ਹਰੀ ਸਿੰਘ ਜਾਚਕ

ਜਗਤ ਜੇਤੂ, ਸੁਧਾਰਕ ਤੇ ਜਗਤ ਤਾਰਕ – ਹਰੀ ਸਿੰਘ ਜਾਚਕ

ਕੂੜ ਮੱਸਿਆ ਦੀ ਕਾਲੀ ਰਾਤ ਕਾਰਣ, ਛਾਇਆ ਨ੍ਹੇਰ ਸੀ ਸਾਰੇ ਜਹਾਨ ਅੰਦਰ।
ਲੋਭੀ ਲਾਲਚੀ ਧਰਮ ਦੇ ਆਗੂਆਂ ਨੇ, ਵੰਡੀ ਪਾਈ ਇਨਸਾਨ ਇਨਸਾਨ ਅੰਦਰ।
ਕਰਮ ਕਾਂਡ ਨੂੰ ਹੀ ਧਰਮ ਸਮਝ ਕੇ ਤੇ, ਭਟਕ ਰਹੇ ਸਨ ਲੋਕ ਅਗਿਆਨ ਅੰਦਰ।
ਇਜ਼ਤ ਗਜ਼ਨੀ ’ਚ ਰਹੀ ਨਿਲਾਮ ਹੁੰਦੀ, ਸੁੱਤੀ ਰਹੀ ਤਲਵਾਰ ਮਿਆਨ ਅੰਦਰ।

ਕੁੰਭਕਰਨ ਦੀ ਨੀਂਦ ਸਨ ਸਭ ਸੁੱਤੇ, ਉਧਰ ਦੇਸ਼ ਦਾ ਸਤਿਆਨਾਸ ਹੋਇਆ।
ਖਾਂਦੀ ਵਾੜ ਹੀ ਖੇਤ ਨੂੰ ਤੱਕ ਕੇ ਤੇ, ਹੁਕਮ ਵਾਹਿਗੁਰੂ ਵਲੋਂ ਇਹ ਖਾਸ ਹੋਇਆ।
ਮਾਤਾ ਤ੍ਰਿਪਤਾ ਦੀ ਗੋਦ ਨੂੰ ਭਾਗ ਲੱਗੇ, ਨਾਨਕ ਨੂਰ ਦਾ ਤਦੋਂ ਪ੍ਰਕਾਸ਼ ਹੋਇਆ।
ਹਿਰਦੇ ਤਪਦੇ ਇਕਦੱਮ ਸ਼ਾਂਤ ਹੋ ਗਏ, ਬਿਹਬਲ ਦਿਲਾਂ ਨੂੰ ਬੜਾ ਧਰਵਾਸ ਹੋਇਆ।

ਭੈਣ ਨਾਨਕੀ, ਨਾਨਕ ਨੂੰ ਤੱਕ ਅੰਦਰੋਂ, ਕਹਿੰਦੀ ਕਲਯੁਗ ’ਚ ਵੀਰ ਅਵਤਾਰ ਆਇਆ।
ਨੂਰੀ ਮੁੱਖ ’ਤੇ ਛਾਂ ਦੀ ਆੜ ਹੇਠਾਂ, ਫਨੀਅਰ ਸੱਪ ਵੀ ਕਰਨ ਦੀਦਾਰ ਆਇਆ।
ਵੀਹ ਰੁਪਈਆਂ ਦਾ ਭੋਜਨ ਛਕਾਉਣ ਵਾਲਾ, ਭੁੱਖੇ ਭਾਣਿਆਂ ਦਾ ਮੱਦਦਗਾਰ ਆਇਆ।
ਤੇਰਾਂ ਤੇਰਾਂ ਹੀ ਮੁੱਖੋਂ ਉਚਾਰ ਕੇ ਤੇ, ਉਹ ਤਾਂ ‘ਤੇਰਾ’ ਸੀ ਕਰਨ ਪ੍ਰਚਾਰ ਆਇਆ।

ਲਾ ਕੇ ਜਲ ਸਮਾਧੀ ਫਿਰ ਵਿੱਚ ਵੇਂਈ, ਨਾਨਕ ਪਹੁੰਚੇ ਸਨ ਸੱਚੇ ਦਰਬਾਰ ਅੰਦਰ।
ਜਗਤ ਜਲੰਦੇ ’ਚ ਠੰਢ ਵਰਤਾਉਣ ਖਾਤਰ, ‘ਧੁਰ ਦੀ ਬਾਣੀ’ ਲਿਆਏ ਸੰਸਾਰ ਅੰਦਰ।
ਨਾ ਕੋ ਹਿੰਦੂ ਨਾ ਮੁਸਲਮਾਨ ਏਥੇ, ਰੱਬੀ ਜੋਤ ਏ ਹਰ ਨਰ ਨਾਰ ਅੰਦਰ।
ਅੰਦਰੋਂ ਉੱਠੀ ਜੋ ਹੂਕ ਉਹ ਕੂਕ ਬਣਕੇ, ਗੂੰਜ ਉਠੀ ਫਿਰ ਸਾਰੇ ਸੰਸਾਰ ਅੰਦਰ।

ਕਿਰਤ ਕਰਨੀ ਤੇ ਵੰਡ ਕੇ ਛੱਕ ਲੈਣੀ, ਹੱਥੀਂ ਸੇਵਾ ਨੂੰ ਦਿੱਤੀ ਵਡਿਆਈ ਉਹਨਾਂ।
ਦੁਨੀਆਂ ਭਰ ਦੇ ਦੁਖੀਆਂ ਤੇ ਰੋਗੀਆਂ ਨੂੰ, ਸੱਚੇ ਨਾਮ ਦੀ ਦਿੱਤੀ ਦਵਾਈ ਉਹਨਾਂ।
ਊਚ ਨੀਚ ਦੇ ਵਿਤਕਰੇ ਖਤਮ ਕਰਕੇ, ਸ਼ੁਭ ਅਮਲਾਂ ’ਤੇ ਗੱਲ ਮੁਕਾਈ ਉਹਨਾਂ।
ਰੱਬੀ ਬਾਣੀ ਦਾ ਨੂਰੀ ਪ੍ਰਕਾਸ਼ ਦੇ ਕੇ, ਜੀਵਨ ਜਾਚ ਸੀ ਸਾਨੂੰ ਸਿਖਾਈ ਉਹਨਾਂ।

ਇੱਕੋ ਪਿਤਾ ਤੇ ਉਸਦੇ ਅਸੀਂ ਪੁੱਤਰ, ਸਾਂਝੇ ਗੁਰੂ ਨੇ ਸਾਂਝਾ ਉਪਦੇਸ਼ ਦਿੱਤਾ।
ਲਾ ਕੇ ਨਾਹਰਾ ਸਰਬੱਤ ਦੇ ਭਲੇ ਵਾਲਾ, ਦੁੱਖੀ ਦੁਨੀਆਂ ਦਾ ਕੱਟ ਕਲੇਸ਼ ਦਿੱਤਾ।
ਜਗਤ ਜਨਨੀ ਨੂੰ ਉਨ੍ਹਾਂ ਨੇ ਧੰਨ ਕਹਿ ਕੇ, ਔਰਤ ਜਾਤ ਨੂੰ ਦਰਜਾ ਵਿਸ਼ੇਸ਼ ਦਿੱਤਾ।
ਸਿੱਖੀ ਕਾਫਲੇ ਦੇ ਪਹਿਲੇ ਬਣੇ ਰਹਿਬਰ, ਦੁਨੀਆਂ ਤਾਂਈਂ ਸੀ ਰੱਬੀ ਸੰਦੇਸ਼ ਦਿੱਤਾ।

ਥਾਂ ਥਾਂ ਸੱਪਾਂ ਦੀਆਂ ਸਿਰੀਆਂ ਸਨ ਰਹੇ ਮਿੱਧਦੇ, ਰੇਤ, ਅੱਕ ਦਾ ਕੀਤਾ ਆਹਾਰ ਬਾਬੇ।
ਸੱਚੇ ਮਾਰਗ ਤੋਂ ਭਟਕੀ ਮਨੁੱਖਤਾ ਦਾ, ਥਾਂ ਥਾਂ ਜਾ ਕੇ ਕੀਤਾ ਸੁਧਾਰ ਬਾਬੇ।
ਸਿੱਧੇ ਰਾਹ ’ਤੇ ਸਿੱਧ ਸੀ ਲੈ ਆਂਦੇ, ਸਿੱਧਾ ਸਾਧਾ ਜਿਹਾ ਕਰ ਵਿਵਹਾਰ ਬਾਬੇ।
ਚੱਪੂ ਨਾਮ ਦੇ ਲਾ ਕੇ ਥਾਂ ਥਾਂ ’ਤੇ, ਬੇੜੇ ਡੁੱਬਦੇ ਲਾਏ ਸਨ ਪਾਰ ਬਾਬੇ।

ਛੱਲਣੀ ਛੱਲਣੀ ਹੋਈ ਮਨੁੱਖਤਾ ਦੀ, ਬਦਲਣ ਆਏ ਸਨ ਆਪ ਤਕਦੀਰ ਸਤਿਗੁਰ।
ਮਾਨਵ ਏਕਤਾ, ਪ੍ਰੇਮ ਪਿਆਰ ਵਾਲੀ, ਜਿਉਂਦੀ ਜਾਗਦੀ ਸਨ ਤਸਵੀਰ ਸਤਿਗੁਰ ।
ਸਹਿਜ ਸੁਭਾਇ ਹੀ ਪਤੇ ਦੀ ਗੱਲ ਕਰਦੇ, ‘ਜਾਚਕ’ ਰਹਿ ਕੇ ਗਹਿਰ ਗੰਭੀਰ ਸਤਿਗੁਰ।
ਜਗਤ ਜੇਤੂ, ਸੁਧਾਰਕ, ਤੇ ਜਗਤ ਤਾਰਕ, ਜਗਤ ਗੁਰੂ ਤੇ ਜਾਹਰਾ ਸਨ ਪੀਰ ਸਤਿਗੁਰ।

ਰੱਬ ਦੇ ਨੂਰ ਨਾਨਕ – ਹਰੀ ਸਿੰਘ ਜਾਚਕ

ਸੜਦੀ ਹੋਈ ਲੋਕਾਈ ਨੂੰ ਤੱਕ ਕੇ ਤੇ, ਧੁਰੋਂ ਆਏ ਸਨ ਰੱਬ ਦੇ ਨੂਰ ਨਾਨਕ।
ਮੈਲ ਮਨਾਂ ਦੇ ਸ਼ੀਸ਼ੇ ਤੋਂ ਲਾਹੁਣ ਖਾਤਰ, ਹਾਜ਼ਰ ਹੋਏ ਸਨ ਆਪ ਹਜ਼ੂਰ ਨਾਨਕ।
ਵਹਿਮਾਂ ਭਰਮਾਂ ਪਾਖੰਡਾਂ ਨੂੰ ਤੋੜ ਕੇ ਤੇ, ਆਏ ਕਰਨ ਹੈਸਨ ਚਕਨਾਚੂਰ ਨਾਨਕ।
ਸੂਰਜ ਸੱਚ ਦਾ ਚਮਕਿਆ ਅੰਬਰਾਂ ’ਤੇ, ਧੁੰਧ ਝੂਠ ਦੀ ਕੀਤੀ ਸੀ ਦੂਰ ਨਾਨਕ।

ਰੂਪ ਰੱਬ ਦਾ ਰਾਇ ਬੁਲਾਰ ਜਾਤਾ, ਭੈਣ ਨਾਨਕੀ ਦਾ ਸੋਹਣਾ ਵੀਰ ਨਾਨਕ।
ਲਾਲੋ ਵਰਗਿਆਂ ਲਾਲਾਂ ਨੂੰ ਗਲ ਲਾ ਕੇ, ਬਦਲ ਦਿੱਤੀ ਸੀ ਆਣ ਤਕਦੀਰ ਨਾਨਕ।
ਛੂਤ ਛਾਤ ਵਾਲੀ, ਊਚ ਨੀਚ ਵਾਲੀ, ਮੇਟ ਦਿੱਤੀ ਸੀ ਮੁੱਢੋਂ ਲਕੀਰ ਨਾਨਕ।
ਹਿੰਦੂ ਆਖਦੇ ਸਾਡਾ ਏ ‘ਗੁਰੂ’ ਇਹ ਤਾਂ, ਮੁਸਲਮਾਨਾਂ ਨੇ ਸਮਝਿਆ ‘ਪੀਰ’ ਨਾਨਕ।

ਧੁਰ ਦਰਗਾਹ ’ਚੋਂ ਦੁਨੀਆਂ ਨੂੰ ਤਾਰਨੇ ਲਈ, ਲੈ ਕੇ ਆਏ ਸਨ ਖਾਸ ਉਦੇਸ਼ ਸਤਿਗੁਰ।
ਜਾਤ ਜਨਮ ਤੇ ਵਰਨਾਂ ਨੂੰ ਛੱਡ ਕੇ ਤੇ, ਭਾਈਚਾਰੇ ਦਾ ਦਿੱਤਾ ਸੰਦੇਸ਼ ਸਤਿਗੁਰ।
ਇੱਕ ਪਿਤਾ ਤੇ ਓਸਦੇ ਅਸੀਂ ਬਾਰਕ, ਦਿੱਤਾ ਜਗਤ ਦੇ ਤਾਂਈਂ ਉਪਦੇਸ਼ ਸਤਿਗੁਰ।
ਲੜ ਲਾਉਣ ਲਈ ਇੱਕ ਪ੍ਰਮਾਤਮਾ ਦੇ, ਪਹੁੰਚੇ ਥਾਂ ਥਾਂ ਦੇਸ਼ ਵਿਦੇਸ਼ ਸਤਿਗੁਰ।

ਜਿੱਥੇ ਜਿੱਥੇ ਵੀ ਬਾਬਾ ਸੀ ਪੈਰ ਧਰਦਾ, ਸਾਏ ਵਾਂਗ ਮਰਦਾਨਾ ਸੀ ਨਾਲ ਹੁੰਦਾ।
ਲਾ ਕੇ ਹਿਕ ਦੇ ਨਾਲ ਰਬਾਬ ਰੱਖਦਾ, ਕੁੱਛੜ ਚੁੱਕਿਆ ਜਿਸ ਤਰ੍ਹਾਂ ਬਾਲ ਹੁੰਦਾ।
‘ਧੁਰ ਕੀ ਬਾਣੀ’ ਜਦ ਬਾਬੇ ਨੂੰ ਆਂਵਦੀ ਸੀ, ਤਾਰਾਂ ਛੇੜ ਮਰਦਾਨਾ ਨਿਹਾਲ ਹੁੰਦਾ।
ਸੁਰਤਿ ਸ਼ਬਦ ਦਾ ਜਦੋਂ ਮਿਲਾਪ ਹੋਵੇ, ਨੂਰੀ ਚਿਹਰੇ ’ਤੇ ਰੱਬੀ ਜਲਾਲ ਹੁੰਦਾ।

ਕਮਲ ਫੁੱਲ ਦੇ ਵਾਂਗ ਨਿਰਲੇਪ ਸੀ ਜੋ, ਹੈਸੀ ਵਿੱਚ ਗ਼੍ਰਹਿਸਤ ਦੇ ਸੰਤ ਨਾਨਕ।
ਉਹ ਤੇ ਰਹਿਬਰ ਸੀ ਸੱਚ ਦੇ ਪਾਂਧੀਆਂ ਦਾ, ਬਹੁ ਬਿਧਿ ਰੰਗਲਾ ਬੜਾ ਬਿਅੰਤ ਨਾਨਕ।
ਭਲਾ ਸਦਾ ਸਰਬੱਤ ਦਾ ਚਾਹੁਣ ਵਾਲਾ, ਆਇਆ ਜੱਗ ਵਿੱਚ ਪੁਰਖ ਭਗਵੰਤ ਨਾਨਕ।
ਫੁੱਲਾਂ ਵਾਂਗ ਮੁਰਝਾਈ ਮਨੁੱਖਤਾ ’ਤੇ, ਪਤਝੜ ਬਾਅਦ ਲਿਆਏ ਬਸੰਤ ਨਾਨਕ।

ਕਈਆਂ ਕਿਹਾ ਬੇਤਾਲਾ ਤੇ ਭੂਤਨਾ ਸੀ, ਨਹੀਂ ਕਿਸੇ ਦੀ ਕੀਤੀ ਪ੍ਰਵਾਹ ਬਾਬੇ।
ਤਪਦੇ ਹੋਏ ਕੜਾਹੇ ਵੀ ਸ਼ਾਂਤ ਹੋ ਗਏ, ਕੀਤੀ ਮਿਹਰ ਦੀ ਜਦੋਂ ਨਿਗਾਹ ਬਾਬੇ।
ਸੱਜਣ ਠੱਗ ਤੇ ਭੂਮੀਏ ਚੋਰ ਤਾਰੇ, ਡੁੱਬਦੇ ਬੇੜਿਆਂ ਦਾ ਬਣ ਮਲਾਹ ਬਾਬੇ।
ਜਿਹੜੇ ਜਿਹੜੇ ਵੀ ਰਸਤੇ ਨੂੰ ਭੁੱਲ ਗਏ ਸੀ, ਪਾਇਆ ਸੱਚ ਦੇ ਉਨ੍ਹਾਂ ਨੂੰ ਰਾਹ ਬਾਬੇ।

ਜਿਹੜੇ ਬਹਿਸਾਂ ’ਚ ਵਾਲ ਦੀ ਖੱਲ ਲਾਹੁੰਦੇ, ਦਿੱਤਾ ਉਨ੍ਹਾਂ ਦਾ ਤੋੜ ਹੰਕਾਰ ਬਾਬੇ।
ਸਿੱਧਾਂ ਜੋਗੀਆਂ ਪੰਡਤਾਂ ਨਾਲ ਬਹਿ ਕੇ, ਹਰ ਇਕ ਪਹਿਲੂ ’ਤੇ ਕੀਤੀ ਵਿਚਾਰ ਬਾਬੇ।
ਨਾਮ ਬਾਣੀ ਦੇ ਛੱਡ ਕੇ ਬਾਣ ਹਰ ਥਾਂ, ਦਿੱਤਾ ਦੂਈ ਦਵੈਤ ਨੂੰ ਮਾਰ ਬਾਬੇ।
ਲਾ ਕੇ ਚਾਰ ਉਦਾਸੀਆਂ ਦਿਸ਼ਾ ਚਾਰੇ, ਦਿੱਤਾ ਜਗਤ ਜਲੰਦੇ ਨੂੰ ਠਾਰ ਬਾਬੇ।

ਜੀਵਨ ਜਾਚ ਸਮਝਾਉਣ ਲਈ ਅਸਾਂ ਤਾਂਈਂ, ਗਿਆ ਬਾਣੀ ’ਚ ਥਾਂ ਥਾਂ ਲਿਖ ਬਾਬਾ।
ਜਿਹੜੇ ਜਿਹੜੇ ਵੀ ਕੰਮਾਂ ਤੋਂ ਰੋਕਿਆ ਸੀ, ਕਰਨ ਲੱਗ ਪਏ ਨੇ ਓਹੀ ਸਿੱਖ ਬਾਬਾ।
ਮਨਮੱਤ ਨੇ ਮਾਰੀ ਏ ਮੱਤ ਸਾਡੀ, ਮਿੱਠੀ ਸਮਝ ਕੇ ਪੀ ਰਹੇ ਬਿੱਖ ਬਾਬਾ।
ਅੱਜ ਸਾਡੇ ਹੰਕਾਰ ਤੇ ਚੌਧਰਾਂ ਨੇ, ਕੀਤਾ ਧੁੰਧਲਾ ਸਾਡਾ ਭਵਿੱਖ ਬਾਬਾ।

ਜਿਹੜਾ ਬੀਜ ਗੁਰੂ ਨਾਨਕ ਨੇ ਬੀਜਿਆ ਸੀ, ਵਧਿਆ ਫੁੱਲਿਆ ਵਿੱਚ ਸੰਸਾਰ ਹੈਸੀ।
ਕਿਤੇ ਬੂਟਾ ਨਾ ਸਿੱਖੀ ਦਾ ਸੁਕ ਜਾਵੇ, ਪਾਇਆ ਖ਼ੂਨ ਸ਼ਹੀਦਾਂ ਕਈ ਵਾਰ ਹੈਸੀ।
ਪਤਝੜਾਂ, ਤੂਫ਼ਾਨਾਂ ਤੇ ਸੋਕਿਆਂ ਦਾ, ‘ਜਾਚਕ’ ਸ਼੍ਵੁਰੂ ਤੋਂ ਰਿਹਾ ਸ਼ਿਕਾਰ ਹੈਸੀ।
ਕੋਈ ਤਾਕਤ ਨਹੀਂ ਇਹਨੂੰ ਉਖਾੜ ਸਕਦੀ, ਲਾਇਆ ਆਪ ਇਹ ਨਾਨਕ ਨਿਰੰਕਾਰ ਹੈਸੀ।

ਕ੍ਰਾਂਤੀਕਾਰੀ ਗੁਰੂ ਨਾਨਕ ਦੇਵ ਜੀ – ਹਰੀ ਸਿੰਘ ਜਾਚਕ

ਕਦੇ ਲੋਧੀ ਤੇ ਕਦੇ ਮਹਿਮੂਦ ਗਜਨੀ, ਸਾਡੀ ਆ ਆ ਕੇ, ਫੱਟੀ ਪੋਚਦੇ ਰਹੇ।
ਅੱਖਾਂ ਸਾਹਮਣੇ ਲੁੱਟ ਕੇ ਲੈ ਜਾਂਦੇ, ਅਸੀਂ ਦੇਖਦੇ ਰਹੇ, ਅਸੀਂ ਸੋਚਦੇ ਰਹੇ।
ਕਦੇ ਬਾਬਰ ਤੇ ਕਦੇ ਤੈਮੂਰ ਆ ਕੇ, ਚਿੱੜੀ ਸੋਨੇ ਦੀ ਹੱਥਾਂ ’ਚ ਬੋਚਦੇ ਰਹੇ।
ਜ਼ਾਲਿਮ ਬੜੀ ਬੇਕਦਰੀ ਨਾਲ ਮਾਸ ਇਹਦਾ, ਖੂਨੀ ਨਹੁੰਦਰਾਂ ਨਾਲ ਸੀ ਨੋਚਦੇ ਰਹੇ।

ਚੌਹਾਂ ਵਰਨਾਂ ’ਚ ਸੀ ਸਮਾਜ ਵੰਡਿਆ, ਉਤੋਂ ਸਿਖਰਾਂ ’ਤੇ ਜਾਤ ਅਭਿਮਾਨ ਹੈਸੀ।
ਮਾਨਵ ਆਤਮਾ ਦੇ ਖੰਭ ਨੂੜ ਕੇ ਤੇ, ਵੱਖੋ ਵੱਖਰੇ ਕੀਤੇ ਇਨਸਾਨ ਹੈਸੀ।
’ਕੱਲੇ ਲੋਕ ਹੀ ਆਪੋ ਵਿੱਚ ਨਹੀਂ ਵੰਡੇ, ਨਾਲ ਵੰਡਿਆ ਹੋਇਆ ਭਗਵਾਨ ਹੈਸੀ।
ਸਿੱਧਾਂ ਜੋਗੀਆਂ ਚੁੱਪ ਸੀ ਧਾਰ ਰੱਖੀ, ਭਾਵੇਂ ਜਲ ਰਿਹਾ ਹਿੰਦੁਸਤਾਨ ਹੈਸੀ।

ਓਧਰ ਔਰਤ ਦੀ ਹਾਲਤ ਸੀ ਬਹੁਤ ਪਤਲੀ, ਮਾਰ ਮਾਰ ਕੇ ਕਰ ਸੀ ਸੁੰਨ ਦੇਂਦੇ।
ਚਾਰ ਦੀਵਾਰੀ ’ਚ ਓਸਨੂੰ ਕੈਦ ਕਰਕੇ, ਵਾਂਗ ਆਟੇ ਦੇ ਸਦਾ ਲਈ ਗੁੰਨ੍ਹ ਦੇਂਦੇ।
ਕਿਸੇ ਔਰਤ ਦਾ ਪਤੀ ਜੇ ਮਰ ਜਾਂਦਾ, ਸਿਰ ਓਸਦਾ ਕੈਂਚੀ ਨਾਲ ਮੁੰਨ ਦੇਂਦੇ।
ਜਾਂ ਫਿਰ ਪਤੀ ਨਾਲ ਚਿੱਖਾ ਦੇ ਵਿੱਚ ਸੁੱਟਕੇ, ਜਿਉਂਦੀ ਦਾਣਿਆਂ ਵਾਂਗ ਸੀ ਭੁੰਨ ਦਿੰਦੇ।

ਗੁਰੂ ਨਾਨਕ ਦੇ ਆਗਮਨ ਨਾਲ ਏਥੇ, ਉੱਚੇ ਸੁੱਚੇ ਕਿਰਦਾਰਾਂ ਨੂੰ ਬਲ ਮਿਲਿਆ।
ਵਹਿਮਾਂ ਭਰਮਾਂ ਪਖੰਡਾਂ ਦੀ ਜਾਨ ਨਿਕਲੀ, ਕ੍ਰਾਂਤੀਕਾਰੀ ਵਿਚਾਰਾਂ ਨੂੰ ਬਲ ਮਿਲਿਆ।
ਜਿਨ੍ਹਾਂ ਸਿਰਾਂ ’ਤੇ ਮੌਤ ਮੰਡਰਾ ਰਹੀ ਸੀ, ਉਨ੍ਹਾਂ ਚਿੜੀਆਂ ਦੀਆਂ ਡਾਰਾਂ ਨੂੰ ਬਲ ਮਿਲਿਆ।
ਸੁੱਕੇ ਸੜੇ ਮੁਰਝਾਏ ਹੋਏ ਫੁੱਲ ਖਿੜ ਪਏ, ਪਤਝੜ ਵਿੱਚ ਬਹਾਰਾਂ ਨੂੰ ਬਲ ਮਿਲਿਆ।

ਦਿਬੱ-ਦ੍ਰਿਸ਼ਟੀ ਨਾਲ ਮਾਰੀ ਜਦ ਨਿਗ੍ਹਾ ਬਾਬੇ, ਜਨਤਾ ਜ਼ੁਲਮ ਦੇ ਨਾਲ ਸਤਾਈ ਤੱਕੀ।
ਧਰਮ ਅਤੇ ਸਮਾਜ ਦੇ ਆਗੂਆਂ ਵਿੱਚ, ਛਲ, ਕਪਟ, ਪਾਖੰਡ, ਬੁਰਿਆਈ ਤੱਕੀ।
ਕੂੜ, ਪਾਪ, ਅਧਰਮ ਤੋਂ ਡਰ ਕੇ ਤੇ, ਫਿਰਦੀ ਲੁੱਕਦੀ ਉਨ੍ਹਾਂ ਸਚਿਆਈ ਤੱਕੀ।
ਜਕੜੀ ਹੋਈ ਗੁਲਾਮੀ ਦੇ ਸੰਗਲਾਂ ’ਚ, ਚੀਕਾਂ ਮਾਰਦੀ ਸਗਲੀ ਲੋਕਾਈ ਤੱਕੀ।

ਧਾਵਾ ਬੋਲਿਆ ਬਾਬਰ ਨੇ ਦੇਸ਼ ਉੱਤੇ, ਫੌਜੀ ਓਸਦੇ ਕਹਿਰ ਕਮਾ ਰਹੇ ਸੀ।
ਆ ਕੇ ਮੁਗਲ ਕਸਾਈਆਂ ਦੇ ਵਾਂਗ ਏਥੇ, ਸੱਭ ਨੂੰ ਬੱਕਰਿਆਂ ਵਾਂਗ ਝਟਕਾ ਰਹੇ ਸੀ।
ਬਾਬਾ ਨਾਨਕ ਮਰਦਾਨੇ ਦੇ ਨਾਲ ਓਦੋਂ, ਵਿੱਚ ਜੇਲ੍ਹ ਦੇ ਚੱਕੀ ਚਲਾ ਰਹੇ ਸੀ।
ਬੋਲ ਬਾਬੇ ਦੇ ਜ਼ੁਲਮ ਦੇ ਭਾਂਬੜਾਂ ਨੂੰ, ਧੁਰ ਕੀ ਬਾਣੀ ਦੇ ਨਾਲ ਬੁਝਾ ਰਹੇ ਸੀ।

ਓਹਦੇ ਮੂੰਹ ’ਤੇ ਬਾਬਰ ਨੂੰ ਆਖ ਜਾਬਰ, ਖ਼ਰੀਆਂ ਖ਼ਰੀਆਂ ਸੁਣਾਈਆਂ ਸੀ ਪਾਤਸ਼ਾਹ ਨੇ।
ਓਹਦੀ ਫੌਜ ਨੂੰ ‘ਪਾਪ ਦੀ ਜੰਝ’ ਕਹਿਕੇ, ਖ਼ੂਬ ਧੱਜੀਆਂ ਉਡਾਈਆਂ ਸੀ ਪਾਤਸ਼ਾਹ ਨੇ।
ਨਾਹਰਾ ਹੱਕ ਇਨਸਾਫ ਦਾ ਲਾ ਕੇ ਤੇ, ਕੰਧਾਂ ਕੂੜ ਦੀਆਂ ਢਾਈਆਂ ਸੀ ਪਾਤਸ਼ਾਹ ਨੇ।
ਸਹਿਮੀ ਸਿਸਕਦੀ ਸਦੀਆਂ ਦੀ ਜ਼ਿੰਦਗੀ ਨੂੰ, ਜੀਵਨ ਜਾਚਾਂ ਸਿਖਾਈਆਂ ਸੀ ਪਾਤਸ਼ਾਹ ਨੇ।

ਚਾਰ ਉਦਾਸੀਆਂ ’ਚ ਚੌਹਾਂ ਦਿਸ਼ਾਂ ਅੰਦਰ, ਪੈਦਲ ਸਫਰ ਸੀ ਦੇਸ਼ ਵਿਦੇਸ਼ ਕੀਤਾ।
ਨਵੇਂ ਢੰਗ ਪ੍ਰਚਾਰ ਦੇ ਵਰਤ ‘ਜਾਚਕ’, ਆਪਣੇ ਨਜ਼ਰੀਏ ਨੂੰ ਉਨ੍ਹਾਂ ਪੇਸ਼ ਕੀਤਾ।
ਜਾਤ ਪਾਤ ਉੱਤੇ, ਛੂਤ ਛਾਤ ਉੱਤੇ, ਗੁਰੂ ਸਾਹਿਬ ਨੇ ਹਮਲਾ ਵਿਸ਼ੇਸ਼ ਕੀਤਾ।
ਬੋਲ ਬਾਬੇ ਦੇ ਮਿੱਠੇ ਸੀ ਸ਼ਹਿਦ ਵਰਗੇ, ਜਿੰਨ੍ਹਾਂ ਰਾਹੀਂ ਸੀ ਰੱਬੀ ਉਪਦੇਸ਼ ਕੀਤਾ।

ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ – ਹਰੀ ਸਿੰਘ ਜਾਚਕ

ਰਾਇ ਭੋਇ ਤਲਵੰਡੀ ਪ੍ਰਕਾਸ਼ ਹੋਇਆ, ਜਗਮਗ ਜੋਤ ਸੀ ਜੱਗ ਵਿੱਚ ਆਈ ਤੇਰੀ।
ਚਾਨਣ ਚਾਨਣ ਸੀ ਹੋ ਗਿਆ ਚੌਂਹ ਪਾਸੀਂ, ਤਿੰਨਾਂ ਲੋਕਾਂ ’ਚ ਫੈਲੀ ਰੁਸ਼ਨਾਈ ਤੇਰੀ।
ਅੱਜ ਵੀ ਸਾਨੂੰ ਅਚੰਭੇ ਦੇ ਵਿੱਚ ਪਾਉਂਦੀ, ਵੇਂਈਂ ਨਦੀ ’ਚ ਚੁੱਭੀ ਲਗਾਈ ਤੇਰੀ।
ਤਿੰਨ ਦਿਨ ਜਲ ਸਮਾਧੀ ਦੇ ਵਿੱਚ ਰਹਿਕੇ, ਬਿਰਤੀ ਨਾਲ ਅਕਾਲ ਦੇ ਲਾਈ ਤੇਰੀ।
ਨਾ ਕੋ ਹਿੰਦੂ ਨਾ ਮੁਸਲਮਾਨ ਕਹਿ ਕੇ, ਸ਼ੁਭ ਅਮਲਾਂ ਤੇ ਗੱਲ ਮੁਕਾਈ ਤੇਰੀ।
ਪਰਗਟ ਹੋਏ ਜਦ ਵੇਂਈ ’ਚੋਂ, ਕਿਹਾ ਸਭ ਨੇ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਹੁਕਮ ਮੰਨ ਕੇ ਪੁਰਖ ਅਕਾਲ ਜੀ ਦਾ, ਚਰਨ ਧਰਤੀ ’ਤੇ ਪਾਏ ਸਨ ਆਪ ਸਤਿਗੁਰ।
ਰੋਂਦੇ ਹੋਏ ਨੇ ਸਾਰੇ ਹੀ ਜਨਮ ਲੈਂਦੇ, ਹੱਸਦੇ ਹੱਸਦੇ ਪਰ ਆਏ ਸਨ ਆਪ ਸਤਿਗੁਰ।
ਚਾਨਣ ਗਿਆਨ ਦਾ ਧੁਰੋਂ ਲਿਆ ਕੇ ਤੇ, ਨ੍ਹੇਰੇ ਰਾਹ ਰੁਸ਼ਨਾਏ ਸਨ ਆਪ ਸਤਿਗੁਰ।
ਮਹਿਤਾ ਕਾਲੂ ਘਰ ਨੂਰੀ ਫੁਹਾਰ ਹੋਈ, ਮਾਤਾ ਤ੍ਰਿਪਤਾ ਦੇ ਜਾਏ ਸਨ ਆਪ ਸਤਿਗੁਰ।
ਭੈਣ ਨਾਨਕੀ ਰੱਬ ਦਾ ਰੂਪ ਤੱਕ ਕੇ, ਮੂਰਤ ਮਨ ਦੇ ਵਿੱਚ ਵਸਾਈ ਤੇਰੀ।
ਰਾਇ ਬੁਲਾਰ ਵੀ ਕਹਿਣੋਂ ਨਹੀਂ ਰਹਿ ਸਕਿਆ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਮਲਕ ਭਾਗੋ ਦੀ ਝੁਕ ਗਈ ਨਜ਼ਰ ਸੀ ਜਦ, ਖੂਨ ਪੂੜਿਆਂ ’ਚੋਂ ਲਾਲੋ ਲਾਲ ਤੱਕਿਆ।
ਸੱਜਣ ਠੱਗ ਨੂੰ ਠੱਗੀਆਂ ਭੁੱਲ ਗਈਆਂ, ਨੂਰੀ ਚਿਹਰੇ ’ਤੇ ਜਦੋਂ ਜਲਾਲ ਤੱਕਿਆ।
ਵਲ ਵਲੀ ਕੰਧਾਰੀ ਦੇ ਸਭ ਨਿਕਲੇ, ਪੰਜੇ ਅੱਗੇ ਜਦ ਪੱਥਰ ਨਿਢਾਲ ਤੱਕਿਆ।
ਰਾਖਸ਼ ਬੁੱਧੀ ਸੀ ਕੌਡੇ ਦੀ ਹਵਾ ਹੋਈ, ਜਦੋਂ ਸਾਹਮਣੇ ਸਾਹਿਬੇ ਕਮਾਲ ਤੱਕਿਆ।
ਜਾਦੂਗਰਨੀ ਦਾ ਜਾਦੂ ਸੀ ਹਰਨ ਹੋਇਆ, ਜਾਹਰੀ ਕਲਾ ਜਦ ਵੇਖੀ ਵਰਤਾਈ ਤੇਰੀ।
ਢਹਿ ਕੇ ਚਰਨਾਂ ਤੇ ਮੁੱਖ ’ਚੋਂ ਕਹਿ ਰਹੀ ਸੀ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਕੀਤਾ ਦਿਲੋ ਦਿਮਾਗ ਸੀ ਜਿਨ੍ਹਾਂ ਰੋਸ਼ਨ, ਐਸੇ ਚਾਨਣ ਮੁਨਾਰੇ ਸਨ ਗੁਰੂ ਨਾਨਕ।
ਰੱਬੀ ਮਿਹਰਾਂ ਦਾ ਮੀਂਹ ਵਰਸਾ ਕੇ ਤੇ, ਤਪਦੇ ਕਾਲਜੇ ਠਾਰੇ ਸਨ ਗੁਰੂ ਨਾਨਕ।
ਡਿੱਗੇ ਢੱਠਿਆਂ ਬੇਸਹਾਰਿਆਂ ਦੇ, ਇਕੋ ਇਕ ਸਹਾਰੇ ਸਨ ਗੁਰੂ ਨਾਨਕ।
ਵਾਂਗ ਤਾਰਿਆਂ ਗਿਣੇ ਨਹੀਂ ਜਾ ਸਕਦੇ, ਜਿੰਨੇ ਡੁੱਬਦੇ ਤਾਰੇ ਸਨ ਗੁਰੂ ਨਾਨਕ।
ਤੇਰੇ ਕੀਤੇ ਉਪਕਾਰਾਂ ਨੂੰ ਯਾਦ ਕਰ ਕਰ, ਰਿਣੀ ਰਹੂਗੀ ਸਦਾ ਲੋਕਾਈ ਤੇਰੀ।
ਰਹਿੰਦੀ ਦੁਨੀਆਂ ਤੱਕ ਲੋਕਾਂ ਨੇ ਏਹੋ ਕਹਿਣੈ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਠੰਡ ਪਾਉਣ ਲਈ ਤਪਦਿਆਂ ਹਿਰਦਿਆਂ ’ਚ, ਨਾਨਕ ਰੂਪ ਦੇ ਵਿੱਚ ਨਿਰੰਕਾਰ ਆਇਆ।
ਮੰਝਧਾਰ ਅੰਦਰ ਗੋਤੇ ਖਾਂਦਿਆਂ ਨੂੰ, ਤਾਰਨ ਲਈ ਹੈਸੀ ਤਾਰਨਹਾਰ ਆਇਆ।
ਧੁਰ ਦਰਗਾਹ ’ਚੋਂ ਬਖਸ਼ਿਸ਼ਾਂ ਲੈ ਕੇ ਤੇ, ਦਾਤਾਂ ਵੰਡਣ ਲਈ ਆਪ ਦਾਤਾਰ ਆਇਆ।
ਪੰਡਤ, ਮੁੱਲਾਂ ਤੇ ਪਾਂਧੇ ਸਭ ਕਹਿਣ ਲੱਗੇ, ਕਲਯੁੱਗ ਵਿੱਚ ਹੈ ਨਾਨਕ ਅਵਤਾਰ ਆਇਆ।
ਓਸ ਤਾਂਈ ਅਗੰਮੀ ਸੁਆਦ ਆਇਆ, ਧੁਰ ਕੀ ਬਾਣੀ ਜਿਸ ਵਜਦ ਵਿੱਚ ਗਾਈ ਤੇਰੀ।
ਅੱਜ ਵੀ ਕੁੱਲ ਜਮਾਨਾ ਹੈ ਯਾਦ ਕਰਦਾ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਦੁਨੀਆਂ ਵਿੱਚ ਨਿਰੰਕਾਰ ਸਨ ਹੋਏ ਪ੍ਰਗਟ, ਗੁਰੂ ਨਾਨਕ ਦੇ ਪਾਵਨ ਸਰੂਪ ਅੰਦਰ।
ਦੀਨਾਂ ਦੁਖੀਆਂ ਦਾ ਦਰਦ ਵੰਡਾਉਣ ਖਾਤਰ, ਆਪ ਆਏ ਇਸ ਰੂਪ ਅਨੂਪ ਅੰਦਰ।
ਬਾਂਹ ਪਕੜ ਕੇ ਬਾਹਰ ਸੀ ਕੱਢ ਦਿੱਤੇ, ਗੋਤੇ ਖਾਣ ਵਾਲੇ ਅੰਧ ਕੂਪ ਅੰਦਰ।
ਦਸ ਜਾਮੇ ਪਰ ਦਸਾਂ ਵਿਚ ਜੋਤ ਇਕੋ, ਗੁਰੂ ਨਾਨਕ ਤੋਂ ਗੋਬਿੰਦ ਦੇ ਰੂਪ ਅੰਦਰ।
ਪਾਈ ਧੁਰ ਦਰਗਾਹੋਂ ਜੋ ਪਾਤਸ਼ਾਹਾ, ਅੱਜ ਵੀ ਚੱਲ ਰਹੀ ਪਾਵਨ ਗੁਰਿਆਈ ਤੇਰੀ।
ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਕਹਿ ਰਹੇ ਹਾਂ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਦੁਨੀਆਂ ਤਾਰਨ ਲਈ ਦੁਨੀਆਂ ਦੇ ਵਿੱਚ ਆਏ, ਲੈ ਕੇ ਹੁਕਮ ਦਰਗਾਹੀ ਸਨ ਗੁਰੂ ਨਾਨਕ।
ਪਹੁੰਚ ਹੈਸੀ ਵਿਗਿਆਨਕ ਤੇ ਤਰਕਵਾਦੀ, ਦੇਂਦੇ ਠੋਸ ਗਵਾਹੀ ਸਨ ਗੁਰੂ ਨਾਨਕ।
ਨਵੀਆਂ ਲੀਹਾਂ ਇਤਿਹਾਸ ’ਚ ਪਾਉਣ ਵਾਲੇ, ਨਵੇਂ ਰਾਹਾਂ ਦੇ ਰਾਹੀ ਸਨ ਗੁਰੂ ਨਾਨਕ।
ਬਾਬਰ ਵਰਗਿਆਂ ਨੂੰ ਜਾਬਰ ਕਹਿਣ ਵਾਲੇ, ਸਚਮੁੱਚ ਸੰਤ ਸਿਪਾਹੀ ਸਨ ਗੁਰੂ ਨਾਨਕ।
ਚੜ੍ਹਦੀ ਕਲਾ ਆਉਂਦੀ ਬਾਬਾ ਯਾਦ ਕਰਕੇ, ਬਾਬਰ ਤਾਂਈਂ ਇਹ ਜੁਰਅਤ ਵਿਖਾਈ ਤੇਰੀ।
ਚੜ੍ਹਦੀ ਕਲਾ ਨਾਲ ਬੋਲੇ ਗੁਰ ਖਾਲਸਾ ਜੀ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਖੁਲ੍ਹ ਜਾਣਾਂ ਏ ਲਾਂਘਾ ਕਰਤਾਰਪੁਰ ਦਾ, ਪੂਰੀ ਤਰ੍ਹਾਂ ਇਹ ਬੱਝ ਗਈ ਆਸ ਹੁਣ ਤਾਂ।
ਰੱਖੇ ਦੋਹਾਂ ਸਰਕਾਰਾਂ ਨੇ ਨੀਂਹ ਪੱਥਰ, ਕਾਰਜ ਸਾਰੇ ਹੀ ਹੋ ਰਹੇ ਰਾਸ ਹੁਣ ਤਾਂ।
ਜੰਗੀ ਪੱਧਰ ਤੇ ਚੱਲ ਰਿਹਾ ਕੰਮ ਸੋਹਣਾ, ਸਾਡੇ ਲਈ ਇਹ ਖ਼ਬਰ ਹੈ ਖਾਸ ਹੁਣ ਤਾਂ।
ਲੰਮੇ ਸਮੇਂ ਤੋਂ ਅਸੀਂ ਜੋ ਕਰ ਰਹੇ ਸਾਂ, ਸੁਣੀ ਗਈ ਓਹ ਸਾਡੀ ਅਰਦਾਸ ਹੁਣ ਤਾਂ।
ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਉੱਤੇ, ਹਰ ਇਕ ਕਵੀ ਨੇ ਕਵਿਤਾ ਬਣਾਈ ਤੇਰੀ।
ਕਲਮ ‘ਜਾਚਕ’ ਦੀ ਉਸਤਤ ਦੇ ਵਿੱਚ ਲਿਖਦੀ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 550ਵਾਂ ਪਾਵਨ ਪ੍ਰਕਾਸ਼ ਪੁਰਬ – ਹਰੀ ਸਿੰਘ ਜਾਚਕ

ਦਿਲ ਵਿੱਚ ਪਿਆਰ, ਸਤਿਕਾਰ, ਉਮਾਹ ਲੈ ਕੇ, ਪੰਜ ਸੌ ਪੰਜਾਹਵਾਂ ਪੁਰਬ ਮਨਾਓ ਸਾਰੇ।
ਬਾਬੇ ਨਾਨਕ ਨੇ ਦੱਸੇ ਅਸੂਲ ਜਿਹੜੇ, ਓਹ ਸਭ ਜੀਵਨ ਦੇ ਵਿੱਚ ਅਪਨਾਓ ਸਾਰੇ।
‘ਘਾਲਿ ਖਾਇ ਕਿਛੁ ਹਥਹੁ ਦੇਇ’ ਵਾਲੇ, ਸਭਿਆਚਾਰ ਨੂੰ ਸਮਝੋ, ਸਮਝਾਓ ਸਾਰੇ।
‘ਵੰਡ ਛਕਣ’ ਦੇ ਪਾਵਨ ਸਿਧਾਂਤ ਤਾਈਂ, ਆਪਣੇ ਦਿਲਾਂ ਦੇ ਵਿੱਚ ਵਸਾਓ ਸਾਰੇ।

‘ਸਭ ਮਹਿ ਜੋਤਿ ਜੋਤਿ ਹੈ ਸੋਇ’ ਵਾਲਾ, ਪਾਵਨ ਫ਼ਲਸਫ਼ਾ ਲਾਗੂ ਕਰਵਾਓ ਸਾਰੇ।
‘ਪਵਣੁ ਗੁਰੂ ਪਾਣੀ ਪਿਤਾ’ ਕਿਹਾ ਬਾਬੇ, ਏਹਨਾਂ ਤਾਈਂ ਸਵੱਛ ਬਣਾਓ ਸਾਰੇ।
‘ਸਤਿ ਸੁਹਾਣ ਸਦਾ ਮਨਿ ਚਾਉ’ ਹੋਵੇ, ਚੜ੍ਹਦੀ ਕਲਾ ਦਾ ਜੀਵਨ ਬਿਤਾਓ ਸਾਰੇ।
‘ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ’ ਵਾਲੀ, ਜੀਵਨ ਜਾਚ ਇਹ ਸਿਖੋ, ਸਿਖਾਓ ਸਾਰੇ।

‘ਉਪਰਿ ਸਚੁ ਅਚਾਰੁ’ ਤੋਂ ਸੇਧ ਲੈ ਕੇ, ਸੱਚਾ ਸੁੱਚਾ ਵਿਵਹਾਰ ਅਪਣਾਓ ਸਾਰੇ।
‘ਮਿਠਤੁ ਨੀਵੀਂ ਨਾਨਕਾ’ ਬਚਨ ਮੰਨ ਕੇ, ਮਿੱਠਾ ਬੋਲੋ ਤੇ ਨਾਲ ਮੁਸਕਰਾਓ ਸਾਰੇ।
‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’, ਇਸ ਨੂੰ ਮੁਖ ਰੱਖ ਪੜ੍ਹੋ, ਪੜ੍ਹਾਓ ਸਾਰੇ।
ਸਾਢੇ ਪੰਜ ਸੌ ਸਾਲਾ ਪੁਰਬ ਏਦਾਂ, ‘ਜਾਚਕ’ ਸ਼ਰਧਾ ਦੇ ਨਾਲ ਮਨਾਓ ਸਾਰੇ।