ਗੁਰੂ ਹਰਿਗੋਬਿੰਦ ਸਾਹਿਬ ਜੀ – ਹਰੀ ਸਿੰਘ ਜਾਚਕ

ਲੱਗੀਆਂ ਪਿੰਡ ਵਡਾਲੀ ਵਿੱਚ ਰੌਣਕਾਂ ਸੀ, ਸੱਚਾ ਪਾਤਸ਼ਾਹ ਆਪ ਦਿਆਲ ਹੋਇਆ।
ਬਾਬਾ ਬੁੱਢਾ ਜੀ ਦੇ ਪਾਵਨ ਵਰ ਸਦਕਾ, ਪੰਚਮ ਪਿਤਾ ਦੇ ਘਰ ਸੀ ਲਾਲ ਹੋਇਆ।
ਏਧਰ ਖੁਸ਼ੀ ਦੀ ਲਹਿਰ ਸੀ ਹਰ ਪਾਸੇ, ਵਾਤਾਵਰਣ ਸੀ ਸਾਰਾ ਖੁਸ਼ਹਾਲ ਹੋਇਆ।
ਓਧਰ ਬੱਚੇ ਨੂੰ ਮਾਰ ਮੁਕਾਉਣ ਦੇ ਲਈ, ਪ੍ਰਿਥੀ ਚੰਦ ਸੀ ਹਾਲੋ ਬੇਹਾਲ ਹੋਇਆ।

ਜ਼ਹਿਰ ਦੇਣ ਦੀ ਕੋਸ਼ਿਸ਼ ਵੀ ਗਈ ਕੀਤੀ, ਐਪਰ ਦਾਈ ਦਾ ਮੰਦੜਾ ਹਾਲ ਹੋਇਆ।
ਫਨੀਅਰ ਸੱਪ ਵੀ ਡੰਗ ਨਾ ਮਾਰ ਸਕਿਆ, ਵੇਖਣ ਵਾਲਿਆਂ ਕਿਹਾ ਕਮਾਲ ਹੋਇਆ।
ਰੱਖਿਆ ਗੁਰੂ ਨੇ ‘ਚੇਚਕ’ ਤੋਂ ਆਪ ਕੀਤੀ, ਰੱਤੀ ਭਰ ਵੀ ਵਿੰਗਾ ਨਾ ਵਾਲ ਹੋਇਆ।
ਮੁੱਖੜਾ ਚੰਦ ਵਰਗਾ ਚਿੱਟਾ ਬਾਲਕੇ ਦਾ, ਤੱਕਿਆ ਜੇਸ ਨੇ ਓਹੀਓ ਨਿਹਾਲ ਹੋਇਆ।

ਛੋਟੀ ਉਮਰ ਤੋਂ ਹੀ ਹਰਿਗੋਬਿੰਦ ਜੀ ਦਾ, ਭਰਵਾਂ ਜੁੱਸਾ ਤੇ ਨੂਰੀ ਨੁਹਾਰ ਹੈਸੀ।
ਘੋੜ ਸਵਾਰੀ ਤੇ ਸ਼ਸਤਰਾਂ ਬਸਤਰਾਂ ਨਾਲ, ਰੱਖਿਆ ਸ਼ੁਰੂ ਤੋਂ ਉਨ੍ਹਾਂ ਪਿਆਰ ਹੈਸੀ।
ਗਿਆਰਾਂ ਸਾਲ ਦੇ ਜਦੋਂ ਸੀ ਆਪ ਹੋਏ, ਆਇਆ ਸੀਸ ’ਤੇ ਗੱਦੀ ਦਾ ਭਾਰ ਹੈਸੀ।
ਕੀਤੇ ਪਿਤਾ ਸ਼ਹੀਦ ਜਦ ਜ਼ਾਲਮਾਂ ਨੇ, ਮੀਰੀ ਪੀਰੀ ਦੀ ਪਹਿਨੀ ਤਲਵਾਰ ਹੈਸੀ।

ਭੇਜੇ ਹੁਕਮਨਾਮੇ ਗੱਦੀ ਬੈਠ ਕੇ ’ਤੇ, ਹੋ ਜਾਓ ਹੁਣ ਤਿਆਰ ਬਰ ਤਿਆਰ ਸਿੱਖੋ।
ਲੜੋ ਕੁਸ਼ਤੀਆਂ, ਕਸਰਤਾਂ ਕਰੋ ਮਿਲ ਕੇ, ਰੱਖੋ ਘੋੜੇ ਤੇ ਖੇਡੋ ਸ਼ਿਕਾਰ ਸਿੱਖੋ।
ਭੇਟ ਕਰੋ ਜਵਾਨੀਆਂ ਤੁਸੀਂ ਆ ਕੇ, ਫੜੋ ਹੱਥਾਂ ’ਚ ਤਿੱਖੀ ਤਲਵਾਰ ਸਿੱਖੋ।
ਜ਼ੁਲਮ ਜ਼ਾਲਮਾਂ ਦੇ ਰੋਕਣ ਵਾਸਤੇ ਹੁਣ, ਭੇਜੋ ਮਾਇਆ ਦੀ ਥਾਂ ਹਥਿਆਰ ਸਿੱਖੋ।

ਰਚਿਆ ਤਖ਼ਤ, ਹਰਿਮੰਦਰ ਦੇ ਐਨ ਸਾਹਵੇਂ, ਕੋਈ ਕਿਸੇ ਨੂੰ ਕਰ ਨਾ ਤੰਗ ਸੱਕੇ।
ਹਰੀਮੰਦਰ ਦੀ ਗੋਦ ਵਿੱਚ ਸਿੱਖ ਬੈਠਾ, ਆਪਾ ਨਾਮ ਦੇ ਰੰਗ ਵਿੱਚ ਰੰਗ ਸੱਕੇ।
ਅਕਾਲ ਤਖ਼ਤ ਸਾਹਵੇਂ ਸੁਣ ਕੇ ਸਿੱਖ ਵਾਰਾਂ, ਛੇੜ ਜ਼ੁਲਮ ਵਿਰੁੱਧ ਹੁਣ ਜੰਗ ਸੱਕੇ।
ਸੰਤ ਸਿਪਾਹੀਆਂ ਦੀ ਫੌਜ ਬਣਾਈ ਤਾਂ ਕਿ, ਜ਼ਾਲਮ ਸ਼ਾਂਤੀ ਕਰ ਨਾ ਭੰਗ ਸੱਕੇ।

ਛੇਵੇਂ ਪਾਤਸ਼ਾਹ ਤਖ਼ਤ ’ਤੇ ਬੈਠਦੇ ਸੀ, ਇਥੇ ਸੁੰਦਰ ਸਿੰਘਾਸਨ ਸਜਾ ਕੇ ਤੇ।
ਮੀਰੀ ਪੀਰੀ ਤਲਵਾਰਾਂ ਨੂੰ ਪਹਿਨ ਕੇ ਤੇ, ਉਪਰ ਸੀਸ ਦੇ ਕਲਗੀ ਫਬਾ ਕੇ ਤੇ।
ਮੁੱਖੜਾ ਗੁਰਾਂ ਦਾ ਚੰਦ ਦੇ ਵਾਂਗ ਚਮਕੇ, ਸੰਗਤਾਂ ਤੱਕਣ ਚਕੋਰਾਂ ਵਾਂਗ ਆ ਕੇ ਤੇ।
ਦੁੱਖ ਦੂਰ ਫ਼ਰਿਆਦੀ ਦੇ ਕਰ ਦਿੰਦੇ, ਸਜ਼ਾ ਦੋਸ਼ੀਆਂ ਤਾਂਈਂ ਸੁਣਾ ਕੇ ਤੇ।

ਜਦ ਗਵਾਲੀਅਰ ਕਿਲ੍ਹੇ ’ਚ ਕੈਦ ਕਰਕੇ, ਦਿੱਤਾ ਸੰਗਤ ਦੇ ਨਾਲੋਂ ਵਿਛੋੜ ਦਾਤਾ।
ਕਹਿਣ ਰੋਂਦੀਆਂ ਕਿਲ੍ਹੇ ਦੇ ਕੋਲ ਜਾ ਕੇ, ਸਾਨੂੰ ਬਾਹਰੋਂ ਹੀ ਦੇਂਦੇ ਨੇ ਮੋੜ ਦਾਤਾ।
ਓਧਰ ਕਿਲ੍ਹੇ ’ਚ ਕੈਦੀਆਂ ਕਿਹਾ ਇਥੇ, ਸਾਡੇ ਸੰਗਲ ਗੁਲਾਮੀ ਦੇ ਤੋੜ ਦਾਤਾ।
ਕੈਦੀ ਰਾਜੇ ਰਿਹਾਅ ਕਰਵਾਉਣ ਕਰਕੇ, ਨਾਂ ਪੈ ਗਿਆ ਸੀ ਬੰਦੀ-ਛੋੜ ਦਾਤਾ।

ਜਿੱਥੇ ਜਿੱਥੇ ਵੀ ਕਿਸੇ ਨੇ ਯਾਦ ਕੀਤਾ, ਓਥੇ ਓਥੇ ਹੀ ਬਾਂਕੇ ਬਲਬੀਰ ਪਹੁੰਚੇ।
ਭਾਗ ਭਰੀ ਨੇ ਜਦੋਂ ਅਰਦਾਸ ਕੀਤੀ, ਕਿ ਮੇਰੇ ਦਿਲ ਦਾ ਸ਼ੂਕਦਾ ਤੀਰ ਪਹੁੰਚੇ।
ਤੇਰੇ ਚਰਨਾਂ ’ਚ ਬਿਰਧ ਗਰੀਬਣੀ ਦਾ, ਹੋ ਨਹੀਂ ਸਕਦਾ, ਕਦੇ ਸਰੀਰ ਪਹੁੰਚੇ।
ਰਹਿ ਨਾ ਦਿਲ ਦੀ ਦਿਲ ਦੇ ਵਿੱਚ ਜਾਵੇ, ਛੇਵੇਂ ਪਾਤਸ਼ਾਹ ਆਪ ਕਸ਼ਮੀਰ ਪਹੁੰਚੇ।

ਪਿਆਰ ਨਾਲ ਸੀਤਾ ਕੁੜਤਾ ਪਾਉਣ ਦੇ ਲਈ, ਭਾਗ ਭਰੀ ਦੇ ਕੋਲ ਅਖ਼ੀਰ ਪਹੁੰਚੇ।
ਭਾਈ ਰੂਪੇ ਦੀ ਸੱਦ ਜਦ ਖਿੱਚ ਪਾਈ, ਤਿੱਖੀ ਧੁੱਪ ’ਚ ਵਾਟਾਂ ਨੂੰ ਚੀਰ ਪਹੁੰਚੇ।
ਪਿਆਸੇ ਪਾਣੀ ਤੋਂ ਬਿਨਾਂ ਜੋ ਤੜਪ ਰਹੇ ਸਨ,ਉਨ੍ਹਾਂ ਸਿੱਖਾਂ ਨੂੰ ਦੇਣ ਲਈ ਧੀਰ ਪਹੁੰਚੇ।
ਛਕਣ ਵਾਸਤੇ ਉਨ੍ਹਾਂ ਤੋਂ ਜਲ ਠੰਡਾ, ਮੀਰ ਮੀਰਾਂ ਦੇ, ਪੀਰਾਂ ਦੇ ਪੀਰ ਪਹੁੰਚੇ।

ਪੁੰਜ ਬੀਰਤਾ ਦੇ ਹੈਸਨ ਗੁਰੂ ‘ਜਾਚਕ’, ਸੀ ਰੂਹਾਨੀਅਤ ਦੇ ਵੀ ਭੰਡਾਰ ਸਤਿਗੁਰ।
ਬਾਣੀ ਵਿੱਚੋਂ ਹੀ ਸਨ ਉਪਦੇਸ਼ ਦਿੰਦੇ, ਦਿੰਦੇ ਪੋਥੀ ਦੇ ਨਾਲ ਕਟਾਰ ਸਤਿਗੁਰ।
ਪਹਿਲੀ ਪਾਤਸ਼ਾਹੀ ਪਿਛੋਂ ਸੰਗਤਾਂ ਵਿੱਚ, ਕੀਤਾ ਥਾਂ ਥਾਂ ਜਾ ਕੇ ਪ੍ਰਚਾਰ ਸਤਿਗੁਰ।
ਪੱਕੇ ਪੈਰਾਂ ’ਤੇ ਕੌਮ ਨੂੰ ਖੜ੍ਹੀ ਕਰ ਕੇ, ਗੁਰਪੁਰੀ ਨੂੰ ਗਏ ਸਿਧਾਰ ਸਤਿਗੁਰ।