ਗੁਰੂ ਅਮਰਦਾਸ ਜੀ

ਭਾਈ ਜੇਠੇ ਨੇ ਕੀਤੀ ਮਹਾਨ ਸੇਵਾ – ਹਰੀ ਸਿੰਘ ਜਾਚਕ

ਤੀਜੇ ਗੁਰਾਂ ਦੇ ਬਣੇ ਜੁਆਈ ਭਾਂਵੇਂ, (ਪਰ) ਭਾਈ ਜੇਠੇ ਨੇ ਕੀਤੀ ਮਹਾਨ ਸੇਵਾ।
ਖਿੜੇ ਮੱਥੇ ਸੀ ਟੋਕਰੀ ਢੋਈ ਸਿਰ ’ਤੇ, ਉਨ੍ਹਾਂ ਸਮਝੀ ਨਾ ਕਦੇ ਅਪਮਾਨ ਸੇਵਾ।
ਸਿਰ ’ਤੇ ਮਿੱਟੀ ਦੀ ਟੋਕਰੀ ਰਹੇ ਚੁੱਕਦੇ, ਸਦਾ ਸਮਝ ਕੇ ਸਿੱਖੀ ਦੀ ਸ਼ਾਨ ਸੇਵਾ।
ਆਏ ਕਦੇ ਨਾ ਹਊਮੈਂ ਹੰਕਾਰ ਅੰਦਰ, ਕੀਤੀ ਹੋ ਕੇ ਸਦਾ ਨਿਰਮਾਨ ਸੇਵਾ।

ਤੀਜੇ ਪਾਤਸ਼ਾਹ ਸੋਚ ਕੇ ਸੋਚ ਲੰਮੀ, ਦੋਏ ਪਰਾਹੁਣੇ ਬੁਲਾਉਣ ਲਈ, ਹੁਕਮ ਕੀਤਾ।
ਸਿੱਖੀ ਸਿਦਕ ਦੀ ਪ੍ਰੀਖਿਆ ਲੈਣ ਖਾਤਰ, ਇਕ ਥੜਾ ਬਣਾਉਣ ਲਈ, ਹੁਕਮ ਕੀਤਾ।
ਹੁੰਦਾ ਪਾਸ ਕਿਹੜਾ ਇਮਤਿਹਾਨ ਵਿੱਚੋਂ, ਗੁਰਾਂ ਇਹ ਅਜ਼ਮਾਉਣ ਲਈ, ਹੁਕਮ ਕੀਤਾ।
ਬਣੇ ਥੜੇ ਨੂੰ ਤੱਕ ਕੇ ਹਰ ਵਾਰੀ, ਗੁਰੂ ਸਾਹਿਬ ਨੇ ਢਾਉਣ ਲਈ, ਹੁਕਮ ਕੀਤਾ।

ਨਹੀਂ ਇਹ ਪਸੰਦ ਨਹੀਂ ਥੜਾ ਮੈਨੂੰ, ਢਾਅ ਕੇ ਫੇਰ ਬਣਾਉਣ ਲਈ, ਹੁਕਮ ਕੀਤਾ।
ਭਾਈ ਰਾਮਾ ਜੀ ਅੱਕ ਕੇ ਕਹਿਣ ਲੱਗੇ, ਤੁਸਾਂ ਸਾਨੂੰ ਖਿਝਾਉਣ ਲਈ, ਹੁਕਮ ਕੀਤਾ।
ਬਿਰਧ ਉਮਰ ਕਰਕੇ, ਤੁਸੀਂ ਭੁੱਲ ਜਾਂਦੇ, ਪਹਿਲਾਂ ਜਿੱਦਾਂ ਬਣਾਉਣ ਲਈ, ਹੁਕਮ ਕੀਤਾ।
ਹਰ ਵਾਰੀ ਬਣਾਵਾਂ ਮੈਂ ਥੜਾ ਓਦਾਂ, ਜਿਦਾਂ ਤੁਸੀਂ ਬਣਾਉਣ ਲਈ ਹੁਕਮ ਕੀਤਾ।

ਭਾਈ ਜੇਠੇ ਨੂੰ ਕਿਹਾ ਜਦ ਸਤਿਗੁਰਾਂ ਨੇ, ਕਹਿੰਦਾ ਬੜਾ ਮੈਂ ਤਾਂ ਭੁੱਲਣਹਾਰ ਦਾਤਾ।
ਹਰ ਵਾਰੀ ਹੋ ਤੁਸੀਂ ਤਾਂ ਠੀਕ ਦੱਸਦੇ, ਮੈਂ ਹੀ ਭੁਲ ਜਾਂਦਾ ਹਰ ਵਾਰ ਦਾਤਾ।
ਟੇਢਾ ਮੇਢਾ ਬਣ ਜਾਂਦਾ ਏ ਥੜਾ ਮੈਥੋਂ, ਢਾਹ ਕੇ ਦੇਂਦਾ ਹਾਂ ਫੇਰ ਉਸਾਰ ਦਾਤਾ।
ਵਾਰ ਵਾਰ ਮੈਂ ਗਲਤੀ ਤੇ ਕਰਾਂ ਗਲਤੀ, ਤੁਸੀਂ ਬਖ਼ਸ ਦੇਂਦੇ ਹਰ ਵਾਰ ਦਾਤਾ।

ਓਨੀ ਵਾਰ ਹੀ ਥੜਾ ਬਣਾਊਂ ਮੈਂ ਤਾਂ, ਹੁਕਮ ਕਰੋਗੇ ਜਿੰਨੀ ਵੀ ਵਾਰ ਦਾਤਾ।
ਤੁਸੀਂ ਦਿਆਲੂ ਕਿਰਪਾਲੂ ਹੋ ਪਾਤਸ਼ਾਹ ਜੀ, ਕੀਤੀ ਮੇਰੇ ’ਤੇ ਰਹਿਮਤ ਅਪਾਰ ਦਾਤਾ।
ਹੁਕਮ ਮੰਨ ਕੇ ਸੇਵਾ ਮੈਂ ਰਹਾਂ ਕਰਦਾ, ਸਾਰੀ ਉਮਰ ਕਰਾਈਂ ਇਹ ਕਾਰ ਦਾਤਾ।
(ਪਰ) ਥੜਾ ਬਣਨਾ ਏ ਵਧੀਆ ਤੇ ਸਾਫ ਸੁਥਰਾ, ਥੋਡੀ ਮਿਹਰ ਦੇ ਨਾਲ ਦਾਤਾਰ ਦਾਤਾ।

ਸੁਣ ਕੇ ਬਚਨ ਇਹ ਜੇਠੇ ਦੇ ਮੁੱਖ ਵਿੱਚੋਂ, ਸਤਿਗੁਰ ਆਖਿਆ ਵਜਦ ਵਿੱਚ ਆ ਕੇ ਤੇ।
ਸਿੱਖਾ, ਸੇਵਾ ਦੀ ਸਿੱਖੀ ਤੂੰ ਜਾਚ ਪੂਰੀ, ਵਾਰ ਵਾਰ ਇਹ ਥੜਾ ਬਣਾ ਕੇ ਤੇ।
ਥੜਾ ਨਹੀਂ, ਤੂੰ ਤਖ਼ਤ ਬਣਾ ਰਿਹਾ ਸੀ, ਸੇਵਾ, ਸਿਮਰਨ ਦੀ ਮਿਹਨਤ ਲਗਾ ਕੇ ਤੇ।
ਤੇਰੀ ਸੇਵਾ ਨੇ ਕੀਤਾ ਏ ਵੱਸ ਮੈਨੂੰ, ਗੁਰਾਂ ਆਖਿਆ ਸੀਨੇ ਲਗਾ ਕੇ ਤੇ।

ਇਹ ਹੈ ਗੁਰੂ ਦੀ ਗੱਦੀ ਦਾ ਅਸਲ ਵਾਰਸ, ਕਿਹਾ ਸੰਗਤ ਨੂੰ ਗੁਰਾਂ ਸੁਣਾ ਕੇ ਤੇ।
ਬਾਬੇ ਬੁੱਢੇ ਤੋਂ ਜੇਠੇ ਨੂੰ ਉਸੇ ਵੇਲੇ, ਗੁਰ ਗੱਦੀ ਦਾ ਤਿਲਕ ਲਗਵਾ ਕੇ ਤੇ।
ਪੰਜ ਪੈਸੇ ਤੇ ਨਾਰੀਅਲ ਰੱਖ ਅੱਗੇ, ਮੱਥਾ ਟੇਕਿਆ ਸੀਸ ਨਿਵਾ ਕੇ ਤੇ।
ਨਦਰੀ ਨਦਰਿ ਸੀ ਕੀਤਾ ਨਿਹਾਲ ‘ਜਾਚਕ’, ਭਾਈ ਜੇਠੇ ਨੂੰ ‘ਗੁਰੂ’ ਬਣਾ ਕੇ ਤੇ।

ਗੁਰੂ ਅਮਰਦਾਸ ਜੀ – ਹਰੀ ਸਿੰਘ ਜਾਚਕ

ਬਹਿ ਕੇ ਗੁਰਗੱਦੀ ਕਿਹਾ ਸੰਗਤਾਂ ਨੂੰ, ਕਰੋ ਸਿੱਖੀ ਦੀ ਪੱਕੀ ਬੁਨਿਆਦ ਪਹਿਲਾਂ।
ਊਚ ਨੀਚ ’ਚ ਜਿਹੜੇ ਵਿਸ਼ਵਾਸ ਕਰਦੇ, ਛੇੜੋ ਉਨ੍ਹਾਂ ਵਿਰੁੱਧ ਜਹਾਦ ਪਹਿਲਾਂ।
ਘੁਣ ਵਾਂਗ ਜੋ ਖਾਣ ਮਨੁੱਖਤਾ ਨੂੰ, ਜਾਤਾਂ-ਪਾਤਾਂ ਤੋਂ ਹੋਵੋ ਆਜ਼ਾਦ ਪਹਿਲਾਂ।
ਦਰਸ਼ਨ ਕਰਨੇ ਨੇ ਜੇਸ ਵੀ ਸਿੱਖ ਮੇਰੇ, ਬਹਿ ਕੇ ਪੰਗਤ ’ਚ ਛਕੇ ਪ੍ਰਸ਼ਾਦਿ ਪਹਿਲਾਂ।

ਵਹਿਮਾਂ ਭਰਮਾਂ ਦੇ ਵਿੱਚ ਜੋ ਹੈ ਫਸਿਆ, ਸਮਝੋ ਸਿੱਖ ਉਹ ਨਾਮ ਧਰੀਕ ਸਿੱਖੋ।
ਨਾਲ ਤੁਸਾਂ ਦੇ ਬੁਰਾ ਕੋਈ ਕਰੇ ਫਿਰ ਵੀ, ਗੁੱਸਾ ਆਵੇ ਨਾ ਥੋਡੇ ਨਜ਼ਦੀਕ ਸਿੱਖੋ।
ਐਸੇ ਦੋਖੀ ਨੂੰ ਸਜਾ ਜ਼ਰੂਰ ਮਿਲਦੀ, ਸਮਝੋ ਏਸ ਨੂੰ ਪੱਥਰ ’ਤੇ ਲੀਕ ਸਿੱਖੋ।
ਚੱਕੀ ਵਾਹਿਗੁਰੂ ਦੀ ਚਲਦੀ ਬਹੁਤ ਹੌਲੀ, ਆਟਾ ਪੀਸਦੀ ਐਪਰ ਬਰੀਕ ਸਿੱਖੋ।

ਨੱਕੋ ਨੱਕ ਜੋ ਹਊਮੈ ਦੇ ਨਾਲ ਭਰਿਆ, ਉਸ ਤਪੇ ਦੀ ਕੀਤੀ ਸੁਧਾਈ ਦਾਤੇ।
ਜਾਤਾਂ ਪਾਤਾਂ ਦਾ ਖਾਤਮਾ ਕਰਨ ਖਾਤਿਰ, ਗੋਇੰਦਵਾਲ ’ਚ ਬਾਉਲੀ ਬਣਵਾਈ ਦਾਤੇ।
ਰਸਮ ਸਤੀ ਦੀ ਸਦੀਆਂ ਤੋਂ ਚਲੀ ਆਉਂਦੀ, ਉਸ ਵਿਰੁੱਧ ਆਵਾਜ਼ ਉਠਾਈ ਦਾਤੇ।
ਘੁੰਡ ਪਰਦੇ ਤੋਂ ਵਰਜਿਆ ਬੀਬੀਆਂ ਨੂੰ, ਵਿਧਵਾ ਵਿਆਹ ਦੀ ਰੀਤ ਚਲਾਈ ਦਾਤੇ।

ਪ੍ਰੇਮਾ ਕੋਹੜੀ ਜਦ ਪ੍ਰੇਮ ’ਚ ਲੀਨ ਹੋਇਆ, ਓ੍ਹਦਾ ਰੋਗ ਮਿਟਾਇਆ ਸੀ ਪਾਤਸ਼ਾਹ ਨੇ।
ਭਾਈ ਪਾਰੋ ਦੀ ਸਿੱਖੀ ’ਤੇ ਰੀਝ ਕੇ ਤੇ, ਉਹਨੂੰ ਕੋਲ ਬੁਲਾਇਆ ਸੀ ਪਾਤਸ਼ਾਹ ਨੇ।
ਉਹਦੇ ਤਾਂਈਂ ਗੁਰਸਿੱਖੀ ਦਾ ਦਾਨ ਦੇ ਕੇ, ਸੀਨੇ ਨਾਲ ਲਗਾਇਆ ਸੀ ਪਾਤਸ਼ਾਹ ਨੇ।
ਭੁੱਲੇ ਭਟਕਿਆਂ ਨੂੰ ਜੀਵਨ ਦਾਨ ਦੇ ਕੇ, ਸੱਚੇ ਸੇਵਕ ਬਣਾਇਆ ਸੀ ਪਾਤਸ਼ਾਹ ਨੇ।

ਹੋਕਾ ਦੇਣ ਖਾਤਿਰ ਸਾਂਝੀਵਾਲਤਾ ਦਾ, ਪੰਗਤ ਸੰਗਤ ਤੇ ਕੀਤਾ ਇਸ਼ਨਾਨ ਸਾਂਝਾ।
ਆਇਆ ਅਕਬਰ ਵੀ ਜਦੋਂ ਸੀ ਦਰਸ਼ਨਾਂ ਨੂੰ, ਛੱਕਿਆ ਲੰਗਰ ਸੀ ਨਾਲ ਸਨਮਾਨ ਸਾਂਝਾ।
ਕਿਸੇ ਧਰਮ ਦਾ ਵਿਤਕਰਾ ਨਹੀਂ ਏਥੇ, ਹਰ ਇਕ ਸਿੱਖ ਹਿੰਦੂ ਮੁਸਲਮਾਨ ਸਾਂਝਾ।
ਬਿਨਾਂ ਕਿਸੇ ਵੀ ਵੰਡ ਤੇ ਵਿਤਕਰੇ ਦੇ, ਵੰਡਿਆ ਗੁਰਾਂ ਨੇ ਰੱਬੀ ਗਿਆਨ ਸਾਂਝਾ।

ਬਾਈ ਮੰਜੀਆਂ ਥਾਪ ਕੇ ਪਾਤਸ਼ਾਹ ਨੇ, ਥਾਂ ਥਾਂ ਸਿੱਖੀ ਦਾ ਸ਼ੁਰੂ ਪ੍ਰਚਾਰ ਕੀਤਾ।
ਪੱਕੇ ਪੈਰਾਂ ’ਤੇ ਖੜ੍ਹੀ ਹੋ ਜਾਏ ਸਿੱਖੀ, ਏਸ ਜਜ਼ਬੇ ਨੂੰ ਦਿਲ ਵਿੱਚ ਧਾਰ ਕੀਤਾ।
’ਕੱਠਾ ਕਰਨ ਲਈ ਇਕ ਥਾਂ ਸੰਗਤਾਂ ਨੂੰ, ਸੀ ਵਿਸਾਖੀ ਦਾ ਸ਼ੁਰੂ ਤਿਉਹਾਰ ਕੀਤਾ।
ਇਕੋ ਤੰਦ ਨਾਲ ਬੰਨ੍ਹ ਕੇ ਸਾਰਿਆਂ ਨੂੰ, ਸਾਂਝਾ ਸਿੱਖੀ ਦਾ ਸਾਰਾ ਪ੍ਰਵਾਰ ਕੀਤਾ।

ਰਚੀ ਪਹਿਲੇ ਤੇ ਦੂਸਰੇ ਪਾਤਸ਼ਾਹ ਜੋ, ਰੱਬੀ ਬਾਣੀ ਦੀ ਕੀਤੀ ਸੰਭਾਲ ਸਾਹਿਬਾਂ।
ਆਪ ਰਾਗਾਂ ਸਤਾਰਾਂ ਵਿਚ ਰਚੀ ਬਾਣੀ, ਬੜੇ ਪ੍ਰੇਮ ਪਿਆਰ ਦੇ ਨਾਲ ਸਾਹਿਬਾਂ।
ਪਾਵਨ ਬਾਣੀ ਦੀ ਪੋਥੀ ਲਿਖਵਾਈ ਹੈਸੀ, ਆਪਣੇ ਪੋਤੇ ਨੂੰ ਕੋਲ ਬਿਠਾਲ ਸਾਹਿਬਾਂ।
ਗੱਦੀ ਸੌਂਪ ਦਿੱਤੀ ‘ਰਾਮਦਾਸ’ ਜੀ ਨੂੰ, ‘ਜਾਚਕ’ ਸੇਵਾ ਤੋਂ ਹੋ ਨਿਹਾਲ ਸਾਹਿਬਾਂ।