ਸਾਕਾ ਚਾਂਦਨੀ ਚੌਂਕ – ਹਰੀ ਸਿੰਘ ਜਾਚਕ

ਕਿਰਨਾਂ ਸੱਚ ਦੀਆਂ, ਚਾਨਣ ਲੈਣ ਜਿਸ ਤੋਂ, ਸੂਝਵਾਨ ਸ਼ਖ਼ਸੀਅਤ ਸੀ ਪਾਤਸ਼ਾਹ ਦੀ।
ਵੀਹ ਵਰ੍ਹੇ ਜਿਸ ਭੋਰੇ ’ਚ ਤੱਪ ਕੀਤਾ, ਅੰਤਰ ਧਿਆਨ ਸ਼ਖ਼ਸੀਅਤ ਸੀ ਪਾਤਸ਼ਾਹ ਦੀ।
ਰਚੀ ਬਾਣੀ ਦੇ ਇਕ ਇਕ ਸ਼ਬਦ ਵਿਚੋਂ, ਰੂਪਮਾਨ ਸ਼ਖ਼ਸੀਅਤ ਸੀ ਪਾਤਸ਼ਾਹ ਦੀ।
ਜ਼ੁਲਮੀ ਹੜ੍ਹ ਨੂੰ ਜੀਹਨਾਂ ਸੀ ਠੱਲ ਪਾਈ, ਉਹ ਮਹਾਨ ਸ਼ਖ਼ਸੀਅਤ ਸੀ ਪਾਤਸ਼ਾਹ ਦੀ।

ਔਰੰਗਜ਼ੇਬ ਦੇ ਜ਼ੁਲਮ ਤੇ ਅੱਤ ਕਾਰਣ,ਗੈਰ ਮੁਸਲਮ ਜਦ ਹਾਲੋਂ ਬੇਹਾਲ ਹੋ ਗਏ।
ਹਿੰਦੂ ਮੰਦਰਾਂ, ਠਾਕਰ ਦੁਆਰਿਆਂ ’ਚ, ਵੱਜਣੇ ਬੰਦ ਜਦ ਸੰਖ ਘੜਿਆਲ ਹੋ ਗਏ।
ਲੈ ਕੇ ਅਟਕ ਤੋਂ ਗੰਗਾ ਦਰਿਆ ਤੀਕਰ, ਰੰਗ ਪਾਣੀਆਂ ਦੇ ਲਾਲੋ ਲਾਲ ਹੋ ਗਏ।
ਹਿੰਦੂ ਧਰਮ ਨੂੰ ਓਦੋਂ ਬਚਾਉਣ ਖ਼ਾਤਰ, ਗੁਰੂ ਤੇਗ ਬਹਾਦਰ ਦਇਆਲ ਹੋ ਗਏ।

ਸਤੇ ਬ੍ਰਾਹਮਣ ਅਖੀਰ ਕਸ਼ਮੀਰ ਵਿੱਚੋਂ, ਡਿੱਗਦੇ ਢਹਿੰਦੇ ਸਨ ਗੁਰੂ ਦੁਆਰ ਪਹੁੰਚੇ।
ਕਿਰਪਾ ਰਾਮ ਨੇ ਕਿਹਾ ਹੁਣ ਕਰੋ ਕਿਰਪਾ, ਚਾਰੇ ਪਾਸੇ ਤੋਂ ਹੋ ਲਾਚਾਰ ਪਹੁੰਚੇ।
ਸਾਡੀ ਕੋਈ ਨਹੀਂ ਦਾਦ ਫਰਿਆਦ ਸੁਣਦਾ, ਤੁਹਾਡੇ ਦਰ ਤੇ ਹਾਂ ਆਖਰਕਾਰ ਪਹੁੰਚੇ।
ਕਿਰਪਾ ਕਰੋ ਹੁਣ ਕਿਰਪਾ ਨਿਧਾਨ ਐਸੀ, ਬੇੜਾ ਧਰਮ ਦਾ ਭਵਜਲੋਂ ਪਾਰ ਪਹੁੰਚੇ।

ਰੋ ਰੋ ਕੇ ਪੰਡਿਤ ਸੀ ਕਹਿਣ ਲੱਗੇ, ਹੋਣੀ ਸਾਡੇ ਬਨੇਰੇ ਤੇ ਖੜੀ ਦਾਤਾ।
ਚਾਰੇ ਪਾਸੇ ਹੀ ਸਹਿਮ ਦੇ ਛਾਏ ਬੱਦਲ, ਕਾਲੀ ਘਟਾ ਕੋਈ ਜ਼ੁਲਮ ਦੀ ਚੜ੍ਹੀ ਦਾਤਾ।
ਠਾਕੁਰਦੁਆਰੇ ਤੇ ਮੰਦਰ ਨੇ ਢਹਿ ਚੁੱਕੇ, ਕਿਸਮਤ ਸਾਡੀ ਏ ਸਾਡੇ ਨਾਲ ਲੜੀ ਦਾਤਾ।
ਪਕੜੋ ਤੁਸੀਂ ਮਜ਼ਲੂਮਾਂ ਦੀ ਬਾਂਹ ਹੁਣ ਤਾਂ, ਔਖੀ ਬੜੀ ਇਮਤਿਹਾਨ ਦੀ ਘੜੀ ਦਾਤਾ।

ਮਾਣ ਰੱਖਦਿਆਂ ਇਨ੍ਹਾਂ ਨਿਤਾਣਿਆਂ ਦਾ, ਗੁਰਾਂ ਕਿਹਾ ਮੈਂ ਦੁਖੜੇ ਮੁਕਾ ਦਿਆਂਗਾ।
ਤੁਹਾਡੇ ਤਿਲਕ ਤੇ ਜੰਝੂ ਦੀ ਰੱਖਿਆ ਲਈ, ਸੀਸ ਆਪਣਾ ਭੇਟ ਚੜ੍ਹਾ ਦਿਆਂਗਾ।
ਮੈਂ ਤੁਹਾਡੀਆਂ ਬਹੂ ਤੇ ਬੇਟੀਆਂ ਦਾ, ਸਿਰ ਦੇ ਕੇ ਸਤ ਬਚਾ ਦਿਆਂਗਾ।
ਥੋਡੇ ਧਰਮ ਦਾ ਦੀਵਾ ਨਾ ਬੁਝ ਸਕੇ, ਤੇਲ ਆਪਣੇ ਲਹੂ ਦਾ ਪਾ ਦਿਆਂਗਾ।

ਨੋਵੀਂ ਜੋਤ ਨੂੰ ਪਿੰਜਰੇ ’ਚ ਬੰਦ ਕਰਕੇ, ਡਾਹਢਾ ਕਹਿਰ ਕਮਾਇਆ ਸੀ ਜ਼ਾਲਮਾਂ ਨੇ।
ਲਾਲਚ ਵੱਡੇ ਤੋਂ ਵੱਡੇ ਵੀ ਗਏ ਦਿੱਤੇ, ਸਬਜ ਬਾਗ ਵਿਖਾਇਆ ਸੀ ਜ਼ਾਲਮਾਂ ਨੇ।
ਜਦੋਂ ਰਤਾ ਵੀ ਡੋਲੇ ਨਾ ਗੁਰੂ ਨੌਂਵੇਂ, ਜੁਲਮੀ ਚੱਕਰ ਚਲਾਇਆ ਸੀ ਜ਼ਾਲਮਾਂ ਨੇ।
ਕਤਲ ਕਰਨ ਦੇ ਲਈ ਨੋਵੇਂ ਪਾਤਸ਼ਾਹ ਨੂੰ, ਚੌਂਕ ਵਿੱਚ ਬਿਠਾਇਆ ਸੀ ਜ਼ਾਲਮਾਂ ਨੇ।

ਨੂਰ ਚਿਹਰੇ ਤੇ ਡਲਕਾਂ ਪਿਆ ਮਾਰਦਾ ਸੀ, ਮਸਤੀ ਨੈਣਾਂ ’ਚ ਨਾਮ ਦੀ ਛਾਈ ਹੋਈ ਸੀ।
ਹਰਖ ਸੋਗ ਨਾ ਚਿਹਰੇ ਤੇ ਨਜ਼ਰ ਆਵੇ, ਬਿਰਤੀ ਵਾਹਿਗੁਰੂ ਵਿੱਚ ਲਗਾਈ ਹੋਈ ਸੀ।
ਜਪੁਜੀ ਸਾਹਿਬ ਦਾ ਸ਼ੁਰੂ ਸੀ ਪਾਠ ਕੀਤਾ, ਸੁਰਤੀ ਓਸ ਦੇ ਵਿਚ ਹੀ ਲਾਈ ਹੋਈ ਸੀ।
ਏਧਰ ਹੱਥ ਜਲਾਦ ਦਾ ਉਠਿਆ ਏ, ਓਧਰ ਚਿਹਰੇ ਤੇ ਰੌਣਕ ਆਈ ਹੋਈ ਸੀ।

ਪਾਵਨ ਸੀਸ ਤੇ ਧੜ ਅਲੱਗ ਹੋ ਕੇ, ਪਏ ਧਰਤੀ ਤੇ ਲਹੂ ਲੁਹਾਨ ਓਦੋਂ।
ਸੂਰਜ ਸ਼ਰਮ ਨਾਲ ਬੱਦਲਾਂ ਵਿੱਚ ਛਿਪਿਆ, ਲਾਲ ਹਨੇਰੀ ਤੇ ਆਇਆ ਤੂਫਾਨ ਓਦੋਂ।
ਕਾਲੀ ਘਟਾ ਕੋਈ ਛਾਈ ਸੀ ਚੌਹੀਂ ਪਾਸੀਂ, ਵਰਤ ਗਈ ਓਥੇ ਸੁਨਸਾਨ ਓਦੋਂ।
ਅਫਰਾ ਤਫਰੀ ਤੇ ਭਾਜੜ ਸੀ ਪੈ ਚੁੱਕੀ, ਚੌਂਕ ਚਾਂਦਨੀ ਖੁਲ੍ਹੇ ਮੈਦਾਨ ਓਦੋਂ।

ਭਾਈ ਜੈਤੇ ਉਠਾਇਆ ਸੀ ਸੀਸ ਪਾਵਨ, ਰੱਖ ਕੇ ਤਲੀ ਤੇ ਆਪਣੀ ਜਾਨ ਓਦੋਂ।
ਭਾਈ ਉਦੇ ਗੁਰਦਿੱਤੇ ਨੇ ਧੜ ਰੱਖਿਆ, ਲੱਖੀ ਸ਼ਾਹ ਦੇ ਗੱਡੇ ਤੇ ਆਨ ਓਦੋਂ।
ਲੱਖੀ ਸ਼ਾਹ ਨੇ ਘਰ ’ਪਹੁੰਚ ਕੇ ਤੇ, ਲਾਇਆ ਸੀਨੇ ਦੇ ਨਾਲ ਭਗਵਾਨ ਓਦੋਂ।
ਧੜ ਸਣੇ ਮਕਾਨ ਨੂੰ ਅੱਗ ਲਾ ਕੇ, ਓਹਨੇ ਰੱਖ ਲਈ ਸਿੱਖੀ ਦੀ ਸ਼ਾਨ ਓਦੋਂ।

ਖੁੰਡੀ ਕੀਤੀ ਸੀ ਜ਼ੁਲਮੀ ਤਲਵਾਰ ਓਨ੍ਹਾਂ, ਕਰਕੇ ਮੌਤ ਕਬੂਲ ਸੀ ਖਿੜੇ ਮੱਥੇ।
ਕਤਲ ਹੋਣ ਲਈ ਪਹੁੰਚਿਆ ਆਪ ਚੱਲ ਕੇ,ਕਾਤਲ ਪਾਸ ਮਕਤੂਲ ਸੀ ਖਿੜੇ ਮੱਥੇ।
ਦਿੱਤਾ ਸੀਸ ਪਰ ਸਿਰਰ ਨਾ ਛੱਡਿਆ ਸੀ, ਪਾਲੇ ਸਿੱਖੀ ਅਸੂਲ ਸੀ ਖਿੜੇ ਮੱਥੇ।
ਬਣੀ ਤੱਕ ਕੇ ਬਿਪਤਾ ਬੇਦੋਸ਼ਿਆਂ ਤੇ, ਦਿੱਤੀ ਜਿੰਦੜੀ ਹੂਲ ਸੀ ਖਿੜੇ ਮੱਥੇ।

ਪਹਿਲੇ ਗੁਰਾਂ ਜੋ ਜੰਝੂ ਨਾ ਪਹਿਨਿਆਂ ਸੀ, ਓਸੇ ਜੰਝੂ ਲਈ ਦਿੱਤਾ ਬਲੀਦਾਨ ਸਤਿਗੁਰ।
ਬੋਦੀ ਟਿੱਕੇ ਬਚਾਏ ਬ੍ਰਾਹਮਣਾਂ ਦੇ, ਦੇ ਕੇ ਆਪਣੇ ਸੀਸ ਦਾ ਦਾਨ ਸਤਿਗੁਰ।
ਬਦਲੇ ਧਰਮ ਨਾ ਕਿਸੇ ਦਾ ਕੋਈ ਜ਼ਬਰੀ, ਏਸੇ ਲਈ ਹੋ ਗਏ ਕੁਰਬਾਨ ਸਤਿਗੁਰ।
ਤਾਹੀਓਂ ਦੁਨੀਆਂ ਦੇ ਹਰ ਇਕ ਦੇਸ਼ ਅੰਦਰ, ਯਾਦ ਕਰ ਰਿਹੈ ਸਾਰਾ ਜਹਾਨ ਸਤਿਗੁਰ।

ਗੁਰੂ ਤੇਗ ਬਹਾਦਰ ਨਾਲ ਨਹੀਂ ਹੋਇਆ, ਇਹ ਤਾਂ ਹੋਇਆ ਮਨੁੱਖਤਾ ਨਾਲ ਸਾਕਾ।
ਦਿਨ ਦਿਹਾੜੇ ਹੀ ਲੋਕਾਂ ਨੇ ਤੱਕਿਆ ਸੀ, ਲਾਲ ਖੂਨ ਵਾਲਾ ਲਾਲੋ ਲਾਲ ਸਾਕਾ।
ਹਿੱਲੀ ਧਰਤੀ ਤੇ ਲੋਕਾਂ ਦੇ ਦਿਲ ਹਿੱਲੇ, ਮਾਨੋ ਲਿਆਇਆ ਸੀ ਕੋਈ ਭੂਚਾਲ ਸਾਕਾ।
ਰਹਿੰਦੀ ਦੁਨੀਆਂ ਤੱਕ ‘ਜਾਚਕਾ’ ਯਾਦ ਰਹਿਣੈ, ਚੌਂਕ ਚਾਂਦਨੀ ਦਾ ਬੇਮਿਸਾਲ ਸਾਕਾ।