ਹਨ
ਤਾਂ ਫਿਰ ਸੋਹਣੇ ਹੋਰ ਹਨ….
ਸ਼ਹਿਰਾਂ ਵਿਚ ਮੈਂ ਥਾਂ ਥਾਂ ਕੋਝ ਦੇਖਿਆ ,
ਪ੍ਰਕਾਸ਼ਨਾਂ ਵਿੱਚ , ਕੈਫਿਆਂ ਵਿੱਚ।
ਦਫ਼ਤਰਾਂ ਤੇ ਥਾਣਿਆਂ ਵਿੱਚ….
ਅਤੇ ਮੈਂ ਦੇਖਿਆ, ਇਹ ਕੋਝ ਦੀ ਨਦੀ ਹੈ
ਦਿੱਲੀ ਦੇ ਗੋਲ ਪਰਬਤ ਵਿੱਚੋਂ ਸਿੰਮਦੀ ਹੈ |
ਅਤੇ ਉਸ ਗੋਲ ਪਰਬਤ ਵਿਚ ਸੁਰਾਖ ਕਰਨ ਲਈ ,
ਮੈਂ ਕੋਝ ਵਿਚ ਵੜਿਆ ,
ਕੋਝ ਸੰਗ ਲੜਿਆ ,
ਤੇ ਕਈ ਲਹੂ-ਲੁਹਾਨ ਵਰ੍ਹਿਆਂ ਕੋਲੋਂ ਲੰਘਿਆ ।
ਤੇ ਹੁਣ ਮੈਂ ਚਿਹਰੇ ਉੱਤੇ ਯੁੱਧ ਦੇ ਨਿਸ਼ਾਨ ਲੈ ਕੇ ,
ਦੋ ਘੜੀ ਲਈ ਪਿੰਡ ਆਇਆ ਹਾਂ ।
ਤੇ ਉਹੀਉ ਚਾਲ੍ਹੀਆਂ ਵਰ੍ਹਿਆਂ ਦੀ ਕੁੜੀ ,
ਆਪਣੇ ਲਾਲ ਨੂੰ ਬਦਸੂਰਤ ਕਹਿੰਦੀ ਹੈ |
ਤੇ ਮੈਨੂੰ ਫੇਰ ਉਸ ਦੀਆਂ ਅੱਖਾਂ ‘ਚ ਨੁਕਸ ਲੱਗਦਾ ਹੈ ।

ਦੋ ਤੇ ਦੋ ਤਿੰਨ – ਪਾਸ਼

ਮੈਂ ਸਿੱਧ ਕਰ ਸਕਦਾ ਹਾਂ-
ਕਿ ਦੋ ਤੇ ਦੋ ਤਿੰਨ ਹੁੰਦੇ ਹਨ,
ਵਰਤਮਾਨ ਮਿਥਿਹਾਸ ਹੁੰਦਾ ਹੈ
ਮਨੁੱਖੀ ਸ਼ਕਲ ਚਮਚੇ ਵਰਗੀ ਹੁੰਦੀ ਹੈ |
ਤੁਸੀਂ ਜਾਣਦੇ ਹੋ-
ਕਚਿਹਰੀਆਂ,ਬੱਸ ਅੱਡਿਆਂ ਤੇ ਪਾਰਕਾਂ ‘ਚ
ਸੌ ਸੌ ਦੇ ਨੋਟ ਤੁਰੇ ਫਿਰਦੇ ਹਨ |
ਡਾਇਰੀਆਂ ਲਿਖਦੇ , ਤਸਵੀਰਾਂ ਲੈਂਦੇ
ਤੇ ਰਿਪੋਰਟਾਂ ਭਰਦੇ ਹਨ,
ਕਨੂੰਨ ਰੱਖਿਆ ਕੇਂਦਰਾਂ ਵਿੱਚ
ਪੁੱਤਰ ਨੂੰ ਮਾਂ ਤੇ ਚੜਾਇਆ ਜਾਂਦਾ ਹੈ |
ਖੇਤਾਂ ਵਿੱਚ ‘ਡਾਕੂ’ ਦਿਹਾੜੀਆਂ ਤੇ ਕੰਮ ਕਰਦੇ ਹਨ |
ਮੰਗਾਂ ਮੰਨੀਆਂ ਜਾਣ ਦਾ ਐਲਾਨ ,
ਬੰਬਾਂ ਨਾਲ ਕੀਤਾ ਜਾਂਦਾ ਹੈ |
ਆਪਣੇ ਲੋਕਾਂ ਦੇ ਪਿਆਰ ਦਾ ਅਰਥ
‘ਦੁਸ਼ਮਣ ਦੇਸ਼’ ਦੀ ਏਜੰਟੀ ਹੁੰਦਾ ਹੈ |
ਅਤੇ ਵੱਧ ਤੋਂ ਵੱਧ ਗੱਦਾਰੀ ਦਾ ਤਗਮਾ
ਵੱਡੇ ਤੋਂ ਵੁਡਾ ਰੁਤਬਾ ਹੋ ਸਕਦਾ ਹੈ |
ਤਾਂ –
ਦੋ ਤੇ ਦੋ ਤਿੰਨ ਵੀ ਹੋ ਸਕਦੇ ਹਨ |
ਵਰਤਮਾਨ ਮਿਥਿਹਾਸ ਵੀ ਹੋ ਸਕਦਾ ਹੈ
ਮਨੁੱਖੀ ਸ਼ਕਲ ਚਮਚੇ ਵਰਗੀ ਹੋ ਸਕਦੀ ਹੈ |