ਹੱਕ ਕਦੋਂ ਦੇ ਉਡੀਕਦੇ – ਯਸ਼ੂ ਜਾਨ

ਤੋੜਕੇ ਗ਼ਲਾਮੀ ਦੀਆਂ ਸਾਰੀਆਂ ਜ਼ੰਜੀਰਾਂ,
ਹੱਕ ਲੈਣੋਂ ਡਰਨਾ ਨਹੀਂ ਭੈਣਾਂ ਅਤੇ ਵੀਰਾਂ,
ਤੁਸੀਂ ਵਿੱਦਿਆ ਉਚੇਰੀ ਬੱਚਿਆ ਨੂੰ ਦਿਵਾਓ,
ਸਦੀਆਂ ਤੋਂ ਸੁੱਤੀ ਹੋਈ ਕੌਮ ਨੂੰ ਜਗਾਓ,
ਸਾਨੂੰ ਮੰਗਿਆ ਕਰੋ ਤੁਸੀਂ ਹਿੱਕ ਤਾਣਕੇ,
ਹੱਕ ਕਦੋਂ ਦੇ ਉਡੀਕਦੇ ,
ਸੁਣੋਂ ਦਲਿਤ ਵੀਰੋ ਸਾਨੂੰ ਲੈ ਜਾਓ ਆਣਕੇ |

ਗੱਲ ਉਦੋਂ ਹੀ ਬਣੇਗੀ ਜਦੋਂ ਹੋਵੋਗੇ ਚੁਕੰਨੇ,
ਕੰਮ ਨਹੀਂਓਂ ਆਉਣੇ ਮੰਦਰਾਂ ਤੇ ਮੱਥੇ ਭੰਨੇ,
ਥੋੜ੍ਹਾ-ਥੋੜ੍ਹਾ ਕਰ ਘੜਾ ਭਰ ਲ਼ਓ ਗ਼ਿਆਨ ਦਾ,
ਸਭ ਨਾਲ਼ੋਂ ਉੱਚਾ ਅਹੁਦਾ ਹੁੰਦਾ ਵਿਦਵਾਨ ਦਾ,
ਲੈ ਜਾਓ ਕੋਹੀਨੂਰ ਕੋਲਿਆਂ ਚੋਂ ਛਾਣਕੇ,
ਸੁਣੋਂ ਦਲਿਤ ਵੀਰੋ ਸਾਨੂੰ ਲੈ ਜਾਓ ਆਣਕੇ ,
ਹੱਕ ਕਦੋਂ ਦੇ ਉਡੀਕਦੇ |

ਚਲੋ ਜਾਨਵਰਾਂ ਦਾ ਤਾਂ ਕੰਮ ਲੋਟ-ਪੋਟ ਆ,
ਪਰ ਥੋਨੂੰ ਤਾਂ ਸੋਚਣ ਲਈ ਮਿਲੀ ਸੋਚ ਆ,
ਸੂਰਮੇ ਬਣੋ ਤੇ ਬੁਜ਼ਦਿਲੀ ਨੂੰ ਤਿਆਗੋ
ਅਸੀਂ ਮਾਰ ਰਹੇ ਨਾਅਰਾ ਹੁਣ ਜਾਗੋ-ਜਾਗੋ,
ਹੁਣ ਮਨ ਵਿੱਚ ਰਖੋ ਇੱਕੋ ਗੱਲ ਠਾਣਕੇ,
ਸੁਣੋਂ ਦਲਿਤ ਵੀਰੋ ਸਾਨੂੰ ਲੈ ਜਾਓ ਆਣਕੇ ,
ਹੱਕ ਕਦੋਂ ਦੇ ਉਡੀਕਦੇ |

ਰਾਜ ਲੋਕਾਂ ਦਾ ਤੇ ਸੱਤਾ ਵੀ ਹੈ ਲੋਕਤੰਤਰੀ,
ਜੀ ਥੋਡੇ ਬੱਚੇ ਵੀ ਬਣਨਗੇ ਪ੍ਰਧਾਨ ਮੰਤਰੀ,
ਬਚਿਓ ਸਿਆਸਤੀ ਨਾ ਥੋਨੂੰ ਠੱਗ ਜਾਣ,
ਸ਼ੇਰਾਂ ਵਾਂਗਰਾਂ ਦਹਾੜੋ ਭੇਡਾਂ ਦੂਰ ਭੱਜ ਜਾਣ,
ਜ਼ਿੰਦਗ਼ੀ ਬਿਤਾਓ ਖ਼ੁਸ਼ੀਆਂ ਹੀ ਮਾਣਕੇ,
ਸੁਣੋਂ ਦਲਿਤ ਵੀਰੋ ਸਾਨੂੰ ਲੈ ਜਾਓ ਆਣਕੇ ,
ਹੱਕ ਕਦੋਂ ਦੇ ਉਡੀਕਦੇ |

ਯਸ਼ੂ ਜਾਨ ਦੀ ਦੱਸੀ ਗੱਲ ਪਾ ਲਿਓ ਖ਼ਾਨੇ,
ਅੱਜ-ਕੱਲ੍ਹ ਵਾਲ਼ੇ ਲਗਾਇਓ ਨਾ ਬਹਾਨੇ,
ਸੱਚੀ ਏਕਤਾ ‘ਚ ਰਹਿਕੇ ਬਣੋ ਵੱਡੀ ਸ਼ਕਤੀ,
ਜਾਵੋ ਦੂਰੋਂ ਹੀ ਪਛਾਣੇ ਐਸੀ ਹੋਵੇ ਹਸਤੀ,
ਕਿਤੇ ਸੁੱਤੇ ਨਾ ਰਹਿਓ ਐਵੇਂ ਜਾਣ-ਜਾਣਕੇ,
ਸੁਣੋਂ ਦਲਿਤ ਵੀਰੋ ਸਾਨੂੰ ਲੈ ਜਾਓ ਆਣਕੇ ,
ਹੱਕ ਕਦੋਂ ਦੇ ਉਡੀਕਦੇ |