ਜਦ ਬਗ਼ਾਵਤ ਖੌਲਦੀ ਹੈ – ਪਾਸ਼

ਨੇਰ੍ਹੀਆਂ ਸ਼ਾਹ ਨੇਰ੍ਹੀਆਂ ਰਾਤਾਂ ਦੇ ਵਿਚ ,
ਜਦ ਪਲ ਪਲਾਂ ਤੋਂ ਸਹਿਮਦੇ ਹਨ , ਤ੍ਰਭਕਦੇ ਹਨ |
ਚੌਬਾਰਿਆਂ ਦੀ ਰੌਸ਼ਨੀ ਤਦ ,
ਬਾਰੀਆਂ ‘ਚੋਂ ਕੁੱਦ ਕੇ ਖੁਦਕੁਸ਼ੀ ਕਰ ਲੈਂਦੀ ਹੈ |
ਇਹਨਾ ਸ਼ਾਂਤ ਰਾਤਾਂ ਦੇ ਗਰਭ ‘ਚ
ਜਦ ਬਗ਼ਾਵਤ ਖੌਲਦੀ ਹੈ ,
ਚਾਨਣੇ , ਬੇਚਾਨਣੇ ਵੀ ਕਤਲ ਹੋ ਸਕਦਾ ਹਾਂ ਮੈਂ |