ਸ਼ਿਵ ਕੁਮਾਰ ਬਟਾਲਵੀ

ਸ਼ਿਕਰਾ – ਸ਼ਿਵ ਕੁਮਾਰ ਬਟਾਲਵੀ

ਮਾਏ ! ਨੀ ਮਾਏ !
ਮੈਂ ਇਕ ਸ਼ਿਕਰਾ ਯਾਰ ਬਣਾਇਆ
ਉਹਦੇ ਸਿਰ ‘ਤੇ ਕਲਗੀ
‘ਤੇ ਉਹਦੇ ਪੈਰੀਂ ਝਾਂਜਰ
‘ਤੇ ਉਹ ਚੋਗ ਚੁਗੀਂਦਾ ਆਇਆ
ਨੀ ਮੈਂ ਵਾਰੀ ਜਾਂ |

ਇਕ ਉਹਦੇ ਰੂਪ ਦੀ
ਧੁੱਪ ਤਿਖੇਰੀ
ਦੂਜਾ ਮਹਿਕਾਂ ਦਾ ਤਿਰਹਾਇਆ
ਤੀਜਾ ਉਹਦਾ ਰੰਗ ਗੁਲਾਬੀ
ਕਿਸੇ ਗੋਰੀ ਮਾਂ ਦਾ ਜਾਇਆ
ਨੀ ਮੈਂ ਵਾਰੀ ਜਾਂ |

ਨੈਣੀਂ ਉਹਦੇ
ਚੇਤ ਦੀ ਆਥਣ
ਅਤੇ ਜੁਲ੍ਫੀਂ ਸਾਵਣ ਛਾਇਆ
ਹੋਠਾਂ ਦੇ ਵਿਚ ਕੱਤੇ ਦਾ
ਕੋਈ ਦਿਹੁੰ ਚੜ੍ਹਨੇ ‘ਤੇ ਆਇਆ
ਨੀ ਮੈਂ ਵਾਰੀ ਜਾਂ |

ਸਾਹਵਾਂ ਦੇ ਵਿਚ
ਫੁੱਲ ਸੋਇਆਂ ਦੇ
ਕਿਸੇ ਬਾਗ ਚਾਨਣ ਦਾ ਲਾਇਆ
ਦੇਹੀ ਦੇ ਵਿਚ ਖੇਡੇ ਚੇਤਰ
ਇੱਤਰਾਂ ਨਾਲ ਨੁਹਾਇਆ
ਨੀ ਮੈਂ ਵਾਰੀ ਜਾਂ |

ਬੋਲਾਂ ਦੇ ਵਿਚ
ਪੌਣ ਪੁਰੇ ਦੀ
ਨੀ ਉਹ ਕੋਇਲਾਂ ਦਾ ਹਮਸਾਇਆ
ਚਿੱਟੇ ਦੰਦ ਜਿਉਂ ਧਾਨੋਂ ਬਗਲਾ
ਤੌੜੀ ਮਾਰ ਉਡਾਇਆ
ਨੀ ਮੈਂ ਵਾਰੀ ਜਾਂ |

ਇਸ਼ਕੇ ਦਾ
ਇਕ ਪਲੰਘ ਨੁਆਰੀ
ਅਸਾਂ ਚਾਨਣੀਆਂ ਵਿਚ ਡਾਹਿਆ
ਤਨ ਦੀ ਚਾਦਰ ਹੋ ਗਈ ਮੈਲੀ
ਉਸ ਪੈਰ ਜਾ ਪਲੰਘੇ ਪਾਇਆ
ਨੀ ਮੈਂ ਵਾਰੀ ਜਾਂ |

ਦੁਖਣ ਮੇਰੇ
ਨੈਣਾਂ ਦੇ ਕੋਏ
ਵਿਚ ਹੜ੍ਹ ਹੰਝੂਆਂ ਦਾ ਆਇਆ
ਸਾਰੀ ਰਾਤ ਗਈ ਵਿਚ ਸੋਚਾਂ
ਉਸ ਇਹ ਕੀ ਜੁਲਮ ਕਮਾਇਆ
ਨੀ ਮੈਂ ਵਾਰੀ ਜਾਂ |

ਸੁਬ੍ਹਾ-ਸਵੇਰੇ
ਲੈ ਨੀ ਵੱਟਣਾ
ਅਸਾਂ ਮਲ ਮਲ ਓਸ ਨੁਹਾਇਆ
ਦੇਹੀ ਵਿਚੋਂ ਨਿਕਲਣ ਚਿਣਗਾਂ
ਤੇ ਸਾਡਾ ਹਥ ਗਿਆ ਕੁਮਲਾਇਆ
ਨੀ ਮੈਂ ਵਾਰੀ ਜਾਂ |

ਚੂਰੀ ਕੁੱਟਾਂ
‘ਤੇ ਉਹ ਖਾਂਦਾ ਨਾਹੀਂ
ਉਹਨੂੰ ਦਿਲ ਦਾ ਮਾਸ ਖਵਾਇਆ
ਇਕ ਉਡਾਰੀ ਐਸੀ ਮਾਰੀ
ਉਹ ਮੁੜ ਵਤਨੀਂ ਨਹੀਂ ਆਇਆ
ਨੀ ਮੈਂ ਵਾਰੀ ਜਾਂ |

ਸ਼ਿਕਰਾ
ਮਾਏ ! ਨੀ ਮਾਏ !
ਮੈਂ ਇਕ ਸ਼ਿਕਰਾ ਯਾਰ ਬਣਾਇਆ
ਉਹਦੇ ਸਿਰ ‘ਤੇ ਕਲਗੀ
‘ਤੇ ਉਹਦੇ ਪੈਰੀਂ ਝਾਂਜਰ
‘ਤੇ ਉਹ ਚੋਗ ਚੁਗੀਂਦਾ ਆਇਆ
ਨੀ ਮੈਂ ਵਾਰੀ ਜਾਂ |

ਇਹ ਮੇਰਾ ਗੀਤ – ਸ਼ਿਵ ਕੁਮਾਰ ਬਟਾਲਵੀ

ਇਹ ਮੇਰਾ ਗੀਤ
ਕਿਸੇ ਨਾ ਗਾਣਾ
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ
ਇਹ ਮੇਰਾ ਗੀਤ
ਕਿਸੇ ਨਾ ਗਾਣਾ!
ਇਹ ਮੇਰਾ ਗੀਤ ਧਰਮ ਤੋਂ ਮੈਲਾ
ਸੂਰਜ ਜੇਡ ਪੁਰਾਣਾ
ਕੋਟ ਜਨਮ ਤੋਂ ਪਿਆ ਅਸਾਨੂੰ
ਇਸ ਦਾ ਬੋਲ ਹੰਢਾਣਾ
ਹੋਰ ਕਿਸੇ ਦੀ ਚਾਹ ਨਾ ਕਾਈ
ਇਸ ਨੂੰ ਹੋਠੀਂ ਲਾਣਾ!
ਇਹ ਤਾਂ ਮੇਰੇ ਨਾਲ ਜਨਮਿਆ
ਨਾਲ ਬਹਿਸ਼ਤੀ ਜਾਣਾ!
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ!
ਏਸ ਗੀਤ ਦਾ ਅਜਬ ਜਿਹਾ ਸੁਰ
ਡਾਢਾ ਦਰਦ ਰੰਝਾਣਾ
ਕੱਤਕ ਮਾਹ ਵਿਚ ਦੂਰ ਪਹਾੜੀਂ
ਕੂੰਜਾਂ ਦਾ ਕੁਰਲਾਣਾ
ਨੂਰ-ਪਾਕ ਦੇ ਵੇਲੇ ਰੱਖ ਵਿਚ
ਚਿੜੀਆਂ ਦਾ ਚਿਚਲਾਣਾ
ਕਾਲੀ ਰਾਤੇ ਸਰਕੜਿਆਂ ‘ਚੋਂ
ਪੌਣਾਂ ਦਾ ਲੰਘ ਜਾਣਾ!
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ!
ਮੈਂ ਤੇ ਮੇਰੇ ਗੀਤ ਨੇ ਦੋਹਾਂ
ਜਦ ਭਲਕੇ ਮਰ ਜਾਣਾ
ਬਿਰਹੋਂ ਦੇ ਘਰ ਜਾਈਆਂ ਸਾਨੂੰ
ਕਬਰੀਂ ਲੱਭਣ ਆਉਣਾ
ਸਭਨਾਂ ਸਈਆਂ ਇਕ ਆਵਾਜ਼ੇ
ਮੁੱਖੋਂ ਬੋਲਲ ਅਲਾਣਾ!
“ਕਿਸੇ ਕਿਸੇ ਦੇ ਲੇਖੀਂ ਹੁੰਦਾ
ਏਡਾ ਦਰਦ ਕਮਾਣਾ!
ਇਹ ਮੇਰਾ ਗੀਤ
ਕਿਸੇ ਨਾ ਗਾਣਾ
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ!
ਇਹ ਮੇਰਾ ਗੀਤ
ਕਿਸੇ ਨਾ ਗਾਣਾ!

ਮੈਂ ਕੰਡਿਆਲੀ ਥੋਹਰ ਵੇ ਸੱਜਣਾ – ਸ਼ਿਵ ਕੁਮਾਰ ਬਟਾਲਵੀ

ਮੈਂ ਕੰਡਿਆਲੀ ਥੋਹਰ ਵੇ ਸੱਜਣਾ,ਉੱਗੀ ਵਿੱਚ ਉਜਾੜਾਂ
ਜਾਂ ਉੱਡਦੀ ਬਦਲੋਟੀ ਕੋਈ ਵਰ ਗਈ ਵਿੱਚ ਪਹਾੜਾਂ।
ਮੈਂ ਕੰਡਿਆਲੀ ਥੋਹਰ ਵੇ ਸੱਜਣਾ, ਉੱਗੀ ਕਿਤੇ ਕੁਰਾਹੇ
ਨਾਂ ਕਿਸੇ ਮਾਲੀ ਸਿੰਜਿਆ ਮੈਨੂ ਨਾਂ ਕੋਈ ਸਿੰਜਣਾ ਚਾਹੇ।
ਜਾਂ ਕੋਈ ਬੋਟ ਕਿ ਜਿਸਦੇ ਹਾਲੇ ਨੈਣ ਨਹੀਂ ਸਨ ਖੁੱਲੇ
ਮਾਰਿਆ ਮਾਲੀ ਕੱਸ ਗੁਲੇਲਾ ਲੈ ਦਾਖਾਂ ਦੀਆਂ ਆੜਾਂ।
ਮੈਂ ਕੰਡਿਆਲੀ ਥੋਹਰ ਵੇ ਸੱਜਣਾ, ਉੱਗੀ ਵਿੱਚ ਜੋ ਬੇਲੇ
ਨਾ ਕੋਈ ਮੇਰੇ ਛਾਂਵੇ ਬੈਠੇ, ਨਾ ਪੱਤ ਖਾਵਣ ਲੇਲੇ।
ਮੈਂ ਉਹ ਚੰਦਰੀ ਜਿਸਦੀ ਡੋਲੀ ਲੁੱਟ ਲਈ ਆਪ ਕੁਹਾਰਾਂ
ਬੰਨਣ ਦੀ ਥਾਂ ਬਾਬਲ ਜਿਸਦੇ ਆਪਾ ਕਲੀਰੇ ਲਾਹੇ।
ਮੈਂ ਰਾਜੇ ਦੀ ਬਰਦੀ ਅੜਿਆ ਤੂੰ ਰਾਜੇ ਦਾ ਜਾਇਆ
ਤੂੰ ਹੀ ਦੱਸ ਕੇ ਮੋਹਰਾਂ ਸਾਂਵੇ ਮੁੱਲ ਕੀ ਖੋਵਣ ਧੇਲੇ।
ਸਿਖਰ ਦੁਪਿਹਰਾਂ ਜੇਠ ਦੀਆਂ ਨੂੰ ਸੌਣ ਕਿਵੇਂ ਮੈਂ ਆਖਾਂ
ਚੌਹੀਂ ਕੂਟੀ ਭਾਵੇਂ ਲੱਗਣ ਲੱਖ ਤੀਆਂ ਦੇ ਮੇਲੇ।
ਤੇਰੀ ਮੇਰੀ ਪ੍ਰੀਤ ਦਾ ਅੜਿਆ ਓਹੀ ਹਾਲ ਸੂ ਹੋਇਆ
ਜਿਉਂ ਚਕਵੀ ਪਹਿਚਾਣ ਨਾ ਸਕੀ ਚੰਨ ਚੜ੍ਹਿਆ ਦਿਹੁੰ ਵੇਲੇ।
ਜਾਂ ਸੱਸੀ ਦੀ ਭੈਣ ਵੇ ਦੂਜੀ ਕੰਮ ਜੀਹਦਾ ਬੱਸ ਰੋਣਾ
ਲੁੱਟ ਖੜਿਆ ਜੀਹਦਾ ਪੁੰਨੂ ਹੋਤਾਂ ਪਰ ਆਈਆਂ ਨਾ ਜਾਗਾਂ।

ਹੰਝੂਆਂ ਦਾ ਭਾੜਾ – ਸ਼ਿਵ ਕੁਮਾਰ ਬਟਾਲਵੀ

ਤੈਨੂੰ ਦਿਆਂ ਹੰਝੂਆਂ ਦਾ ਭਾੜਾ,
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਭੱਠੀ ਵਾਲੀਏ ਚੰਬੇ ਦੀਏ ਡਾਲੀਏ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਹੋ ਗਿਆ ਕੁਵੇਲਾ ਮੈਨੂੰ
ਢਲ ਗਈਆਂ ਛਾਵਾਂ ਨੀ
ਬੇਲਿਆਂ ‘ਚੋਂ ਮੁੜ ਗਈਆਂ
ਮੱਝੀਆਂ ਤੇ ਗਾਵਾਂ ਨੀ
ਪਾਇਆ ਚਿੜੀਆਂ ਨੇ ਚੀਕ-ਚਿਹਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਛੇਤੀ ਛੇਤੀ ਕਰੀਂ
ਮੈਂ ਤੇ ਜਾਣਾ ਬੜੀ ਦੂਰ ਨੀ
ਜਿਥੇ ਮੇਰੇ ਹਾਣੀਆਂ ਦਾ
ਟੁਰ ਗਿਆ ਪੂਰ ਨੀ
ਓਸ ਪਿੰਡ ਦਾ ਸੁਣੀਂਦੈ ਰਾਹ ਮਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਮੇਰੀ ਵਾਰੀ ਪੱਤਿਆਂ ਦੀ
ਪੰਡ ਸਿੱਲ੍ਹੀ ਹੋ ਗਈ
ਮਿੱਟੀ ਦੀ ਕੜਾਹੀ ਤੇਰੀ
ਕਾਹਨੂੰ ਪਿੱਲੀ ਹੋ ਗਈ
ਤੇਰੇ ਸੇਕ ਨੂੰ ਕੀ ਵੱਜਿਆ ਦੁਗਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਲੱਪ ਕੁ ਏ ਚੁੰਗ ਮੇਰੀ
ਮੈਨੂੰ ਪਹਿਲਾਂ ਟੋਰ ਨੀ
ਕੱਚੇ ਕੱਚੇ ਰੱਖ ਨਾ ਨੀ
ਰਾੜ੍ਹ ਥੋੜ੍ਹੇ ਹੋਰ ਨੀ
ਕਰਾਂ ਮਿੰਨਤਾਂ ਮੁਕਾ ਦੇ ਨੀ ਪੁਆੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਸੌਂ ਗਈਆਂ ਹਵਾਵਾਂ ਰੋ ਰੋ
ਕਰ ਵਿਰਲਾਪ ਨੀ
ਤਾਰਿਆਂ ਨੂੰ ਚੜ੍ਹ ਗਿਆ
ਮੱਠਾ ਮੱਠਾ ਤਾਪ ਨੀ
ਜੰਞ ਸਾਹਵਾਂ ਦੀ ਦਾ ਰੁੱਸ ਗਿਆ ਲਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਕਰਤਾਰਪੁਰ ਵਿਚ – ਸ਼ਿਵ ਕੁਮਾਰ ਬਟਾਲਵੀ

ਘੁੰਮ ਚਾਰੇ ਚੱਕ ਜਹਾਨ ਦੇ
ਜਦ ਘਰ ਆਇਆ ਕਰਤਾਰ
ਕਰਤਾਰਪੁਰੇ ਦੀ ਨਗਰੀ
ਜਿਦ੍ਹੇ ਗਲ ਰਾਵੀ ਦਾ ਹਾਰ
ਜਿਦ੍ਹੇ ਝਮ ਝਮ ਪਾਣੀ ਲਿਸ਼ਕਦੇ
ਜਿਦ੍ਹੀ ਚਾਂਦੀ-ਵੰਨੀ ਧਾਰ
ਲਾਹ ਬਾਣਾ ਜੰਗ ਫ਼ਕੀਰ ਦਾ
ਮੁੜ ਮੱਲਿਆ ਆ ਸੰਸਾਰ
ਕਦੇ ਮੰਜੀ ਬਹਿ ਅਵਤਾਰੀਆਂ
ਕਦੇ ਦਸ ਨਹੁੰਆਂ ਦੀ ਕਾਰ
ਉਹਦੀ ਜੀਭ ਜਪੁਜੀ ਬੈਠਿਆ
ਤੇ ਅੱਖੀਂ ਨਾਮ-ਖੁਮਾਰ
ਸੁਣ ਸੋਹਬਾ ਰੱਬ ਦੇ ਜੀਵ ਦੀ
ਆ ਜੁੜਿਆ ਕੁੱਲ ਸੰਸਾਰ
ਤਦ ਕੁਲ ਜਗ ਚਾਨਣ ਹੋ ਗਿਆ
ਤੇ ਮਿਟੇ ਕੂੜ ਅੰਧਿਆਰ
ਚੌਂਹ ਕੂਟੀ ਸ਼ਬਦ ਇਹ ਗੂੰਜਿਆ
ਉਹ ਰੱਬ ਹੈ ਓਂਕਾਰ |