ਰੂਪ ਰੱਬ ਦਾ ਵੀਰ ਸੀ ਨਾਨਕੀ ਦਾ – ਹਰੀ ਸਿੰਘ ਜਾਚਕ

ਪੜ੍ਹੀਏ ਜਦੋਂ ਇਤਿਹਾਸ ਤਾਂ ਪਤਾ ਲੱਗਦੈ, ਹਿਰਦਾ ਗਹਿਰ ਗੰਭੀਰ ਸੀ ਨਾਨਕੀ ਦਾ।
ਮਿਲਿਆ ਲਾਡ ਪਿਆਰ ਸੀ ਮਾਪਿਆਂ ਤੋਂ, ਵਿਰਸਾ ਬੜਾ ਅਮੀਰ ਸੀ ਨਾਨਕੀ ਦਾ।
ਨਾਨਕ ਰੂਪ ਦੇ ਵਿੱਚ ਨਿਰੰਕਾਰ ਆਇਆ, ਹੋਇਆ ਸੁਪਨਾ ਤਾਮੀਰ ਸੀ ਨਾਨਕੀ ਦਾ।
ਕੌਤਕ ਬਾਲ ਦੇ ਅੱਖੀਆਂ ਨਾਲ ਤੱਕੇ, ਵੀਰਾ ਗੁਨੀ ਗਹੀਰ ਸੀ ਨਾਨਕੀ ਦਾ।
ਭੈਣ ਵੀਰ ਤੋਂ ਵੱਖ ਨਾ ਰਹਿ ਸਕਦੀ, ਰਿਸ਼ਤਾ ਖੰਡ ਤੇ ਖੀਰ ਸੀ ਨਾਨਕੀ ਦਾ।
ਵੱਡੀ ਭੈਣ ਦੇ ਭਾਗ ਸਨ ਬਹੁਤ ਵੱਡੇ, ਰੂਪ ਰੱਬ ਦਾ ਵੀਰ ਸੀ ਨਾਨਕੀ ਦਾ।

ਕਰਕੇ ਖਰਾ ਸੌਦਾ, ਆ ਵਿਸਮਾਦ ਅੰਦਰ, ਬੈਠਾ ਵੀਰ ਅਖੀਰ ਸੀ ਨਾਨਕੀ ਦਾ।
ਗੁੱਸੇ ਵਿੱਚ ਕਚੀਚੀਆਂ ਵੱਟ ਪਹੁੰਚਾ, ਬਾਬਲ ਵਾਟਾਂ ਨੂੰ ਚੀਰ ਸੀ ਨਾਨਕੀ ਦਾ।
ਭੈਣ ਨਾਨਕੀ ਵੀ ਵਾਹੋ ਦਾਹੀ ਨੱਠੀ, ਮੁੱਕ ਚੱਲਿਆ ਧੀਰ ਸੀ ਨਾਨਕੀ ਦਾ।
ਚੰਡਾਂ ਵੀਰ ਨੂੰ ਪੈਂਦੀਆਂ ਤੱਕ ਕੇ ਤੇ, ਕੰਬਿਆ ਸਾਰਾ ਸਰੀਰ ਸੀ ਨਾਨਕੀ ਦਾ।
ਕੂੰਜ ਵਾਂਗ ਕੁਰਲਾਈ ਸੀ ਓਸ ਵੇਲੇ, ਵਗਿਆ ਨੈਣਾਂ ’ਚੋਂ ਨੀਰ ਸੀ ਨਾਨਕੀ ਦਾ।
ਰੋ ਰੋ ਕੇ ਮੁਖੜਾ ਚੁੰਮ ਰਹੀ ਸੀ, ਰੂਪ ਰੱਬ ਦਾ ਵੀਰ ਸੀ ਨਾਨਕੀ ਦਾ।

ਭੈਣ ਕੋਲ ਸੁਲਤਾਨਪੁਰ ਰਹਿੰਦਿਆਂ ਹੀ, ਲੀਲਾ ਅਜਬ ਸੀ ਕੋਈ ਵਰਤਾਈ ਨਾਨਕ।
ਧੁਰ ਦਰਗਾਹ ’ਚੋਂ ਬਖਸ਼ਿਸ਼ਾਂ ਲੈਣ ਖਾਤਰ, ਵੇਈਂ ਨਦੀ ’ਚ ਚੁੱਭੀ ਲਗਾਈ ਨਾਨਕ।
ਤਿੰਨ ਦਿਨ ਜਲ ਸਮਾਧੀ ਦੇ ਵਿੱਚ ਰਹਿ ਕੇ, ਬਿਰਤੀ ਨਾਲ ਅਕਾਲ ਦੇ ਲਾਈ ਨਾਨਕ।
ਆਪੋ ਆਪਣੇ ਢੰਗ ਦੇ ਨਾਲ ਓਧਰ, ਲਭਦੀ ਪਈ ਸੀ ਸਾਰੀ ਲੋਕਾਈ ਨਾਨਕ।
ਹੋਇਆ ਅੱਖਾਂ ਤੋਂ ਓਹਲੇ ਜਦ ਵੀਰ ਸੋਹਣਾ, ਹੋਇਆ ਦਿਲ ਦਿਲਗੀਰ ਸੀ ਨਾਨਕੀ ਦਾ।
ਪਰਗਟ ਹੋ ਗਿਆ ਤੀਸਰੇ ਦਿਨ ਆਖਰ, ਰੂਪ ਰੱਬ ਦਾ ਵੀਰ ਸੀ ਨਾਨਕੀ ਦਾ।

ਜੀਹਨੇ ਜੀਹਨੇ ਵੀ ਕੀਤੇ ਆਣ ਦਰਸ਼ਨ, ਓਹਨੇ ਨਾਨਕ ਨੂਰਾਨੀ ਦਾ ਨੂਰ ਤੱਕਿਆ।
‘ਨਾ ਕੋ ਹਿੰਦੂ ਨਾ ਮੁਸਲਮਾਨ’ ਕਹਿੰਦਾ, ਰੱਬੀ ਰੰਗ ’ਚ ਨਾਨਕ ਮਖਮੂਰ ਤੱਕਿਆ।
ਲੈ ਕੇ ਆਗਿਆ ਭੈਣ ਤੋਂ ਪਾਏ ਚਾਲੇ, ਸੜਦਾ ਬਲਦਾ ਜਦ ਜਗਤ ਤੰਦੂਰ ਤੱਕਿਆ।
ਸਮੇਂ ਸਮੇਂ ਜਦ ਵੀਰ ਦੀ ਯਾਦ ਆਈ, ਆਪਣੇ ਕੋਲ ਉਸ ਹਾਜ਼ਰ ਹਜ਼ੂਰ ਤੱਕਿਆ।
ਗੁਰੂ ਵੀਰ ਨੂੰ ‘ਜਾਚਕ’ ਫਿਰ ਯਾਦ ਕੀਤਾ, ਆਇਆ ਜਦੋਂ ਅਖੀਰ ਸੀ ਨਾਨਕੀ ਦਾ।
ਪਲਾਂ ਵਿੱਚ ਹੀ ਮੰਜ਼ਲਾਂ ਮਾਰ ਪਹੁੰਚਾ, ਰੂਪ ਰੱਬ ਦਾ ਵੀਰ ਸੀ ਨਾਨਕੀ ਦਾ।