ਸ਼ਿਵ ਕੁਮਾਰ ਬਟਾਲਵੀ

ਲੂਣਾ – ਪਹਿਲਾ ਅੰਕ | ਭਾਗ – 1

ਅੰਕ ਪਹਿਲਾ

ਧਨਵੰਤੀ ਤੇ ਉਹਦੇ ਪਹਾੜਾਂ ਦੇ ਨਾਂ

[ ਚਾਨਣੀ ਰਾਤ ਦੇ ਅੰਤਿਮ ਪਹਿਰ, ਨਟੀ ਤੇ ਸੂਤਰਧਾਰ ਚੰਬੇ ਸ਼ਹਿਰ ਦੇ ਨੇੜੇ ਇੱਕ ਸੰਘਣੇ ਵਣ ਵਿੱਚ ਬੈਠੇ ਪ੍ਰੇਮ ਕਰ ਰਹੇ ਸਨ | ]
ਨਟੀ
ਇਹ ਕਵਣ ਸੁ ਸੁਹਾਵੜਾ
ਤੇ ਵਕਣ ਸੁ ਇਹ ਦਰਿਆ
ਜੋ ਰਾਤ ਨਮੋਘੀ ਚੰਨ ਦੀ
ਵਿੱਚ ਦੂਰੋਂ ਡਲ੍ਹਕ ਰਿਹਾ
ਕਈ ਵਿੰਗ–ਵਲੇਂਵੇ ਮਾਰਦਾ
ਕੋਈ ਅੱਗ ਦਾ ਸੱਪ ਜਿਹਾ
ਜੋ ਕੱਡ ਦੁਸਾਂਘੀ ਜੀਭ ਨੂੰ
ਵਾਦੀ ਵਿੱਚ ਸ਼ੂਕ ਰਿਹਾ

ਸੂਤਰਧਾਰ
ਇਹ ਦੇਸ ਸੁ ਚੰਬਾ ਸੋਹਣੀਏ
ਇਹ ਰਾਵੀ ਸੁ ਦਰਿਆ
ਜੋ ਐਰਾਵਤੀ ਕਹਾਂਵਦੀ
ਵਿੱਚ ਦੇਵ-ਲੋਕ ਦੇ ਜਾ
ਇਹ ਧੀ ਹੈ ਪਾਂਗੀ ਰਿਸ਼ੀ ਦੀ
ਇਹ ਚੰਦਰਭਾਗ ਭਰਾ
ਚੰਬਿਆਲੀ ਖ਼ਾਤਰ ਜਾਂਵਦਾ
ਇਹਨੂੰ ਚੰਬਾ ਦੇਸ ਕਿਹਾ

ਨਟੀ
ਹੈ ਇੱਤਰਾਂ ਭਿੱਜੀ ਵਗ ਰਹੀ
ਠੰਡੀ ਤੇ ਸੀਤ ਹਵਾ
ਏਥੇ ਰਾਤ ਰਾਣੀ ਦਾ ਜਾਪਦਾ
ਜਿਓਂ ਸਾਹ ਹੈ ਡੁੱਲ੍ਹ ਗਿਆ

ਸੂਤਰਧਾਰ
ਹਾਂ ਨੀਂ ਜਿੰਦੇ ਮੇਰੀਏ !
ਤੂੰ ਬਿਲਕੁਲ ਠੀਕ ਕਿਹਾ
ਹੈ ਕੁੰਗ, ਕਥੂਰੀ , ਅਗਰ ਦਾ
ਜਿਓਂ ਵਗੇ ਪਿਆ ਦਰਿਆ
ਇੱਕ ਮਾਨਸਰੋਵਰ ਇੱਤਰ ਦਾ
ਵਿੱਚ ਚੰਨ ਦਾ ਹੰਸ ਜਿਹਾ
ਹੈ ਚੁਪ-ਚਪੀਤਾ ਤੈਰਦਾ
‘ਤੇ ਤਾਰੇ ਚੁਗੇ ਪਿਆ

ਨਟੀ
ਪਰ ਮੈਨੂੰ ਈਕਣ ਜਾਪਦੈ
ਜਿਓਂ ਚਾਨਣ ਦੇ ਦਰਿਆ
ਇਹ ਮਹਿਕ ਜਿਵੇਂ ਇੱਕ ਕੁੜੀ ਚਿੜੀ
ਜਿਦ੍ਹਾ ਸੱਜਣ ਦੂਰ ਗਿਆ
ਅਗਨ-ਵਰੇਸੇ ਵਟਣਾ ਮਲ ਮਲ
ਰਹੀ ਜੋ ਨਗਨ ਨਹਾ
ਪਾਣੀ ਪਾ ਪਾ ਅੱਗ ਬੁਝਾਵੇ
ਅੱਗ ਨਾਂ ਬੁੱਝਣ ਆ

ਸੂਤਰਧਾਰ
ਵਾਹ !
ਇਹ ਤੂੰ ਖੂਬ ਕਿਹਾ
ਸਚਮੁੱਚ ਤਨ ਦੀ ਅੱਗ ਨੂੰ
ਨਾਂ ਪਾਣੀ ਸਕੇ ਬੁਝਾ
ਹੈ ਸੰਭਵ ਤਨ ਦੀ ਅੱਗ ਥੀਂ
ਖੌਲ ਸਮੁੰਦਰ ਜਾ

ਨਟੀ
ਛੇੜ ਸਾਰੰਗੀ ਪੌਣ ਦੀ
ਰਹੀ ਰੁੱਤ ਬਿਰਹੜੇ ਗਾ
ਜਿਓਂ ਕਾਮੀ ਸੱਜਣ ਕਿਸੇ ਦਾ
ਜਦ ਜਾਏ ਵਿਛੋੜਾ ਪਾ
ਇੱਕ ਡੂੰਘੀ ਸੌਲੀ ਸ਼ਾਮ ਨੂੰ
ਕਿਤੇ ਵਿੱਚ ਉਜਾੜੀਂ ਜਾ
ਜਿਓਂ ਢਿੱਡੀਂ ਮੁੱਕੀਆਂ ਮਾਰਦੀ
ਕੋਈ ਬਿਰਹਣ ਪਏ ਕੁਰਲਾ

ਸੂਤਰਧਾਰ
ਇਹ ਕਿਹਾ ਸੁਹਾਵਾ ਦੇਸ ਹੈ
ਤੇ ਕੇਹੀ ਨਸ਼ੀਲੀ ਵਾ
ਇਓਂ ਤਰਵਰ ਜਾਪਣ ਝੂਮਦੇ
ਜਿਓਂ ਛੀਂਬਾ ਡੰਗ ਗਿਆ
ਹੈ ਥਾਂ ਥਾਂ ਕੇਸੂ ਮੌਲਿਆ
ਤੇ ਡੁੱਲ੍ਹਿਆ ਲਹੂ ਜਿਹਾ
ਜਿਓਂ ਕਾਲੇ ਰੜੇ ਪਹਾੜ ਦਾ
ਸੀਨਾ ਪਾਟ ਗਿਆ
ਇਓਂ ਜਾਪੇ ਭੌਂ ਦੀਆਂ ਬੁੱਲ੍ਹੀਆਂ
ਵਿੱਚ ਭਰਿਆ ਨਸ਼ਾ ਜਿਹਾ
ਇਕ ਸਵਾਦ ਸਵਾਦ ਹੋ ਜਿਨ੍ਹਾਂ ਨੂੰ
ਹੈ ਅੰਬਰ ਚੂੰਮ ਰਿਹਾ
ਕੋਈ ਜੀਕਣ ਪ੍ਰੇਮੀ ਪ੍ਰੇਮੀ ਤੋਂ
ਇੱਕ ਉਮਰਾਂ ਬਾਝ ਰਿਹਾ
ਉੱਸ ਅੰਭੇ ਹੋਂਠ ਤਾਂ ਚੁੰਮਣਾ
ਪਰ ਭੁੱਖਾ ਫੇਰ ਰਿਹਾ

ਨਟੀ
ਸੁਣੋ ਸਵਾਮੀ ਕਿਹਾ ਸੁਹਾਵਾ
ਪੰਛੀ ਬੋਲ ਰਿਹਾ
ਜਿਓਂ ਕਿਸੇ ਪ੍ਰੇਮੀ ਆਪਣੇ
ਪ੍ਰੇਮੀ ਦਾ ਨਾਮ ਲਿਆ
ਜਿਓਂ ਬਾਂਸ ਦੀ ਪਾਟੀ ਪੋਰ ‘ਚੋਂ
ਇੱਕ ਰੁਮਕਾ ਲੰਘ ਗਿਆ
ਜਿਓਂ ਸੇਜ ਸੱਜਣ ਦੀ ਮਾਣਦੀ ਦਾ
ਹਾਸਾ ਨਿਕਲ ਗਿਆ
ਪ੍ਰਥਮ ਪ੍ਰੇਮ ਦੇ ਪ੍ਰਥਮ ਮੇਲ ਦੇ
ਪ੍ਰਥਮ ਹੀ ਸ਼ਬਦ ਜਿਹਾ
ਦਰਦ ਪਰੁੱਚੇ ਕਿਸੇ ਗੀਤ ਦੇ
ਅੰਤਮ ਬੋਲ ਜਿਹਾ

ਸੂਤਰਧਾਰ
ਹੈ ਸੌਲੇ ਜਿਹੇ ਪਹਾੜ ‘ਤੇ
ਚੰਨ ਈਕਣ ਸੋਭ ਰਿਹਾ
ਜਿਓਂ ਕੁਲਿਕ ਨਾਗ ਕੋਈ ਮਨੀਂ ਥੀਂ
ਨੇਰ੍ਹੇ ਵਿੱਚ ਖੇਡ ਰਿਹਾ
ਇਹ ਪਰਬਤ ਲੰਮ-ਸਲੰਮੜਾ
ਹੈ ਈਕਣ ਫੈਲ ਗਿਆ
ਜਿਓਂ ਨਾਗਾਂ ਦੀ ਮਾਂ ਸੂਰਸਾ
ਕੋਈ ਬਾਸ਼ਕ ,ਉਰਗ ਤੇ ਛੀਂਬੜੇ
ਕਈ ਅਹੀ, ਖੜੱਪੇ ਆ
ਕਈ ਕੱਲਰੀ, ਉੱਡਣੇ, ਪਦਮ ‘ਤੇ
ਸੰਗਚੂੜੇ ਧੌਣ ਉਠਾ
ਪਏ ਚਾਨਣ ਦਾ ਦੁੱਧ ਪੀਂਵਦੇ
ਤੇ ਰਹੇ ਨੇ ਜਸ਼ਨ ਮਨਾ
ਔਹ ਵੇਖ ! ਨੀ ਜਿੰਦੇ ਘਾਟੀਆਂ
ਵਿੱਚ ਬੱਦਲ ਉੱਡ ਰਿਹਾ
ਜਿਓਂ ਸੱਪ ਕਿਸੇ ਨੂੰ ਡੰਗ ਕੇ
ਗੁੱਸੇ ਵਿੱਚ ਉਲਟ ਗਿਆ
ਸੁਪਨ-ਲੋਕ ਦੇ ਉਡਦੇ ਹੋਏ
ਦੂਧ ਮਹਿਲ ਜਿਹਾ
ਜਿਦ੍ਹੀ ਮਮਟੀ ਬੈਠਾ ਚੰਨ ਦਾ
ਕੋਈ ਪੰਛੀ ਬੋਲ ਰਿਹਾ
ਵਿੱਚ ਫੁੱਲ-ਪੱਤੀਆਂ ਦੀ ਸੇਜ ‘ਤੇ
ਇੱਕ ਨੰਗਾ ਅਗਨ ਜਿਹਾ
ਇੱਕ ਬੁੱਤ ਗੁਲਾਬੀ ਨਾਰ ਦਾ
ਕੋਈ ਕਾਮ ਵੇਖ ਰਿਹਾ
ਤੇ ਭੋਗਨ ਪਹਿਲੇ ਓਸ ਦਾ
ਜਿਓਂ ਸੁਪਨਾ ਟੁੱਟ ਗਿਆ

(ਚਲਦਾ….)

ਇੱਕ ਗੀਤ ਹਿਜਰ ਦਾ – ਸ਼ਿਵ ਕੁਮਾਰ ਬਟਾਲਵੀ

ਮੋਤੀਏ ਰੰਗੀ ਚਾਨਣੀ ਦੀ ਭਰ ਪਿਚਕਾਰੀ,
ਮਾਰੀ ਨੀਂ ਕਿਸੇ ਮੁੱਖ ਮੇਰੇ ਤੇ ਮਾਰੀ |

ਕਿਸ ਲਈ ਮੇਰੇ ਮੱਥੇ ਚੰਨ ਦੀ ਦੌਣੀ,
ਕਿਸ ਰੱਤੀ ਮੇਰੀ ਸੂਹੀ ਗੁੱਟ ਫੁਲਕਾਰੀ |

ਰਹਿਣ ਦਿਓ ਨੀਂ ਹੰਸ ਦਿਲੇ ਦਾ ਫਾਕੇ,
ਜਾਂਦੀ ਨਹੀਂ ਮੈਥੋਂ ਮਹਿੰਗੀ ਚੋਗ ਖਿਲਾਰੀ |

ਤੋੜੇ ਮਾਲ੍ਹ ਤਰੱਕਲਾ ਚਰਖੀ ਫੂਕੋ,
ਕਿਸ ਮੇਰੀ ਵੈਰਣ ਕੌਡਾਂ ਨਾਲ ਸ਼ਿੰਗਾਰੀ |

ਕਿਸ, ਕੂਲ੍ਹਾਂ ਦੇ ਆਣ ਘਚੋਲੇ ਪਾਣੀ,
ਕਿਸ ਤੱਤੜੀ ਨੇ ਆਣ ਮਰੂੰਡੀਆਂ |

ਕਿਸ ਖੂਹੇ ਬਹਿ ਧੋਵਾਂ ਦਾਗ ਦਿਲੇ ਦੇ ,
ਕਿਸ ਚੌਂਕੀ ਬਹਿ ਮਲ ਮਲ ਵਟਣਾ ਨ੍ਹਾਵਾਂ |

ਕੀਹ ਗੁੰਦਾਂ ਹੁਣ ਗੁੱਡੀਆਂ ਦੇ ਸਿਰ ਮੋਤੀ,
ਕੀਕਣ ਉਮਰ ਨਿਆਣੀ ਮੋੜ ਲਿਆਵਾਂ |

ਕਿਸ ਸੰਗ ਖੇਡਾਂ ਅੜੀਓ ਨੀਂ ਮੈਂ ਕੰਜਕਾਂ,
ਕਿਸ ਸੰਗ ਅੜੀਓ ਰਾੜੇ ਬੀਜਣ ਜਾਵਾਂ |

ਉੱਡ ਗਈਆਂ ਡਾਰਾਂ ਸੱਭੇ ਬੰਨ੍ਹ ਕਤਾਰਾਂ,
ਮੈਂ ਕੱਲੀ ਵਿੱਚ ਫਸ ਗਈ ਜੇ ਨੀਂ ਫਾਹੀਆਂ |

ਲੱਖ ਸ਼ੁਦੈਣਾਂ ਔਸੀਆਂ ਪਾ ਪਾ ਮੋਈਆਂ,
ਵਾਤ ਨਾਂ ਪੁੱਛੀ ਏਸ ਗਿਰਾਂ ਦਿਆਂ ਰਾਹੀਆਂ |

ਪਰਤ ਕਦੇ ਨਾਂ ਆਏ ਮਹਿਰਮ ਘਰ ਨੂੰ ,
ਐਵੇਂ ਉਮਰਾਂ ਵਿੱਚ ਉਡੀਕ ਵਿਹਾਈਆਂ |

ਆਖੋ ਸੂ , ਚੰਨ ਮੱਸਿਆ ਨੂੰ ਨਹੀਂ ਚੜ੍ਹਦਾ,
ਮੱਸਿਆ ਵੰਡਦੀ ਆਈ ਧੁਰੋਂ ਸਿਆਹੀਆਂ |

ਝੱਬ ਕਰ ਅੜੀਏ ਤੂੰ ਵੀ ਉੱਡ ਜਾ ਚਿੜੀਏ ,
ਇਹਨੀਂ ਮਹਿਲੀਂ ਹਤਿਆਰੇ ਨੇ ਵਸਦੇ |

ਏਸ ਖੇਤ ਵਿੱਚ ਕਦੇ ਨਹੀਂ ਉੱਗਦੀ ਕੰਗਣੀ ,
ਏਸ ਖੇਤ ਦੇ ਧਾਨ ਕਦੇ ਨਹੀਂ ਪੱਕਦੇ |

ਭੁੱਲ ਨਾਂ ਬੋਲੇ ਕੋਇਲ ਇਹਨੀਂ ਅੰਬੀਂ,
ਇਹਨੀਂ ਬਾਗੀਂ ਮੋਰ ਕਦੇ ਨਹੀਂ ਨੱਚਦੇ |

ਅੜੀਓ ਨੀਂ ਮੈਂ ਘਰ ਬਿਰਹੋਂ ਦੇ ਜਾਈਆਂ ,
ਰਹਿਣਗੇ ਹੋਂਠ ਹਸ਼ਰ ਤੱਕ ਹੰਝੂ ਚੱਟਦੇ |

ਕੀਹ ਰੋਵਾਂ ਮੈਂ ਗਲ ਸੱਜਣਾਂ ਦੇ ਮਿਲ ਕੇ,
ਕੀਹ ਹੱਸਾਂ ਮੈਂ ਅੜੀਓ ਮਾਰ ਛੜੱਪੀਆਂ |

ਕੀਹ ਬੈਠਾਂ ਮੈਂ ਛਾਵੇਂ ਸੰਦਲ ਰੁੱਖ ਦੀ,
ਕੀਹ ਬਣ ਬਣ ‘ਚੋਂ ਚੁਗਦੀ ਫਿਰਾਂ ਮੈਂ ਰੱਤੀਆਂ |

ਕੀਹ ਟੇਰਾਂ ਮੈਂ ਸੂਤ ਗਮਾਂ ਦੇ ਖੱਦੇ,
ਕੀਹ ਖੋਹਲਾਂ ਮੈਂ ਗੰਢਾਂ ਪੇਚ ਪਲੱਚੀਆਂ |

ਕੀਹ ਗਾਵਾਂ ਮੈਂ ਗੀਤ ਹਿਜ਼ਰ ਦੇ ਗੂੰਗੇ,
ਕੀਹ ਛੇੜਾਂ ਮੈਂ ਮੂਕ ਦਿਲੇ ਦੀਆਂ ਮੱਟੀਆਂ |

ਡਾਚੀ ਸਹਿਕਦੀ – ਸ਼ਿਵ ਕੁਮਾਰ ਬਟਾਲਵੀ

ਜੇ ਡਾਚੀ ਸਹਿਕਦੀ ਸੱਸੀ ਨੂੰ
ਪੁੰਨੂ ਥੀਂ ਮਿਲਾ ਦੇਂਦੀ |
ਤਾਂ ਤੱਤੀ ਮਾਣ ਸੱਸੀ ਦਾ
ਉਹ ਮਿੱਟੀ ਵਿੱਚ ਰੁਲਾ ਦੇਂਦੀ |

ਭਲੀ ਹੋਈ ਕੇ ਸਾਰਾ ਸਾਉਣ ਹੀ
ਬਰਸਾਤ ਨਾ ਹੋਈ,
ਪਤਾ ਕੀ ਆਲ੍ਹਣੇ ਦੇ ਟੋਟਰੂ
ਬਿਜਲੀ ਜਲਾ ਦੇਂਦੀ |

ਮੈਂ ਅਕਸਰ ਵੇਖਿਆ –
ਕਿ ਤੇਲ ਹੁੰਦਿਆ ਸੁੰਦਿਆ ਦੀਵੇ,
ਹਵਾ ਕਈ ਵਾਰ ਦਿਲ ਦੀ
ਮੌਜ ਖਾਤਰ ਹੈ ਬੁਝਾ ਦੇਂਦੀ |

ਭੁਲੇਖਾ ਹੈ ਕਿ ਜਿੰਦਗੀ
ਪਲ ਦੋ ਪਲ ਲਈ ਘੂਕ ਸੌਂ ਜਾਂਦੀ,
ਜੇ ਪੰਛੀ ਗ਼ਮ ਦਾ ਦਿਲ ਦੀ
ਸੰਘਣੀ ਜੂਹ ‘ਚੋਂ ਉਡਾ ਦੇਂਦੀ |
ਹਕੀਕਤ ਇਸ਼ਕ਼ ਦੀ
ਜੇ ਮਹਿਜ ਖੇਡ ਹੁੰਦੀ ਜਿਸਮਾਂ ਦੀ ,
ਤਾਂ ਦੁਨੀਆ ਅੱਜ ਤੀਕਣ
ਨਾਂ ਤੇਰਾ ਮੇਰਾ ਭੁਲਾ ਦੇਂਦੀ |

ਮੈਂ ਬਿਨ ਸੂਲਾਂ ਦੇ ਰਾਹ ‘ਤੇ
ਕੀਹ ਤੁਰਾਂ ਮੈਨੂੰ ਸ਼ਰਮ ਆਉਂਦੀ ਹੈ,
ਮੈਂ ਅੱਖੀਂ ਵੇਖਿਐ
ਕਿ ਹਰ ਕਲੀ ਉੜਕ ਦਗਾ ਦੇਂਦੀ |

ਵਸਲ ਦਾ ਸਵਾਦ ਤਾਂ
ਇੱਕ ਪਲ ਦੋ ਪਲ ਦੀ ਮੌਜ ਤੋਂ ਵੱਧ ਨਹੀਂ ,
ਜੁਦਾਈ ਹਸ਼ਰ ਤੀਕਣ
ਆਦਮੀ ਨੂੰ ਹੈ ਨਸ਼ਾ ਦੇਂਦੀ |

ਸੀਮਾ ਬਟਾਲਵੀ – ਸ਼ਿਵ ਕੁਮਾਰ ਬਟਾਲਵੀ

ਦੈਨਿਕ ਅਖਬਾਰ ਦੇ
ਅੱਜ ਪ੍ਰਥਮ ਪੰਨੇ ‘ਤੇ
ਮੇਰੀ ਮਹਿਬੂਬਾ ਦੀ
ਤਸਵੀਰ ਛਪੀ ਹੈ
ਏਸ ਤਸਵੀਰ ‘ਚ
ਕੁਝ ਗੋਰੇ ਬਦੇਸ਼ੀ ਬੱਚੇ
‘ਤੇ ਇੱਕ ਹੋਰ ਉਹਦੇ ਨਾਲ
ਖੜ੍ਹੀ ਉਸ ਦੀ ਸਖੀ ਹੈ |

ਤਸਵੀਰ ਦੇ ਪੈਰੀਂ
ਇੱਕ ਇਬਾਰਤ ਦੀ ਹੈ ਝਾਂਜਰ
ਇਹ ਕੁੜੀ
ਪਹਿਲੀ ਪੰਜਾਬਣ ਉਹ ਕੁੜੀ
ਜਿਹੜੀ ਪਰਦੇਸ ਤੋਂ
ਸੰਗੀਤ ਦੀ ਵਿਦਿਆ ਲੈ ਕੇ
ਛੇ ਵਰ੍ਹੇ ਪਿਛੋਂ
ਜੋ ਅੱਜ ਦੇਸ਼ ਮੁੜੀ ਸੀ |
ਹਾਂ ਠੀਕ ਕਿਹਾ , ਠੀਕ ਕਿਹਾ
ਇਹੋ ਉਹ ਕੁੜੀ ਹੈ
ਏਸੇ ਹੀ ਕੁੜੀ ਖਾਤਰ
ਮੇਰੇ ਜਿੰਦਗੀ ਥੁੜੀ ਥੁੜੀ ਹੈ
ਏਹੋ ਹੈ ਕੁੜੀ
ਜਿਸ ਨੂੰ ਕੇ ਮੇਰੇ ਗੀਤ ਨੇ ਰੋਂਦੇ
ਮਾਸੂਮ ਮੇਰੇ ਖਾਬ ਵੀ
ਅਵਾਰਾ ਨੇ ਭੌਂਦੇ |

ਇਹੋ ਹੈ ਕੁੜੀ
ਅਕਸਰ ਮੇਰੇ ਸ਼ਹਿਰ ਹੈ ਆਉਂਦੀ
ਹਰ ਵਾਰ ਜਦੋ ਆਉਂਦੀ
ਤਿੰਨ ਫੁੱਲ ਲਿਆਉਂਦੀ
ਗੁਲਦਾਨ ‘ਚ ਤਿੰਨ ਫੁੱਲ ਜਦੋਂ
ਹਥੀਂ ਉਹ ਸਜਾਉਂਦੀ
ਮੁਸਕਾ ਕੇ ‘ਤੇ ਅੰਦਾਜ਼ ‘ਚ
ਕੁਝ ਏਦਾਂ ਉਹ ਕਹਿੰਦੀ
ਇੱਕ ਫੁੱਲ ਕੋਈ ਸਾਂਝਾ
ਕਿਸੇ ਪਿਉ ਦਾ , ਕਿਸੇ ਮਾਂ ਦਾ
ਇੱਕ ਫੁੱਲ ਮੇਰੀ ਕੁਁਖ ਦੀ
ਸੀਮਾ ਦੇ ਹੈ ਨਾਂ ਦਾ
ਹਾਂ ਠੀਕ ਕਿਹਾ , ਠੀਕ ਕਿਹਾ
ਇਹੋ ਉਹ ਕੁੜੀ
ਪਹਿਲੀ ਪੰਜਾਬਣ ਉਹ ਕੁੜੀ ਹੈ
ਜਿਹੜੀ ਪ੍ਰਦੇਸ ਤੋਂ
ਸੰਗੀਤ ਦੀ ਵਿਦਿਆ ਲੈ ਕੇ
ਛੇ ਵਰ੍ਹੇ ਪਿਛੋਂ
ਜੋ ਅੱਜ ਦੇਸ ਮੁੜੀ ਹੈ
ਏਸ ਤਸਵੀਰ ‘ਚ
ਇੱਕ ਗੋਰੀ ਜਿਹੀ ਨਿੱਕੀ ਬੱਚੀ
ਮੇਰੀ ਮਹਿਬੂਬਾ ਦੀ
ਜਿਸ ਚੀਚੀ ਹੈ ਪਕੜ ਰਁਖੀ
ਓਸ ਦੀ ਸ਼ਕਲ
ਮੇਰੇ ਜਿਹਨ ‘ਚ ਹੈ ਆ ਲਥੀ |

ਈਕਣ ਲੱਗਦਾ ਹੈ :
ਇਹ ਮੇਰੀ ਆਪਣੀ ਧੀ ਹੈ
ਮੇਰਾ ਤੇ ਮੇਰੀ ਬੇਲਣ ਦੇ
ਬੀਮਾਰ ਲਹੂ ਦਾ
ਏਸ ਧਰਤੀ ‘ਤੇ ਬਿਜਾਇਆ
ਕੋਈ ਸਾਂਝਾ ਬੀਅ ਹੈ
ਮੇਰੀ ਪੀੜਾ ਦੇ ਮਰੀਅਮ ਦੇ
ਖਾਬਾਂ ਦਾ ਮਸੀਹ ਹੈ |
ਮੁੱਦਤ ਤੋਂ ਜਿਹਦੀ ਖਾਤਰ
ਬੇਚੈਨ ਮੇਰਾ ਜੀਅ ਹੈ
ਓਹੋ ਹੀ ਸੀਮਾ ਧੀ ਹੈ
ਕੋਈ ਹੋਰ ਇਹਦਾ ਪਿਓ ਹੈ
ਹਾਂ ਠੀਕ ਕਿਹਾ , ਠੀਕ ਕਿਹਾ
ਇਹੋ ਉਹ ਕੁੜੀ
ਪਹਿਲੀ ਪੰਜਾਬਣ ਉਹ ਕੁੜੀ ਹੈ
ਜਿਹੜੀ ਪ੍ਰਦੇਸ ਤੋਂ
ਸੰਗੀਤ ਦੀ ਵਿਦਿਆ ਲੈ ਕੇ
ਛੇ ਵਰ੍ਹੇ ਪਿਛੋਂ
ਜੋ ਅੱਜ ਦੇਸ ਮੁੜੀ ਹੈ |

ਮੇਰੇ ਰਾਮ ਜੀਓ – ਸ਼ਿਵ ਕੁਮਾਰ ਬਟਾਲਵੀ

ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਓ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਓ |

ਕਿਥੇ ਸਉ ਜਦ ਅੰਗ ਸੰਗ ਸਾਡੇ
ਰੁੱਤ ਜੋਬਨ ਦੀ ਮੌਲੀ
ਕਿਥੇ ਸਉ ਜਦ ਤਨ ਮਨ ਸਾਡੇ
ਗਈ ਕਥੂਰੀ ਘੋਲੀ
ਕਿਥੇ ਸਉ ਜਦ ਸਾਹ ਵਿੱਚ ਚੰਬਾ
ਚੇਤਰ ਬੀਜਣ ਆਏ
ਮੇਰੇ ਰਾਮ ਜੀਓ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਓ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਓ |

ਕਿਥੇ ਸਉ ਮੇਰੇ ਰਾਮ ਜੀਓ
ਜਦ ਇਹ ਕੰਜਕ ਜਿੰਦ ਨਿਮਾਣੀ
ਨੀਮ ਪਿਆਜ਼ੀ ਰੂਪ ਸਰਾਂ ਦਾ
ਪੀ ਕੇ ਆਈ ਪਾਣੀ
ਕਿਥੇ ਸਉ ਜਦ ਧਰਮੀ ਬਾਬਲ
ਸਾਡੇ ਕਾਜ ਰਚਾਏ
ਮੇਰੇ ਰਾਮ ਜੀਓ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਓ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਓ |

ਕਿਥੇ ਸਉ ਜਦ ਨਹੁੰ ਟੁਕਦੀ ਦੇ
ਸਾਉਣ ਮਹੀਨੇ ਬੀਤੇ
ਕਿਥੇ ਸਉ ਜਦ ਮਹਿਕਾਂ ਦੇ
ਅਸਾਂ ਦੀਪ ਚਮੁਖੀਏ ਸੀਖੇ
ਕਿਥੇ ਸਉ ਉਸ ਰੁੱਤੇ
‘ਤੇ ਤੁਸੀਂ ਉਦੋਂ ਕਿਓਂ ਨਾਂ ਆਏ
ਮੇਰੇ ਰਾਮ ਜੀਓ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਓ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਓ |
ਕਿਥੇ ਸਉ ਜਦ ਜਿੰਦ ਮਜਾਜਣ
ਨਾਂ ਲੈ ਲੈ ਕੁਰਲਾਈ
ਉਮਰ ਚੰਦੋਆ ਤਾਨ ਵਿਚਾਰੀ
ਗ਼ਮ ਦੀ ਬੀੜ ਰਖਾਈ
ਕਿਥੇ ਸਉ ਜਦ ਵਾਕ ਲੈਂਦਿਆਂ
ਹੋਂਠ ਨਾਂ ਅਸਾਂ ਹਿਲਾਏ
ਮੇਰੇ ਰਾਮ ਜੀਓ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਓ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਓ |

ਹੁਣ ਤਾਂ ਪ੍ਰਭ ਜੀ ਨਾਂ ਤਨ ਆਪਣਾ
ਤੇ ਨਾਂ ਹੀ ਮਨ ਆਪਣਾ
ਬੇਹੇ ਫੁੱਲ ਦਾ ਪਾਪ ਵਡੇਰਾ
ਦਿਓਤੇ ਅੱਗੇ ਰਁਖਣਾ
ਹੁਣ ਤਾਂ ਪ੍ਰਭ ਜੀ ਬਹੁ ਪੁੰਨ ਹੋਵੇ
ਜੇ ਜਿੰਦ ਖਾਕ ਹੰਢਾਏ
ਮੇਰੇ ਰਾਮ ਜੀਓ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਓ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਓ |