ਸ਼ਿਵ ਕੁਮਾਰ ਬਟਾਲਵੀ

ਕਰਤਾਰਪੁਰ ਵਿਚ – ਸ਼ਿਵ ਕੁਮਾਰ ਬਟਾਲਵੀ

ਘੁੰਮ ਚਾਰੇ ਚੱਕ ਜਹਾਨ ਦੇ
ਜਦ ਘਰ ਆਇਆ ਕਰਤਾਰ
ਕਰਤਾਰਪੁਰੇ ਦੀ ਨਗਰੀ
ਜਿਦ੍ਹੇ ਗਲ ਰਾਵੀ ਦਾ ਹਾਰ
ਜਿਦ੍ਹੇ ਝਮ ਝਮ ਪਾਣੀ ਲਿਸ਼ਕਦੇ
ਜਿਦ੍ਹੀ ਚਾਂਦੀ-ਵੰਨੀ ਧਾਰ
ਲਾਹ ਬਾਣਾ ਜੰਗ ਫ਼ਕੀਰ ਦਾ
ਮੁੜ ਮੱਲਿਆ ਆ ਸੰਸਾਰ
ਕਦੇ ਮੰਜੀ ਬਹਿ ਅਵਤਾਰੀਆਂ
ਕਦੇ ਦਸ ਨਹੁੰਆਂ ਦੀ ਕਾਰ
ਉਹਦੀ ਜੀਭ ਜਪੁਜੀ ਬੈਠਿਆ
ਤੇ ਅੱਖੀਂ ਨਾਮ-ਖੁਮਾਰ
ਸੁਣ ਸੋਹਬਾ ਰੱਬ ਦੇ ਜੀਵ ਦੀ
ਆ ਜੁੜਿਆ ਕੁੱਲ ਸੰਸਾਰ
ਤਦ ਕੁਲ ਜਗ ਚਾਨਣ ਹੋ ਗਿਆ
ਤੇ ਮਿਟੇ ਕੂੜ ਅੰਧਿਆਰ
ਚੌਂਹ ਕੂਟੀ ਸ਼ਬਦ ਇਹ ਗੂੰਜਿਆ
ਉਹ ਰੱਬ ਹੈ ਓਂਕਾਰ |

ਮਿਰਚਾਂ ਦੇ ਪੱਤਰ – ਸ਼ਿਵ ਕੁਮਾਰ ਬਟਾਲਵੀ

ਪੁੰਨਿਆ ਦੇ ਚੰਨ ਨੂੰ ਕੋਈ ਮੱਸਿਆ ਕੀਕਣ ਅਰਘ ਚੜ੍ਹਾਵੇ ਵੇ
ਕਿਓਂ ਕੋਈ ਡਾਚੀ ਸਾਗਰ ਖਾਤਰ ਮਾਰੂਥਲ ਛੱਡ ਜਾਵੇ ਵੇ
ਕਰਮਾਂ ਦੇ ਮਹਿੰਦੀ ਦਾ ਸੱਜਣਾ ਰੰਗ ਕਿਵੇਂ ਦੱਸ ਚੜਦਾ ਵੇ
ਜੇ ਕਿਸਮਤ ਮਿਰਚਾਂ ਦੇ ਪੱਤਰ ਪੀਠ ਤਲੀ ਤੇ ਲਾਵੇ ਵੇ
ਗਮ ਦਾ ਮੋਤੀਆ ਉੱਤਰ ਆਇਆ ਸਿਦਕ ਮੇਰੇ ਦੇ ਨੈਣੀਂ ਵੇ
ਪ੍ਰੀਤ ਨਗਰ ਦਾ ਔਖਾ ਪੈਂਡਾ ਜਿੰਦੜੀ ਕਿੰਝ ਮੁਕਾਵੇ ਵੇ
ਕਿੱਕਰ ਦੇ ਫੁੱਲਾਂ ਦੀ ਅੜਿਆ ਕੌਣ ਕਰੇਂਦਾ ਰਾਖੀ ਵੇ
ਕਦ ਕੋਈ ਮਾਲੀ ਮਲ੍ਹਿਆਂ ਉੱਤੋਂ ਹਰਿਆਲੀ ਆਣ ਉਡਾਵੇ ਵੇ
ਪੀੜਾਂ ਦੇ ਧਰਕੋਲੇ ਖਾ ਖਾ ਹੋ ਗਏ ਗੀਤ ਕੁਸੈਲੇ ਵੇ
ਵਿੱਚ ਨੜੋਏ ਬੈਠੀ ਜਿੰਦੂ ਕੀਕਣ ਸੋਹਲੇ ਗਾਏ ਵੇ
ਪ੍ਰੀਤਾਂ ਦੇ ਗਲ ਛੁਰੀ ਫਿਰੇਂਦੀ ਵੇਖ ਕੇ ਕਿੰਝ ਕੁਰਲਾਵਾਂ ਵੇ
ਲੈ ਚਾਂਦੀ ਦੇ ਬਿੰਗ ਕਸਾਈਆਂ ਮੇਰੇ ਗਲ ਫਸਾਏ ਵੇ
ਤੜਪ ਤੜਪ ਕੇ ਮਰ ਗਈ ਅੜਿਆ ਮੇਲ ਤੇਰੇ ਦੀ ਹਸਰਤ ਵੇ
ਐਸੇ ਇਸ਼ਕ਼ ਦੇ ਜ਼ੁਲਮੀ ਰਾਜੇ ਬਿਰਹੋਂ ਬਾਨ ਚਲਾਏ ਵੇ
ਚੁਗ ਚੁਗ ਰੋੜ ਗਲੀ ਤੇਰੀ ਦੇ ਘੁੰਗਣੀਆਂ ਵੱਤ ਚੱਬ ਲਏ ਵੇ
‘ਕੱਠੇ ਕਰ ਕਰ ਕੇ ਮੈਂ ਤੀਲੇ ਬੁੱਕਲ ਵਿੱਚ ਧੁਖਾਏ ਵੇ
ਇੱਕ ਚੂਲੀ ਵੀ ਪੀ ਨਾਂ ਸਕੀ ਪਿਆਰ ਦੇ ਨਿੱਤਰੇ ਪਾਣੀ ਵੇ
ਵਿੰਹਦਿਆਂ ਸਾਰ ਪਏ ਵਿੱਚ ਪੂਰੇ ਜਾ ਮੈਂ ਹੋਂਠ ਛੁਹਾਏ ਵੇ

ਕੌਣ ਮੇਰੇ ਸ਼ਹਿਰ ਆ ਕੇ ਮੁੜ ਗਿਆ – ਸ਼ਿਵ ਕੁਮਾਰ ਬਟਾਲਵੀ

ਕੌਣ ਮੇਰੇ ਸ਼ਹਿਰ ਆ ਕੇ ਮੁੜ ਗਿਆ,
ਚੰਨ ਦਾ ਸਾਰਾ ਚਾਨਣ ਰੁੜ ਗਿਆ ।
ਪੀੜ ਪਾ ਕੇ ਝਾਂਜਰਾਂ ਕਿਧਰ ਟੁਰੀ,
ਕਿਹੜੇ ਪੱਤਨੀ ਗਮ ਦਾ ਮੇਲਾ ਜੁੜ ਗਿਆ ।
ਛੱਡ ਕੇ ਅਕਲਾਂ ਦਾ ਝਿੱਕਾ ਆਲ੍ਹਣਾ,
ਉੱਡ ਗਿਆ ਹਿਜਰਾਂ ਦਾ ਪੰਛੀ ਉੱਡ ਗਿਆ ।
ਹੈ ਕੋਈ ਸੂਈ ਕੰਧੂਈ ਦੋਸਤੋ !
ਵਕਤ ਦੇ ਪੈਰਾਂ ‘ਚ ਕੰਡਾ ਪੁੜ ਗਿਆ ।
ਸ਼ੁਹਰਤ ਦੀ ਧੜ ਤੇ ਸੂਰਤ ਵੀ ਹੈ,
ਫਿਰ ਵੀ ਖੌਰੇ ਕੀ ਹੈ ਮੇਰਾ ਥੁੜ ਗਿਆ ।

ਗਮਾਂ ਦੀ ਰਾਤ – ਸ਼ਿਵ ਕੁਮਾਰ ਬਟਾਲਵੀ

ਗਮਾਂ ਦੀ ਰਾਤ ਲੰਮੀ ਏ,
ਜਾਂ ਮੇਰੇ ਗੀਤ ਲੰਮੇ ਨੇ ।
ਨਾਂ ਭੈੜੀ ਰਾਤ ਮੁੱਕਦੀ ਏ,
ਨਾਂ ਮੇਰੇ ਗੀਤ ਮੁੱਕਦੇ ਨੇ ।

ਇਹ ਸਰ ਕਿੰਨੇ ਕੁ ਡੂੰਘੇ ਨੇ,
ਕਿਸੇ ਨੇ ਹਾਥ ਨਾ ਪਾਈ ।
ਨਾ ਬਰਸਾਤਾਂ ‘ਚ ਚੜਦੇ ਨੇ,
‘ਤੇ ਨਾ ਔੜਾਂ ‘ਚ ਸੁੱਕਦੇ ਨੇ ।

ਮੇਰੇ ਹੱਡ ਵੀ ਅਵੱਲੇ ਨੇ,
ਜੋ ਅੱਗ ਲਾਇਆਂ ਨਹੀਂ ਸੜਦੇ ।
ਨਾਂ ਸੜਦੇ ਹਉਕਿਆਂ ਦੇ ਨਾਲ,
ਹਵਾਵਾਂ ਨਾਲ ਧੁੱਖਦੇ ਨੇ ।

ਇਹ ਫੱਟ ਹਨ ਇਸ਼ਕ਼ ਦੇ ਯਾਰੋ,
ਇਹਨਾਂ ਦੀ ਕੀ ਦਵਾ ਹੋਵੇ ।
ਇਹ ਹੱਥ ਲਾਇਆਂ ਵੀ ਦੁੱਖਦੇ ਨੇ,
ਮਲ੍ਹਮ ਲਾਇਆਂ ਵੀ ਦੁੱਖਦੇ ਨੇ ।

ਜੇ ਗੋਰੀ ਰਾਤ ਹੈ ਚੰਨ ਦੀ,
ਤਾਂ ਕਾਲੀ ਰਾਤ ਹੈ ਕਿਸ ਦੀ ।
ਨਾ ਲੁਕਦਾ ਤਾਰਿਆਂ ਵਿੱਚ ਚੰਨ
ਨਾ ਤਾਰੇ ਚੰਨ ‘ਚ ਲੁਕਦੇ ਨੇ ।