ਕਵਿਤਾਵਾਂ

ਹਯਾਤੀ ਨੂੰ – ਸ਼ਿਵ ਕੁਮਾਰ ਬਟਾਲਵੀ

ਚੁਗ ਲਏ ਜਿਹੜੇ ਮੈਂ ਚੁਗਣੇ ਸਨ
ਮਾਨਸਰਾਂ ‘ਚੋਂ ਮੋਤੀ |
ਹੁਣ ਤਾਂ ਮਾਨਸਰਾਂ ਵਿੱਚ ਮੇਰਾ
ਦੋ ਦਿਨ ਹੋਰ ਬਸੇਰਾ |

ਘੋਰ ਸਿਆਹੀਆਂ ਨਾਲ ਪੈ ਗਈਆਂ
ਹੁਣ ਕੁਝ ਅੜੀਓ ਸਾਂਝਾਂ
ਤਾਹਿਓਂ ਚਾਨਣੀਆਂ ਰਾਤਾਂ ਵਿੱਚ
ਜੀ ਨਹੀਂ ਲਗਦਾ ਮੇਰਾ |

ਉਮਰ ਅਯਾਲਣ ਛਾਂਗ ਲਈ ਗਈ
ਹੁਸਨਾਂ ਦੇ ਪੱਤੇ ਸਾਵੇ,
ਹੁਣ ਤਾਂ ਬਾਲਣ ਬਾਲਣ ਦਿਸਦਾ
ਅੜੀਓ ਚਾਰ ਚੁਫੇਰਾ |

ਫੂਕੋ ਨੀਂ ਹੁਣ ਲੀਰ ਪਟੋਲੇ
ਗੁੱਡੀਆਂ ਦੇ ਸਿਰ ਸਾੜੋ,
ਮਾਰ ਦੁਹਁਥੜਾਂ ਪਿਟੋ ਨੀਂ
ਹੁਣ ਮੇਰੇ ਮਰ ਗਏ ਹਾਣੀ |
ਝੱਟ ਕਰੋ ਨੀਂ ਖਾ ਲਓ ਟੁੱਕਰ
ਹਁਥ ਵਿੱਚ ਹੈ ਜੋ ਫੜਿਆ
ਔਹ ਵੇਖੋ ਨੀਂ ! ਚੀਲ੍ਹ ਸਮੇਂ ਦੀ
ਉੱਡ ਪਈ ਆਦਮ –ਖਾਣੀ |

ਡਰੋ ਨਾਂ ਲੰਘ ਜਾਣ ਦਿਓ ਅੜੀਓ
ਕਾਗਾਂ ਨੂੰ ਕੰਡਿਆ ਤੋਂ
ਡੀਕ ਲੈਣਗੀਆਂ ਭੁੱਬਲ ਹੋਈਆਂ
ਰੇਤਾਂ ਆਪੇ ਪਾਣੀ |

ਰੀਝਾਂ ਦੀ ਜੇ ਸੁੰਝ ਹੋ ਗਈ
ਤਾਂ ਕੀ ਹੋਇਆ ਜਿੰਦੇ
ਹੋਰ ਲਮੇਰੇ ਹੋ ਜਾਂਦੇ ਨੇ
ਸੰਝ ਪਈ ਪਰਛਾਂਵੇ |

ਕਲਵਲ ਹੋਵੇ ਨਾ ਨੀਂ ਏਦਾਂ
ਵੇਖ ਵਗਦੀਆਂ ਲੋਆਂ
ਉਹ ਬੂਟਾ ਘੱਟ ਹੀ ਪਲਦਾ ਹੈ
ਜੋ ਉਗਦਾ ਹੈ ਛਾਵੇਂ |

ਲੂਣਾ – ਪਹਿਲਾ ਅੰਕ | ਭਾਗ – 2

ਲੂਣਾ – ਪਹਿਲਾ ਅੰਕ | ਭਾਗ – 1 ਪੜ੍ਹਨ ਲਈ ਕਲਿੱਕ ਕਰੋ

ਨਟੀ
ਮੈਂ ਵੇਖ ਕੇ ਉੱਚੀਆਂ ਟੀਸੀਆਂ
ਹਾਂ ਰਹੀ ਤਸਵੀਰ ਬਣਾ
ਜਿਓਂ ਵਣ-ਦੇਵੀ ਅਰਨੈਣੀ
ਬੱਦਲਾਂ ਦੀ ਸੇਜ ਵਿਛਾ
ਵਣ-ਪੁੱਤਰ ਤਾਈਂ ਜੀਕਣਾਂ
ਰਹੀ ਹੋਵੇ ਦੁੱਧ ਚੁੰਘਾ
ਦੁੱਧ ਭਰੀਆਂ ਸੌਲੀਆਂ ਛਾਤੀਆਂ
ਤੇ ਕੋਸੀ ਨੀਝ ਲਗਾ
ਜਿਓਂ ਦੁੱਧ ਪਿਆਉਂਦੀ ਬਾਲ ਨੂੰ
ਹਰ ਮਾਂ ਜਾਵੇ ਨਸ਼ਿਆ

ਸੂਤਰਧਾਰ
ਇਹ ਰੁੱਖ ਜੋ ਅਮਲਤਾਸ ਦੇ
ਪੀਲਾ ਮਾਰਨ ਭਾ
ਜਿਓਂ ਜਾਪਨ ਗਗਨ ਕੁਠਾਲੀਏ
ਜਿਓਂ ਸੋਨਾ ਪਿਘਲ ਗਿਆ
ਜਾਂ ਧਰਤ-ਕੁੜੀ ਦੇ ਕੰਨ ਦਾ
ਇੱਕ ਬੂੰਦਾ ਡਿੱਗ ਪਿਆ
ਵਾਹ ਨੀਂ ਧਰਤ ਸੂਹਵੀਏ
ਤੈਨੂੰ ਚੜ੍ਹਿਆ ਰੂਪ ਕਿਹਾ

ਨਟੀ
ਇਓਂ ਜਾਪੇ ਇਸ ਦੇ ਬਾਬਲੇ
ਇਹਦੇ ਦਿੱਤੇ ਕਾਜ ਰਚਾ
ਤੇ ਮੱਤੀ ਮੁਸ਼ਕ ਅੰਬੀਰ ਹਵਾ
ਇਹਦੇ ਦਿੱਤੇ ਗੌਣ ਬਿਠਾ
ਨਦੀਆਂ ਆਈਆਂ ਗੌਣ ਨੂੰ
ਪਰਬਤ ਰੇੜ੍ਹਾ ਲਾ
ਚਾਨਣੀਆਂ ਜਿਓਂ ਤਲੀ ‘ਤੇ
ਹਨ ਰਹੀਆਂ ਮਹਿੰਦੀ ਲਾ
ਸਿਰ ‘ਤੇ ਚੁੰਨੀ ਅੰਬਰੀ
ਚੰਨ ਕਲੀਹਾ ਪਾ

ਸੂਤਰਧਾਰ
ਪਰ ਹਾਏ ਨੀਂ ਧਰਤ ਸੁਹਾਵੀਏ
ਤੂੰ ਲਏ ਕੀਹ ਲੇਖ ਲਿਖਾ
ਤੇਰਾ ਹਰ ਦਿਨ ਹੀ ਮਰ ਜਾਂਵਦਾ
ਲੈ ਕਿਰਨਾਂ ਦਾ ਫਾਹ
ਤੇਰੀ ਹਰ ਰੁੱਤ ਹੈ ਛਿਣ-ਭੰਗਰੀ
ਜੋ ਜੰਮੇ ਸੋ ਮਰ ਜਾ
ਏਥੇ ਛਿਣ ਤੋਂ ਛਿਣ ਨਾਂ ਫੜੀਦਾ
ਨਾਂ ਸਾਹ ਕੋਲੋਂ ਹੀ ਸਾਹ
ਜੋ ਸਾਹ ਹੈ ਬੁੱਤੋਂ ਟੁੱਟਦਾ
ਉਹਦੀ ਕੋਟ ਜਨਮ ਨਾ ਥਾਹ
ਜਿਓਂ ਗਗਨੀਂ ਉੱਡਦੇ ਪੰਛੀਆਂ
ਦੀ ਪੈੜ ਫੜੀ ਨਾ ਜਾ
ਤੇਰਾ ਹਰ ਫੁੱਲ ਹੀ ਮਰ ਜਾਂਵਦਾ
ਮਹਿਕਾਂ ਦੀ ਜੂਨ ਹੰਢਾ
ਤੇਰਾ ਹਰ ਦਿਹੁੰ ਸੂਤਕ-ਰੁੱਤ ਦੀ
ਪੀੜ ‘ਚ ਲੈਂਦਾ ਸਾਹ
ਤੇਰਾ ਹਰ ਸਾਹ ਪਹਿਲਾਂ ਜੰਮਣੋਂ
ਲੈਂਦਾ ਅਉਧ ਹੰਢਾ

ਨਟੀ
ਸੁਣੋ ਤਾਂ ਮੇਰੇ ਰਾਮ ਜੀਓ
ਲੇਖਾਂ ਨੂੰ ਦੋਸ਼ ਕਿਹਾ
ਹੈ ਚੰਗਾ ਜੇ ਨਾਂ ਫੜੀਦਾ
ਏਥੇ ਸਾਹ ਕੋਲੋਂ ਜੇ ਸਾਹ
ਕੀਹ ਬੁਰਾ ਜੇ ਮੰਜਲ ਪਹਿਲੜੇ
ਤੇ ਪਿਛੋਂ ਲੱਭੇ ਰਾਹ?
ਜਾਂ ਤੀਰ ਲੱਗਣ ਤੋਂ ਪਹਿਲੜੇ
ਜੇ ਛਾਤੀ ਲੱਗੇ ਘਾਹ
ਵਿੱਚ ਅਧਵਾਟੇ ਹੀ ਖੜ੍ਹਨ ਦਾ
ਆਵੇ ਬੜਾ ਮਜ਼ਾ
ਕੁਝ ਪਿੱਛੇ ਮੁੜਨ ਦੀ ਲਾਲਸਾ
ਕੁਝ ਅੱਗੇ ਵਧਣ ਦਾ ਚਾ
ਪਰ ਜੋ ਵੀ ਪੂਰਨ ਥੀਵਿਆ
ਉਹਦਾ ਜੀਣਾ ਜੱਗ ਕਿਹਾ ?
ਹੈ ਸ਼ੁਕਰ ਸਮਾਂ ਨਾਂ ਧਰਤ ‘ਤੇ
ਇੱਕੋ ਥਾਉਂ ਖੜਾ

ਸੂਤਰਧਾਰ
ਇਹ ਤਾਂ ਮੈਂ ਵੀ ਸਮਝਦਾ
ਪਰ ਹੁੰਦੈ ਦੁਖ ਬੜਾ
ਜਦ ਕੱਲੇ ਬਹਿ ਕੇ ਸੋਚੀਏ
ਇਹ ਫੁੱਲ ਜਾਣੇ ਕੁਮਲਾ
ਇਹ ਵਾਦੀ ਦੇ ਵਿੱਚ ਸ਼ੂਕਦਾ
ਸੁੱਕ ਜਾਣਾ ਦਰਿਆ
ਇਹਨੇ ਭਲਕੇ ਰੁਖ ਬਦਲਣਾ
ਜੋ ਵਗਦੀ ਸੀਤ ਹਵਾ
ਹਨ ਰੁੱਤਾਂ ਪੱਤਰ ਛੰਡਣੇ
ਲੈ ਜਾਏ ਪੌਣ ਉਡਾ
ਲੈ ਜਾਏ ਰੁੱਖ ਵਢਾਏ ਕੇ
ਤਰਖਾਣਾਂ ਮੋਛੇ ਪਾ
ਤਰਖਾਣਾਂ ਮੋਛੇ ਪਾਏ ਕੇ
ਲੈਣੇ ਪਲੰਘ ਬਣਾ
ਪਲੰਘੇ ਸੇਜਾਂ ਮਾਣਦੇ
ਮਰਨੇ ਸੇਜ ਵਿਛਾ

(ਚਲਦਾ….)

ਸ਼ਰੀਂਹ ਦੇ ਫੁੱਲ – ਸ਼ਿਵ ਕੁਮਾਰ ਬਟਾਲਵੀ

ਦਿਲ ਦੇ ਝੱਲੇ ਮਿਰਗ ਨੂੰ ਲੱਗੀ ਹੈ ਤੇਹ |
ਪਰ ਨੇ ਦਿਸਦੇ ਹਰ ਤਰਫ਼ ਵੀਰਾਨ ਥੇਹ |

ਕੀ ਕਰਾਂ ? ਕਿੱਥੋਂ ਬੁਝਾਵਾਂ ਮੈਂ ਪਿਆਸ,
ਹੋ ਗਏ ਬੰਜਰ ਜਿਹੇ ਦੋ ਨੈਣ ਇਹ |

ਥਲ ਹੋਏ ਦਿਲਾਂ ਚੋਂ ਗਮਾਂ ਦੇ ਕਾਫ਼ਲੇ,
ਰੋਜ ਲੰਘਦੇ ਨੇ ਉਡਾ ਜਾਂਦੇ ਨੇ ਖੇਹ |

ਦੁਆਰ ਦਿਲ ਦੇ ਖਾ ਗਈ ਹਠ ਦੀ ਸਿਉਂਕ ,
ਖਾ ਗਈ ਚੰਦਨ ਦੀ ਦੇਹ ਬਿਰਹੋਂ ਦੇ ਲੇਹ |

ਰਤਨ ਖੁਸ਼ੀਆਂ ਦੇ ਮਣਾਂ ਮੂੰਹ ਪੀਹ ਲਏ ,
ਇੱਕ ਪਰਾਗਾ ਰੋੜ ਪਰ ਹੋਏ ਨਾ ਪੀਹ |

ਮਨ ਮੋਏ ਦਾ ਗਾਹਕ ਨਾਂ ਮਿਲਿਆ ਕੋਈ ,
ਤਨ ਦੀ ਡੋਲੀ ਦੇ ਮਿਲੇ ਪਰ ਰੋਜ ਵੀਹ |

ਚਿਰ ਹੋਇਆ ਮੇਰੇ ਮੁਹਾਣੇ ਡੁੱਬ ਗਏ,
ਹੁਣ ਸਹਾਰੇ ਖਿਜਰ ਦੇ ਦੀ ਲੋੜ ਕੀਹ ?

ਜਾਣਦੇ ਬੁਝਦੇ ਯਸੂ ਦੇ ਰਹਿਨੁਮਾ ,
ਚਾੜ੍ਹ ਆਏ ਬੇ-ਗੁਨਾਹ ਸੂਲੀ ਮਸੀਹ |

ਮੇਰਿਆਂ ਗੀਤਾਂ ਦੀ ਮੈਨਾ ਮਰ ਗਈ,
ਰਹਿ ਗਿਆ ਪਾਂਧੀ ਮੁਕਾ ਪਹਿਲਾਂ ਹੀ ਕੋਹ |

ਆਖਰੀ ਫੁੱਲ ਵੀ ਸ਼ਰੀਂਹ ਦਾ ਡਿੱਗ ਪਿਆ,
ਖਾ ਗਿਆ ਸਰਸਬਜ਼ ਜੂਹਾਂ ਸਰਦ ਪੋਹ |

ਚੰਨ ਦੀ ਰੋਟੀ ਪਕਾਈ ਤਾਰਿਆਂ ,
ਬਦਲੀਆਂ ਮਰ ਜਾਣੀਆਂ ਗਈਆਂ ਲਈ ਖੋਹ |

ਗੋਂਦਵੀ ਆਸਾਂ ਦੀ ਡੋਰੀ ਟੁੱਟ ਗਈ,
ਧਾਣ ਚਿੜੀਆਂ ਠੁੰਗ ਲਏ ਥੋਥੇ ਨੇ ਤੋਹ |

ਪੈ ਗਈਆਂ ਫੁੱਲਾਂ ਦੇ ਮੂੰਹ ‘ਤੇ ਝੁਰੜੀਆਂ ,
ਤਿਤਲੀਆਂ ਦੀ ਹੋ ਗਈ ਧੁੰਦਲੀ ਨਿਗਾਹ |

ਫੂਕ ਘੱਤੇ ਪਰ ਕਿਸੇ ਅੱਜ ਮੋਰ ਦੇ ,
ਹਫ਼ ਗਏ ਕਿਸੇ ਭੌਰ ਦੇ ਉੱਡ-ਉੱਡ ਕੇ ਸਾਹ |

ਵਾਗ ਰਹੀ ਹੈ ਓਪਰੀ ਜਿਹੀ ਅੱਜ ਹਵਾ,
ਲੌਂਗ ਊਸ਼ਾ ਦੇ , ਦੀ ਹੈ ਕੁਝ ਹੋਰ ਭਾਹ |

ਫੂਕ ਲੈਣੇ ਨੇ ਮੈਂ ਢਾਰੇ ਆਪਣੇ ,
ਭੁੱਲ ਜਾਣੇ ਨੇ ਮੈਂ ਆਪਣੇ ਆਪ ਰਾਹ |

ਦੂਰ ਹੋ ਕੇ ਬਹਿ ਦਿਲ ਦੀਏ ਹਸਰਤੇ ,
ਛੂਹ ਨਾ ਪੀੜਾਂ ਮਾਰੀਏ ਮੈਨੂੰ ਨਾ ਛੂਹ |

ਖਾਣ ਦੇ ਜਿੰਦੂ ਨੂੰ ਕੱਲਰ ਸੋਗ ਦੇ ,
ਮਿਹਕੀਆਂ ਰੋਹੀਆਂ ਦੇ ਵਲ ਇਹਨੂੰ ਨਾ ਧੂਹ |

ਥੱਕ ਗਈ ਮੂੰਹ-ਜ਼ੋਰ ਜਿੰਦ ਲਾਹ ਲੈ ਲਗਾਮ ,
ਨਰੜ ਕੇ ਬੰਨ੍ਹ ਲੈ ਮੇਰੀ ਬੇਚੈਨ ਰੂਹ |

ਪੀਣ ਦੇ ਆਡਾਂ ਨੂੰ ਪਾਣੀ ਪੀਣ ਦੇ ,
ਭਰ ਨਸਾਰਾਂ ਵਹਿਣ ਦੇ ਨੈਣਾਂ ਦੇ ਖੂਹ |

ਲੂਣਾ – ਪਹਿਲਾ ਅੰਕ | ਭਾਗ – 1

ਅੰਕ ਪਹਿਲਾ

ਧਨਵੰਤੀ ਤੇ ਉਹਦੇ ਪਹਾੜਾਂ ਦੇ ਨਾਂ

[ ਚਾਨਣੀ ਰਾਤ ਦੇ ਅੰਤਿਮ ਪਹਿਰ, ਨਟੀ ਤੇ ਸੂਤਰਧਾਰ ਚੰਬੇ ਸ਼ਹਿਰ ਦੇ ਨੇੜੇ ਇੱਕ ਸੰਘਣੇ ਵਣ ਵਿੱਚ ਬੈਠੇ ਪ੍ਰੇਮ ਕਰ ਰਹੇ ਸਨ | ]
ਨਟੀ
ਇਹ ਕਵਣ ਸੁ ਸੁਹਾਵੜਾ
ਤੇ ਵਕਣ ਸੁ ਇਹ ਦਰਿਆ
ਜੋ ਰਾਤ ਨਮੋਘੀ ਚੰਨ ਦੀ
ਵਿੱਚ ਦੂਰੋਂ ਡਲ੍ਹਕ ਰਿਹਾ
ਕਈ ਵਿੰਗ–ਵਲੇਂਵੇ ਮਾਰਦਾ
ਕੋਈ ਅੱਗ ਦਾ ਸੱਪ ਜਿਹਾ
ਜੋ ਕੱਡ ਦੁਸਾਂਘੀ ਜੀਭ ਨੂੰ
ਵਾਦੀ ਵਿੱਚ ਸ਼ੂਕ ਰਿਹਾ

ਸੂਤਰਧਾਰ
ਇਹ ਦੇਸ ਸੁ ਚੰਬਾ ਸੋਹਣੀਏ
ਇਹ ਰਾਵੀ ਸੁ ਦਰਿਆ
ਜੋ ਐਰਾਵਤੀ ਕਹਾਂਵਦੀ
ਵਿੱਚ ਦੇਵ-ਲੋਕ ਦੇ ਜਾ
ਇਹ ਧੀ ਹੈ ਪਾਂਗੀ ਰਿਸ਼ੀ ਦੀ
ਇਹ ਚੰਦਰਭਾਗ ਭਰਾ
ਚੰਬਿਆਲੀ ਖ਼ਾਤਰ ਜਾਂਵਦਾ
ਇਹਨੂੰ ਚੰਬਾ ਦੇਸ ਕਿਹਾ

ਨਟੀ
ਹੈ ਇੱਤਰਾਂ ਭਿੱਜੀ ਵਗ ਰਹੀ
ਠੰਡੀ ਤੇ ਸੀਤ ਹਵਾ
ਏਥੇ ਰਾਤ ਰਾਣੀ ਦਾ ਜਾਪਦਾ
ਜਿਓਂ ਸਾਹ ਹੈ ਡੁੱਲ੍ਹ ਗਿਆ

ਸੂਤਰਧਾਰ
ਹਾਂ ਨੀਂ ਜਿੰਦੇ ਮੇਰੀਏ !
ਤੂੰ ਬਿਲਕੁਲ ਠੀਕ ਕਿਹਾ
ਹੈ ਕੁੰਗ, ਕਥੂਰੀ , ਅਗਰ ਦਾ
ਜਿਓਂ ਵਗੇ ਪਿਆ ਦਰਿਆ
ਇੱਕ ਮਾਨਸਰੋਵਰ ਇੱਤਰ ਦਾ
ਵਿੱਚ ਚੰਨ ਦਾ ਹੰਸ ਜਿਹਾ
ਹੈ ਚੁਪ-ਚਪੀਤਾ ਤੈਰਦਾ
‘ਤੇ ਤਾਰੇ ਚੁਗੇ ਪਿਆ

ਨਟੀ
ਪਰ ਮੈਨੂੰ ਈਕਣ ਜਾਪਦੈ
ਜਿਓਂ ਚਾਨਣ ਦੇ ਦਰਿਆ
ਇਹ ਮਹਿਕ ਜਿਵੇਂ ਇੱਕ ਕੁੜੀ ਚਿੜੀ
ਜਿਦ੍ਹਾ ਸੱਜਣ ਦੂਰ ਗਿਆ
ਅਗਨ-ਵਰੇਸੇ ਵਟਣਾ ਮਲ ਮਲ
ਰਹੀ ਜੋ ਨਗਨ ਨਹਾ
ਪਾਣੀ ਪਾ ਪਾ ਅੱਗ ਬੁਝਾਵੇ
ਅੱਗ ਨਾਂ ਬੁੱਝਣ ਆ

ਸੂਤਰਧਾਰ
ਵਾਹ !
ਇਹ ਤੂੰ ਖੂਬ ਕਿਹਾ
ਸਚਮੁੱਚ ਤਨ ਦੀ ਅੱਗ ਨੂੰ
ਨਾਂ ਪਾਣੀ ਸਕੇ ਬੁਝਾ
ਹੈ ਸੰਭਵ ਤਨ ਦੀ ਅੱਗ ਥੀਂ
ਖੌਲ ਸਮੁੰਦਰ ਜਾ

ਨਟੀ
ਛੇੜ ਸਾਰੰਗੀ ਪੌਣ ਦੀ
ਰਹੀ ਰੁੱਤ ਬਿਰਹੜੇ ਗਾ
ਜਿਓਂ ਕਾਮੀ ਸੱਜਣ ਕਿਸੇ ਦਾ
ਜਦ ਜਾਏ ਵਿਛੋੜਾ ਪਾ
ਇੱਕ ਡੂੰਘੀ ਸੌਲੀ ਸ਼ਾਮ ਨੂੰ
ਕਿਤੇ ਵਿੱਚ ਉਜਾੜੀਂ ਜਾ
ਜਿਓਂ ਢਿੱਡੀਂ ਮੁੱਕੀਆਂ ਮਾਰਦੀ
ਕੋਈ ਬਿਰਹਣ ਪਏ ਕੁਰਲਾ

ਸੂਤਰਧਾਰ
ਇਹ ਕਿਹਾ ਸੁਹਾਵਾ ਦੇਸ ਹੈ
ਤੇ ਕੇਹੀ ਨਸ਼ੀਲੀ ਵਾ
ਇਓਂ ਤਰਵਰ ਜਾਪਣ ਝੂਮਦੇ
ਜਿਓਂ ਛੀਂਬਾ ਡੰਗ ਗਿਆ
ਹੈ ਥਾਂ ਥਾਂ ਕੇਸੂ ਮੌਲਿਆ
ਤੇ ਡੁੱਲ੍ਹਿਆ ਲਹੂ ਜਿਹਾ
ਜਿਓਂ ਕਾਲੇ ਰੜੇ ਪਹਾੜ ਦਾ
ਸੀਨਾ ਪਾਟ ਗਿਆ
ਇਓਂ ਜਾਪੇ ਭੌਂ ਦੀਆਂ ਬੁੱਲ੍ਹੀਆਂ
ਵਿੱਚ ਭਰਿਆ ਨਸ਼ਾ ਜਿਹਾ
ਇਕ ਸਵਾਦ ਸਵਾਦ ਹੋ ਜਿਨ੍ਹਾਂ ਨੂੰ
ਹੈ ਅੰਬਰ ਚੂੰਮ ਰਿਹਾ
ਕੋਈ ਜੀਕਣ ਪ੍ਰੇਮੀ ਪ੍ਰੇਮੀ ਤੋਂ
ਇੱਕ ਉਮਰਾਂ ਬਾਝ ਰਿਹਾ
ਉੱਸ ਅੰਭੇ ਹੋਂਠ ਤਾਂ ਚੁੰਮਣਾ
ਪਰ ਭੁੱਖਾ ਫੇਰ ਰਿਹਾ

ਨਟੀ
ਸੁਣੋ ਸਵਾਮੀ ਕਿਹਾ ਸੁਹਾਵਾ
ਪੰਛੀ ਬੋਲ ਰਿਹਾ
ਜਿਓਂ ਕਿਸੇ ਪ੍ਰੇਮੀ ਆਪਣੇ
ਪ੍ਰੇਮੀ ਦਾ ਨਾਮ ਲਿਆ
ਜਿਓਂ ਬਾਂਸ ਦੀ ਪਾਟੀ ਪੋਰ ‘ਚੋਂ
ਇੱਕ ਰੁਮਕਾ ਲੰਘ ਗਿਆ
ਜਿਓਂ ਸੇਜ ਸੱਜਣ ਦੀ ਮਾਣਦੀ ਦਾ
ਹਾਸਾ ਨਿਕਲ ਗਿਆ
ਪ੍ਰਥਮ ਪ੍ਰੇਮ ਦੇ ਪ੍ਰਥਮ ਮੇਲ ਦੇ
ਪ੍ਰਥਮ ਹੀ ਸ਼ਬਦ ਜਿਹਾ
ਦਰਦ ਪਰੁੱਚੇ ਕਿਸੇ ਗੀਤ ਦੇ
ਅੰਤਮ ਬੋਲ ਜਿਹਾ

ਸੂਤਰਧਾਰ
ਹੈ ਸੌਲੇ ਜਿਹੇ ਪਹਾੜ ‘ਤੇ
ਚੰਨ ਈਕਣ ਸੋਭ ਰਿਹਾ
ਜਿਓਂ ਕੁਲਿਕ ਨਾਗ ਕੋਈ ਮਨੀਂ ਥੀਂ
ਨੇਰ੍ਹੇ ਵਿੱਚ ਖੇਡ ਰਿਹਾ
ਇਹ ਪਰਬਤ ਲੰਮ-ਸਲੰਮੜਾ
ਹੈ ਈਕਣ ਫੈਲ ਗਿਆ
ਜਿਓਂ ਨਾਗਾਂ ਦੀ ਮਾਂ ਸੂਰਸਾ
ਕੋਈ ਬਾਸ਼ਕ ,ਉਰਗ ਤੇ ਛੀਂਬੜੇ
ਕਈ ਅਹੀ, ਖੜੱਪੇ ਆ
ਕਈ ਕੱਲਰੀ, ਉੱਡਣੇ, ਪਦਮ ‘ਤੇ
ਸੰਗਚੂੜੇ ਧੌਣ ਉਠਾ
ਪਏ ਚਾਨਣ ਦਾ ਦੁੱਧ ਪੀਂਵਦੇ
ਤੇ ਰਹੇ ਨੇ ਜਸ਼ਨ ਮਨਾ
ਔਹ ਵੇਖ ! ਨੀ ਜਿੰਦੇ ਘਾਟੀਆਂ
ਵਿੱਚ ਬੱਦਲ ਉੱਡ ਰਿਹਾ
ਜਿਓਂ ਸੱਪ ਕਿਸੇ ਨੂੰ ਡੰਗ ਕੇ
ਗੁੱਸੇ ਵਿੱਚ ਉਲਟ ਗਿਆ
ਸੁਪਨ-ਲੋਕ ਦੇ ਉਡਦੇ ਹੋਏ
ਦੂਧ ਮਹਿਲ ਜਿਹਾ
ਜਿਦ੍ਹੀ ਮਮਟੀ ਬੈਠਾ ਚੰਨ ਦਾ
ਕੋਈ ਪੰਛੀ ਬੋਲ ਰਿਹਾ
ਵਿੱਚ ਫੁੱਲ-ਪੱਤੀਆਂ ਦੀ ਸੇਜ ‘ਤੇ
ਇੱਕ ਨੰਗਾ ਅਗਨ ਜਿਹਾ
ਇੱਕ ਬੁੱਤ ਗੁਲਾਬੀ ਨਾਰ ਦਾ
ਕੋਈ ਕਾਮ ਵੇਖ ਰਿਹਾ
ਤੇ ਭੋਗਨ ਪਹਿਲੇ ਓਸ ਦਾ
ਜਿਓਂ ਸੁਪਨਾ ਟੁੱਟ ਗਿਆ

(ਚਲਦਾ….)

ਇੱਕ ਗੀਤ ਹਿਜਰ ਦਾ – ਸ਼ਿਵ ਕੁਮਾਰ ਬਟਾਲਵੀ

ਮੋਤੀਏ ਰੰਗੀ ਚਾਨਣੀ ਦੀ ਭਰ ਪਿਚਕਾਰੀ,
ਮਾਰੀ ਨੀਂ ਕਿਸੇ ਮੁੱਖ ਮੇਰੇ ਤੇ ਮਾਰੀ |

ਕਿਸ ਲਈ ਮੇਰੇ ਮੱਥੇ ਚੰਨ ਦੀ ਦੌਣੀ,
ਕਿਸ ਰੱਤੀ ਮੇਰੀ ਸੂਹੀ ਗੁੱਟ ਫੁਲਕਾਰੀ |

ਰਹਿਣ ਦਿਓ ਨੀਂ ਹੰਸ ਦਿਲੇ ਦਾ ਫਾਕੇ,
ਜਾਂਦੀ ਨਹੀਂ ਮੈਥੋਂ ਮਹਿੰਗੀ ਚੋਗ ਖਿਲਾਰੀ |

ਤੋੜੇ ਮਾਲ੍ਹ ਤਰੱਕਲਾ ਚਰਖੀ ਫੂਕੋ,
ਕਿਸ ਮੇਰੀ ਵੈਰਣ ਕੌਡਾਂ ਨਾਲ ਸ਼ਿੰਗਾਰੀ |

ਕਿਸ, ਕੂਲ੍ਹਾਂ ਦੇ ਆਣ ਘਚੋਲੇ ਪਾਣੀ,
ਕਿਸ ਤੱਤੜੀ ਨੇ ਆਣ ਮਰੂੰਡੀਆਂ |

ਕਿਸ ਖੂਹੇ ਬਹਿ ਧੋਵਾਂ ਦਾਗ ਦਿਲੇ ਦੇ ,
ਕਿਸ ਚੌਂਕੀ ਬਹਿ ਮਲ ਮਲ ਵਟਣਾ ਨ੍ਹਾਵਾਂ |

ਕੀਹ ਗੁੰਦਾਂ ਹੁਣ ਗੁੱਡੀਆਂ ਦੇ ਸਿਰ ਮੋਤੀ,
ਕੀਕਣ ਉਮਰ ਨਿਆਣੀ ਮੋੜ ਲਿਆਵਾਂ |

ਕਿਸ ਸੰਗ ਖੇਡਾਂ ਅੜੀਓ ਨੀਂ ਮੈਂ ਕੰਜਕਾਂ,
ਕਿਸ ਸੰਗ ਅੜੀਓ ਰਾੜੇ ਬੀਜਣ ਜਾਵਾਂ |

ਉੱਡ ਗਈਆਂ ਡਾਰਾਂ ਸੱਭੇ ਬੰਨ੍ਹ ਕਤਾਰਾਂ,
ਮੈਂ ਕੱਲੀ ਵਿੱਚ ਫਸ ਗਈ ਜੇ ਨੀਂ ਫਾਹੀਆਂ |

ਲੱਖ ਸ਼ੁਦੈਣਾਂ ਔਸੀਆਂ ਪਾ ਪਾ ਮੋਈਆਂ,
ਵਾਤ ਨਾਂ ਪੁੱਛੀ ਏਸ ਗਿਰਾਂ ਦਿਆਂ ਰਾਹੀਆਂ |

ਪਰਤ ਕਦੇ ਨਾਂ ਆਏ ਮਹਿਰਮ ਘਰ ਨੂੰ ,
ਐਵੇਂ ਉਮਰਾਂ ਵਿੱਚ ਉਡੀਕ ਵਿਹਾਈਆਂ |

ਆਖੋ ਸੂ , ਚੰਨ ਮੱਸਿਆ ਨੂੰ ਨਹੀਂ ਚੜ੍ਹਦਾ,
ਮੱਸਿਆ ਵੰਡਦੀ ਆਈ ਧੁਰੋਂ ਸਿਆਹੀਆਂ |

ਝੱਬ ਕਰ ਅੜੀਏ ਤੂੰ ਵੀ ਉੱਡ ਜਾ ਚਿੜੀਏ ,
ਇਹਨੀਂ ਮਹਿਲੀਂ ਹਤਿਆਰੇ ਨੇ ਵਸਦੇ |

ਏਸ ਖੇਤ ਵਿੱਚ ਕਦੇ ਨਹੀਂ ਉੱਗਦੀ ਕੰਗਣੀ ,
ਏਸ ਖੇਤ ਦੇ ਧਾਨ ਕਦੇ ਨਹੀਂ ਪੱਕਦੇ |

ਭੁੱਲ ਨਾਂ ਬੋਲੇ ਕੋਇਲ ਇਹਨੀਂ ਅੰਬੀਂ,
ਇਹਨੀਂ ਬਾਗੀਂ ਮੋਰ ਕਦੇ ਨਹੀਂ ਨੱਚਦੇ |

ਅੜੀਓ ਨੀਂ ਮੈਂ ਘਰ ਬਿਰਹੋਂ ਦੇ ਜਾਈਆਂ ,
ਰਹਿਣਗੇ ਹੋਂਠ ਹਸ਼ਰ ਤੱਕ ਹੰਝੂ ਚੱਟਦੇ |

ਕੀਹ ਰੋਵਾਂ ਮੈਂ ਗਲ ਸੱਜਣਾਂ ਦੇ ਮਿਲ ਕੇ,
ਕੀਹ ਹੱਸਾਂ ਮੈਂ ਅੜੀਓ ਮਾਰ ਛੜੱਪੀਆਂ |

ਕੀਹ ਬੈਠਾਂ ਮੈਂ ਛਾਵੇਂ ਸੰਦਲ ਰੁੱਖ ਦੀ,
ਕੀਹ ਬਣ ਬਣ ‘ਚੋਂ ਚੁਗਦੀ ਫਿਰਾਂ ਮੈਂ ਰੱਤੀਆਂ |

ਕੀਹ ਟੇਰਾਂ ਮੈਂ ਸੂਤ ਗਮਾਂ ਦੇ ਖੱਦੇ,
ਕੀਹ ਖੋਹਲਾਂ ਮੈਂ ਗੰਢਾਂ ਪੇਚ ਪਲੱਚੀਆਂ |

ਕੀਹ ਗਾਵਾਂ ਮੈਂ ਗੀਤ ਹਿਜ਼ਰ ਦੇ ਗੂੰਗੇ,
ਕੀਹ ਛੇੜਾਂ ਮੈਂ ਮੂਕ ਦਿਲੇ ਦੀਆਂ ਮੱਟੀਆਂ |