Search Results for: ਦੂਜਾ ਅੰਕ

ਲੂਣਾ – ਦੂਜਾ ਅੰਕ | ਭਾਗ – 2

ਲੂਣਾ – ਦੂਜਾ ਅੰਕ | ਭਾਗ – 1 ਪੜ੍ਹਨ ਲਈ ਕਲਿੱਕ ਕਰੋ

ਸਲਵਾਨ
ਹਾਂ ਸੱਜਣ !
ਮੈਨੂੰ ਨੀਂਦ ਆ ਗਈ
ਹਾਂ ਸੱਜਣ
ਮੈਂ ਸੌਣਾ ਚਾਹੁੰਦਾਂ
ਦਿਨ-ਦੀਵੀਂ,ਭਰ ਸ਼ਿਖਰ ਦੁਪਿਹਰੇ
ਸੂਰਜ ਕਿਤੇ ਬੁਝਾਣਾ ਚਾਹੁੰਦਾਂ
ਹਰ ਦਿਹੁੰ
ਮੇਰੀ ਨੀਂਦ ਦਾ ਪਿੰਡਾ
ਅਗਨ-ਸਰਪਨੀ ਨੇ ਡੰਗਿਆ ਹੈ
ਹਰ ਦਿਹੁੰ ਮੇਰਾ
ਪਰ ਅੰਗ ਛੋਹ ਪਾ
ਹੋਈ ਗਰਭਵਤੀ ਦੇ ਵਾਕਣ
ਲੱਜਿਆ ਸੰਗ ਭਿੱਜਿਆ ਲੰਘਿਆ ਹੈ
ਹਰ ਦਿਹੁੰ ਮੇਰਾ
ਸਮੇਂ ਦੀ ਸੁੱਕੀ ਸੂਲੀ ਉੱਪਰ
ਸੂਤਕ-ਰੁੱਤ ਤੋਂ ਹੀ ਟੰਗਿਆ ਹੈ
ਹਾਂ ਹਾਂ ਸੱਜਣ
ਮੈਂ ਕਹਿੰਦਾਂ
ਮੈਂ ਜਗਰਾਤੇ ਦਾ ਥਲ ਲੰਘਿਆ ਹੈ
ਥੱਕ ਟੁੱਟ ਕੇ ਅੱਜ ਜੀਭ ਮੇਰੀ ਨੇ
ਨੀਂਦਰ ਦਾ
ਇੱਕ ਘੁੱਟ ਮੰਗਿਆ ਹੈ
ਹਾਂ ਸੱਜਣ
ਮੈਨੂੰ ਨੀਂਦ ਆ ਗਈ
ਹਾਂ ਸੱਜਣ
ਮੈਂ ਸੌਣਾ ਚਾਹੁੰਦਾਂ

ਹਾਂ ਹਾਂ ਮੈਂ ਹੁਣ
ਸੌਣਾ ਚਾਹੁੰਦਾਂ
ਆਪਣੇ ਪਰਛਾਵੇਂ ਦੀ ਛਾਵੇਂ
ਮੇਰੇ ਪਰਛਾਵੇਂ ਦੇ ਭਾਵੇਂ
ਪੁੱਤਰ ਟਾਂਵੇ ਟਾਂਵੇ
ਮੇਰੇ
ਪਰਛਾਵੇਂ ਦੀ ਛਾਵੇਂ
ਕੋਈ ਪੰਛੀ ਨਾਂ ਗਾਵੇ
ਮੇਰੇ ਪਰਛਾਵੇਂ ਨੂੰ ਭਾਵੇਂ
ਤੂੰ ਵੀ ਅੰਗ ਨਾਂ ਲਾਵੇਂ
ਪਰ ਮੈਂ
ਫਿਰ ਵੀ ਸੌਣਾ ਚਾਹੁੰਦਾਂ
ਆਪਣੀ ਧੁੱਪ ਦੀ ਛਾਵੇਂ
ਹਾਂ ਸੱਜਣ
ਸੱਭ ਆਪਣੀ ਧੁੱਪ ਨੂੰ
ਧੁੱਪਿਓੰ ਛਾਵੇਂ ਕਰਦੇ
ਆਪਣੀ ਧੁੱਪ ਦਾ ਆਪਣੇ ਹੱਥੀਂ
ਚੀਰ-ਹਰਨ ਹਨ ਕਰਦੇ
ਦਿਹੁੰ ਦੇ ਗਜ
ਉਮਰ ਦਾ ਕੱਪੜਾ
ਮਿਣ ਮਿਣ ਸਾਰੇ ਮਰਦੇ
ਸੱਭੇ ਛਾਂ ਦੇ ਜਾਲ ਵਿਛਾ ਕੇ
ਨਿੰਦਰਾਏ ਪਲ ਫੜਦੇ
ਨਿੰਦਰਾਏ ਹਾਂ ਸਾਰੇ ਜੰਮਦੇ
ਨਿੰਦਰਾਏ ਹਾਂ ਮਰਦੇ

ਵਰਮਨ
ਠੀਕ ਅਸੀਂ ਹਾਂ
ਸਭ ਨਿੰਦਰਾਏ
ਸਭ ਉਨੀਂਦੀ
ਜੂਨੇ ਆਏ
ਅਗਨ-ਬਿਰਛ ਲੁੰਜੇ, ਬੇ-ਪੱਤਰੇ
ਸਭਨਾਂ ਆਪਣੀ ਨੀਂਦਰ ਖ਼ਾਤਰ
ਦੇਹੀਆਂ ਦੀ
ਵਲਗਣ ਵਿੱਚ ਲਾਏ
ਤੇ ਉਸ ਥੱਲੇ
ਪੱਟ ਵਿਛਾਏ
ਫਿਰ ਵੀ ਸਾਨੂੰ ਨੀਂਦ ਨਾ ਆਏ
ਸਾਡੀ ਛਾਂ ਨੂੰ
ਸਾਡੀ ਧੁੱਪ ਹੀ
ਕਈ ਵਾਰੀ ਨਾ ਅੰਗ ਛੁਹਾਏ
ਪਰ ਮਿੱਤਰ
ਹੇ ਮੇਰੇ ਸੱਜਣ
ਜੀਭ ਤੇਰੀ ਕੋਈ ਬਾਤ ਤਾਂ ਪਾਏ
ਬੋਲ ਕੁਲਹਿਣੇ
ਨੀਂਦਰ ਵਾਲੇ
ਕਿਓਂ ਤੇਰੇ ਹੋਠਾਂ ‘ਤੇ ਆਏ ?

ਸਲਵਾਨ
ਕੀਹ ਪਾਵਾਂ
ਮੈਂ ਬਾਤ ਪਿਆਰੇ ?
ਜਿਨ੍ਹਾਂ ਖੂਹਾਂ ਦੇ ਪਾਣੀ ਖਾਰੇ
ਕਦੇ ਨਾ ਪਨਘਟ
ਬਣਨ ਵਿਚਾਰੇ

(ਚਲਦਾ….)

ਲੂਣਾ – ਦੂਜਾ ਅੰਕ | ਭਾਗ – 1

ਕੱਲ੍ਹ ਦਾ ਦਿਹੁੰ ਵੀ ਕੈਸਾ ਦਿਹੁੰ ਸੀ
ਕੈਸੀ ਸੀ ਉਸਦੀ ਖੁਸ਼ਬੋਈ
ਆਪਣੀਆਂ ਆਪ ਗੋਲਾਈਆਂ ਚੁੰਮਦੀ
ਭਰ ਜੋਬਨ ਵਿੱਚ ਨਾਰ ਜਿਓਂ ਕੋਈ

[ਰਾਜੇ ਵਰਮਨ ਦੇ ਜਨਮ ਦਿਵਸ ਦਾ ਉਤਸਵ ਸਮਾਪਤ ਹੋਣ ਉਪਰੰਤ ਉਸ ਤੋਂ ਅਗਲੇ ਦਿਨ ਰਾਜਾ ਸਲਵਾਨ ਤੇ ਰਾਜਾ ਵਰਮਨ
ਆਪੋ ਵਿੱਚ ਬੈਠੇ ਗੱਲਾਂ ਕਰ ਰਹੇ ਹਨ |]
ਸਲਵਾਨ
ਕੱਲ੍ਹ ਦਾ ਦਿਹੁੰ ਵੀ
ਕੈਸਾ ਦਿਹੁੰ ਸੀ
ਕੈਸੀ ਸੀ
ਉਸਦੀ ਖੁਸ਼ਬੋਈ
ਆਪਣੀਆਂ ਆਪ ਗੋਲਾਈਆਂ ਚੁੰਮਦੀ
ਭਰ ਜੋਬਨ ਵਿੱਚ
ਨਾਰ ਜਿਓਂ ਕੋਈ |
ਪਰ ਅੱਜ ਦਾ ਦਿਹੁੰ
ਕੈਸਾ ਦਿਹੁੰ ਹੈ
ਕੈਸੀ ਹੈ
ਇਸ ਦੀ ਖੁਸ਼ਬੋਈ
ਰਾਤ ਉਨੀਂਦਾ ਭੋਗਣ ਪਿਛੋਂ
ਜਿਵੇਂ ਵੇਸਵਾ ਸੁੱਤੀ ਕੋਈ

ਵਰਮਨ
ਹਾਂ ਮਿੱਤਰ !
ਕੁਝ ਦਿਹੁੰ ਹੁੰਦੇ ਨੇ
ਮੱਥੇ ਜਿਨ੍ਹਾਂ ਨਾ ਸੂਰਜ ਕੋਈ
ਜੂਨ ਨਧੁੱਪੀ
ਹੁੰਦਿਆਂ ਵੀ ਪਰ
ਕਦੇ ਜਿਨ੍ਹਾਂ ਦੀ ਧੁੱਪ ਨਾ ਮੋਈ
ਉਂਝ ਤਾਂ
ਹਰ ਦਿਹੁੰ ਮਹਿਕ-ਵਿਹੂਣਾ
ਕੋਈ ਕੋਈ ਪਰ
ਦੇਵੇ ਖੁਸ਼ਬੋਈ
ਜਿਹੜੇ ਦਿਹੁੰ ਦਾ ਤਨ ਮਹਿਕੀਲਾ
ਸੋਇਓ ਸਾਡੀ ਉਮਰਾ ਹੋਈ
ਹੇ ਰਾਜਨ, ਹੇ ਯੋਧੇ, ਸੂਰੇ
ਪਰ ਐਸੀ ਕੀਹ
ਬਾਤ ਹੈ ਹੋਈ?
ਕਲ ਦੇ ਦਿਹੁੰ ਤੋਂ ਅੱਜ ਦੇ ਦਿਹੁੰ ਤਕ
ਸੈ ਜਨਮਾਂ ਦੀ ਦੂਰੀ ਹੋਈ

ਸਲਵਾਨ
ਹੇ ਮੇਰੇ ਮਿੱਤਰ
ਮੀਤ ਪਿਆਰੇ
ਹੇ ਚੰਬਿਆਲ ਦੇਸ ਦੇ ਰਾਜੇ
ਸੁੱਤਾ ਸੂਰਜ
ਕੌਣ ਜਗਾਵੇ ?
ਜੇ ਕੋਈ ਕੱਲ ਦਾ ਸੂਰਜ ਮੋੜੇ
ਓਹ ਮੇਰੇ ਸਭ ਸੂਰਜ ਖਾਵੇ
ਜਿਉਂ ਜਿਉਂ ਕੋਈ
ਸੂਰਜ ਬਣਦਾ
ਕੱਚੀ ਅੱਗ ਦੀ ਉਮਰ ਹੰਢਾਵੇ
ਕਿੰਝ ਬੋਲਾਂ
ਕੀਹ ਬਾਤ ਕਰਾਂ ਮੈਂ ?
ਜੀਭ ਮੇਰੀ ਨੂੰ ਲੱਜਿਆ ਆਵੇ
ਜੇ ਲੱਜਿਆ ਨੂੰ
ਅੰਦਰ ਰੱਖਦਾਂ
ਅੰਦਰ ਮੇਰਾ ਧੁਖ ਧੁਖ ਜਾਵੇ
ਜੇ ਲੱਜਿਆ ਨੂੰ
ਬਾਹਰ ਰੱਖਦਾਂ
ਮੇਰਾ ਸੂਰਜ ਮਰਦਾ ਜਾਵੇ
ਮੈਥੋਂ ਧੁੱਪ
ਫੜੀ ਨਾ ਜਾਵੇ

ਵਰਮਨ
ਸੁਣ ਸੱਜਣ !
ਸੁਣ ਮਿੱਤਰ ਯੋਧੇ
ਹਰ ਮੱਥੇ ਵਿੱਚ ਸੂਰਜ ਹੋਵੇ
ਹਰ ਧੁੱਪ
ਗਰਭਵਤੀ ਹੈ ਧੁਰ ਤੋਂ
ਉਸ ਦੀ ਕੁੱਖ ਵਿੱਚ ਸਾਇਆ ਰੋਵੇ |
ਉਸ ਦੀ ਧੁੱਪ
ਕਦੇ ਨਾ ਮਰਦੀ
ਜਿਦ੍ਹਾ ਕੋਈ ਪਰਛਾਵਾਂ ਹੋਵੇ
ਜੇ ਤੇਰੀ
ਧੁੱਪ ਦਾ ਪਰਛਾਵਾਂ
ਜੀਭ ਤੇਰੀ ‘ਤੇ ਆਣ ਖਲੋਵੇ
ਤਾਂ ਸੰਭਵ ਹੈ
ਤੇਰੀ ਧੁੱਪ ਵੀ
ਤੈਥੋਂ ਬੇ-ਮੁੱਖ ਕਦੀ ਨਾ ਹੋਵੇ
ਧੁੱਪ ਤਾਂ
ਮਰਦੀ ਹੈ ਉਸ ਵੇਲੇ
ਜਦ ਕੋਈ ਛਾਂ ਆਣ ਖਲੋਵੇ
ਜਾਂ ਨੈਣਾਂ ਵਿੱਚ
ਨੀਂਦਰ ਹੋਵੇ

(ਚਲਦਾ….)