ਗੁਰੂ ਹਰਿਰਾਇ ਸਾਹਿਬ ਜੀ – ਹਰੀ ਸਿੰਘ ਜਾਚਕ

ਕੀਰਤਪੁਰ ਦੀ ਧਰਤੀ ਨੂੰ ਭਾਗ ਲੱਗੇ, ਹਰਿਰਾਇ ਦਾ ਹੋਇਆ ਪ੍ਰਕਾਸ਼ ਹੈਸੀ।
ਨੂਰੀ ਮੁਖੜਾ ਤੱਕ ਕੇ ਸੰਗਤਾਂ ਨੂੰ, ਧੁਰ ਅੰਦਰੋਂ ਚੜ੍ਹਿਆ ਹੁਲਾਸ ਹੈਸੀ।
ਖੁਸ਼ੀਆਂ ਖੇੜੇ ਲੈ ਏਥੋਂ ਸੀ ਵਿਦਾ ਹੋਇਆ, ਜਿਹੜਾ ਜਿਹੜਾ ਵੀ ਆਇਆ ਉਦਾਸ ਹੈਸੀ।
ਸ਼ਸਤਰ ਵਿਦਿਆ ਨਾਲ ਹੀ ਬਾਲਕੇ ਨੇ, ਘੋੜ ਸਵਾਰੀ ਦਾ ਕੀਤਾ ਅਭਿਆਸ ਹੈਸੀ।

ਕਲੀਆਂਦਾਰ ਚੋਲਾ ਇਕ ਦਿਨ ਪਹਿਨ ਕੇ ਤੇ, ਟਹਿਲ ਰਹੇ ਹਰਿਰਾਇ ਸੀ ਬਾਗ਼ ਅੰਦਰ।
ਫੁੱਲ ਟਹਿਣੀਉਂ ਟੁੱਟੇ ਜਦ ਨਾਲ ਅੜ ਕੇ, ਕੋਮਲ ਹਿਰਦਾ ਸੀ ਆਇਆ ਵੈਰਾਗ ਅੰਦਰ।
ਕਿਹਾ ਗੁਰਾਂ ਜਦ, ਦਾਮਨ ਸੰਕੋਚ ਚੱਲੋ, ਲੱਗ ਗਈ ਸੀ ਉਨ੍ਹਾਂ ਦੇ ਜਾਗ ਅੰਦਰ।
ਸਾਰੀ ਉਮਰ ਜੋ ਰੋਸ਼ਨੀ ਰਿਹਾ ਵੰਡਦਾ, ਜਗ ਮਗ ਜਗ ਪਿਆ ਕੋਈ ਚਰਾਗ਼ ਅੰਦਰ।

ਚੌਦਾਂ ਸਾਲ ਦੀ ਉਮਰ ਸੀ ਜਦੋਂ ਹੋਈ, ਛੇਵੇਂ ਪਾਤਸ਼ਾਹ ਹੱਥੀਂ ਗੁਰਿਆਈ ਬਖ਼ਸੀ।
ਯੋਗ ਜਾਣ ਕੇ ਆਪਣੇ ਪੋਤਰੇ ਨੂੰ, ਸਭ ਤੋਂ ਵੱਡੀ ਸੀ ਗੁਰਾਂ ਵਡਿਆਈ ਬਖ਼ਸ਼ੀ।
ਦੂਰ ਕਰਨ ਲਈ ਝੂਠ ਦੀ ਧੁੰਧ ਤਾਂਈਂ, ਨਾਨਕ ਜੋਤ ਦੀ ਪਾਵਨ ਰੁਸ਼ਨਾਈ ਬਖ਼ਸ਼ੀ।
ਆਪਣੇ ਸਮੇਂ ’ਚ ਗੁਰਾਂ ਨੇ ਹਰ ਪੱਖੋਂ, ਸਿੱਖ ਕੌਮ ਨੂੰ ਸੋਹਣੀ ਅਗਵਾਈ ਬਖ਼ਸ਼ੀ।

ਕੋਮਲ ਹਿਰਦਾ ਸੀ ਜਿਨ੍ਹਾਂ ਦਾ ਵਾਂਗ ਫੁੱਲਾਂ, ਵੰਡੀ ਵਿੱਚ ਸੰਸਾਰ ਸੁਗੰਧ ਓਨ੍ਹਾਂ।
ਰੱਬੀ ਪ੍ਰੇਮ ਦੀ ਤਾਰ ਨਾਲ ਬੰਨ੍ਹ ਸਭ ਨੂੰ, ਜੋੜ ਦਿੱਤੇ ਸੀ ਟੁੱਟੇ ਸਬੰਧ ਓਨ੍ਹਾਂ।
ਕਾਲ ਪਿਆ ਜਦ ਪੂਰੇ ਪੰਜਾਬ ਅੰਦਰ, ਲੇਖੇ ਲਾਇਆ ਸੀ ਸਾਰਾ ਦਸਵੰਧ ਓਨ੍ਹਾਂ।
ਲੋੜਵੰਦਾਂ ਦੀ ਲੋੜ ਨੂੰ ਮੁੱਖ ਰੱਖਕੇ, ਲੰਗਰ ਬਸਤਰ ਦਾ ਕੀਤਾ ਪ੍ਰਬੰਧ ਓਨ੍ਹਾਂ।

ਬਾਲਕ ਫੂਲ ਤੇ ਸੰਦਲੀ ਜਦੋਂ ਲੈ ਕੇ, ਕਾਲਾ ਚੌਧਰੀ ਆਇਆ ਦਰਬਾਰ ਅੰਦਰ।
ਹੱਥ ਫੇਰਨੇ ਢਿੱਡਾਂ ’ਤੇ ਸ਼ੁਰੂ ਕੀਤੇ, ਬੱਚਿਆਂ ਟੇਕ ਕੇ ਮੱਥਾ, ਸਤਿਕਾਰ ਅੰਦਰ।
ਗੁਰਾਂ ਤਾਂਈਂ ਸੀ ਦੱਸਿਆ ਚੌਧਰੀ ਨੇ, ਡਾਢੇ ਭੁੱਖ ਨੇ ਕੀਤੇ ਲਾਚਾਰ ਅੰਦਰ।
ਰਾਜੇ ਬਣਨਗੇ ਇਹ ਰਿਆਸਤਾਂ ਦੇ, ਗੁਰਾਂ ਕਿਹਾ ਸੀ ਅੱਗੋਂ ਖ਼ੁਮਾਰ ਅੰਦਰ।

ਸੁਣ ਕੇ ਕੀਰਤਨ ਇਕ ਦਿਨ ਪਾਤਸ਼ਾਹ ਜੀ, ਲੇਟੇ ਮੰਜੇ ਤੋਂ ਉੱਠੇ ਝੱਟਪੱਟ ਹੈਸੀ।
ਕਾਹਲੀ ਨਾਲ ਜਦ ਉਤਰੇ ਆਪ ਹੇਠਾਂ, ਲੱਗੀ ਗੋਡੇ ’ਤੇ ਓਨ੍ਹਾਂ ਦੇ ਸੱਟ ਹੈਸੀ।
ਕਿਹਾ ਸਿੱਖਾਂ ਨੇ, ਪਿਆਰੇ ਪਾਤਸ਼ਾਹ ਜੀ, ਤੁਸੀਂ ਕਿਉਂ ਉੱਠੇ, ਫਟਾਫੱਟ ਹੈਸੀ।
ਅਸਾਂ ਬਾਣੀ ਦਾ ਪੂਰਨ ਸਤਿਕਾਰ ਕਰਨੈ, ਅੱਗੋਂ ਕਿਹਾ ਦਾਤਾਰ ਨੇ ਝੱਟ ਹੈਸੀ।

ਦੂਰ ਦੂਰ ਤੱਕ ਸਿੱਖੀ ਪ੍ਰਚਾਰ ਕਰਕੇ, ਖਲਕਤ, ਸੁੱਤੀ ਜਗਾਈ ਸੀ ਪਾਤਸ਼ਾਹ ਨੇ।
ਰੱਖੇ ਬਾਈ ਸੌ ਘੋੜ ਸਵਾਰ ਭਾਂਵੇਂ, ਨਾ ਕੋਈ ਕੀਤੀ ਲੜਾਈ ਸੀ ਪਾਤਸ਼ਾਹ ਨੇ।
ਥਾਂ ਥਾਂ ਖੋਹਲ ਗਰੀਬਾਂ ਲਈ ਦਵਾਖਾਨੇ, ਸੁਖੀ ਕੀਤੀ ਲੋਕਾਈ ਸੀ ਪਾਤਸ਼ਾਹ ਨੇ।
ਰਾਜੀ ਜੀਹਦੇ ਨਾਲ ਦਾਰਾ ਸ਼ਿਕੋਹ ਹੋਇਆ, ਏਥੋਂ ਭੇਜੀ ਦਵਾਈ ਸੀ ਪਾਤਸ਼ਾਹ ਨੇ।

ਸੱਦਾ ਆਇਆ ਔਰੰਗੇ ਦਾ ਗੁਰਾਂ ਤਾਂਈਂ, ਰਾਮਰਾਇ ਨੂੰ ਕੀਤਾ ਤਿਆਰ ਓਹਨਾਂ।
ਸਿੱਖ ਸਿਧਾਂਤਾਂ ’ਤੇ ਆਂਚ ਨਹੀਂ ਆਉਣ ਦੇਣੀ, ਕਿਹਾ ਉਸ ਨੂੰ ਨਾਲ ਪਿਆਰ ਓਹਨਾਂ।
ਉਹਨੇ ਜਦੋਂ ਗੁਰਬਾਣੀ ਦੀ ਤੁੱਕ ਬਦਲੀ, ਸਦਾ ਸਦਾ ਲਈ ਦਿੱਤਾ ਦੁਰਕਾਰ ਓਹਨਾਂ।
ਕਰਕੇ ਸਦਾ ਦੇ ਲਈ ਬੇਦਖ਼ਲ ‘ਜਾਚਕ’, ਮੱਥੇ ਲਾਉਣ ਤੋਂ ਕੀਤਾ ਇਨਕਾਰ ਓਹਨਾਂ।