ਕਵਿਤਾਵਾਂ

ਸ਼ਾਤਿਰ ਇਨਸਾਨ – ਯਸ਼ੂ ਜਾਨ

ਅੱਜ ਸ਼ਾਤਿਰ ਇਨਸਾਨ ਹੈ ,
ਤੇ ਭਟਕਿਆ ਨਗਰ ਹੈ,
ਜਿਸਨੂੰ ਨਾ ਰੱਬ ਦਾ,
ਨਾ ਕਾਨੂੰਨ ਦਾ ਡਰ ਹੈ |

ਸਿਆਸਤੀ, ਮਤਲਬੀ, ਘਮੰਡੀ, ਸੁਭਾਅ ਹੈ ਇਸਦਾ,
ਆਪਣੀ ਹੀ ਪ੍ਰਵਿਰਤੀ ਤੋਂ,
ਕਿਉਂ ਬੇ-ਖ਼ਬਰ ਹੈ,
ਜਿਸਨੂੰ ਨਾ ਰੱਬ ਦਾ,
ਨਾ ਕਾਨੂੰਨ ਦਾ ਡਰ ਹੈ |

ਹੱਦਾਂ ਟੱਪ ਬੇ-ਹੱਦ ਕੀਤੀ ਹੋਈ ਅੱਤ ਦਾ,
ਖ਼ਤਰਨਾਕ ਤੇ ਹੁੰਦਾ ਬੁਰਾ
ਹੀ ਹਸ਼ਰ ਹੈ,
ਜਿਸਨੂੰ ਨਾ ਰੱਬ ਦਾ,
ਨਾ ਕਾਨੂੰਨ ਦਾ ਡਰ ਹੈ |

ਕੰਧਾਂ ਝੂਠ ਦੀਆਂ ਤੇ ਛੱਤਾਂ ਨੇ ਤਿਲਕਵੀਆਂ,
ਕਿਸ ਤਰਾਂ ਕਰ ਰਿਹਾ,
ਜ਼ਿੰਦਗ਼ੀ ਬਸਰ ਹੈ,
ਜਿਸਨੂੰ ਨਾ ਰੱਬ ਦਾ,
ਨਾ ਕਾਨੂੰਨ ਦਾ ਡਰ ਹੈ |

ਕਿ ਕੋਈ ਭੂਤ-ਚੁੜੇਲ ਡਾਕਿਨੀ-ਸ਼ਾਕਿਨੀ ਵਾਲੀ,
ਹੋਈ ਇਸ ਮਤਲਬਪ੍ਰਸਤ
ਨੂੰ ਕਸਰ ਹੈ,
ਜਿਸਨੂੰ ਨਾ ਰੱਬ ਦਾ,
ਨਾ ਕਾਨੂੰਨ ਦਾ ਡਰ ਹੈ |

ਕਰਤੱਵਾਂ ਨੂੰ ਭੁੱਲਕੇ ਮੰਗਦਾ ਹੱਕ ਹੈ ਪੂਰੇ,
ਨਾ ਮਿਲਣ ਤੇ ਬਣ ਕ੍ਰੋਧੀ,
ਮਚਾਉਂਦਾ ਗ਼ਦਰ ਹੈ,
ਜਿਸਨੂੰ ਨਾ ਰੱਬ ਦਾ,
ਨਾ ਕਾਨੂੰਨ ਦਾ ਡਰ ਹੈ |

ਤੀਰੋਂ ਤਿੱਖੇ ਤੇਰੇ ਸ਼ਬਦਾਂ ਦਾ ਯਸ਼ੂ ਜਾਨ,
ਇਸਦੇ ਪੱਥਰ ਦਿਲ-ਦਿਮਾਗ਼ ਤੇ,
ਨਾ ਕੋਈ ਅਸਰ ਹੈ,
ਜਿਸਨੂੰ ਨਾ ਰੱਬ ਦਾ,
ਨਾ ਕਾਨੂੰਨ ਦਾ ਡਰ ਹੈ |

ਬੰਦਾ – ਯਸ਼ੂ ਜਾਨ

ਪਹਿਲਾਂ ਘਰਾਂ ਨੂੰ ਉਜਾੜਦੀ ਸ਼ਰਾਬ,
ਫਿੱਕ ਪਾਉਣ ਫਿਰ ਆਪਣੇ ਭਰਾ,
ਜਦ ਬੰਦਾ ਮਿਲਦਾ ਨਾ ਬੰਦੇ ਨੂੰ,
ਤਾਂ ਰੱਬ ਨੇ ਕੀ ਮਿਲਣਾ ਸਵਾਹ ।

ਮਿਲਦਾ ਨਾ ਕਿਸੇ ਪਿੰਡ ਪਾਣੀ ਪੀਣ ਲਈ,
ਉੱਥੇ ਫੇਸਬੁੱਕ ਬੜੀ ਏ ਜ਼ਰੂਰੀ ਜੀਣ ਲਈ,
ਇੱਕ ਚੱਲੀ ਆ ਬਿਮਾਰੀ ਵੱਟਸ ਅੱਪ,
ਜਿਹਦੀ ਯਾਰੋ ਕੋਈ ਨਾ ਦਵਾ,
ਜਦ ਬੰਦਾ ਮਿਲਦਾ ਨਾ ਬੰਦੇ ਨੂੰ,
ਤਾਂ ਰੱਬ ਨੇ ਕੀ ਮਿਲਣਾ ਸਵਾਹ ।

ਜਿਹਨਾਂ ਨੂੰ ਜਿਤਾਕੇ ਵੋਟਾਂ ਖੂਹ ਵਿੱਚ ਪਾਈਆਂ,
ਖਾ ਗਏ ਉਹ ਦੁੱਧ ਉੱਤੋਂ ਲਾਹ ਕੇ ਮਲ਼ਾਈਆਂ,
ਉਹਦੀ ਫੋਟੋ ਮੂਹਰੇ ਬੈਠਕੇ ਸ਼ਰਾਬ ਪੀਣ,
ਗਾਂਧੀ ਨੂੰ ਜੋ ਮੰਨਦੇ ਖ਼ੁਦਾ,
ਜਦ ਬੰਦਾ ਮਿਲਦਾ ਨਾ ਬੰਦੇ ਨੂੰ,
ਤਾਂ ਰੱਬ ਨੇ ਕੀ ਮਿਲਣਾ ਸਵਾਹ ।

ਢੋਂਗੀ ਬਾਬਿਆਂ ਨੇ ਕਰ ਦਿੱਤੀ ਜ਼ਿੰਦਗ਼ੀ ਖ਼ਰਾਬ,
ਵੇਖੋ ਰੱਖਤੇ ਬਣਾਕੇ ਨੰਗ ਸਿਰੇ ਦੇ ਨਵਾਬ,
ਯਸ਼ੂ ਸੱਚ ਲਿਖਣੇ ਸਜ਼ਾ ਮਿਲਣੀ ਏ ਭੈੜੀ,
ਐਂਵੇਂ ਕਰ ਨਾ ਗ਼ੁਨਾਹ,
ਜਦ ਬੰਦਾ ਮਿਲਦਾ ਨਾ ਬੰਦੇ ਨੂੰ,
ਤਾਂ ਰੱਬ ਨੇ ਕੀ ਮਿਲਣਾ ਸਵਾਹ ।

ਪੈਸੇ ਦੇ ਹੱਥ-ਪੈਰ – ਯਸ਼ੂ ਜਾਨ

ਮੈਨੂੰ ਹੁੰਦੀ ਏ ਹੈਰਾਨੀ ਇਸ ਕਾਗ਼ਜ਼ ਦੇ ਉੱਤੇ,
ਸਦਾ ਰਹਿੰਦੀ ਏ ਜਵਾਨੀ ਇਸ ਕਾਗ਼ਜ਼ ਦੇ ਉੱਤੇ,
ਲੈਦੀ ਹੈ ਜ਼ਮੀਰ ਉਸ ਬੰਦੇ ਦਾ ਖ਼ਰੀਦ,
ਜਿਹਨੂੰ ਲਵੇ ਘੇਰ ਜੀ,
ਹੱਥ ਅਤੇ ਪੈਰ ਪੈਸਿਆਂ ਦੇ ਹੁੰਦੇ ਨਾ,
ਚੱਲਦੇ ਨੇ ਫੇਰ ਵੀ,
ਹੱਥ ਅਤੇ ਪੈਰ ਪੈਸਿਆਂ ਦੇ ਹੁੰਦੇ ਨਾ,
ਚੱਲਦੇ ਨੇ ਫੇਰ ਵੀ ।

ਉੁਹ ਖਿਡਾਰੀ ਹੋਣ ਪੱਕੇ, ਜਿਹਨਾਂ ਕੋਲ਼ ਨਹੀਓਂ ਯੱਕੇ,
ਤਾਂ ਵੀ ਜਿੱਤ ਲੈਣ ਬਾਜ਼ੀ, ਸਿੱਕੇ ਖੋਟਿਆਂ ਦੇ ਧੱਕੇ,
ਭਰੀਆਂ ਤਿਜ਼ੋਰੀਆਂ ਦੀ ਕਰ ਦਏ ਸਫ਼ਾਈ,
ਨਿੱਕੀ ਜਿਹੀ ਦੇਰ ਜੀ,
ਹੱਥ ਅਤੇ ਪੈਰ ਪੈਸਿਆਂ ਦੇ ਹੁੰਦੇ ਨਾ,
ਚੱਲਦੇ ਨੇ ਫੇਰ ਵੀ ।

ਮਾਇਆ ਕਰਨੀ ਨਾ ਦਾਨ, ਝੱਲ ਲੈਣਾ ਨੁਕਸਾਨ,
‘ਯਸ਼ੂ’ ਗ਼ਲਤੀ ਹੈ ਭਾਰੀ, ਸੱਚ ਬੋਲਦੀ ਜ਼ੁਬਾਨ,
ਗ਼ਲਤੀ ਜੇ ਹੋਈ, ਰੱਬਾ ਮਾਫ਼ ਕਰ ਦੇਵੀਂ,
ਸਾਨੂੰ ਇੱਕ ਵੇਰ ਜੀ,
ਹੱਥ ਅਤੇ ਪੈਰ ਪੈਸਿਆਂ ਦੇ ਹੁੰਦੇ ਨਾ,
ਚੱਲਦੇ ਨੇ ਫੇਰ ਵੀ ।

ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ – ਯਸ਼ੂ ਜਾਨ

ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ,
ਹਾਂ ਹੁੰਦੀ ਹੈ ਪਰ ਕਦ ਹੁੰਦੀ ਹੈ |

ਜਿਸ ਵੇਲੇ ਕੋਈ ਜ਼ਹਿਰ ਨੂੰ ਵੰਡੇ,
ਤੇ ਨਾਲ਼ ਵਿਛਾਵੇ ਰਾਹ ਵਿੱਚ ਕੰਡੇ,
ਉਸ ਵੇਲ਼ੇ ਇਹ ਵੱਧ ਹੁੰਦੀ ਹੈ,
ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ,
ਹਾਂ ਹੁੰਦੀ ਹੈ ਪਰ ਕਦ ਹੁੰਦੀ ਹੈ |

ਆਪਣਾ ਘਰ ਹੀ ਘਰ ਚੋਂ ਕੱਢੇ,
ਜਦ ਜੀਭ ਅਸਾਡੀ ਸਾਨੂੰ ਵੱਢੇ,
ਐਸੀ ਖ਼ੁਮਾਰੀ ਤਦ ਹੁੰਦੀ ਹੈ,
ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ,
ਹਾਂ ਹੁੰਦੀ ਹੈ ਪਰ ਕਦ ਹੁੰਦੀ ਹੈ |

ਦਰਜ਼ੀ ਕਰਦਾ ਆਪਣੀ ਮਰਜ਼ੀ,
ਤੇ ਕੱਪੜਾ ਕੱਟੇ ਨਾਪ ਲੈ ਫ਼ਰਜ਼ੀ,
ਤੇ ਧੌਣ ਧਾਗੇ ਨਾਲ਼ ਵੱਢ ਹੁੰਦੀ ਹੈ,
ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ,
ਹਾਂ ਹੁੰਦੀ ਹੈ ਪਰ ਕਦ ਹੁੰਦੀ ਹੈ |

ਜੇ ਯਮ ਨਾ ਕੱਢੇ ਕਿਸੇ ਪ੍ਰਾਣ ਨੂੰ,
ਤੇ ਕਲਮ ਸਤਾਵੇ ਯਸ਼ੂ ਜਾਨ ਨੂੰ,
ਨਾਂ ਹੱਥਾਂ ਵਿੱਚੋਂ ਛੱਡ ਹੁੰਦੀ ਹੈ,
ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ,
ਹਾਂ ਹੁੰਦੀ ਹੈ ਪਰ ਕਦ ਹੁੰਦੀ ਹੈ |

ਪੁਲਵਾਮਾ ਹਮਲਾ – ਯਸ਼ੂ ਜਾਨ

ਕਿਸੇ ਨੇ ਕੀਤਾ ਸੌਦਾ ਦੇਸ਼-ਜਵਾਨਾਂ ਦਾ,
ਕੀ ਮੁਕ਼ਾਬਲਾ ਦੱਸੋ ਭੇਡਾਂ-ਸਾਂਨ੍ਹਾਂ ਦਾ,
ਹੋਇਆ ਫਿਰਦਾ ਸਾਰਾ ਪਾਕਿਸਤਾਨ ਕਮਲ਼ਾ,
ਯਾਦ ਰਹੂਗਾ ਸਾਨੂੰ ਵੀ ਪੁਲਵਾਮਾ ਹਮਲਾ,
ਦੱਸਾਂਗੇ ਹੁਣ ਕਿੱਦਾਂ ਕਰੀਦਾ ਪਿੱਛਿਓਂ ਹਮਲਾ,
ਯਾਦ ਰਹੂਗਾ ਸਾਨੂੰ ਵੀ ਪੁਲਵਾਮਾ ਹਮਲਾ |

ਰੰਜਿਸ਼ ਯਾਦ ਕਰਾਤੀ ਕਾਹਤੋਂ ਪਿਛਲੀ-ਅਗਲੀ,
ਪਰਦੇ ਕਰਨੇ ਫ਼ਾਸ਼ ਤੁਹਾਡੇ ਅਸਲੀ-ਨਕਲੀ,
ਹੁਣ ਸਾਡੇ ਹੱਥ ਤੁਹਾਡੀ ਕਿਸਮਤ ਵਾਲ਼ੀ ਚਾਬੀ,
ਡੁੱਲ੍ਹ-ਡੁੱਲ੍ਹ ਹੋਇਆ ਸਾਡੇ ਖ਼ੂਨ ਦਾ ਰੰਗ ਗ਼ੁਲਾਬੀ,
ਕਿਸੇ ਦੀ ਜਾਨ ਤੋਂ ਵੱਡਾ ਨਹੀਂ ਕਸ਼ਮੀਰੀ ਮਸਲਾ,
ਦੱਸਾਂਗੇ ਹੁਣ ਕਿੱਦਾਂ ਕਰੀਦਾ ਪਿੱਛਿਓਂ ਹਮਲਾ,
ਯਾਦ ਰਹੂਗਾ ਸਾਨੂੰ ਵੀ ਪੁਲਵਾਮਾ ਹਮਲਾ |

ਤੁਸੀਂ ਤਾਂ ਤਾਕਤ ਸਾਡੀ ਦੇਖੀ ਨਹੀਂ ਹਾਲੇ,
ਹੁਣ ਦੇਖਿਓ ਕਿੱਦਾਂ ਤੋਰਨਾਂ ਪੈਰੀਂ ਪਾ ਛਾਲੇ,
ਮਦਦ ਤੇ ਸਹਿਯੋਗ ਦੀ ਕੋਈ ਭੱਲ ਪਚੀ ਨਾਂ,
ਇੱਜ਼ਤ ਤੇ ਭਾਈਆਂ ਵਾਲ਼ੀ ਵੀ ਗੱਲ ਬਚੀ ਨਾਂ,
ਬੱਚਾ-ਬੱਚਾ ਖੜ੍ਹਾ ਹੋ ਜਾਊ ਚੁੱਕ ਕੇ ਅਸਲਾ,
ਦੱਸਾਂਗੇ ਹੁਣ ਕਿੱਦਾਂ ਕਰੀਦਾ ਪਿੱਛਿਓਂ ਹਮਲਾ,
ਯਾਦ ਰਹੂਗਾ ਸਾਨੂੰ ਵੀ ਪੁਲਵਾਮਾ ਹਮਲਾ |

ਨਹੀਓਂ ਦੇਣਾ ਹੋਣ ਤਿਰੰਗਾ ਝੰਡਾ ਨੀਲਾ,
ਯਸ਼ੂ ਜਾਨ ਕਰਨਾ ਪੈਣਾ ਕੋਈ ਪੱਕਾ ਹੀਲਾ,
ਹੱਥਾਂ ਉੱਤੇ ਧਰਕੇ ਹੱਥ ਨਹੀਂ ਬਹਿਣਾ ਵਿਹਲੇ,
ਨਹੀਓਂ ਲੱਗਣ ਦੇਣੇ ਹੁਣ ਸ਼ਮਸ਼ਾਨੀਂ ਮੇਲੇ,
ਭੁਲਣੀਆਂ ਨਹੀਂ ਸਾਨੂੰ ਉਹ ਰੂਹਾਨੀਂ ਸ਼ਕਲਾਂ,
ਦੱਸਾਂਗੇ ਹੁਣ ਕਿੱਦਾਂ ਕਰੀਦਾ ਪਿੱਛਿਓਂ ਹਮਲਾ,
ਯਾਦ ਰਹੂਗਾ ਸਾਨੂੰ ਵੀ ਪੁਲਵਾਮਾ ਹਮਲਾ |