ਪਿੰਡ ਦੀ ਸੱਥ ‘ਚੋਂ – 1

” ਓਹ ਬਾਬਾ ਕਿੱਦਰ ਚਲਿਆਂ ਐਸ ਵੇਲੇ ” – ਸੱਥ ਚ ਬੈਠੇ ਪੰਮੀ ਨੇ ਕਾਹਲੇ ਕਾਹਲੇ ਤੁਰੇ ਜਾਂਦੇ ਬਚਨੇ ਨੂੰ ਹਾਕ ਮਾਰੀ | ਬਚਨਾ ਸੱਥ ਵੱਲ ਨੂੰ ਮੁੜ ਪਿਆ |
” ਓਹ ਸ਼ੇਰਾ ਪੁਛ ਨਾ ਬਸ , ਆ ਨਿਆਣਿਆਂ ਨੇ ਜਾਨ ਖਾਧੀ ਹੋਈ ਆ ਕੇ ਆਹ ਛਤਰੀ ਜੀ ਲਵਾ ਕੇ ਦੇ , ਸਬ ਦੇ ਘਰ ਲੱਗੀ ਹੋਈ ਆ ” – ਬਚਨੇ ਨੇ ਮੋਢੇ ਟੰਗੇ ਪਰਨੇ ਨਾਲ ਥੜੀ ਝਾੜਦਿਆਂ ਕਿਹਾ |
“ਛਤਰੀ ਕਾਹਦੀ ਟੈਲੀਵੀਜਿਨ ਆਲੀ” – ਇੱਕ ਹੋਰ ਨੇ ਪੁਛਿਆ |
“ਆਹੋ ਏਹੀ ਕਹਿੰਦੇ ਆਪਣੇ ਘਰੇ ਪ੍ਰੋਗਰਾਮ ਘੱਟ ਚਲਦੇ ਆ | ਹਾਲੇ ਤਿੰਨ ਮਹੀਨੇ ਪਹਿਲਾਂ ਕਹਿੰਦੇ ਟੈਲੀਵੀਜਿਨ ਲਿਆ ਦੇ | ਮਸਾਂ ਆੜਤੀਏ ਤੋਂ ਪੈਸੇ ਚਾਕੇ ਓਹ ਲਿਆ ਕੇ ਦਿੱਤਾ ਹੁਣ ਆਹ ਨਵਾਂ ਯੱਬ ਖੜਾ ਕਰਤਾ ” – ਬਚਨੇ ਨੇ ਕੰਧ ਨਾਲ ਢੂੰ ਲਾਉਂਦਿਆਂ ਜਵਾਬ ਦਿੱਤਾ |
” ਏਵੇਂ ਹੀ ਆ ਬਾਬਾ ਨਵੇਂ ਜ਼ਮਾਨੇ ਦਾ ਤਾਂ , ਨਿੱਤ ਨਵੀਆਂ ਚੀਜ਼ਾ ਭਾਲਦੇ ਆ | ਆਹ ਸਾਡੇ ਆਲੇ ਛੋਹਰ ਜੇ ਦੇਖਲਾ, ਸਾਰਾ ਦਿਨ ਡੱਬੇ ਮੂਹਰੇ ਬੈਠੇ ਰਹਿੰਦੇ ਆ ਜਿਵੇਂ ਖਾਣ ਨੂੰ ਨਿਕਲਣਾ ਹੁੰਦਾ ਕੁਛ ਏਹਦੇ ਚੋਂ ” – ਇੱਕ ਹੋਰ ਨੇ ਆਪਣੇ ਘਰ ਦਾ ਹਾਲ ਬਿਆਨ ਕੀਤਾ |
“ਹੋਰ ਗਾ ਭੜਿਆ ਮੇਰਾ ਤਾ ਚਿੱਤ ਟੈਲੀਵੀਜਿਨ ਲੈਣ ਨੂੰ ਵੀ ਨੀ ਕਰਦਾ ਸੀ | ਸੁਣਿਆ ਗੰਦੇ ਮੰਦੇ ਜੇ ਪ੍ਰੋਗਰਾਮ ਆਉਂਦੇ ਆ ”
“ਬਾਬਾ ਤੂੰ ਵੀ ਦੇਖ ਲਿਆ ਕਰ ਵਿੰਦ ਝੱਟ | ਤੇਰਾ ਵੀ ਚਿੱਤ ਖੁਸ਼ ਹੋਜੂ” – ਇੱਕ ਨੌਜਵਾਨ ਜੇ ਮੁੰਡੇ ਨੇ ਟਿੱਚਰ ਕੀਤੀ |
“ਲਗਦਾ ਬਾਬਾ ਤਾਹੀ ਭੱਜਿਆ ਜਾਂਦਾ ਸੀ ਮੰਡੀ ਨੂੰ ” – ਇੱਕ ਹੋਰ ਨੇ ਕਿਹਾ |
“ਨਾ ਓਹ ਮੁੰਡਿਓ ਆਹ ਹੁਣ ਦੇ ਗਾਣੇ ਤਾਂ ਸ਼ੋਰ ਸ਼ਰਾਬਾ ਹੀ ਆ | ਗਾਣੇ ਤਾ ਸਾਡੇ ਵੇਲੇ ਹੁੰਦੇ ਸੀ ਮਾਣਕ ਵਰਗਿਆਂ ਦੇ | 
“ਮਾਂ ਹੁੰਦੀ ਏ ਮਾਂ ਵੇ ਦੁਨਿਆ ਵਾਲਿਓ …….”- ਬਾਬਾ ਗਾਣਾ ਗਾਉਣ ਲਗਿਆ |

“ਹੀਰ ਆਖਦੀ ਜੋਗਿਆ ਝੂਠ ਬੋਲੇ, ਕੌਣ ਰੁਠਰੇ ਯਾਰ ਮਨਾਂਵਦਾ ਈ …….”

ਇੱਕ ਹੋਰ ਨੇ ਰੇਡੀਓ ਜਲੰਧਰ ਤੇ ਚੱਲ ਰਹੀ ਹੀਰ ਦੀ ਆਵਾਜ਼ ਉੱਚੀ ਕਰਦਿਆ ਕਿਹਾ – “ਲੈ ਬਾਬਾ ਆਗੀ ਤੇਰੀ ਹੀਰ ਹੁਣ ਤਾਂ ਸੁਣ ਕੇ ਹੀ ਜਾਈ “|
“ਵਾਹ ਵੀ ਸ਼ੇਰਾ ਹੁਣ ਤਾਂ ਸੁਣ ਕੇ ਹੀ ਜਾਊਂ | ਆਵਾਜ਼ ਚੱਕ ਦੇ ਕੇਰਾਂ”
ਬਚਨਾ ਚੱਲ ਰਹੀ ਹੀਰ ਦੇ ਨਾਲ ਨਾਲ ਗਾਉਂਦਾ ਆਪਣੀਆਂ ਲੱਤਾਂ ਸਿਧੀਆਂ ਕਰਨ ਲਗਿਆ |
ਜਿਉਂ ਜਿਉਂ ਹੀਰ ਅੱਗੇ ਵਧ ਰਹੀ ਸੀ, ਬਾਬੇ ਦੀ ਹੇਕ ਉੱਚੀ ਹੁੰਦੀ ਜਾ ਰਹੀ ਸੀ |
“ਇੱਕ ਗੱਲ ਤਾਂ ਹੈ ਬਾਬਾ ਪੁਰਾਣੇ ਗਾਣੇ ਸੁਣ ਕੇ ਆ ਤਾ ਸਵਾਦ ਜਾਂਦਾ ” – ਟਿੱਚਰ ਕਰਨ ਆਲੇ ਮੁੰਡਿਆ ਚੋਂ ਇੱਕ ਨੇ ਕਿਹਾ |
“ਚਲੋ ਵੀ ਮੁੰਡਿਓ ਮੈਂ ਚਲਦਾ ਫਿਰ , ਪਹਿਲਾਂ ਹੀ ਆਥਣ ਹੋ ਚਲਿਆ ” – ਬਾਬਾ ਪਰਨੇ ਨੂੰ ਮੋਢੇ ਤੇ ਟੰਗਦਿਆਂ ਬੱਸ ਅੱਡੇ ਦੇ ਰਾਹ ਪੈ ਗਿਆ |

ਇਕ ਰਾਂਝਾ ਮੈਨੂੰ ਲੋੜੀਦਾ – ਬੁੱਲ੍ਹੇ ਸ਼ਾਹ

ਇਕ ਰਾਂਝਾ ਮੈਨੂੰ ਲੋੜੀਦਾ |
ਕੁਨ-ਫਅਕੂਨੋਂ ਅੱਗੇ ਦੀਆਂ ਲੱਗੀਆਂ,
ਨੇਹੁੰ ਨਾ ਲਗੜਾ ਚੋਰੀ ਦਾ |

ਆਪ ਛਿੜ ਜਾਂਦਾ ਨਾਲ ਮੱਝੀਂ ਦੇ,
ਸਾਨੂੰ ਕਿਉਂ ਬੇਲਿਉਂ ਮੋੜੀਦਾ,
ਇਕ ਰਾਂਝਾ ਮੈਨੂੰ ਲੋੜੀਦਾ ।

ਰਾਂਝੇ ਜਿਹਾ ਮੈਨੂੰ ਹੋਰ ਨਾ ਕੋਈ,
ਮਿੰਨਤਾਂ ਕਰ ਕਰ ਮੋੜੀਦਾ,
ਇਕ ਰਾਂਝਾ ਮੈਨੂੰ ਲੋੜੀਦਾ ।

ਮਾਨ ਵਾਲੀਆਂ ਦੇ ਨੈਣ ਸਲੋਨੇ,
ਸੂਹਾ ਦੁਪੱਟਾ ਗੋਰੀ ਦਾ,
ਇਕ ਰਾਂਝਾ ਮੈਨੂੰ ਲੋੜੀਦਾ ।

ਅਹਿਦ ਅਹਿਮਦ ਵਿਚ ਫਰਕ ਨਾ ਬੁੱਲ੍ਹਿਆ,
ਇਕ ਰੱਤੀ ਭੇਤ ਮਰੋੜੀ ਦਾ,
ਇਕ ਰਾਂਝਾ ਮੈਨੂੰ ਲੋੜੀਦਾ ।

ਹੰਝੂਆਂ ਦਾ ਭਾੜਾ – ਸ਼ਿਵ ਕੁਮਾਰ ਬਟਾਲਵੀ

ਤੈਨੂੰ ਦਿਆਂ ਹੰਝੂਆਂ ਦਾ ਭਾੜਾ,
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਭੱਠੀ ਵਾਲੀਏ ਚੰਬੇ ਦੀਏ ਡਾਲੀਏ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਹੋ ਗਿਆ ਕੁਵੇਲਾ ਮੈਨੂੰ
ਢਲ ਗਈਆਂ ਛਾਵਾਂ ਨੀ
ਬੇਲਿਆਂ ‘ਚੋਂ ਮੁੜ ਗਈਆਂ
ਮੱਝੀਆਂ ਤੇ ਗਾਵਾਂ ਨੀ
ਪਾਇਆ ਚਿੜੀਆਂ ਨੇ ਚੀਕ-ਚਿਹਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਛੇਤੀ ਛੇਤੀ ਕਰੀਂ
ਮੈਂ ਤੇ ਜਾਣਾ ਬੜੀ ਦੂਰ ਨੀ
ਜਿਥੇ ਮੇਰੇ ਹਾਣੀਆਂ ਦਾ
ਟੁਰ ਗਿਆ ਪੂਰ ਨੀ
ਓਸ ਪਿੰਡ ਦਾ ਸੁਣੀਂਦੈ ਰਾਹ ਮਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਮੇਰੀ ਵਾਰੀ ਪੱਤਿਆਂ ਦੀ
ਪੰਡ ਸਿੱਲ੍ਹੀ ਹੋ ਗਈ
ਮਿੱਟੀ ਦੀ ਕੜਾਹੀ ਤੇਰੀ
ਕਾਹਨੂੰ ਪਿੱਲੀ ਹੋ ਗਈ
ਤੇਰੇ ਸੇਕ ਨੂੰ ਕੀ ਵੱਜਿਆ ਦੁਗਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਲੱਪ ਕੁ ਏ ਚੁੰਗ ਮੇਰੀ
ਮੈਨੂੰ ਪਹਿਲਾਂ ਟੋਰ ਨੀ
ਕੱਚੇ ਕੱਚੇ ਰੱਖ ਨਾ ਨੀ
ਰਾੜ੍ਹ ਥੋੜ੍ਹੇ ਹੋਰ ਨੀ
ਕਰਾਂ ਮਿੰਨਤਾਂ ਮੁਕਾ ਦੇ ਨੀ ਪੁਆੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਸੌਂ ਗਈਆਂ ਹਵਾਵਾਂ ਰੋ ਰੋ
ਕਰ ਵਿਰਲਾਪ ਨੀ
ਤਾਰਿਆਂ ਨੂੰ ਚੜ੍ਹ ਗਿਆ
ਮੱਠਾ ਮੱਠਾ ਤਾਪ ਨੀ
ਜੰਞ ਸਾਹਵਾਂ ਦੀ ਦਾ ਰੁੱਸ ਗਿਆ ਲਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਕਰਤਾਰਪੁਰ ਵਿਚ – ਸ਼ਿਵ ਕੁਮਾਰ ਬਟਾਲਵੀ

ਘੁੰਮ ਚਾਰੇ ਚੱਕ ਜਹਾਨ ਦੇ
ਜਦ ਘਰ ਆਇਆ ਕਰਤਾਰ
ਕਰਤਾਰਪੁਰੇ ਦੀ ਨਗਰੀ
ਜਿਦ੍ਹੇ ਗਲ ਰਾਵੀ ਦਾ ਹਾਰ
ਜਿਦ੍ਹੇ ਝਮ ਝਮ ਪਾਣੀ ਲਿਸ਼ਕਦੇ
ਜਿਦ੍ਹੀ ਚਾਂਦੀ-ਵੰਨੀ ਧਾਰ
ਲਾਹ ਬਾਣਾ ਜੰਗ ਫ਼ਕੀਰ ਦਾ
ਮੁੜ ਮੱਲਿਆ ਆ ਸੰਸਾਰ
ਕਦੇ ਮੰਜੀ ਬਹਿ ਅਵਤਾਰੀਆਂ
ਕਦੇ ਦਸ ਨਹੁੰਆਂ ਦੀ ਕਾਰ
ਉਹਦੀ ਜੀਭ ਜਪੁਜੀ ਬੈਠਿਆ
ਤੇ ਅੱਖੀਂ ਨਾਮ-ਖੁਮਾਰ
ਸੁਣ ਸੋਹਬਾ ਰੱਬ ਦੇ ਜੀਵ ਦੀ
ਆ ਜੁੜਿਆ ਕੁੱਲ ਸੰਸਾਰ
ਤਦ ਕੁਲ ਜਗ ਚਾਨਣ ਹੋ ਗਿਆ
ਤੇ ਮਿਟੇ ਕੂੜ ਅੰਧਿਆਰ
ਚੌਂਹ ਕੂਟੀ ਸ਼ਬਦ ਇਹ ਗੂੰਜਿਆ
ਉਹ ਰੱਬ ਹੈ ਓਂਕਾਰ |

ਲੱਗੀ ਨਜ਼ਰ ਪੰਜਾਬ ਨੂੰ – ਸੁਰਜੀਤ ਪਾਤਰ

ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।

ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ
ਕਿਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿਚ ਬੜੀਆਂ
ਪਹਿਲੀ ਭਰਵੀਂ ਫਸਲ, ਇਨਾਂ ਦੀ ਓਦੋਂ ਲੱਗੀ
ਜਦ ਆਪੇ ਪੰਜਾਬੀਆਂ, ਪੰਜਾਬੀ ਛੱਡੀ

ਤੇ ਫਿਰ ਅਗਲੀ ਫਸਲ ਦੇ, ਬੀ ਗਏ ਖਿਲਾਰੇ
ਵੱਢੇ ਗਏ ਨਿਰਦੋਸ਼ ਜਦੋਂ, ਰਾਹ ਜਾਂਦੇ ਮਾਰੇ
ਵੱਡਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ
ਪਰ ਬੇਦੋਸ਼ਾਂ ਖੂਨ ਤਾਂ ਪੱਗਾਂ ਸਿਰ ਲੱਗਾ

ਓਹੀ ਛਿੱਟੇ ਖੂਨ ਦੇ, ਬਣ ਗਏ ਬਹਾਨਾ
ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ
ਜਿੱਥੋਂ ਤਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ
ਚੌਕ –ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ

ਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਲੜੀਆਂ
ਸਭ ਕੁਝ ਅੱਗ ਵਿਚ ਸੜ ਗਿਆ
ਮਿਰਚਾਂ ਨਾ ਸੜੀਆਂ
ਉਹ ਮਿਰਚਾਂ ਜ਼ਹਿਰੀਲੀਆਂ
ਏਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ ਵਾਰ ਕੇ
ਅੱਗ ਦੇ ਵਿਚ ਸਾੜੋ ।

ਅੱਗ ਪਿਤਰਾਂ ਦੀ ਜੀਭ ਹੈ
ਓਦੀ ਭੇਟਾ ਚਾੜ੍ਹੋ
ਉਹ ਪਿਤਰਾਂ ਦਾ ਬੀਜਿਆਂ
ਬੀਤੇ ਸੰਗ ਸਾੜੋ ।

ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆਂ ਏਦ੍ਹੇ ਸਿਰ ਤੋਂ ਵਾਰੋ