Hari Singh Jachak

ਗੁਰੂ ਅੰਗਦ ਦੇਵ ਜੀ ਵਲੋਂ ਸੇਵਾ ਤੇ ਗੁਰਗੱਦੀ – ਹਰੀ ਸਿੰਘ ਜਾਚਕ

ਗੁਰੂ ਨਾਨਕ ਮਹਾਰਾਜ ਦੀ ਹੋਈ ਬਖਸ਼ਿਸ਼, ਭਵਸਾਗਰ ਤੋਂ ਤਰ ਗਿਆ ਭਾਈ ਲਹਿਣਾ।
ਹਰ ਹੁਕਮ ਨੂੰ ਮੰਨ ਕੇ ਖਿੜੇ ਮੱਥੇ, ਨਾਲ ਰਹਿਮਤਾਂ ਭਰ ਗਿਆ ਭਾਈ ਲਹਿਣਾ।
ਏਸੇ ਦਰ ਦੇ ਹੋ ਕੇ ਰਹਿ ਗਿਆ ਓਹ, ਨਾ ਫਿਰ ਹੋਰ ਕਿਸੇ ਦਰ ਗਿਆ ਭਾਈ ਲਹਿਣਾ।
ਓਦਾਂ ਸੇਵਾ ਨਹੀਂ ਕੋਈ ਵੀ ਕਰ ਸਕਿਆ, ਜਿੱਦਾਂ ਸੇਵਾ ਸੀ ਕਰ ਗਿਆ ਭਾਈ ਲਹਿਣਾ।

ਦਿਨ ਰਾਤ ਓਹ ਸੇਵਾ ’ਚ ਮਗਨ ਰਹਿੰਦੇ, ਰਹਿੰਦੇ ਸਦਾ ਹੀ ਹਾਜ਼ਰ ਹਜ਼ੂਰ ਹੈਸਨ।
ਗੁਰੂ ਨਾਨਕ ਦੇ ਦਰ ਦੇ ਬਣ ਗੋਲੇ, ਬਣ ਗਏ ਓਨ੍ਹਾਂ ਦੇ ਚਰਨਾਂ ਦੀ ਧੂਰ ਹੈਸਨ।
ਗੁਰੂ ਸਾਹਿਬ ਦੀ ਸੰਗਤ ਦੇ ਸਦਕਾ, ਵਹਿਮ, ਭਰਮ, ਪਖੰਡ ਹੋਏ ਦੂਰ ਹੈਸਨ।
ਗੁਰੂ ਨਾਨਕ ਮਹਾਂਨੂਰ ਤੋਂ ਨੂਰ ਲੈ ਕੇ, ਹੋ ਗਏ ਲਹਿਣਾ ਜੀ ਨੂਰੋ ਨੂਰ ਹੈਸਨ।

ਗੁਰੂ ਸਾਹਿਬ ਗੁਰਗੱਦੀ ਤੇ ਬੈਠ ਕੇ ਤੇ, ਦੈਵੀ ਚਾਨਣ ਤੇ ਬਖਸ਼ੀ ਅਗਵਾਈ ਸੋਹਣੀ।
ਨਾਨਕ ਜੋਤ ਨੂਰਾਨੀ ਹੁਣ ਬਦਲ ਚੋਲਾ, ਗੁਰੂ ਅੰਗਦ ਦੇ ਰੂਪ ਵਿੱਚ ਆਈ ਸੋਹਣੀ।
ਗੁਰੂ ਸਾਹਿਬ ਨੇ ਆ ਕੇ ਖਡੂਰ ਸਾਹਿਬ, ਜਿੰਮੇਵਾਰੀ ਸੀ ਤੋੜ ਨਿਭਾਈ ਸੋਹਣੀ।
ਗੁਰੂ ਘਰ ਨਾਲ ਜੋੜ ਕੇ ਸੰਗਤਾਂ ਨੂੰ, ਪਾਵਨ ਗੁਰਮਤਿ ਦੀ ਲਹਿਰ ਚਲਾਈ ਸੋਹਣੀ।

ਚਾਰੇ ਪਾਸੇ ਹਰਿਆਲੀ ਤੋਂ ਪਤਾ ਲੱਗਦੈ, ਹੈ ਰਮਣੀਕ ਅਸਥਾਨ ਖਡੂਰ ਸਾਹਿਬ।
ਚਾਰ ਚੰਨ ਇਸ ਧਰਤੀ ਨੂੰ ਲਾਉਣ ਆਏ, ਅੱਠ ਗੁਰੂ ਸਾਹਿਬਾਨ ਖਡੂਰ ਸਾਹਿਬ।
ਗੁਰੂ ਅੰਗਦ ਮਹਾਰਾਜ ਜੀ ਬਣੇ ਏਦਾਂ, ਸਿੱਖ ਪੰਥ ਦੀ ਸ਼ਾਨ ਖਡੂਰ ਸਾਹਿਬ।
ਬਹਿ ਕੇ ਗੁਰਗੱਦੀ, ਦੂਜੇ ਪਾਤਸ਼ਾਹ ਨੇ, ਵੰਡਿਆ ਗੁਰਮਤਿ ਗਿਆਨ, ਖਡੂਰ ਸਾਹਿਬ।

ਆਓ ਮੰਗੀਏ ਗੁਰੂ ਦੇ ਦਰ ਉਤੋਂ, ਸੇਵਾ ਸਿਮਰਨ ਨੂੰ ਝੋਲੀ ਵਿੱਚ ਪਾ ਦਾਤਾ।
ਲਗਨ ਲਾਈ ਜੋ ਚਰਨਾਂ ਨਾਲ ਪਾਤਸ਼ਾਹ ਦੇ, ਸਾਡੇ ਅੰਦਰ ਵੀ ਲਗਨ ਓਹ ਲਾ ਦਾਤਾ।
ਜਿਸਦੇ ਨਾਲ ਗਿਆਨ ਦਾ ਹੋਏ ਚਾਨਣ, ਓਹ ਗਿਆਨ ਦੀ ਜੋਤ ਜਗਾ ਦਾਤਾ।
ਆਪਣੇ ਦਰ ਤੋਂ ਬਖਸ਼ ਕੇ ਨਾਮ ਸਿਮਰਨ, ਆਵਾਗਵਣ ਦਾ ਗੇੜ ਮੁਕਾ ਦਾਤਾ।

ਗੁਰੂ ਅੰਗਦ ਦੇਵ ਜੀ – ਹਰੀ ਸਿੰਘ ਜਾਚਕ

ਗੁੜ੍ਹਤੀ ਨਾਮ ਦੀ ਮਿਲੀ ਸੀ ਵਿੱਚ ਵਿਰਸੇ, ਧਿਆਨ ਭਗਤੀ ’ਚ ਲਾਉਂਦਾ ਸੀ ਭਾਈ ਲਹਿਣਾ।
ਮਾਤਾ ਪਿਤਾ ਜੀ ਦੇਵੀ ਦੇ ਭਗਤ ਹੈਸਨ, ਜੱਸ ਓਸੇ ਦਾ ਗਾਉਂਦਾ ਸੀ ਭਾਈ ਲਹਿਣਾ।
ਹਰ ਸਾਲ ਹੀ ਦੇਵੀ ਦੇ ਦਰਸ਼ਨਾਂ ਨੂੰ, ਪੈਦਲ ਚੱਲ ਕੇ ਆਉਂਦਾ ਸੀ ਭਾਈ ਲਹਿਣਾ।
ਉਹਨੂੰ ਮੁਖੀ ਬਣਾਇਆ ਸੀ ਸੰਗਤਾਂ ਨੇ, ਜੱਥੇਦਾਰ ਕਹਾਉਂਦਾ ਸੀ ਭਾਈ ਲਹਿਣਾ।

ਓਹਨਾਂ ਪਿੰਡ ਖਡੂਰ ’ਚ ਰਹਿੰਦਿਆਂ ਹੀ, ਭਾਈ ਜੋਧ ਕੋਲੋਂ ਬਾਣੀ ਸੁਣੀ ਹੈਸੀ ।
ਸੁਣਦੇ ਸਾਰ ਹੀ ਉਹਦੇ ਕਪਾਟ ਖੁਲ੍ਹ ਗਏ, ਵੱਜਣ ਲੱਗ ਪਈ ਨਾਮ ਦੀ ਧੁਣੀ ਹੈਸੀ ।
ਕਾਫੀ ਸਮੇਂ ਤੋਂ ਤੜਪ ਸੀ ਰਿਹਾ ਜਿਹੜਾ, ਪੀੜ ਓਸਦੇ ਦਿਲ ਦੀ ਚੁਣੀ ਹੈਸੀ ।
ਗੁਰੂ ਨਾਨਕ ਦੇ ਪਾਵਨ ਦਰਸ਼ਨਾਂ ਲਈ, ਛਿੜੀ ਉਸ ਅੰਦਰ ਝੁਣਝੁਣੀ ਹੈਸੀ ।

ਭਾਈ ਜੋਧ ਨੇ ਲਹਿਣੇ ਨੂੰ ਦੱਸਿਆ ਸੀ, ਨਿਰੇ ਰੱਬ ਦੇ ਨੂਰ ਨੇ ਗੁਰੂ ਨਾਨਕ।
ਏਸ ਧੁਰ ਕੀ ਬਾਣੀ ਦੇ ਰਚਨਹਾਰੇ, ਸਰਬ ਕਲਾ ਭਰਪੂਰ ਨੇ ਗੁਰੂ ਨਾਨਕ।
ਰਾਵੀ ਕੰਢੇ ਕਰਤਾਰਪੁਰ ਹੈ ਕਸਬਾ, ਉਥੇ ਹਾਜ਼ਰ ਹਜ਼ੂਰ ਨੇ ਗੁਰੂ ਨਾਨਕ।
ਵਹਿਮ, ਭਰਮ, ਪਾਖੰਡ ਸਭ ਤੋੜ ਕੇ ਤੇ, ਕਰਦੇ ਚਕਨਾਚੂਰ ਨੇ ਗੁਰੂ ਨਾਨਕ।

ਪਈ ਖਿੱਚ ਸੀ ਲਹਿਣੇ ਨੂੰ ਧੁਰ ਅੰਦਰੋਂ, ਸ਼ਰਧਾ ਵਿੱਚ ਹੈਸੀ ਸ਼ਰਧਾਵਾਨ ਆਇਆ।
ਬਹਿ ਕੇ ਘੋੜੇ ਤੇ ਚੱਲ ਸੀ ਪਿਆ ਰਾਹੀ, ਧਰ ਕੇ ਓਸੇ ਦਾ ਸੀ ਧਿਆਨ ਆਇਆ।
ਮੰਜ਼ਿਲ ਮਾਰ ਕੇ ਵਿੱਚ ਕਰਤਾਰਪੁਰ ਦੇ, ਗੁਰੂ ਦਰਸ਼ਨਾਂ ਦਾ ਚਾਹਵਾਨ ਆਇਆ।
ਇਧਰ ਦਿਲ ਦੀ ਦਿਲ ’ਚ ਤਾਰ ਖੜ੍ਹਕੀ, ਅੱਗੋਂ ਲੈਣ ਉਹਨੂੰ ਜਾਣੀ ਜਾਣ ਆਇਆ।

‘ਨਾਨਕ ਤਪੇ’ ਦਾ ਪੁਛਿਆ ਘਰ ਲਹਿਣੇ, ਅੱਖਾਂ ਸਾਹਵੇਂ ਜਦ ਇਕ ਇਨਸਾਨ ਆਇਆ।
ਅੱਗੋਂ ਕਿਹਾ ਉਸ, ਘਰ ਮੈਂ ਛੱਡ ਆਉਂਦਾ, ਲੱਗਦਾ ਤੂੰ ਤਾਂ ਕੋਈ ਮਹਿਮਾਨ ਆਇਆ।
ਲਹਿਣਾ ਘੋੜੇ ’ਤੇ, ਪੈਦਲ ਸਨ ਆਪ ਸਤਿਗੁਰ, ਚੋਜੀ ਚੋਜ ਸੀ ਕੋਈ ਵਰਤਾਨ ਆਇਆ।
ਆਖਰ ਚੱਲਦਾ ਚੱਲਦਾ ਜਾ ਰੁਕਿਆ, ਗੁਰੂ ਨਾਨਕ ਦਾ ਜਿਥੇ ਸਥਾਨ ਆਇਆ।

ਚੰਦ ਪਲਾਂ ’ਚ ਲਹਿਣੇ ਨੇ ਤੱਕਿਆ ਕੀ, ਸਾਹਵੇਂ ਤਖ਼ਤ ’ਤੇ ਉਹੀਉ ਇਨਸਾਨ ਆਇਆ।
ਇਹ ਤਾਂ ਆਪ ਪ੍ਰਤੱਖ ਸਨ ਗੁਰੂ ਨਾਨਕ, ਲੈਣ ਭਗਤ ਨੂੰ ਆਪ ਭਗਵਾਨ ਆਇਆ।
ਢਹਿ ਪਿਆ ਸੀ ਚਰਨਾਂ ’ਤੇ ਭਾਈ ਲਹਿਣਾ, ਹੋਈ ਗਲਤੀ ਦਾ ਜਦੋਂ ਧਿਆਨ ਆਇਆ।
ਗੁਰਾਂ ਚੁੱਕ ਕੇ ਸੀਨੇ ਦੇ ਨਾਲ ਲਾਇਆ, ਮਿਹਰਾਂ ਵਿੱਚ ਹੈਸੀ, ਮਿਹਰਵਾਨ ਆਇਆ।

ਗੁਰੂ ਨਾਨਕ ਨੇ ਮੁੱਖ ’ਚੋਂ ਬਚਨ ਕੀਤੇ, ਇਥੇ ਲੈਣ ਲਈ ਆਇਆ ਤੂੰ ਲਾਹ ਲਹਿਣੇ।
ਏਸ ਨਗਰ ’ਚ ਪਹੁੰਚ ਕੇ ਤੂੰ ਇਥੇ, ਪੂਰਾ ਕੀਤਾ ਏ ਪਹਿਲਾ ਪੜਾ ਲਹਿਣੇ।
ਜਿਵੇਂ ਘੋੜੀ ਦੇ ਗਲੇ ’ਚ ਟੱਲ ਖੜਕੇ, ਉਵੇਂ ਮਨ ਦਾ ਬੂਹਾ ਖੜਕਾ ਲਹਿਣੇ।
ਜਿਵੇਂ ਘੋੜੀ ਦੀਆਂ ਵਾਗਾਂ ਫੜਾ ਦਿਤੀਆਂ, ਉਵੇਂ ਮਨ ਦੀਆਂ ਵਾਗਾਂ ਫੜਾ ਲਹਿਣੇ।

ਸੱਧਰ ਦਿਲ ਅੰਦਰ, ਦਰਸ਼ਨ ਕਰਨ ਵਾਲੀ, ਪੂਰੀ ਹੋ ਗਈ ਪੁਰ ਕਰਤਾਰ ਅੰਦਰ।
ਹਿਰਦਾ ਖਿੜ ਗਿਆ ਵੇਖ ਕੇ ਮੁੱਖ ਨੂਰੀ, ਨੂਰ ਝਲਕਦਾ ਨੂਰੀ ਦਰਬਾਰ ਅੰਦਰ।
ਮਿਲ ਗਿਆ ਸੀ ਚਾਨਣ ਦਾ ਮਹਾਂ ਸੋਮਾਂ, ਸੀਸ ਝੁੱਕ ਗਿਆ ਉਹਦੇ ਸਤਿਕਾਰ ਅੰਦਰ।
ਨਿਰਮਲ ਹੋ ਗਿਆ ਤਨ ਤੇ ਮਨ ਉਹਦਾ, ਲਿਵ ਲੱਗ ਗਈ ਸਤਿ ਕਰਤਾਰ ਅੰਦਰ।

ਧੁਰ ਅੰਦਰੋਂ ਲਹਿਣਾ ਸੀ ਲੀਨ ਹੋਇਆ, ਫੁਟਿਆ ਨਾਮ ਦਾ ਸੋਮਾਂ ਸਾਕਾਰ ਅੰਦਰ।
ਹਾਲਤ ਹੋ ਗਈ ਚੰਨ ਚਕੋਰ ਵਾਂਗੂ, ਪੂਰਾ ਗੁਰੂ ਸੀ ਮਿਲਿਆ ਸੰਸਾਰ ਅੰਦਰ।
ਗੁਰੂ ਨਾਨਕ ਵੀ ਦਿਲ ’ਚ ਸੋਚਿਆ ਸੀ, ਲਹਿਣਾ ਲੈਣ ਲਈ ਆਇਐ ਦਰਬਾਰ ਅੰਦਰ।
ਸੇਵਾ ਏਥੇ ਹੀ ਕਰਨੀ ਏ ਉਮਰ ਸਾਰੀ, ਨਿਸਚਾ ਲਿਆ ਸੀ ਲਹਿਣੇ ਨੇ ਧਾਰ ਅੰਦਰ।

ਰੱਬੀ ਬਖਸ਼ਿਸ਼ਾਂ ਓਸ ’ਤੇ ਧੁਰੋਂ ਹੋਈਆਂ, ਸੇਵਾ ਕੀਤੀ ਉਸ ਸਿਦਕ ਦੇ ਨਾਲ ਹੈਸੀ।
ਕਿਸੇ ਹੁਕਮ ’ਤੇ ਕਿੰਤੂ ਨਾ ਕਦੇ ਕੀਤਾ, ਤਕੜੀ ਬੜੀ ਹੀ ਘਾਲੀ ਉਸ ਘਾਲ ਹੈਸੀ।
ਸੁਘੜ ਸਿਆਣੇ ਤੇ ਪੁੰਜ ਸੀ ਨਿਮਰਤਾ ਦੇ, ਕੀਤਾ ਕੰਮ ਹਰ ਬੇਮਿਸਾਲ ਹੈਸੀ।
ਪਰਚੇ ਔਖੇ ਤੋਂ ਔਖੇ ਸੀ ਪਏ ਭਾਵੇਂ, ਹੱਲ ਕੀਤਾ ਪਰ ਹਰ ਸੁਆਲ ਹੈਸੀ।

ਗਿੱਲੇ ਘਾਹ ਦੀ ਚੁੱਕੀ ਜਦ ਪੰਡ ਸਿਰ ’ਤੇ, ਗੰਦਾ ਹੋ ਗਿਆ ਜਾਮਾ ਬਹੁਮੁੱਲ, ਵੇਖੋ।
ਤੱਕ ਕੇ ਮਾਤ ਸੁਲੱਖਣੀ ਕਹਿਣ ਲੱਗੇ, ਹੋ ਗਈ ਸਾਂਈਂ ਜੀਉ, ਵੱਡੀ ਭੁੱਲ, ਵੇਖੋ।
ਅੱਗੋਂ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਛਿੱਟੇ ਚਿੱਕੜ ਦੇ ਕੇਸਰ ਦੇ ਤੁੱਲ, ਵੇਖੋ।
ਨਹੀਂ ਘਾਹ ਦੀ ਪੰਡ ਇਹ ਸਿਰ ਉੱਤੇ, ਦੀਨ ਦੁਨੀ ਦਾ ਛੱਤਰ ਰਿਹੈ ਝੁੱਲ, ਵੇਖੋ।

ਪੰਡਾਂ ਘਾਹ ਦੀਆਂ ਚੁੱਕੀਆਂ ਸਿਰ ਉੱਤੇ, ਕਦੇ ਮੱਥੇ ’ਤੇ ਪਾਇਆ ਨਾ ਵੱਟ ਲਹਿਣੇ।
ਡਿੱਗ ਪਿਆ ਕਟੋਰਾ ਜਦ ਟੋਏ ਅੰਦਰ, ਗੰਦੇ ਪਾਣੀ ’ਚੋਂ ਕੱਢਿਆ ਝੱਟ ਲਹਿਣੇ।
ਕੰਧ ਮੀਂਹ ਨਾਲ ਢੱਠੀ ਬਣਾ ਦਿੱਤੀ, ਸਾਰੀ ਰਾਤ ਹੀ ਠੰਢ ’ਚ ਕੱਟ ਲਹਿਣੇ।
ਮੁਰਦਾ ਖਾਣ ਦੇ ਹੁਕਮ ਨੂੰ ਮੰਨ ਕੇ ਤੇ, ਦੀਨ ਦੁਨੀ ਦੀ ਖੱਟੀ ਲਈ ਖੱਟ ਲਹਿਣੇ।

ਆਪਣੇ ਸੀਨੇ ਨਾਲ ਲਾ ਕੇ ਪਾਤਸ਼ਾਹ ਨੇ, ਲਹਿਣੇ ਤਾਂਈਂ ਫਿਰ ਮੁੱਖੋਂ ਸੀ ਕਿਹਾ ਅੰਗਦ।
ਭੱਠੀ ਵਿੱਚ ਪਾ ਕੇ ਕੁੰਦਨ ਵਾਂਗ ਕੀਤੈ, ਤੇਰੇ ਮੇਰੇ ’ਚ ਫਰਕ ਨਾ ਰਿਹਾ ਅੰਗਦ।
ਘੜਿਐ ਸੁਰਤ ਦੀ ਸੱਚੀ ਟਕਸਾਲ ਤੈਨੂੰ, ਹੋ ਗਿਆ ਤੂੰ ਮੇਰੇ ਹੀ ਜਿਹਾ ਅੰਗਦ।
ਤੈਨੂੰ ਜੋਤ ਮੈ ਆਪਣੀ ਸੋਂਪ ਰਿਹਾਂ, ਜਿਹੀ ਜੋਤ ਨਾਨਕ, ਚਾਨਣ ਤਿਹਾ ਅੰਗਦ।

ਬੂਟਾ ਸਿੱਖੀ ਦਾ ਲਾਇਆ ਜੋ ਗੁਰੂ ਨਾਨਕ, ਦੂਜੇ ਪਾਤਸ਼ਾਹ ਅਮਰ ਬਹਾਰ ਕੀਤਾ।
ਚਲਦਾ ਗੁਰੂ ਕਾ ਲੰਗਰ ਸੀ ਹਰ ਵੇਲੇ, ਮਾਤਾ ਖੀਵੀ ਜੋ ਹੱਥੀਂ ਤਿਆਰ ਕੀਤਾ।
ਵਹਿਮ ਭਰਮ ਫੈਲਾਏ ਜੋ ਭੇਖੀਆਂ ਨੇ, ਉਹ ਸਭ ਮੰਨਣ ਤੋਂ ਗੁਰਾਂ ਇਨਕਾਰ ਕੀਤਾ।
ਊਚ ਨੀਚ ਦੇ ਭਰਮ ਭੁਲੇਖਿਆਂ ਤੋਂ, ਗੁਰੂ ਸੰਗਤਾਂ ਨੂੰ ਖਬਰਦਾਰ ਕੀਤਾ।

ਲੰਘਿਆ ਜਦੋਂ ਹਿਮਾਯੂ ਖਡੂਰ ਵਿੱਚੋਂ, ਸ਼ੇਰ ਸ਼ਾਹ ਕੋਲੋਂ ਹਾਰ ਖਾ ਕੇ ਤੇ।
ਹੁੰਦਾ ਵੇਖ ਨਾ ਕੋਈ ਸਤਿਕਾਰ ਏਥੇ, ਚੰਡੀ ਕੱਢੀ ਸੀ ਗੁੱਸੇ ਵਿੱਚ ਆ ਕੇ ਤੇ।
ਨਹੀਂ ਜਾਇਜ ਫ਼ਕੀਰਾਂ ’ਤੇ ਵਾਰ ਕਰਨਾ, ਮੁੱਖੋਂ ਸਤਿਗੁਰਾਂ ਕਿਹਾ ਮੁਸਕਾ ਕੇ ਤੇ।
ਰਾਜ ਭਾਗ ਤੂੰ ਆਪਣਾ ਲੈ ਵਾਪਸ, ਇਹਨੂੰ ਜੰਗ ਦੇ ਵਿੱਚ ਚਲਾ ਕੇ ਤੇ।

ਸਮੇਂ ਸਮੇਂ ’ਤੇ ਸਿੱਖਾਂ ਨੂੰ ਕਿਹਾ ਉਨ੍ਹਾਂ, ਸੱਚਾ ਸੁੱਚਾ ਹਮੇਸ਼ਾਂ ਵਿਵਹਾਰ ਕਰਨੈ।
ਧਰਤੀ ਵਾਂਗ ਹੀ ਸੀਤਲ ਸੁਭਾਅ ਰੱਖਣੈ, ਕਦੇ ਭੁੱਲ ਕੇ ਨਹੀਂ ਹੰਕਾਰ ਕਰਨੈ।
ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ, ਦਾਨ ਪੁੰਨ ਤੇ ਪਰਉਪਕਾਰ ਕਰਨੈ।
ਰਹਿਕੇ ਵਿੱਚ ਗ੍ਰਿਹਸਤ ਦੇ ਕਮਲ ਵਾਂਗ਼ੂੰ, ਹਰ ਇੱਕ ਦੇ ਨਾਲ ਪਿਆਰ ਕਰਨੈ।

ਮੱਲ ਅਖਾੜੇ ਸਜਾ ਕੇ ਪਾਤਸ਼ਾਹ ਨੇ, ਕਸਰਤ ਕਰਨ ਦੀ ਦਿੱਤੀ ਸਿਖਲਾਈ ਸੋਹਣੀ।
ਲਿੱਪੀ ਗੁਰਮੁਖੀ ਵੱਲ ਧਿਆਨ ਦੇ ਕੇ, ਬਾਲਾਂ ਤਾਈਂ ਪੰਜਾਬੀ ਪੜ੍ਹਾਈ ਸੋਹਣੀ।
ਬਾਬੇ ਨਾਨਕ ਦੇ ਜੀਵਨ ਬ੍ਰਿਤਾਂਤ ਵਾਲੀ, ਜਨਮ ਸਾਖੀ ਵੀ ਆਪ ਲਿਖਵਾਈ ਸੋਹਣੀ।
ਜ਼ਿੰਮੇਵਾਰੀ ਗੁਰਿਆਈ ਦੀ ਗੁਰੂ ਜੀ ਨੇ, ਕਈ ਸਾਲਾਂ ਤੱਕ ‘ਜਾਚਕ’ ਨਿਭਾਈ ਸੋਹਣੀ।

ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੇ ਸਾਲਸ ਰਾਇ – ਹਰੀ ਸਿੰਘ ਜਾਚਕ

ਸਾਹਿਬ ਸ੍ਰੀ ਗੁਰੂ ਨਾਨਕ ਪਿਆਰੇ। ਕਰਦੇ ਰਹੇ ਨੇ ਚੋਜ ਨਿਆਰੇ।
ਜਗਤ ਜਲੰਦਾ ਠਾਰਨ ਖਾਤਰ। ਡੁਬਦਿਆਂ ਤਾਈਂ ਤਾਰਨ ਖਾਤਰ।
ਕਰਦੇ ਹੋਏ ਧਰਮ ਪ੍ਰਚਾਰ। ਪਹੁੰਚੇ ਪਟਨੇ ਸ਼ਹਿਰ ਦੇ ਬਾਹਰ।
ਇੱਕ ਥਾਂ ਜਾ ਗੁਰ ਨਾਨਕ ਲੇਟੇ। ਨਿਰੰਕਾਰ ਦੇ ਸੋਹਣੇ ਬੇਟੇ।
ਚਿਹਰੇ ’ਤੇ ਨੂਰੀ ਪ੍ਰਕਾਸ਼। ਬੈਠਾ ਹੈ ਮਰਦਾਨਾ ਪਾਸ।
ਮਰਦਾਨੇ ਨੇ ਕੀਤਾ ਸੁਆਲ। ਦੱਸਿਉ ਮੈਨੂੰ ਦੀਨ ਦਇਆਲ।

ਕਹਿੰਦੇ ਹੋ ਸੰਸਾਰ ਇਹ ਸਾਰਾ। ਇਕ ਓਅੰਕਾਰ ਦਾ ਹੈ ਪਾਸਾਰਾ।
ਕਿਥੋਂ ਲਿਆਈਏ ਐਸੀ ਦ੍ਰਿਸ਼ਟੀ। ਜਾਪੇ ਉਸਦੀ ਸਾਰੀ ਸ੍ਰਿਸ਼ਟੀ।
ਕਿਹੜੀ ਹੈ ਉਹ ਪਾਰਖੂ ਅੱਖ। ਵੇਖੇ ਨਾ ਜੋ ਵੱਖੋ ਵੱਖ।
ਕਿਵੇਂ ਨੇ ਸਾਰੇ ਰੱਬ ਦੇ ਬੰਦੇ। ਭਾਵੇਂ ਚੰਗੇ ਭਾਵੇਂ ਮੰਦੇ।
ਮੈਨੂੰ ਇਸ ਬਾਰੇ ਸਮਝਾਓ। ਥੋੜਾ ਜਿਹਾ ਹੁਣ ਚਾਨਣ ਪਾਓ।
ਖਿੜੇ ਮੱਥੇ ਮਿਹਰਾਂ ਦੇ ਸਾਈਂ। ਕਹਿਣ ਲੱਗੇ ਮਰਦਾਨੇ ਤਾਈਂ।

ਨਜ਼ਰ ਬੰਨ੍ਹ ਕੇ, ਵੇਖੀਏ ਜਿੱਦਾਂ। ਮਨ ਨੂੰ ਬੰਨ ਕੇ ਵੇਖ ਤੂੰ ਇੱਦਾਂ।
ਟਿਕ ਜਾਏਗਾ ਮਨ ਜਦ ਤੇਰਾ। ਫਿਰ ਨਹੀਂ ਦਿੱਸਣਾ ਮੇਰਾ ਤੇਰਾ।
ਦੂਰ ਹੋਏਗਾ ਘੁੱਪ ਹਨੇਰਾ। ‘ਓਹਦਾ’ ਜਾਪੂ ਚਾਰ ਚੁਫੇਰਾ।
ਸ਼ਬਦਿ ਸੁਰਤਿ ਜਦ ਸੁਰ ਹੋ ਜਾਊ। ਅੰਦਰ ਅੰਮ੍ਰਿਤ ਰਸ ਫਿਰ ਆਊ।
ਚੋਜੀ ਚੋਜ ਰਚਾਵਣ ਲੱਗੇ। ਸੇਵਕ ਨੂੰ ਸਮਝਾਵਣ ਲੱਗੇ।
ਕਹਿੰਦੇ, ਭਾਈ ਮਰਦਾਨਾ ਜਾਹ। ਖਾਣ ਲਈ ਕੁਝ ਸ਼ਹਿਰੋਂ ਲਿਆ।

ਲੈ ਜਾ ਇਹ ਲਾਲ ਜਿਹੀ ਵੱਟੀ। ਪਹੁੰਚ ਜਾ ਕਿਸੇ ਸ਼ਾਹ ਦੀ ਹੱਟੀ।
ਵੇਚੀਂ, ਜੋ ਹੀਰੇ ਦਾ ਭੇਤੀ। ਖਾਣ ਲਈ ਕੁਝ ਲੈ ਆਈਂ ਛੇਤੀ।
ਜਾਂਦੇ ਹੀ ਤੂੰ ਪਈਂ ਨਾ ਕਾਹਲਾ। ਮਿਲੂ ਕੋਈ ਮੁਲ ਪਾਵਣ ਵਾਲਾ।
ਹੁਕਮ ਮੰਨ ਮਰਦਾਨਾ ਤੁਰਿਆ। ਨਾਨਕ ਦਾ ਦੀਵਾਨਾ ਤੁਰਿਆ।
ਚੁੱਕ ਪੋਟਲੀ ਸ਼ਹਿਰ ਨੂੰ ਆਇਆ। ਕਈ ਦੁਕਾਨਾਂ ’ਤੇ ਦਿਖਲਾਇਆ।
ਕਿਸੇ ਕਿਹਾ ਆ, ਆ ਕੇ ਬਹਿ ਜਾ। ਇਹਦਾ ਦੋ ਗਜ ਕਪੜਾ ਲੈ ਜਾ।

ਕੋਈ ਕਹਿੰਦਾ ਜੇ ਤੂੰ ਹੈ ਖਾਣੇ। ਲੈ ਜਾ ਇਸਦੇ ਪਾਅ ਭਰ ਦਾਣੇ।
ਕਹਿੰਦਾ ਇਕ ਹੋ ਬੜਾ ਦਿਆਲੂ। ਲੈ ਜਾ ਇਹਦੇ ਗੋਭੀ ਆਲੂ।
ਪੱਥਰੀ ਇਹ ਮੁਲਾਇਮ ਤੇ ਕੂਲੀ। ਲੈ ਜਾ ਇਸਦੇ ਬਦਲੇ ਮੂਲੀ।
ਕਿਸੇ ਕਿਹਾ ਇਹ ਲਾਲ ਹੈ ਥੋਹੜੀ। ਲੈ ਜਾ ਚੱਲ ਤੂੰ ਗੁੜ ਦੀ ਰੋੜੀ।
ਕਿਸੇ ਨੇ ਕੋਈ ਮੁੱਲ ਨਾ ਪਾਇਆ। ਇਹ ਵੀ ਹੈਸੀ ‘ਓਹਦੀ’ ਮਾਇਆ।
ਆਖਰ ਭੁੱਖਾ ਅਤੇ ਤਿਹਾਇਆ। ਸਾਲਸ ਰਾਇ ਦੀ ਹੱਟੀ ਆਇਆ।

ਸਾਲਸ ਰਾਇ ਪਟਨੇ ਵਿੱਚ ਰਹਿੰਦਾ। ਰੱਬ ਦੀ ਰਜਾ ’ਚ ਉਠਦਾ ਬਹਿੰਦਾ।
ਕਰਦਾ ਸੀ ਵਪਾਰ ਉਹ ਲਾਲਾ। ਹੀਰੇ ਰਤਨ ਜਵਾਹਰ ਵਾਲਾ।
ਨਜ਼ਰ ਓਸਦੀ ਬੜੀ ਸੀ ਤਿੱਖੀ। ਖਰੇ ਖੋਟੇ ਦੀ ਪਰਖ ਸੀ ਸਿੱਖੀ।
ਮਰਦਾਨਾ ਪੁੱਜਾ ਉਸ ਕੋਲ। ਹੌਲੀ ਹੌਲੀ ਬੋਲੇ ਬੋਲ।
ਕਹਿੰਦਾ ਮੇਰੀ ਸੁਣੋ ਕਹਾਣੀ। ਛਕਣੈ ਅਸਾਂ ਨੇ ਅੰਨ ਤੇ ਪਾਣੀ।
ਲੈ ਕੇ ਮੈਂ ਇਹ ਪੋਟਲੀ ਆਇਆ। ਇਹਦੇ ਵਿੱਚ ਇਕ ਚੀਜ਼ ਲਿਆਇਆ।

ਵੇਚਣ ਲਈ ਹਾਂ ਆਇਆ ਇਹਨੂੰ। ਇਹਦੇ ਦੇ ਦਿਉ ਪੈਸੇ ਮੈਨੂੰ।
ਸਾਲਸ ਰਾਇ ਪੋਟਲੀ ਖੋਲੀ। ਕਹਿੰਦਾ ਮੈਂ ਤਾਂ ਵਾਰੇ ਘੋਲੀ।
ਜਿੱਦਾਂ ਹੀ ਉਹਨੇ ਅੰਦਰ ਤੱਕਿਆ। ਓਦਾਂ ਹੀ ਉਹਨੂੰ ਹੱਥੀਂ ਢੱਕਿਆ।
ਕਹਿਣ ਲੱਗਾ ਉਹ ਨੌਕਰ ਤਾਂਈਂ। ਅੰਦਰੋਂ ਜਾ ਕੇ ਪੈਸੇ ਲਿਆਈਂ।
ਕਹਿੰਦਾ ਵੇਖੀ ਦੁਨੀਆਂ ਸਾਰੀ। ਤੇਰਾ ਮਾਲਕ ਵੱਡਾ ਵਪਾਰੀ।
ਖਰਾ ਸੌਦਾ ਕੋਈ ਖਾਸ ਵਿਸ਼ੇਸ਼। ਵੇਚ ਰਿਹੈ ਉਹ ਦੇਸ਼ ਵਿਦੇਸ਼।

ਵਾਪਸ ਲੈ ਜਾ ਤੂੰ ਇਹ ਲਾਲ। ਤੱਕ ਤੱਕ ਮੈਂ ਤਾਂ ਹੋਇਆ ਨਿਹਾਲ।
100 ਰੁਪਈਆ ਵਿੱਚ ਵਲੇਟਾ। ਇਹ ਤਾਂ ਇਸਦੀ ਦਰਸ਼ਨ ਭੇਟਾ।
ਇਹ ਤਾਂ ਲਾਲ ਕੋਈ ਅਨਮੁੱਲ। ਇਹਦਾ ਦੁਨੀਆਂ ਵਿੱਚ ਨਹੀਂ ਮੁੱਲ।
ਫਿਰ ਜੇ ਇਹਨੂੰ ਵੇਚਣ ਆਈਂ। ਇਹਦਾ ਮਾਲਕ ਨਾਲ ਲਿਆਈਂ।
ਵੱਡਾ ਜੋਹਰੀ ਜਾਣੀ ਜਾਣ। ਲੈ ਰਿਹੈ ਸਾਡਾ ਇਮਤਿਹਾਨ।
ਛੱਡੀ ਫਿਰਦੈ ਦੁਨੀਆਂਦਾਰੀ। ਤੇਰਾ ਮਾਲਕ ਪ੍ਰਉਪਕਾਰੀ।

ਸੌ ਰੁਪਈਏ ਲੈ ਕੇ ਰਾਸ। ਸਿੱਖ ਪਹੁੰਚਾ ਸਤਿਗੁਰ ਦੇ ਪਾਸ।
ਕਹਿੰਦਾ ਦਾਤਾ ਤੇਰੀ ਮਾਇਆ। ਮੈਨੂੰ ਤਾਂ ਕੁਝ ਸਮਝ ਨਾ ਆਇਆ।
ਕਿਸੇ ਨੇ ਮੂਲੋਂ ਮੁੱਲ ਨਾ ਪਾਇਆ। ਕਿਸੇ ਨੇ ਦਰਸ਼ਨ ਭੇਟ ਚੜ੍ਹਾਇਆ।
ਸਤਿਗੁਰ ਨਾਨਕ ਹੱਸ ਪਏ ਸੀ। ਮਿਹਰਾਂ ਦੇ ਮੀਂਹ ਵੱਸ ਪਏ ਸੀ।
ਕਹਿੰਦੇ ਏਹੀਓ ਹੁੰਦੀ ਅੱਖ। ਜਿਸਨੂੰ ਦਿੱਸ ਜਾਂਦੈ ਪ੍ਰਤੱਖ।
ਸ਼ਬਦ ਸੁਰਤਿ ਦਾ ਜੀਹਨੂੰ ਗਿਆਨ। ਉਹਦੀ ਦ੍ਰਿਸ਼ਟੀ ਹੈ ਮਹਾਨ।

ਇਹ ਹੈ ਸਭ ਦ੍ਰਿਸ਼ਟੀਆਂ ਤੋਂ ਪਰੇ। ਦਿਸੇ ਉਹਨੂੰ, ਜੀਹਦਾ ਆਪਾ ਮਰੇ।
ਬੰਦੇ ਨੂੰ ਫਿਰ ਆਉਂਦੈ ਸੁਆਦ। ਝੂਮਣ ਲੱਗਦੈ ਵਿੱਚ ਵਿਸਮਾਦ।
ਏਨੇ ਚਿਰ ਨੂੰ ਸਾਲਸ ਰਾਇ। ਸਤਿਗੁਰ ਦੇ ਲਈ ਭੋਜਨ ਲਿਆਏ।
ਪਿਆਰ ਨਾਲ ਪ੍ਰਸ਼ਾਦਾ ਪੱਕਿਆ। ਮਰਦਾਨੇ ਤੇ ਬਾਬੇ ਛੱਕਿਆ।
ਦਿੱਬ ਦ੍ਰਿਸ਼ਟ ਦਾ ਦਿੱਤਾ ਦਾਨ। ਬਾਬਾ ਨਾਨਕ ਬੜਾ ਮਹਾਨ।
‘ਜਾਚਕ’ ਬਾਬੇ ਹੋ ਨਿਹਾਲ। ਬਣਵਾਈ ਓਥੇ ਧਰਮਸਾਲ।
(ਅੱਜਕੱਲ ਗੁਰਦੁਆਰਾ ਗਊਘਾਟ, ਪਟਨਾ ਸਾਹਿਬ)

ਜਾਦੂਗਰਨੀ ਨੂਰਸ਼ਾਹ ਦਾ ਨਿਸਤਾਰਾ – ਹਰੀ ਸਿੰਘ ਜਾਚਕ

ਸਤਿਨਾਮ ਦਾ ਚੱਕਰ ਚਲਾਉਂਦੇ। ਦੁਨੀਆਂ ਨੂੰ ‘ਇੱਕ’ ਦੇ ਲੜ ਲਾਉਂਦੇ।
ਨੂਰੀ ਨਾਨਕ ਵੰਡਦੇ ਨਾਮ। ਪਹੁੰਚ ਗਏ ਸਨ ਵਿੱਚ ਆਸਾਮ।
ਛੱਡ ਮੈਦਾਨ, ਪਹਾੜ ’ਚ ਬੈਠੇ। ਸ਼ਹਿਰੋਂ ਬਾਹਰ ਉਜਾੜ ’ਚ ਬੈਠੇ।
ਤਿੰਨ ਦਿਨਾਂ ਦੇ ਭੁੱਖਣ ਭਾਣੇ। ਉਹਦੀਆਂ ਰਮਜ਼ਾਂ ਉਹੋ ਜਾਣੇ।
ਮਰਦਾਨੇ ਨੂੰ ਲੱਗ ਗਈ ਭੁੱਖ। ਕਹਿੰਦਾ ਵੱਡਾ ਭੁੱਖ ਦਾ ਦੁੱਖ।
ਤੜਫ ਰਹੀ ਇਹ ਜਿੰਦ ਨਿਮਾਣੀ। ਨਾ ਰੋਟੀ, ਨਾ ਪੀਣ ਨੂੰ ਪਾਣੀ।

ਤੂੰ ਤੇ ਦਾਤਾ ਨੂਰ ਇਲਾਹੀ। ਕੌਣ ਜਾਣੇ ਤੇਰੀ ਬੇਪਰਵਾਹੀ।
ਸ਼ਹਿਰ ਮੈਂ ਚੱਲਿਆਂ ਅੰਤਰਜਾਮੀ। ਰੋਟੀ ਖਾ ਕੇ ਆ ਜਾਊਂ ਸ਼ਾਮੀ।
ਅੰਨ ਬਿਨਾਂ ਮੈਂ ਰਹਿ ਨਹੀਂ ਸਕਦਾ। ਬਹੁਤਾ ਕੁਝ ਹੁਣ ਕਹਿ ਨਹੀਂ ਸਕਦਾ।
ਮੁੱਖ ’ਚੋਂ ਕਿਹਾ, ਮਿਹਰਾਂ ਦੇ ਸਾਈਂ। ਡੋਲ ਰਹੇ ਮਰਦਾਨੇ ਤਾਈਂ।
ਮਰਦਾਨਿਆਂ, ਮਰ ਜਾਣਿਆਂ। ਤੂੰ ਆਪਾ ਨਹੀਂ ਪਹਿਚਾਣਿਆਂ।
ਵੇ ਸ਼ਬਦਾਂ ਦੇ ਵਣਜਾਰਿਆ। ਅੱਜ ਦਿਲ ਨੂੰ ਹੈ ਕਿਉਂ ਹਾਰਿਆ।

ਤੇਰੇ ਨਾਲ ਮੈਂ ਲਾਈ ਯਾਰੀ। ਰੋਂਦੀ ਵੇਖ ਕੇ ਦੁਨੀਆਂ ਸਾਰੀ।
ਛੱਡ ਕੇ ਤੂੰ ਨਾਨਕ ਨਿਰੰਕਾਰੀ। ਕਿਧਰ ਨੂੰ ਕਰ ਲਈ ਤਿਆਰੀ।
ਕਿਉਂ ਤੂੰ ਅੱਜ ਹੈ ਹਿੰਮਤ ਹਾਰੀ। ਜਾਏ ਨਾ ਤੈਥੋਂ ਭੁੱਖ ਸਹਾਰੀ।
ਸੁਣੀ ਨਾ ਉਹਨੇ ਕੋਈ ਵੀ ਗੱਲ। ਭੁਖ ਦਾ ਦੁੱਖ ਨਾ ਸਕਿਆ ਝੱਲ।
ਕਰਕੇ ਉਹ ਤਾਂ ਪੂਰਾ ਹੱਠ। ਸ਼ਹਿਰ ਵੱਲ ਨੂੰ ਪਿਆ ਸੀ ਨੱਠ।
ਡੋਲ ਦੇ ਵਾਗੂੰ ਰਿਹਾ ਸੀ ਡੋਲ। ਪਹੁੰਚ ਗਿਆ ਇਕ ਘਰ ਦੇ ਕੋਲ।

ਘਰ ਦੇ ਅੰਦਰ ਆ ਕੇ ਵੜਿਆ। ਜਾ ਕੇ ਵਿਹੜੇ ਦੇ ਵਿੱਚ ਖੜਿਆ।
ਤੱਕ ਕੇ ਓਥੇ ਅਜਬ ਨਜ਼ਾਰਾ। ਜਿਸਮ ਓਸਦਾ ਕੰਬਿਆ ਸਾਰਾ।
ਪਿੰਜਰ ਓਥੇ ਲਟਕ ਰਿਹਾ ਸੀ। ਖੂਨ ਓਸ ’ਚੋਂ ਟਪਕ ਰਿਹਾ ਸੀ।
ਇਧਰ ਸ਼ੇਰ ਪਿਆ ਲਲਕਾਰੇ। ਉਧਰ ਸੱਪ ਮਾਰੇ ਫੁੰਕਾਰੇ।
ਜਿਥੇ ਹੈਸੀ ਸੋਨ ਸਵੇਰਾ। ਹੋ ਗਿਆ ਓਥੇ ਘੁੱਪ ਹਨੇਰਾ।
ਵੇਖ ਕੇ ਡਾਢਾ ਉਹ ਘਬਰਾਇਆ। ਸਿਰ ਓਹਦੇ ਨੂੰ ਚੱਕਰ ਆਇਆ।

ਜਿਵੇਂ ਹੀ ਉਹਨੂੰ ਹੋਸ਼ ਸੀ ਆਈ। ਸਾਰਾ ਕੁਝ ਹੋ ਗਿਆ ਹਵਾਈ।
ਜਾਦੂ ਦਾ ਇਹ ਖੇਲ ਸੀ ਸਾਰਾ। ਅੱਜ ਫਸ ਗਿਆ ਭੌਰ ਵਿਚਾਰਾ।
ਜਾਦੂ ਦਾ ਸੀ ਇਹ ਤਾਂ ਮੰਦਰ। ਫਸਿਆ ਆਣ ਬਟੇਰਾ ਅੰਦਰ।
ਅਕਲ ਦੀ ਐਨਕ ਲਾ ਕੇ ਵੇਖੇ। ਘੋੜੇ ਬੜੇ ਦੁੜਾ ਕੇ ਵੇਖੇ।
ਵੇਖੀ ਜਾਂਦੈ ਸੱਜੇ ਖੱਬੇ। ਐਪਰ ਕੋਈ ਹੁਣ ਰਾਹ ਨਾ ਲੱਭੇ।
ਮਰਦਾਨਾ ਸੀ ਦਿਲ ਵਿੱਚ ਕਹਿੰਦਾ। ਕੀ ਹੁੰਦਾ ਜੇ ਭੁੱਖਾ ਈ ਰਹਿੰਦਾ।

ਬਾਬਾ ਨਾਨਕ ਰੋਕ ਰਹੇ ਸੀ। ਏਥੇ ਆਉਣੋਂ ਟੋਕ ਰਹੇ ਸੀ।
ਪਰ ਮੈਂ ਨਹੀਂ ਸਾਂ ਆਖੇ ਲੱਗਿਆ। ਏਸੇ ਲਈ ਮੈਂ ਗਿਆ ਹਾਂ ਠੱਗਿਆ।
ਗੁਰੂ ਸਾਹਿਬ ਦੀ ਕਦਰ ਨਾ ਪਾਈ। ਤਾਂਹੀਉਂ ਮੇਰੀ ਸ਼ਾਮਤ ਆਈ।
ਨਹੀਂ ਇਥੋਂ ਕੋਈ ਜਾਣੀ ਸੂੰਹ। ਪੈ ਗਿਆ ਮੈਂ ਤਾਂ ਮੌਤ ਦੇ ਮੂੰਹ।
ਏਨੇ ਨੂੰ ਇਕ ਸੁੰਦਰੀ ਆਈ। ਰੋਟੀ ਪਾਣੀ ਨਾਲ ਲਿਆਈ।
ਉਹਨੂੰ ਵੀ ਲੱਗੀ ਸੀ ਭੁੱਖ। ਭੋਜਨ ਵੇਖ ਕੇ ਭੁਲ ਗਿਆ ਦੁੱਖ।

ਖਾਣਾ ਉਹਨੇ ਰੱਜ ਕੇ ਖਾਧਾ। ਖਾ ਕੇ ਖਾਣਾ ਪ੍ਰਭੂ ਅਰਾਧਾ।
ਹੁਣ ਆਈ ਇਕ ਮੋਹਨੀ ਮੂਰਤ। ਮੋਹਨੀ ਮੂਰਤ, ਸੋਹਣੀ ਸੂਰਤ।
ਨੂਰਸ਼ਾਹ ਨਾਂ ਦੀ ਮੁਟਿਆਰ। ਜੀਕਣ ਹੁਸਨਾਂ ਦੀ ਸਰਕਾਰ।
ਵੱਡੀ ਸੀ ਇਹ ਜਾਦੂਗਰਨੀ। ਜਾਦੂਗਰਨੀ, ਮਨ ਨੂੰ ਹਰਨੀ।
ਲੱਗਦੀ ਸੀ ਕੋਈ ਚੰਨ ਦਾ ਨੂਰ। ਤੱਕ ਤੱਕ ਜਿਸਨੂੰ ਚੜ੍ਹੇ ਸਰੂਰ।
ਝਾਲ ਓਸਦੀ ਜਾਏ ਨਾ ਝੱਲੀ। ਦਿਲ ਡੁਲ੍ਹਦਾ ਸੀ ਮੱਲੋ ਮੱਲੀ।

ਗੱਲਾਂ ਹੀ ਗੱਲਾਂ ਦੇ ਨਾਲ। ਸੁੱਟ ਦੇਂਦੀ ਸੀ ਪ੍ਰੀਤ ਦਾ ਜਾਲ।
ਤਰ੍ਹਾਂ ਤਰ੍ਹਾਂ ਦੇ ਵਰਤ ਕੇ ਢੰਗ। ਮਾਰ ਦਿੰਦੀ ਸੀ ਪ੍ਰੀਤ ਦੇ ਡੰਗ।
ਜੋ ਵੀ ਆਉਂਦਾ ਭੁੱਲ ਕੇ ਰਾਹ। ਉਹਨੂੰ ਇਹ ਲੈਂਦੀ ਸੀ ਫਾਹ।
ਵਾਪਸ ਜਾਣ ਜੋਗਾ ਨਾ ਰਹਿੰਦਾ। ਜਿਵੇਂ ਉਹ ਕਹਿੰਦੀ ਤਿਵੇਂ ਉਹ ਕਹਿੰਦਾ।
ਮਰਦਾਨਾ ਅੱਜ ਗਿਆ ਸੀ ਫਸ। ਕਰ ਲਿਆ ਉਸਨੂੰ ਜਾਦੂ ਵੱਸ।
ਬੰਨੀ ਗਲ ਜਾਦੂਈ ਗਾਨੀ। ਭੁਲ ਗਿਆ ਉਹ ਦੁਨੀਆਂ ਫਾਨੀ।

ਚਾਲ ਚੱਲੀ ਸੀ ਐਸੀ ਕੋਝੀ। ਦੁਨੀਆਂ ਦੀ ਓਹਨੂੰ ਰਹੀ ਨਾ ਸੋਝੀ।
ਹੋ ਗਿਆ ਉਹ ਬੇਹੋਸ਼, ਬੇਸੁਧ। ਉਹ ਨੂੰ ਰਹੀ ਨਾ ਸੁੱਧ ਤੇ ਬੁੱਧ।
ਹੱਥ ਪੈਰ ਸਭ ਹੋ ਗਏ ਸੁੰਨ। ਭੁੱਲ ਗਿਆ ਉਹ ਨਾਮ ਦੀ ਧੁੰਨ।
ਬੈਠਾ ਸੀ ਉਹ ਚੁੱਪ ਚੁਪੀਤਾ। ਨਿਕਲ ਗਿਆ ਉਹਦਾ ਖਾਧਾ ਪੀਤਾ।
ਕਹਿਣ ਲੱਗੀ ਉਹ ਸਾਥਣਾਂ ਤਾਂਈਂ। ਆਖੇ ਲੱਗੂ ਇਹ ਚਾਂਈਂ ਚਾਂਈਂ।
ਸੁਰਤ ਇਹਦੀ ਨੂੰ ਵੱਸ ਮੈਂ ਕੀਤਾ। ਜਾਦੂ ਨਾਲ ਬੇ-ਵੱਸ ਮੈਂ ਕੀਤਾ।

ਜਿਧਰ ਜਾਵਾਂ ਉਧਰ ਜਾਂਦੈ। ਚੁੰਬਕ ਮਗਰ ਜਿਉਂ ਲੋਹਾ ਆਂਦੈ।
ਇਹ ਬੰਦਾ ਹੁਣ ਬਣ ਕੇ ਭੇਡੂ। ਭੇਡੂ ਵਾਂਗੂ, ਖੇਡਾਂ ਖੇਡੂ।
ਜਦ ਮਰਦਾਨਾ ਮੂੰਹ ਨੂੰ ਖੋਲੇ। ਭੇਡੂ ਵਾਂਗੂ, ਮੈਂ ਮੈਂ ਬੋਲੇ।
ਤੱਕੇ ਚਾਰ ਚੁਫੇਰੇ ਇੱਦਾਂ। ਫਸਿਆ ਜਾਲ ਬਟੇਰਾ ਜਿੱਦਾਂ।
ਮੁੜ ਨਾ ਜਦ ਮਰਦਾਨਾ ਆਇਆ। ਬਾਬੇ ਨਾਨਕ ਚੋਜ ਰਚਾਇਆ।
ਇਕਦਮ ਕਰਕੇ ਚਿੱਤ ਇਕਾਗਰ। ਚੱਲ ਪਏ ਮਿਹਰਾਂ ਦੇ ਸਾਗਰ।

ਸ਼ਹਿਰ ਵੱਲ ਨੂੰ ਉਠ ਕੇ ਤੁਰ ਪਏ। ਮਰਦਾਨੇ ’ਤੇ ਤੁੱਠ ਕੇ ਤੁਰ ਪਏ।
ਪਹੁੰਚ ਗਏ ਸੀ ਵਾਹੋਦਾਹੀ। ਗੁਰੂ ਨਾਨਕ ਜੀ ਨੂਰ ਇਲਾਹੀ।
ਕੁਫਰ ਗੜ੍ਹ ਨੂੰ ਤੋੜਨ ਖਾਤਰ। ਨਾਲ ਨਾਮ ਦੇ ਜੋੜਨ ਖਾਤਰ।
ਘਰ ਦੇ ਅੱਗੇ ਆ ਕੇ ਖੜ੍ਹ ਗਏ। ਪਲਕ ਝਪਕਦੇ ਅੰਦਰ ਵੜ ਗਏ।
ਵੜੇ ਜਦੋਂ ਤ੍ਰਿਪਤਾ ਦੇ ਚੰਦ। ਬੂਹਾ ਹੋ ਗਿਆ ਅੰਦਰੋਂ ਬੰਦ।
ਪਹੁੰਚ ਕੇ ਵਿਹੜੇ ਦੇ ਵਿਚਕਾਰ। ਮੁੱਖੋਂ ਬੋਲੇ ‘ਸਤਿ ਕਰਤਾਰ’।

ਨੂਰ ਸ਼ਾਹ ਨੇ ਨਜ਼ਰ ਜਾ ਚੁੱਕੀ। ਮਾਨੋ ਉਹਦੀ ਰੱਤ ਸੀ ਸੁੱਕੀ।
ਤੱਕਿਆ ਜਦੋਂ ਨੂਰਾਨੀ ਚਿਹਰਾ। ਅੱਖਾਂ ਅੱਗੇ ਆਇਆ ਹਨੇਰਾ।
ਜਿਵੇਂ ਹੀ ਉਸ ਨੇ ਨਜ਼ਰਾਂ ਗੱਡੀਆਂ। ਅੱਖਾਂ ਰਹਿ ਗਈਆਂ ਸੀ ਟੱਡੀਆਂ।
ਤੱਕ ਤੱਕ ਹੋ ਗਈ ਸੀ ਉਹ ਦੰਗ। ਪਲ ਪਲ ਪਿਛੋਂ ਬਦਲਣ ਰੰਗ।
ਇਕਦਮ ਸੀ ਤਰੇਲੀਆਂ ਆਈਆਂ। ਚਿਹਰੇ ਉਤੇ ਪਿਲੱਤਣਾਂ ਛਾਈਆਂ।
ਫੇਰ ਕੇ ਬੁਲ੍ਹਾਂ ਉਤੇ ਜੀਭ। ਕਹਿੰਦੀ ਸੜ ਗਏ ਹਾਏ ਨਸੀਬ।

ਖੋਹ ਪੈ ਰਹੀ ਏ ਅੰਦਰ ਖੋਹਣੀ। ਅੱਜ ਹੋਣੀ ਏ ਕੋਈ ਅਣਹੋਣੀ।
ਮਨ ਦੀ ’ਕੱਠੀ ਕਰਕੇ ਤਾਕਤ। ਵਿੱਚ ਜਾਦੂ ਦੀ ਭਰ ਕੇ ਤਾਕਤ।
ਮੰਤਰ ਉਹ ਚਲਾਵਣ ਲੱਗੀ। ਬਾਬੇ ਨੂੰ ਭਰਮਾਵਨ ਲੱਗੀ।
ਜਿਵੇਂ ਜਿਵੇਂ ਉਹ ਕਰਦੀ ਵਾਰ। ਬਾਬਾ ਕਹਿੰਦਾ ‘ਧੰਨ ਨਿਰੰਕਾਰ’।
ਲਾਇਆ ਜ਼ੋਰ ਪਰ ਇਕ ਨਾ ਚੱਲੀ। ਛੱਡ ਗਏ ਇਲਮ ਤੇ ਰਹਿ ਗਈ ’ਕੱਲੀ।
ਪਹੁੰਚੇ ਫਿਰ ਮਰਦਾਨੇ ਕੋਲ। ਬੋਲ ਨਾ ਸਕੇ ਜੋ ਕੋਈ ਬੋਲ।

ਖੋਲਿਆ ਜਦ ਜਾਦੂ ਦਾ ਜੰਦਾ। ਮਰਦਾਨਾ ਫਿਰ ਬਣ ਗਿਆ ਬੰਦਾ।
ਮਰਦਾਨੇ ਨੂੰ ਗਲ ਨਾਲ ਲਾ ਕੇ। ਕਹਿਣ ਲੱਗੇ ਉਹ ਫਿਰ ਮੁਸਕਾ ਕੇ।
ਸਾਡੇ ਨਾਲ ਤੂੰ ਕੀਤੇ ਵਾਧੇ। ਸਾਨੂੰ ਛੱਡ ਕੇ ਭੋਜਨ ਖਾਧੇ।
ਮਰਦਾਨਾ ਫਿਰ ਪੈ ਕੇ ਚਰਨੀਂ। ਕਹਿੰਦਾ ਬਾਬਾ, ਧੰਨ ਤੇਰੀ ਕਰਨੀ।
ਮੈਂ ਤਾਂ ਥੋਨੂੰ ਬਹੁਤ ਸਤਾਇਆ। ਤੁਸੀਂ ਮੈਨੂੰ ਪਰ ਗਲ ਨਾਲ ਲਾਇਆ।
ਸਤਿਗੁਰ ਨਾਨਕ ਹੱਸ ਪਏ ਸੀ। ਮਿਹਰਾਂ ਦੇ ਮੀਂਹ ਵੱਸ ਪਏ ਸੀ।

ਨੂਰਸ਼ਾਹ ਸੀ ਤੱਕਦੀ ਰਹਿ ਗਈ। ਤੱਕਦੀ ਉਹ ਚਰਨਾਂ ’ਤੇ ਢਹਿ ਗਈ।
ਹੋ ਗਿਆ ਰੰਗ ਸੀ ਨੀਲਾ ਪੀਲਾ। ਗੁਰ ਨਾਨਕ ਦੀ ਵੇਖ ਕੇ ਲੀਲਾ।
ਅੱਖਾਂ ਦੇ ਵਿੱਚ ਹੰਝੂ ਭਰ ਕੇ। ਚਰਨਾਂ ਉੱਤੇ ਮੱਥਾ ਧਰ ਕੇ।
ਕਹਿਣ ਲੱਗੀ ਉਹ ਬਾਬੇ ਤਾਂਈਂ। ਮਿਹਰ ਕਰੋ ਮਿਹਰਾਂ ਦੇ ਸਾਂਈਂ।
ਮੈਨੂੰ ਆਪਣੇ ਚਰਨੀਂ ਲਾਇਓ। ਅਧਵੱਟੇ ਹੁਣ ਛੱਡ ਨਾ ਜਾਇਓ।
ਕਰਦਿਆਂ ਮੈਨੂੰ ਧਾਗੇ ਤਵੀਤ। ਸਾਰੀ ਉਮਰ ਗਈ ਏ ਬੀਤ।

ਭੋਗ ਰਹੀ ਹਾਂ ਜੋ ਸੰਤਾਪ। ਲਾਹ ਦਿਉ ਮੇਰੇ ਤੀਨੇ ਤਾਪ।
ਰੱਖਿਆ ਸਿਰ ’ਤੇ ਮਿਹਰ ਦਾ ਹੱਥ। ਗਿਆ ਭੂਤ ਜਾਦੂ ਦਾ ਲੱਥ।
ਗੁਰ ਨਾਨਕ ਨੇ ਬਖਸ਼ਿਸ਼ ਕੀਤੀ। ਅਕਾਲ ਪੁਰਖ ਨਾਲ ਲਾਈ ਪ੍ਰੀਤੀ।
ਲੱਥੇ ਪਾਪ ਤੇ ਪੈ ਗਈ ਠੰਢ। ਪਈ ਨਾਮ ਨਾਲ ਸੱਚੀ ਗੰਢ।
ਜਾਦੂ ਦਾ ਉਸ ਮੰਦਰ ਢਾਇਆ। ਧਰਮਸਾਲ ਉਸ ਤਾਈਂ ਬਣਾਇਆ।
ਲੁਟੀ ਮਾਇਆ ਤਾਈਂ ਲੁਟਾਇਆ। ਹਰ ਇੱਕ ਦੇ ਲਈ ਲੰਗਰ ਲਾਇਆ।
ਖਬਰ ਫੈਲ ਗਈ ਸਾਰੇ ਜੱਗ। ਜਿਉਂ ਫੈਲੇ ਜੰਗਲ ਦੀ ਅੱਗ।

ਹੋ ਗਏ ਸਨ ਪ੍ਰਸੰਨ ਗੁਰ ਨਾਨਕ। ਸਾਰੇ ਬੋਲੋ, ਧੰਨ ਗੁਰ ਨਾਨਕ।
ਸਾਰੇ ਆਖੋ ਧੰਨ ਗੁਰ ਨਾਨਕ। ਸਾਰੇ ਬੋਲੋ ਧੰਨ ਗੁਰ ਨਾਨਕ।

ਗੁਰੂ ਨਾਨਕ ਦੇਵ ਜੀ ਤੇ ਵਲੀ ਕੰਧਾਰੀ – ਹਰੀ ਸਿੰਘ ਜਾਚਕ

ਦੁਨੀਆਂ ਤਾਰਦੇ ਤਾਰਦੇ ਗੁਰੂ ਨਾਨਕ , ਪਹੁੰਚ ਗਏ ਸਨ ਹਸਨ ਅਬਦਾਲ ਅੰਦਰ ।
ਦਰਸ਼ਨ ਕਰਨ ਲਈ ਲੋਕ ਸਨ ਆਉਣ ਲੱਗੇ , ਤਰ੍ਹਾਂ ਤਰ੍ਹਾਂ ਦੇ ਲੈ ਸੁਆਲ ਅੰਦਰ ।
ਬਚਨ ਸੁਣ ਕੇ ਤਨ,ਮਨ ਸ਼ਾਂਤ ਹੋਏ, ਠੀਕ ਹੋ ਗਿਆ ਸੁਰ ਤੇ ਤਾਲ ਅੰਦਰ।
ਦੀਵੇ ਬੁਝੇ ਹੋਏ ਜਨਮ ਜਨਮਾਂਤਰਾਂ ਦੇ, ਨਾਮ ਬਾਣੀ ਨਾਲ ਦਿੱਤੇ ਸਨ ਬਾਲ ਅੰਦਰ।

ਏਸ ਪਿੰਡ ਦੇ ਨੇੜੇ ਪਹਾੜ ਉਤੇ, ਰਹਿ ਰਿਹਾ ‘ਕੰਧਾਰੀ’ ਫਕੀਰ ਹੈਸੀ।
ਮਹਿਮਾਂ ਸੁਣ ਕੇ ਲੋਕਾਂ ਤੋਂ ਸਤਿਗੁਰਾਂ ਦੀ, ਦਿਲੋਂ ਹੋ ਗਿਆ ਬੜਾ ਦਿਲਗੀਰ ਹੈਸੀ।
ਗੁੱਸੇ ਵਿੱਚ ਕਚੀਚੀਆਂ ਖਾ ਰਿਹਾ ਸੀ, ਉਸ ਦੀ ਹਊਮੈ ਦੀ ਇਹ ਅਖੀਰ ਹੈਸੀ।
ਮੇਰੀ ਥਾਂ ਤੇ ਮੇਰੇ ਇਸ ਪਿੰਡ ਅੰਦਰ, ਕਿਥੋਂ ਆ ਗਿਆ ਨਵਾਂ ਇਹ ਪੀਰ ਹੈਸੀ।

ਨੱਕੋ ਨੱਕ ਸੀ ਹਉਮੈਂ ਦੇ ਨਾਲ ਭਰਿਆ, ਵਲੀਪੁਣੇ ਨੇ ਚੰਨ ਚੜ੍ਹਾ ਦਿੱਤਾ।
ਜਾਣੀ ਜਾਣ ਨੇ ਜਾਣ ਕੇ ਉਸੇ ਵੇਲੇ, ਕੌਤਕ ਨਵਾਂ ਸੀ ਓਥੇ ਰਚਾ ਦਿੱਤਾ।
ਲੱਗੀ ਭਾਈ ਮਰਦਾਨੇ ਨੂੰ ਤੇਹ ਡਾਢੀ, ਓਹਨੂੰ ਪਿਆਸ ਨੇ ਡਾਢਾ ਤੜਫਾ ਦਿੱਤਾ।
ਚਸ਼ਮਾ ਪਾਣੀ ਦਾ ਵਲੀ ਦੇ ਪਾਸ ਹੈਸੀ, ਗੁਰਾਂ ਵਲੀ ਦੇ ਵੱਲ ਭਿਜਵਾ ਦਿੱਤਾ।

ਪਾਣੀ ਦੇਣ ਤੋਂ ਕੀਤਾ ਇਨਕਾਰ ਉਸ ਨੇ, ਤੇ ਮਰਦਾਨੇ ਨੂੰ ਬਚਨ ਸੁਣਾ ਦਿੱਤਾ।
ਮੁਸਲਮ ਹੋ ਕੇ ਕਾਫਰ ਦੇ ਨਾਲ ਫਿਰਦੈਂ, ਕਾਫਰ ਹੋ ਕੇ ਦੀਨ ਗਵਾ ਦਿੱਤਾ।
ਤਿੰਨ ਵਾਰ ਸੀ ਓਸ ਇਨਕਾਰ ਕੀਤਾ, ਘੁੱਟ ਪਾਣੀ ਦੇ ਲਈ ਤਰਸਾ ਦਿੱਤਾ।
ਚੌਥੀ ਵਾਰ ਹੰਕਾਰ ਦੇ ਵਿੱਚ ਆ ਕੇ, ਝਿੜਕਾਂ ਮਾਰ ਕੇ ਓਹਨੂੰ ਭਜਾ ਦਿੱਤਾ।

ਆ ਕੇ ਡਿਗਿਆ ਚਰਨਾਂ ਤੇ ਪਾਤਸ਼ਾਹ ਦੇ , ਕਹਿੰਦਾ ਬਖਸ਼ ਦਿਓ ਹੁਣ ਹਜ਼ੂਰ ਮੈਨੂੰ ।
ਪਾਣੀ ਮੰਗਣ ਨਹੀਂ ਜਾਵਾਂਗਾ ਪਾਸ ਉਸ ਦੇ, ਬਿਨਾਂ ਪਾਣੀ ਤੋਂ ਮਰਨਾ ਮਨਜ਼ੂਰ ਮੈਨੂੰ।
ਚੋਜੀ ਹੱਸੇ ਤੇ ਹੱਸ ਕੇ ਕਹਿਣ ਲੱਗੇ, ਲੱਭਣਾ ਪੈਣਾ ਏ ਹੱਲ ਜਰੂਰ ਮੈਨੂੰ।
ਸਿਰ ਚੜ੍ਹ ਕੇ ਵਲੀ ਦੇ ਬੋਲਿਆ ਜੋ, ਕਰਨਾ ਪੈਣੈ ਹੰਕਾਰ ਓਹ ਦੂਰ ਮੈਨੂੰ।

ਏਨ੍ਹਾਂ ਕਹਿੰਦਿਆਂ ਕਹਿੰਦਿਆਂ ਪਾਤਸ਼ਾਹ ਦੀ, ਨਾਮ ਸਿਮਰਨ ’ਚ ਬਿਰਤੀ ਲੱਗ ਗਈ ਸੀ।
ਸਤਿਨਾਮ ਕਹਿ ਕੇ, ਪੁੱਟਿਆ ਇਕ ਪੱਥਰ, ਠੰਢੇ ਪਾਣੀ ਦੀ ਧਾਰਾ ਤਦ ਵਗ ਗਈ ਸੀ।
ਗੁਰਾਂ ਕਿਹਾ, ਮਰਦਾਨਿਆਂ ਜਲ ਛਕ ਲੈ, ਨੂਰੀ ਚਿਹਰੇ ਤੇ ਜੋਤ ਕੋਈ ਜਗ ਗਈ ਸੀ।
ਪਾਣੀ ਪੀਤਾ ਮਰਦਾਨੇ, ਪਰ ਵਲੀ ਤਾਈਂ, ਸੱਤੀਂ ਕਪੜੀਂ ਹੀ ਅੱਗ ਲੱਗ ਗਈ ਸੀ ।

ਆ ਕੇ ਗੁੱਸੇ ’ਚ ਵਲੀ ਨੇ ਉਸੇ ਵੇਲੇ, ਪੱਥਰ ਗੁਰੂ ਜੀ ਵੱਲ ਖਿਸਕਾ ਦਿੱਤਾ।
ਸਤਿਗੁਰ ਨਾਨਕ ਨੇ ਸਤਿ ਕਰਤਾਰ ਕਹਿ ਕੇ, ਪੰਜਾ ਲਾ ਕੇ ਪੱਥਰ ਅਟਕਾ ਦਿੱਤਾ।
ਟੁੱਟ ਗਿਆ ਸੀ ਕਿਲਾ ਹੰਕਾਰ ਵਾਲਾ, ਆ ਕੇ ਵਲੀ ਨੇ ਸੀਸ ਝੁਕਾ ਦਿੱਤਾ।
ਗੁਰੂ ਨਾਨਕ ਨੇ ਸੀਨੇ ਦੇ ਨਾਲ ਲਾ ਕੇ, ਕਿਲਾ ਕਿਬਰ ਦਾ ‘ਜਾਚਕ’ ਸੀ ਢਾਹ ਦਿੱਤਾ।