ਕਵਿਤਾਵਾਂ

ਹੱਕ ਕਦੋਂ ਦੇ ਉਡੀਕਦੇ – ਯਸ਼ੂ ਜਾਨ

ਤੋੜਕੇ ਗ਼ਲਾਮੀ ਦੀਆਂ ਸਾਰੀਆਂ ਜ਼ੰਜੀਰਾਂ,
ਹੱਕ ਲੈਣੋਂ ਡਰਨਾ ਨਹੀਂ ਭੈਣਾਂ ਅਤੇ ਵੀਰਾਂ,
ਤੁਸੀਂ ਵਿੱਦਿਆ ਉਚੇਰੀ ਬੱਚਿਆ ਨੂੰ ਦਿਵਾਓ,
ਸਦੀਆਂ ਤੋਂ ਸੁੱਤੀ ਹੋਈ ਕੌਮ ਨੂੰ ਜਗਾਓ,
ਸਾਨੂੰ ਮੰਗਿਆ ਕਰੋ ਤੁਸੀਂ ਹਿੱਕ ਤਾਣਕੇ,
ਹੱਕ ਕਦੋਂ ਦੇ ਉਡੀਕਦੇ ,
ਸੁਣੋਂ ਦਲਿਤ ਵੀਰੋ ਸਾਨੂੰ ਲੈ ਜਾਓ ਆਣਕੇ |

ਗੱਲ ਉਦੋਂ ਹੀ ਬਣੇਗੀ ਜਦੋਂ ਹੋਵੋਗੇ ਚੁਕੰਨੇ,
ਕੰਮ ਨਹੀਂਓਂ ਆਉਣੇ ਮੰਦਰਾਂ ਤੇ ਮੱਥੇ ਭੰਨੇ,
ਥੋੜ੍ਹਾ-ਥੋੜ੍ਹਾ ਕਰ ਘੜਾ ਭਰ ਲ਼ਓ ਗ਼ਿਆਨ ਦਾ,
ਸਭ ਨਾਲ਼ੋਂ ਉੱਚਾ ਅਹੁਦਾ ਹੁੰਦਾ ਵਿਦਵਾਨ ਦਾ,
ਲੈ ਜਾਓ ਕੋਹੀਨੂਰ ਕੋਲਿਆਂ ਚੋਂ ਛਾਣਕੇ,
ਸੁਣੋਂ ਦਲਿਤ ਵੀਰੋ ਸਾਨੂੰ ਲੈ ਜਾਓ ਆਣਕੇ ,
ਹੱਕ ਕਦੋਂ ਦੇ ਉਡੀਕਦੇ |

ਚਲੋ ਜਾਨਵਰਾਂ ਦਾ ਤਾਂ ਕੰਮ ਲੋਟ-ਪੋਟ ਆ,
ਪਰ ਥੋਨੂੰ ਤਾਂ ਸੋਚਣ ਲਈ ਮਿਲੀ ਸੋਚ ਆ,
ਸੂਰਮੇ ਬਣੋ ਤੇ ਬੁਜ਼ਦਿਲੀ ਨੂੰ ਤਿਆਗੋ
ਅਸੀਂ ਮਾਰ ਰਹੇ ਨਾਅਰਾ ਹੁਣ ਜਾਗੋ-ਜਾਗੋ,
ਹੁਣ ਮਨ ਵਿੱਚ ਰਖੋ ਇੱਕੋ ਗੱਲ ਠਾਣਕੇ,
ਸੁਣੋਂ ਦਲਿਤ ਵੀਰੋ ਸਾਨੂੰ ਲੈ ਜਾਓ ਆਣਕੇ ,
ਹੱਕ ਕਦੋਂ ਦੇ ਉਡੀਕਦੇ |

ਰਾਜ ਲੋਕਾਂ ਦਾ ਤੇ ਸੱਤਾ ਵੀ ਹੈ ਲੋਕਤੰਤਰੀ,
ਜੀ ਥੋਡੇ ਬੱਚੇ ਵੀ ਬਣਨਗੇ ਪ੍ਰਧਾਨ ਮੰਤਰੀ,
ਬਚਿਓ ਸਿਆਸਤੀ ਨਾ ਥੋਨੂੰ ਠੱਗ ਜਾਣ,
ਸ਼ੇਰਾਂ ਵਾਂਗਰਾਂ ਦਹਾੜੋ ਭੇਡਾਂ ਦੂਰ ਭੱਜ ਜਾਣ,
ਜ਼ਿੰਦਗ਼ੀ ਬਿਤਾਓ ਖ਼ੁਸ਼ੀਆਂ ਹੀ ਮਾਣਕੇ,
ਸੁਣੋਂ ਦਲਿਤ ਵੀਰੋ ਸਾਨੂੰ ਲੈ ਜਾਓ ਆਣਕੇ ,
ਹੱਕ ਕਦੋਂ ਦੇ ਉਡੀਕਦੇ |

ਯਸ਼ੂ ਜਾਨ ਦੀ ਦੱਸੀ ਗੱਲ ਪਾ ਲਿਓ ਖ਼ਾਨੇ,
ਅੱਜ-ਕੱਲ੍ਹ ਵਾਲ਼ੇ ਲਗਾਇਓ ਨਾ ਬਹਾਨੇ,
ਸੱਚੀ ਏਕਤਾ ‘ਚ ਰਹਿਕੇ ਬਣੋ ਵੱਡੀ ਸ਼ਕਤੀ,
ਜਾਵੋ ਦੂਰੋਂ ਹੀ ਪਛਾਣੇ ਐਸੀ ਹੋਵੇ ਹਸਤੀ,
ਕਿਤੇ ਸੁੱਤੇ ਨਾ ਰਹਿਓ ਐਵੇਂ ਜਾਣ-ਜਾਣਕੇ,
ਸੁਣੋਂ ਦਲਿਤ ਵੀਰੋ ਸਾਨੂੰ ਲੈ ਜਾਓ ਆਣਕੇ ,
ਹੱਕ ਕਦੋਂ ਦੇ ਉਡੀਕਦੇ |

ਸ਼ਾਤਿਰ ਇਨਸਾਨ – ਯਸ਼ੂ ਜਾਨ

ਅੱਜ ਸ਼ਾਤਿਰ ਇਨਸਾਨ ਹੈ ,
ਤੇ ਭਟਕਿਆ ਨਗਰ ਹੈ,
ਜਿਸਨੂੰ ਨਾ ਰੱਬ ਦਾ,
ਨਾ ਕਾਨੂੰਨ ਦਾ ਡਰ ਹੈ |

ਸਿਆਸਤੀ, ਮਤਲਬੀ, ਘਮੰਡੀ, ਸੁਭਾਅ ਹੈ ਇਸਦਾ,
ਆਪਣੀ ਹੀ ਪ੍ਰਵਿਰਤੀ ਤੋਂ,
ਕਿਉਂ ਬੇ-ਖ਼ਬਰ ਹੈ,
ਜਿਸਨੂੰ ਨਾ ਰੱਬ ਦਾ,
ਨਾ ਕਾਨੂੰਨ ਦਾ ਡਰ ਹੈ |

ਹੱਦਾਂ ਟੱਪ ਬੇ-ਹੱਦ ਕੀਤੀ ਹੋਈ ਅੱਤ ਦਾ,
ਖ਼ਤਰਨਾਕ ਤੇ ਹੁੰਦਾ ਬੁਰਾ
ਹੀ ਹਸ਼ਰ ਹੈ,
ਜਿਸਨੂੰ ਨਾ ਰੱਬ ਦਾ,
ਨਾ ਕਾਨੂੰਨ ਦਾ ਡਰ ਹੈ |

ਕੰਧਾਂ ਝੂਠ ਦੀਆਂ ਤੇ ਛੱਤਾਂ ਨੇ ਤਿਲਕਵੀਆਂ,
ਕਿਸ ਤਰਾਂ ਕਰ ਰਿਹਾ,
ਜ਼ਿੰਦਗ਼ੀ ਬਸਰ ਹੈ,
ਜਿਸਨੂੰ ਨਾ ਰੱਬ ਦਾ,
ਨਾ ਕਾਨੂੰਨ ਦਾ ਡਰ ਹੈ |

ਕਿ ਕੋਈ ਭੂਤ-ਚੁੜੇਲ ਡਾਕਿਨੀ-ਸ਼ਾਕਿਨੀ ਵਾਲੀ,
ਹੋਈ ਇਸ ਮਤਲਬਪ੍ਰਸਤ
ਨੂੰ ਕਸਰ ਹੈ,
ਜਿਸਨੂੰ ਨਾ ਰੱਬ ਦਾ,
ਨਾ ਕਾਨੂੰਨ ਦਾ ਡਰ ਹੈ |

ਕਰਤੱਵਾਂ ਨੂੰ ਭੁੱਲਕੇ ਮੰਗਦਾ ਹੱਕ ਹੈ ਪੂਰੇ,
ਨਾ ਮਿਲਣ ਤੇ ਬਣ ਕ੍ਰੋਧੀ,
ਮਚਾਉਂਦਾ ਗ਼ਦਰ ਹੈ,
ਜਿਸਨੂੰ ਨਾ ਰੱਬ ਦਾ,
ਨਾ ਕਾਨੂੰਨ ਦਾ ਡਰ ਹੈ |

ਤੀਰੋਂ ਤਿੱਖੇ ਤੇਰੇ ਸ਼ਬਦਾਂ ਦਾ ਯਸ਼ੂ ਜਾਨ,
ਇਸਦੇ ਪੱਥਰ ਦਿਲ-ਦਿਮਾਗ਼ ਤੇ,
ਨਾ ਕੋਈ ਅਸਰ ਹੈ,
ਜਿਸਨੂੰ ਨਾ ਰੱਬ ਦਾ,
ਨਾ ਕਾਨੂੰਨ ਦਾ ਡਰ ਹੈ |

ਬੰਦਾ – ਯਸ਼ੂ ਜਾਨ

ਪਹਿਲਾਂ ਘਰਾਂ ਨੂੰ ਉਜਾੜਦੀ ਸ਼ਰਾਬ,
ਫਿੱਕ ਪਾਉਣ ਫਿਰ ਆਪਣੇ ਭਰਾ,
ਜਦ ਬੰਦਾ ਮਿਲਦਾ ਨਾ ਬੰਦੇ ਨੂੰ,
ਤਾਂ ਰੱਬ ਨੇ ਕੀ ਮਿਲਣਾ ਸਵਾਹ ।

ਮਿਲਦਾ ਨਾ ਕਿਸੇ ਪਿੰਡ ਪਾਣੀ ਪੀਣ ਲਈ,
ਉੱਥੇ ਫੇਸਬੁੱਕ ਬੜੀ ਏ ਜ਼ਰੂਰੀ ਜੀਣ ਲਈ,
ਇੱਕ ਚੱਲੀ ਆ ਬਿਮਾਰੀ ਵੱਟਸ ਅੱਪ,
ਜਿਹਦੀ ਯਾਰੋ ਕੋਈ ਨਾ ਦਵਾ,
ਜਦ ਬੰਦਾ ਮਿਲਦਾ ਨਾ ਬੰਦੇ ਨੂੰ,
ਤਾਂ ਰੱਬ ਨੇ ਕੀ ਮਿਲਣਾ ਸਵਾਹ ।

ਜਿਹਨਾਂ ਨੂੰ ਜਿਤਾਕੇ ਵੋਟਾਂ ਖੂਹ ਵਿੱਚ ਪਾਈਆਂ,
ਖਾ ਗਏ ਉਹ ਦੁੱਧ ਉੱਤੋਂ ਲਾਹ ਕੇ ਮਲ਼ਾਈਆਂ,
ਉਹਦੀ ਫੋਟੋ ਮੂਹਰੇ ਬੈਠਕੇ ਸ਼ਰਾਬ ਪੀਣ,
ਗਾਂਧੀ ਨੂੰ ਜੋ ਮੰਨਦੇ ਖ਼ੁਦਾ,
ਜਦ ਬੰਦਾ ਮਿਲਦਾ ਨਾ ਬੰਦੇ ਨੂੰ,
ਤਾਂ ਰੱਬ ਨੇ ਕੀ ਮਿਲਣਾ ਸਵਾਹ ।

ਢੋਂਗੀ ਬਾਬਿਆਂ ਨੇ ਕਰ ਦਿੱਤੀ ਜ਼ਿੰਦਗ਼ੀ ਖ਼ਰਾਬ,
ਵੇਖੋ ਰੱਖਤੇ ਬਣਾਕੇ ਨੰਗ ਸਿਰੇ ਦੇ ਨਵਾਬ,
ਯਸ਼ੂ ਸੱਚ ਲਿਖਣੇ ਸਜ਼ਾ ਮਿਲਣੀ ਏ ਭੈੜੀ,
ਐਂਵੇਂ ਕਰ ਨਾ ਗ਼ੁਨਾਹ,
ਜਦ ਬੰਦਾ ਮਿਲਦਾ ਨਾ ਬੰਦੇ ਨੂੰ,
ਤਾਂ ਰੱਬ ਨੇ ਕੀ ਮਿਲਣਾ ਸਵਾਹ ।

ਪੈਸੇ ਦੇ ਹੱਥ-ਪੈਰ – ਯਸ਼ੂ ਜਾਨ

ਮੈਨੂੰ ਹੁੰਦੀ ਏ ਹੈਰਾਨੀ ਇਸ ਕਾਗ਼ਜ਼ ਦੇ ਉੱਤੇ,
ਸਦਾ ਰਹਿੰਦੀ ਏ ਜਵਾਨੀ ਇਸ ਕਾਗ਼ਜ਼ ਦੇ ਉੱਤੇ,
ਲੈਦੀ ਹੈ ਜ਼ਮੀਰ ਉਸ ਬੰਦੇ ਦਾ ਖ਼ਰੀਦ,
ਜਿਹਨੂੰ ਲਵੇ ਘੇਰ ਜੀ,
ਹੱਥ ਅਤੇ ਪੈਰ ਪੈਸਿਆਂ ਦੇ ਹੁੰਦੇ ਨਾ,
ਚੱਲਦੇ ਨੇ ਫੇਰ ਵੀ,
ਹੱਥ ਅਤੇ ਪੈਰ ਪੈਸਿਆਂ ਦੇ ਹੁੰਦੇ ਨਾ,
ਚੱਲਦੇ ਨੇ ਫੇਰ ਵੀ ।

ਉੁਹ ਖਿਡਾਰੀ ਹੋਣ ਪੱਕੇ, ਜਿਹਨਾਂ ਕੋਲ਼ ਨਹੀਓਂ ਯੱਕੇ,
ਤਾਂ ਵੀ ਜਿੱਤ ਲੈਣ ਬਾਜ਼ੀ, ਸਿੱਕੇ ਖੋਟਿਆਂ ਦੇ ਧੱਕੇ,
ਭਰੀਆਂ ਤਿਜ਼ੋਰੀਆਂ ਦੀ ਕਰ ਦਏ ਸਫ਼ਾਈ,
ਨਿੱਕੀ ਜਿਹੀ ਦੇਰ ਜੀ,
ਹੱਥ ਅਤੇ ਪੈਰ ਪੈਸਿਆਂ ਦੇ ਹੁੰਦੇ ਨਾ,
ਚੱਲਦੇ ਨੇ ਫੇਰ ਵੀ ।

ਮਾਇਆ ਕਰਨੀ ਨਾ ਦਾਨ, ਝੱਲ ਲੈਣਾ ਨੁਕਸਾਨ,
‘ਯਸ਼ੂ’ ਗ਼ਲਤੀ ਹੈ ਭਾਰੀ, ਸੱਚ ਬੋਲਦੀ ਜ਼ੁਬਾਨ,
ਗ਼ਲਤੀ ਜੇ ਹੋਈ, ਰੱਬਾ ਮਾਫ਼ ਕਰ ਦੇਵੀਂ,
ਸਾਨੂੰ ਇੱਕ ਵੇਰ ਜੀ,
ਹੱਥ ਅਤੇ ਪੈਰ ਪੈਸਿਆਂ ਦੇ ਹੁੰਦੇ ਨਾ,
ਚੱਲਦੇ ਨੇ ਫੇਰ ਵੀ ।

ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ – ਯਸ਼ੂ ਜਾਨ

ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ,
ਹਾਂ ਹੁੰਦੀ ਹੈ ਪਰ ਕਦ ਹੁੰਦੀ ਹੈ |

ਜਿਸ ਵੇਲੇ ਕੋਈ ਜ਼ਹਿਰ ਨੂੰ ਵੰਡੇ,
ਤੇ ਨਾਲ਼ ਵਿਛਾਵੇ ਰਾਹ ਵਿੱਚ ਕੰਡੇ,
ਉਸ ਵੇਲ਼ੇ ਇਹ ਵੱਧ ਹੁੰਦੀ ਹੈ,
ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ,
ਹਾਂ ਹੁੰਦੀ ਹੈ ਪਰ ਕਦ ਹੁੰਦੀ ਹੈ |

ਆਪਣਾ ਘਰ ਹੀ ਘਰ ਚੋਂ ਕੱਢੇ,
ਜਦ ਜੀਭ ਅਸਾਡੀ ਸਾਨੂੰ ਵੱਢੇ,
ਐਸੀ ਖ਼ੁਮਾਰੀ ਤਦ ਹੁੰਦੀ ਹੈ,
ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ,
ਹਾਂ ਹੁੰਦੀ ਹੈ ਪਰ ਕਦ ਹੁੰਦੀ ਹੈ |

ਦਰਜ਼ੀ ਕਰਦਾ ਆਪਣੀ ਮਰਜ਼ੀ,
ਤੇ ਕੱਪੜਾ ਕੱਟੇ ਨਾਪ ਲੈ ਫ਼ਰਜ਼ੀ,
ਤੇ ਧੌਣ ਧਾਗੇ ਨਾਲ਼ ਵੱਢ ਹੁੰਦੀ ਹੈ,
ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ,
ਹਾਂ ਹੁੰਦੀ ਹੈ ਪਰ ਕਦ ਹੁੰਦੀ ਹੈ |

ਜੇ ਯਮ ਨਾ ਕੱਢੇ ਕਿਸੇ ਪ੍ਰਾਣ ਨੂੰ,
ਤੇ ਕਲਮ ਸਤਾਵੇ ਯਸ਼ੂ ਜਾਨ ਨੂੰ,
ਨਾਂ ਹੱਥਾਂ ਵਿੱਚੋਂ ਛੱਡ ਹੁੰਦੀ ਹੈ,
ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ,
ਹਾਂ ਹੁੰਦੀ ਹੈ ਪਰ ਕਦ ਹੁੰਦੀ ਹੈ |