ਪੁਲਵਾਮਾ ਹਮਲਾ – ਯਸ਼ੂ ਜਾਨ

ਕਿਸੇ ਨੇ ਕੀਤਾ ਸੌਦਾ ਦੇਸ਼-ਜਵਾਨਾਂ ਦਾ,
ਕੀ ਮੁਕ਼ਾਬਲਾ ਦੱਸੋ ਭੇਡਾਂ-ਸਾਂਨ੍ਹਾਂ ਦਾ,
ਹੋਇਆ ਫਿਰਦਾ ਸਾਰਾ ਪਾਕਿਸਤਾਨ ਕਮਲ਼ਾ,
ਯਾਦ ਰਹੂਗਾ ਸਾਨੂੰ ਵੀ ਪੁਲਵਾਮਾ ਹਮਲਾ,
ਦੱਸਾਂਗੇ ਹੁਣ ਕਿੱਦਾਂ ਕਰੀਦਾ ਪਿੱਛਿਓਂ ਹਮਲਾ,
ਯਾਦ ਰਹੂਗਾ ਸਾਨੂੰ ਵੀ ਪੁਲਵਾਮਾ ਹਮਲਾ |

ਰੰਜਿਸ਼ ਯਾਦ ਕਰਾਤੀ ਕਾਹਤੋਂ ਪਿਛਲੀ-ਅਗਲੀ,
ਪਰਦੇ ਕਰਨੇ ਫ਼ਾਸ਼ ਤੁਹਾਡੇ ਅਸਲੀ-ਨਕਲੀ,
ਹੁਣ ਸਾਡੇ ਹੱਥ ਤੁਹਾਡੀ ਕਿਸਮਤ ਵਾਲ਼ੀ ਚਾਬੀ,
ਡੁੱਲ੍ਹ-ਡੁੱਲ੍ਹ ਹੋਇਆ ਸਾਡੇ ਖ਼ੂਨ ਦਾ ਰੰਗ ਗ਼ੁਲਾਬੀ,
ਕਿਸੇ ਦੀ ਜਾਨ ਤੋਂ ਵੱਡਾ ਨਹੀਂ ਕਸ਼ਮੀਰੀ ਮਸਲਾ,
ਦੱਸਾਂਗੇ ਹੁਣ ਕਿੱਦਾਂ ਕਰੀਦਾ ਪਿੱਛਿਓਂ ਹਮਲਾ,
ਯਾਦ ਰਹੂਗਾ ਸਾਨੂੰ ਵੀ ਪੁਲਵਾਮਾ ਹਮਲਾ |

ਤੁਸੀਂ ਤਾਂ ਤਾਕਤ ਸਾਡੀ ਦੇਖੀ ਨਹੀਂ ਹਾਲੇ,
ਹੁਣ ਦੇਖਿਓ ਕਿੱਦਾਂ ਤੋਰਨਾਂ ਪੈਰੀਂ ਪਾ ਛਾਲੇ,
ਮਦਦ ਤੇ ਸਹਿਯੋਗ ਦੀ ਕੋਈ ਭੱਲ ਪਚੀ ਨਾਂ,
ਇੱਜ਼ਤ ਤੇ ਭਾਈਆਂ ਵਾਲ਼ੀ ਵੀ ਗੱਲ ਬਚੀ ਨਾਂ,
ਬੱਚਾ-ਬੱਚਾ ਖੜ੍ਹਾ ਹੋ ਜਾਊ ਚੁੱਕ ਕੇ ਅਸਲਾ,
ਦੱਸਾਂਗੇ ਹੁਣ ਕਿੱਦਾਂ ਕਰੀਦਾ ਪਿੱਛਿਓਂ ਹਮਲਾ,
ਯਾਦ ਰਹੂਗਾ ਸਾਨੂੰ ਵੀ ਪੁਲਵਾਮਾ ਹਮਲਾ |

ਨਹੀਓਂ ਦੇਣਾ ਹੋਣ ਤਿਰੰਗਾ ਝੰਡਾ ਨੀਲਾ,
ਯਸ਼ੂ ਜਾਨ ਕਰਨਾ ਪੈਣਾ ਕੋਈ ਪੱਕਾ ਹੀਲਾ,
ਹੱਥਾਂ ਉੱਤੇ ਧਰਕੇ ਹੱਥ ਨਹੀਂ ਬਹਿਣਾ ਵਿਹਲੇ,
ਨਹੀਓਂ ਲੱਗਣ ਦੇਣੇ ਹੁਣ ਸ਼ਮਸ਼ਾਨੀਂ ਮੇਲੇ,
ਭੁਲਣੀਆਂ ਨਹੀਂ ਸਾਨੂੰ ਉਹ ਰੂਹਾਨੀਂ ਸ਼ਕਲਾਂ,
ਦੱਸਾਂਗੇ ਹੁਣ ਕਿੱਦਾਂ ਕਰੀਦਾ ਪਿੱਛਿਓਂ ਹਮਲਾ,
ਯਾਦ ਰਹੂਗਾ ਸਾਨੂੰ ਵੀ ਪੁਲਵਾਮਾ ਹਮਲਾ |