ਗੁਰੂ ਅੰਗਦ ਦੇਵ ਜੀ ਵਲੋਂ ਸੇਵਾ ਤੇ ਗੁਰਗੱਦੀ – ਹਰੀ ਸਿੰਘ ਜਾਚਕ
ਗੁਰੂ ਨਾਨਕ ਮਹਾਰਾਜ ਦੀ ਹੋਈ ਬਖਸ਼ਿਸ਼, ਭਵਸਾਗਰ ਤੋਂ ਤਰ ਗਿਆ ਭਾਈ ਲਹਿਣਾ।
ਹਰ ਹੁਕਮ ਨੂੰ ਮੰਨ ਕੇ ਖਿੜੇ ਮੱਥੇ, ਨਾਲ ਰਹਿਮਤਾਂ ਭਰ ਗਿਆ ਭਾਈ ਲਹਿਣਾ।
ਏਸੇ ਦਰ ਦੇ ਹੋ ਕੇ ਰਹਿ ਗਿਆ ਓਹ, ਨਾ ਫਿਰ ਹੋਰ ਕਿਸੇ ਦਰ ਗਿਆ ਭਾਈ ਲਹਿਣਾ।
ਓਦਾਂ ਸੇਵਾ ਨਹੀਂ ਕੋਈ ਵੀ ਕਰ ਸਕਿਆ, ਜਿੱਦਾਂ ਸੇਵਾ ਸੀ ਕਰ ਗਿਆ ਭਾਈ ਲਹਿਣਾ।
ਦਿਨ ਰਾਤ ਓਹ ਸੇਵਾ ’ਚ ਮਗਨ ਰਹਿੰਦੇ, ਰਹਿੰਦੇ ਸਦਾ ਹੀ ਹਾਜ਼ਰ ਹਜ਼ੂਰ ਹੈਸਨ।
ਗੁਰੂ ਨਾਨਕ ਦੇ ਦਰ ਦੇ ਬਣ ਗੋਲੇ, ਬਣ ਗਏ ਓਨ੍ਹਾਂ ਦੇ ਚਰਨਾਂ ਦੀ ਧੂਰ ਹੈਸਨ।
ਗੁਰੂ ਸਾਹਿਬ ਦੀ ਸੰਗਤ ਦੇ ਸਦਕਾ, ਵਹਿਮ, ਭਰਮ, ਪਖੰਡ ਹੋਏ ਦੂਰ ਹੈਸਨ।
ਗੁਰੂ ਨਾਨਕ ਮਹਾਂਨੂਰ ਤੋਂ ਨੂਰ ਲੈ ਕੇ, ਹੋ ਗਏ ਲਹਿਣਾ ਜੀ ਨੂਰੋ ਨੂਰ ਹੈਸਨ।
ਗੁਰੂ ਸਾਹਿਬ ਗੁਰਗੱਦੀ ਤੇ ਬੈਠ ਕੇ ਤੇ, ਦੈਵੀ ਚਾਨਣ ਤੇ ਬਖਸ਼ੀ ਅਗਵਾਈ ਸੋਹਣੀ।
ਨਾਨਕ ਜੋਤ ਨੂਰਾਨੀ ਹੁਣ ਬਦਲ ਚੋਲਾ, ਗੁਰੂ ਅੰਗਦ ਦੇ ਰੂਪ ਵਿੱਚ ਆਈ ਸੋਹਣੀ।
ਗੁਰੂ ਸਾਹਿਬ ਨੇ ਆ ਕੇ ਖਡੂਰ ਸਾਹਿਬ, ਜਿੰਮੇਵਾਰੀ ਸੀ ਤੋੜ ਨਿਭਾਈ ਸੋਹਣੀ।
ਗੁਰੂ ਘਰ ਨਾਲ ਜੋੜ ਕੇ ਸੰਗਤਾਂ ਨੂੰ, ਪਾਵਨ ਗੁਰਮਤਿ ਦੀ ਲਹਿਰ ਚਲਾਈ ਸੋਹਣੀ।
ਚਾਰੇ ਪਾਸੇ ਹਰਿਆਲੀ ਤੋਂ ਪਤਾ ਲੱਗਦੈ, ਹੈ ਰਮਣੀਕ ਅਸਥਾਨ ਖਡੂਰ ਸਾਹਿਬ।
ਚਾਰ ਚੰਨ ਇਸ ਧਰਤੀ ਨੂੰ ਲਾਉਣ ਆਏ, ਅੱਠ ਗੁਰੂ ਸਾਹਿਬਾਨ ਖਡੂਰ ਸਾਹਿਬ।
ਗੁਰੂ ਅੰਗਦ ਮਹਾਰਾਜ ਜੀ ਬਣੇ ਏਦਾਂ, ਸਿੱਖ ਪੰਥ ਦੀ ਸ਼ਾਨ ਖਡੂਰ ਸਾਹਿਬ।
ਬਹਿ ਕੇ ਗੁਰਗੱਦੀ, ਦੂਜੇ ਪਾਤਸ਼ਾਹ ਨੇ, ਵੰਡਿਆ ਗੁਰਮਤਿ ਗਿਆਨ, ਖਡੂਰ ਸਾਹਿਬ।
ਆਓ ਮੰਗੀਏ ਗੁਰੂ ਦੇ ਦਰ ਉਤੋਂ, ਸੇਵਾ ਸਿਮਰਨ ਨੂੰ ਝੋਲੀ ਵਿੱਚ ਪਾ ਦਾਤਾ।
ਲਗਨ ਲਾਈ ਜੋ ਚਰਨਾਂ ਨਾਲ ਪਾਤਸ਼ਾਹ ਦੇ, ਸਾਡੇ ਅੰਦਰ ਵੀ ਲਗਨ ਓਹ ਲਾ ਦਾਤਾ।
ਜਿਸਦੇ ਨਾਲ ਗਿਆਨ ਦਾ ਹੋਏ ਚਾਨਣ, ਓਹ ਗਿਆਨ ਦੀ ਜੋਤ ਜਗਾ ਦਾਤਾ।
ਆਪਣੇ ਦਰ ਤੋਂ ਬਖਸ਼ ਕੇ ਨਾਮ ਸਿਮਰਨ, ਆਵਾਗਵਣ ਦਾ ਗੇੜ ਮੁਕਾ ਦਾਤਾ।