ਗੁਰੂ ਹਰਿਕ੍ਰਿਸ਼ਨ ਜੀ – ਹਰੀ ਸਿੰਘ ਜਾਚਕ

ਸੱਤਵੇਂ ਮਾਂਹ ਦੀ ਸੱਤ ਤਾਰੀਖ ਸੋਹਣੀ, ਪ੍ਰਗਟੇ ਗੁਰੂ ਅੱਠਵੇਂ ਕੀਰਤਪੁਰ ਹੈਸੀ।
ਖਿੜਿਆ ਫੁੱਲ ਤੇ ਭੌਰਿਆਂ ਗੀਤ ਗਾਏ, ਕੱਢੀ ਕੋਇਲਾਂ ਨੇ ਮਿੱਠੀ ਜਿਹੀ ਸੁਰ ਹੈਸੀ।
ਰਹਿ ਕੇ ਬਾਣੀ ’ਚ ਸ਼ੁਰੂ ਤੋਂ ਲੀਨ ਹਰਦਮ, ਗੁਰੂ ਪਿਤਾ ਦੇ ਰਸਤੇ ਪਏ ਤੁਰ ਹੈਸੀ।
ਪੰਜ ਸਾਲਾਂ ਦੀ ਨਿਕੜੀ ਉਮਰ ਸੀ ਜਦ, ਬੈਠੇ ਗੁਰਗੱਦੀ ਅੱਠਵੇਂ ਗੁਰ ਹੈਸੀ।

ਬਾਲ ਗੁਰੂ ਗੁਰਗੱਦੀ ’ਤੇ ਬੈਠ ਕੇ ਤੇ, ਦੈਵੀ ਚਾਨਣ ਤੇ ਬਖਸ਼ੀ ਅਗਵਾਈ ਸੋਹਣੀ।
ਨਾਨਕ ਜੋਤ ਨੂਰਾਨੀ ਹੁਣ ਬਦਲ ਚੋਲਾ, ਏਸ ਬਾਲਕ ਦੇ ਰੂਪ ਵਿੱਚ ਆਈ ਸੋਹਣੀ।
ਦੈਵੀ ਸ਼ਕਤੀਆਂ ਸਦਕਾ ਹੀ ਪਾਤਸ਼ਾਹ ਨੇ, ਜ਼ਿੰਮੇਵਾਰੀ ਸੀ ਤੋੜ ਨਿਭਾਈ ਸੋਹਣੀ।
‘ਜਿਸ ਡਿਠੈ ਸਭਿ ਦੁਖ ਜਾਇ’ ਲਿਖਕੇ, ਦਸਮ ਪਿਤਾ ਨੇ ਕੀਤੀ ਵਡਿਆਈ ਸੋਹਣੀ।

ਰਾਮ ਰਾਇ ਦੀ ਬੁੱਧੀ ਸੀ ਗਈ ਭ੍ਰਿਸ਼ਟੀ, ਕਿਹਾ ਗੁਰਾਂ ਨੂੰ ‘ਮਾਤਾ ਦਾ ਮਾਲ’ ਉਸਨੇ।
ਲੈਣ ਵਾਸਤੇ ਪਾਵਨ ਗੁਰਿਆਈ ਤਾਂਈਂ, ਚੱਲੀ ਬੜੀ ਹੀ ਕੋਝੀ ਸੀ ਚਾਲ ਉਸਨੇ।
ਲਾਲਚ ਵੱਸ ਮਸੰਦਾਂ ਨੂੰ ਕਰਕੇ ਤੇ, ਗੰਢ ਲਿਆ ਸੀ ਆਪਣੇ ਨਾਲ ਉਸਨੇ।
ਮੱਦਦ ਮੰਗੀ ਫਿਰ ਔਰੰਗਜ਼ੇਬ ਕੋਲੋਂ, ਗਲਦੀ ਵੇਖੀ ਨਾ ਜਦੋਂ ਕੋਈ ਦਾਲ ਉਸਨੇ।

ਸੱਦਾ ਆਇਆ ਸੀ ਜਦੋਂ ਫਿਰ ਬਾਦਸ਼ਾਹ ਦਾ, ਗੁਰਾਂ ਜਾਣ ਤੋਂ ਕੀਤਾ ਇਨਕਾਰ ਓਦੋਂ।
ਅਰਜ਼ ਮੰਨ ਐਪਰ ਰਾਜਾ ਜੈ ਸਿੰਘ ਦੀ, ਹੋ ਗਏ ਗੁਰੂ ਜੀ ਫੇਰ ਤਿਆਰ ਓਦੋਂ।
ਬਾਲਾ ਪ੍ਰੀਤਮ ਨਾਲ ਦਿੱਲੀ ਨੂੰ ਜਾਣ ਦੇ ਲਈ, ਸੰਗਤਾਂ ਤੁਰੀਆਂ ਸੀ ਬੇਸ਼ੁਮਾਰ ਓਦੋਂ।
ਉੱਘੇ ਸਿੱਖਾਂ ਤੋਂ ਬਿਨਾਂ ਸਭ ਮੋੜ ਦਿੱਤੀਆਂ, ਪਹੁੰਚ ਪੰਜੋਖਰੇ, ਨੂਰੀ ਨੁਹਾਰ ਓਦੋਂ।

ਭੁੱਲੜ ਬਾਹਮਣ ਪੰਜੋਖਰੇ ਵਿਖੇ ਆ ਕੇ, ਗੁਰੂ ਸਾਹਿਬ ਨਾਲ ਜਦੋਂ ਤਕਰਾਰ ਕੀਤਾ।
ਛੱਜੂ ਝਿਊਰ ’ਤੇ ਮਿਹਰ ਦੀ ਨਜ਼ਰ ਕਰ ਕੇ, ਅਨਪੜ੍ਹ ਤਾਂਈਂ ਵਿਦਵਾਨ ਦਾਤਾਰ ਕੀਤਾ।
ਦਿੱਬ ਦ੍ਰਿਸ਼ਟ ਨਾਲ ਛੱਜੂ ਨੇ ਮੁੱਖ ਵਿੱਚੋਂ, ਪਾਵਨ ਗੀਤਾ ਦਾ ਅਰਥ ਵਿਚਾਰ ਕੀਤਾ।
ਕੌਤਕ ਤੱਕ ਸਾਰਾ ਕਿਸ਼ਨ ਲਾਲ ਪੰਡਿਤ, ਚਰਨਾਂ ਵਿੱਚ ਢਹਿ ਕੇ ਨਮਸਕਾਰ ਕੀਤਾ।

ਸਾਰੇ ਰਾਹ ਵਿੱਚ ਤਾਰ ਕੇ ਸੰਗਤਾਂ ਨੂੰ, ਆਖ਼ਰ ਚੱਲ ਕੇ ਦਿੱਲੀ ਨੂੰ ਆਏ ਸਤਿਗੁਰ।
ਰਾਜਾ ਜੈ ਸਿੰਘ ਦੇ ਸੁੰਦਰ ਬੰਗਲੇ ਵਿੱਚ, ਨਾਲ ਅਦਬ ਦੇ ਗਏ ਠਹਿਰਾਏ ਸਤਿਗੁਰ।
ਸਿੱਖ ਧਰਮ ਦਾ ਕਰਨ ਪ੍ਰਚਾਰ ਲੱਗੇ, ਹਰ ਰੋਜ਼ ਦੀਵਾਨ ਸਜਾਏ ਸਤਿਗੁਰ।
ਔਰੰਗਜ਼ੇਬ ਨੂੰ ਮਿਲਣ ਤੋਂ ਨਾਂਹ ਕਰਕੇ, ਗੁਰੂ ਪਿਤਾ ਦੇ ਬਚਨ ਨਿਭਾਏ ਸਤਿਗੁਰ।

ਰਾਣੀ ਜੈ ਸਿੰਘ ਜਦੋਂ ਸੀ ਪਰਖ ਕੀਤੀ, ਚਰਨ ਓਸੇ ਦੀ ਗੋਦ ਵਿੱਚ ਪਾਏ ਦਿੱਲੀ।
ਸੇਵਾ ਕੀਤੀ ਸੀ ਦੁੱਖੀਆਂ ਤੇ ਰੋਗੀਆਂ ਦੀ, ਜਿਹੜੇ ਹੋਏ ਸੀ ਬੜੇ ਘਬਰਾਏ ਦਿੱਲੀ।
ਸਾਰੇ ਪਿੰਡੇ ’ਤੇ ਉਦੋਂ ਫਿਰ ਪਾਤਿਸ਼ਾਹ ਦੇ, ਛਾਲੇ ਚੇਚਕ ਦੇ ਨਿਕਲ ਸੀ ਆਏ ਦਿੱਲੀ।
ਮੁੱਖੋਂ ‘ਬਾਬਾ ਬਕਾਲਾ’ ਫਿਰ ਕਹਿ ‘ਜਾਚਕ’, ਜੋਤੀ ਜੋਤ ਸੀ, ਆਖਰ ਸਮਾਏ ਦਿੱਲੀ।