ਸ਼ਿਵ ਕੁਮਾਰ ਬਟਾਲਵੀ

ਲੂਣਾ – ਦੂਜਾ ਅੰਕ | ਭਾਗ – 1

ਕੱਲ੍ਹ ਦਾ ਦਿਹੁੰ ਵੀ ਕੈਸਾ ਦਿਹੁੰ ਸੀ
ਕੈਸੀ ਸੀ ਉਸਦੀ ਖੁਸ਼ਬੋਈ
ਆਪਣੀਆਂ ਆਪ ਗੋਲਾਈਆਂ ਚੁੰਮਦੀ
ਭਰ ਜੋਬਨ ਵਿੱਚ ਨਾਰ ਜਿਓਂ ਕੋਈ

[ਰਾਜੇ ਵਰਮਨ ਦੇ ਜਨਮ ਦਿਵਸ ਦਾ ਉਤਸਵ ਸਮਾਪਤ ਹੋਣ ਉਪਰੰਤ ਉਸ ਤੋਂ ਅਗਲੇ ਦਿਨ ਰਾਜਾ ਸਲਵਾਨ ਤੇ ਰਾਜਾ ਵਰਮਨ
ਆਪੋ ਵਿੱਚ ਬੈਠੇ ਗੱਲਾਂ ਕਰ ਰਹੇ ਹਨ |]
ਸਲਵਾਨ
ਕੱਲ੍ਹ ਦਾ ਦਿਹੁੰ ਵੀ
ਕੈਸਾ ਦਿਹੁੰ ਸੀ
ਕੈਸੀ ਸੀ
ਉਸਦੀ ਖੁਸ਼ਬੋਈ
ਆਪਣੀਆਂ ਆਪ ਗੋਲਾਈਆਂ ਚੁੰਮਦੀ
ਭਰ ਜੋਬਨ ਵਿੱਚ
ਨਾਰ ਜਿਓਂ ਕੋਈ |
ਪਰ ਅੱਜ ਦਾ ਦਿਹੁੰ
ਕੈਸਾ ਦਿਹੁੰ ਹੈ
ਕੈਸੀ ਹੈ
ਇਸ ਦੀ ਖੁਸ਼ਬੋਈ
ਰਾਤ ਉਨੀਂਦਾ ਭੋਗਣ ਪਿਛੋਂ
ਜਿਵੇਂ ਵੇਸਵਾ ਸੁੱਤੀ ਕੋਈ

ਵਰਮਨ
ਹਾਂ ਮਿੱਤਰ !
ਕੁਝ ਦਿਹੁੰ ਹੁੰਦੇ ਨੇ
ਮੱਥੇ ਜਿਨ੍ਹਾਂ ਨਾ ਸੂਰਜ ਕੋਈ
ਜੂਨ ਨਧੁੱਪੀ
ਹੁੰਦਿਆਂ ਵੀ ਪਰ
ਕਦੇ ਜਿਨ੍ਹਾਂ ਦੀ ਧੁੱਪ ਨਾ ਮੋਈ
ਉਂਝ ਤਾਂ
ਹਰ ਦਿਹੁੰ ਮਹਿਕ-ਵਿਹੂਣਾ
ਕੋਈ ਕੋਈ ਪਰ
ਦੇਵੇ ਖੁਸ਼ਬੋਈ
ਜਿਹੜੇ ਦਿਹੁੰ ਦਾ ਤਨ ਮਹਿਕੀਲਾ
ਸੋਇਓ ਸਾਡੀ ਉਮਰਾ ਹੋਈ
ਹੇ ਰਾਜਨ, ਹੇ ਯੋਧੇ, ਸੂਰੇ
ਪਰ ਐਸੀ ਕੀਹ
ਬਾਤ ਹੈ ਹੋਈ?
ਕਲ ਦੇ ਦਿਹੁੰ ਤੋਂ ਅੱਜ ਦੇ ਦਿਹੁੰ ਤਕ
ਸੈ ਜਨਮਾਂ ਦੀ ਦੂਰੀ ਹੋਈ

ਸਲਵਾਨ
ਹੇ ਮੇਰੇ ਮਿੱਤਰ
ਮੀਤ ਪਿਆਰੇ
ਹੇ ਚੰਬਿਆਲ ਦੇਸ ਦੇ ਰਾਜੇ
ਸੁੱਤਾ ਸੂਰਜ
ਕੌਣ ਜਗਾਵੇ ?
ਜੇ ਕੋਈ ਕੱਲ ਦਾ ਸੂਰਜ ਮੋੜੇ
ਓਹ ਮੇਰੇ ਸਭ ਸੂਰਜ ਖਾਵੇ
ਜਿਉਂ ਜਿਉਂ ਕੋਈ
ਸੂਰਜ ਬਣਦਾ
ਕੱਚੀ ਅੱਗ ਦੀ ਉਮਰ ਹੰਢਾਵੇ
ਕਿੰਝ ਬੋਲਾਂ
ਕੀਹ ਬਾਤ ਕਰਾਂ ਮੈਂ ?
ਜੀਭ ਮੇਰੀ ਨੂੰ ਲੱਜਿਆ ਆਵੇ
ਜੇ ਲੱਜਿਆ ਨੂੰ
ਅੰਦਰ ਰੱਖਦਾਂ
ਅੰਦਰ ਮੇਰਾ ਧੁਖ ਧੁਖ ਜਾਵੇ
ਜੇ ਲੱਜਿਆ ਨੂੰ
ਬਾਹਰ ਰੱਖਦਾਂ
ਮੇਰਾ ਸੂਰਜ ਮਰਦਾ ਜਾਵੇ
ਮੈਥੋਂ ਧੁੱਪ
ਫੜੀ ਨਾ ਜਾਵੇ

ਵਰਮਨ
ਸੁਣ ਸੱਜਣ !
ਸੁਣ ਮਿੱਤਰ ਯੋਧੇ
ਹਰ ਮੱਥੇ ਵਿੱਚ ਸੂਰਜ ਹੋਵੇ
ਹਰ ਧੁੱਪ
ਗਰਭਵਤੀ ਹੈ ਧੁਰ ਤੋਂ
ਉਸ ਦੀ ਕੁੱਖ ਵਿੱਚ ਸਾਇਆ ਰੋਵੇ |
ਉਸ ਦੀ ਧੁੱਪ
ਕਦੇ ਨਾ ਮਰਦੀ
ਜਿਦ੍ਹਾ ਕੋਈ ਪਰਛਾਵਾਂ ਹੋਵੇ
ਜੇ ਤੇਰੀ
ਧੁੱਪ ਦਾ ਪਰਛਾਵਾਂ
ਜੀਭ ਤੇਰੀ ‘ਤੇ ਆਣ ਖਲੋਵੇ
ਤਾਂ ਸੰਭਵ ਹੈ
ਤੇਰੀ ਧੁੱਪ ਵੀ
ਤੈਥੋਂ ਬੇ-ਮੁੱਖ ਕਦੀ ਨਾ ਹੋਵੇ
ਧੁੱਪ ਤਾਂ
ਮਰਦੀ ਹੈ ਉਸ ਵੇਲੇ
ਜਦ ਕੋਈ ਛਾਂ ਆਣ ਖਲੋਵੇ
ਜਾਂ ਨੈਣਾਂ ਵਿੱਚ
ਨੀਂਦਰ ਹੋਵੇ

(ਚਲਦਾ….)

ਲੂਣਾ – ਪਹਿਲਾ ਅੰਕ | ਭਾਗ – 5

ਲੂਣਾ – ਪਹਿਲਾ ਅੰਕ | ਭਾਗ – 4 ਪੜ੍ਹਨ ਲਈ ਕਲਿੱਕ ਕਰੋ

ਸੂਤਰਧਾਰ
ਹੁਣੇ ਸੀ ਵਗਦੀ ਪੌਣ ਦੇ
ਸੰਦਲੀ ਸੰਦਲੀ ਸਾਹ
ਹੁਣੇ ਸੀ ਮਹਿਕਾਂ ਖੇਡਦੀਆਂ
ਗਲ ਚਾਨਣ ਦੇ ਧਾ
ਹੁਣੇ ਸੀ ਰਿਸ਼ਮਾਂ ਸੁੱਤੀਆਂ
ਸਰਵਰ ਸੇਜ ਵਿਛਾ
ਹੁਣੇ ਤਾਂ ਧਰਤ ਸਵਰਗ ਸੀ
ਹੁਣੇ ਤਾਂ ਨਰਕ ਭਇਆ
ਵੈਤਰਨੀ ਵਿੱਚ ਬਦਲ ਗਿਆ
ਸ਼ੂਕ ਰਿਹਾ ਦਰਿਆ
ਇਹ ਕੀਹ ਹਨ ਚੰਬਿਆਲਣਆਂ
ਗਈਆਂ ਗੱਲ ਸੁਣਾ
ਕਦ ਲਹੂਆਂ ਨੂੰ ਡੋਲ੍ਹ ਕੇ
ਮਰਦੇ ਪਾਪ ਭਲਾ ?

ਨਟੀ
ਇਹ ਮਾਨਵ ਦੇ ਕੋਝ ਦਾ
ਕੋਝਾ ਇੱਕ ਪੜਾਅ
ਜਾਣ ਪਰਾਈ ਕੋਹੇ ਕਦ
ਵਧਦੀ ਉਮਰ ਭਲਾ ?

ਸੂਤਰਧਾਰ
ਕਿਰਿਆ ਕੇਹੀ ਅਵੱਲੜੀ
ਕੁਝ ਵੀ ਸਮਝ ਨਾਂ ਆ
ਜੋ ਵੀ ਧਰਤੀ ਜੰਮਦੀ
ਆਪੇ ਜਾਂਦੀ ਖਾ
ਜਿਓਂ ਮੱਕੜੇ ਸੰਗ ਮੱਕੜੀ
ਪਹਿਲੇ ਭੋਗ ਰਚਾ
ਗਰਭਵਤੀ ਮੁੜ ਹੋਏ ਕੇ
ਜਾਂਦੀ ਉਸ ਨੂੰ ਖਾ

ਨਟੀ
ਧਰਤੀ ਦੀ ਗੱਲ ਸੋਚ ਕੇ
ਮਨ ਨਾ ਕਰੇ ਬੁਰਾ
ਇਹ ਜਨਣੀ ਹੈ ਪਾਪ ਦੀ
ਇਹ ਪਾਪਾਂ ਦੀ ਜਾਹ
ਪਾਪ ਤਾਂ ਇਸ ਦਾ ਕਰਮ ਹੈ
ਇਸ ਦਾ ਪਾਪ ਸੁਭਾਅ
ਜੇ ਇਹ ਪਾਪ ਕਮਾਏ ਨਾ
ਤਾਂ ਅੱਜੇ ਮਰ ਜਾ
ਆਉ ਮੁੜੀਏ ਪਰਲੋਕ ਨੂੰ
ਮਹਿਕਾਂ ਦੇ ਪਰ ਲਾ
ਹੁਣ ਤਾਂ ਧੁੱਪਾਂ ਉੱਗੀਆਂ
ਗਿਆ ਸੂਰਜ ਸਿਰ ‘ਤੇ ਆ
ਘੁਲ ਜਾਈਏ ਵਿੱਚ ਮਹਿਕ ਦੇ
ਘੁਲ ਜਾਈਏ ਵਿੱਚ ਵਾ
[ਸੂਤਰਧਾਰ ਤੇ ਨਟੀ ਅਲੋਪ ਹੋ ਜਾਂਦੇ ਹਨ]

(ਪਹਿਲਾ ਅੰਕ ਸਮਾਪਤ)

ਲੂਣਾ – ਪਹਿਲਾ ਅੰਕ | ਭਾਗ – 4

ਲੂਣਾ – ਪਹਿਲਾ ਅੰਕ | ਭਾਗ – 3 ਪੜ੍ਹਨ ਲਈ ਕਲਿੱਕ ਕਰੋ

[ਸੂਤਰਧਾਰ ਤੇ ਨਟੀ ਰੂਪ ਵਟਾ ਲੈਂਦੇ ਹਨ | ਚੰਬਿਆਲਣਾਂ ਉੱਚੀ ਉੱਚੀ ਗਾਉਂਦੀਆਂ ਪਰਵੇਸ਼ ਕਰਦਿਆਂ ਹਨ | ਨਟੀ ਉਂਨ੍ਹਾ ‘ਚੋਂ ਇੱਕ ਨਾਲ ਗੱਲਾਂ ਕਰਦੀ ਹੈ |]
ਨਟੀ
ਚੰਬੇ ਦੀਏ ਚੰਬੇਲੀਏ
ਤੇਰੀ ਜੀਵੇ ਮਹਿਕ ਸਦਾ
ਇਹ ਜੋਬਨ ਦਾ ਹੜ੍ਹ ਠਿਲ੍ਹਿਆ
ਕਿਸ ਪੱਤਣ ਨੂੰ ਜਾ
ਹੱਸ, ਹਮੇਲਾਂ ਬੁਗ੍ਹ੍ਤੀਆਂ
ਗਲ ਵਿੱਚ ਕੰਠੇ ਪਾ
ਛਾਪਾਂ, ਛੱਲੇ , ਆਰਸੀਆਂ
ਗੋਰੇ ਹੱਥ ਅੜਾ
ਚੀਚੀ ਵਿੱਚ ਕਲੀਚੜੀ
ਪੈਰੀਂ ਸਗਲੇ ਪਾ
ਕੋਹ ਕੋਹ ਵਾਲ ਗੁੰਦਾਏ ਕੇ
ਫੁੱਲ ਤੇ ਚੌੰਕ ਸਜਾ
ਕੰਨੀਂ ਝੁਮਕੇ ਝੂਲਦੇ
ਲੌਂਗ , ਤੀਲੀਆਂ ਪਾ
ਸਿਰ ਸੋਭਣ ਫੁਲਕਾਰੀਆਂ
ਅਤਲਸ ,ਪੱਟ ਹੰਢਾ
ਕਿੱਤ ਵੱਲ ਚਲੀਆਂ ਕੂੰਜੜੀਆਂ
ਹਾਰ ਸ਼ਿੰਗਾਰ ਲਗਾ
ਇਹ ਬੌਂਦਲ ਗਈਆਂ ਡਾਚੀਆਂ
ਕਿੱਤ ਵੱਲ ਰਹੀਆਂ ਧਾ ?

ਚੰਬਿਆਲਣ
ਸੁਣ ਭੈਣੇ ਪਰਦੇਸਣੇ
ਅਸੀਂ ਆਈਆਂ ਨਦੀਏ ਜਾ
ਇੱਕ ਯੋਧੇ ਦੇ ਨਾਉਂ ‘ਤੇ
ਲੱਖ ਦੀਵੇ ਪਰਵਾਹ
ਅੱਜ ਜਨਮ-ਦਿਹਾੜਾ ਉਸ ਦਾ
ਅੱਜ ਦਿਲੇ ਥੀਂ ਚਾਅ
ਅਸੀਂ ਰਾਜੇ ਵਰਮਨ ਵੀਰ ਦੇ
ਰਹੀਆਂ ਸ਼ਗਨ ਮਨਾ
ਸਿਰ ‘ਤੇ ਗੜਵੇ ਨੀਰ ਦੇ
ਤਾਜੇ ਫੁੱਲ ਤੁੜਾ
ਅਸੀਂ ਮਹਿਲੀਂ ਰਾਣੀ ਕੁੰਤ ਦੇ
ਚੱਲੀਆਂ ਰੂਪ ਸਜਾ
ਜਿਥੇ ਰਾਜਾ ਨ੍ਹਾਵ੍ਸੀ
ਵਟਨੇ ਲੱਖ ਲਗਾ
ਇੱਤਰ , ਫੁਲੇਲਾਂ, ਕੇਵੜੇ
ਗੰਗਾ-ਜਲੀ ਰਲਾ
ਇਸ ਤੋਂ ਪਿਛੋਂ ਹੋਵਸੀ
ਡਾਢਾ ਯੱਗ ਮਹਾ
ਸਾਰੇ ਚੰਬੇ ਦੇਸ਼ ‘ਚੋਂ
ਕਾਲੇ ਮੁਰਗ ਮੰਗਾ
ਇੱਕ ਸੌ ਇੱਕੀ ਭੇਡ ਥੀਂ
ਕੀਤਾ ਜਾਊ ਜਿਬ੍ਹਾ
ਰਾਜਾ ਕੋਟ ਸਿਆਲ ਦਾ
ਆਇਆ ਪੈਂਡੇ ਗਾਹ
ਜੋ ਸਾਡੇ ਮਹਾਰਾਜ ਦਾ
ਬਣਿਆ ਧਰਮ-ਭਰਾ
ਜੋ ਸਲਵਾਨ ਕਹਾਂਵਦਾ
ਕਰਸੀ ਰਸਮ ਅਦਾ
ਵੱਢੂ ਭੇਡਾਂ ਸਾਰੀਆਂ
ਲੋਹਾ ਸਾਣੇ ਲਾ
ਵਗੂ ਸੂਹਾ ਸ਼ੂਕਦਾ
ਲਹੂਆਂ ਦਾ ਦਰਿਆ
ਚੰਬੇ ਦੀ ਏਸ ਧਰਤੀ ‘ਤੇ
ਦੇਸੀ ਰੰਗ ਚੜ੍ਹਾ
ਮੱਥੇ ਟਿੱਕੇ ਲਾਉਣੀ ਦੀ
ਹੋਸੀ ਰਸਮ ਅਦਾ
ਨੌਬਤ, ਕੈਲਾਂ ,ਡੱਫਲਾਂ
ਦੇਸਣ ਸ਼ੋਰ ਮਚਾ
ਆਸਣ ਭੰਡ ,ਮਰਾਸੀਏ
ਭੱਟ ਸੁਰੰਗੀ ਚਾ
ਹੋਸਣ ਧਾਮਾਂ ਭਾਰੀਆਂ
ਦੇਗਾਂ ਚੁੱਲ੍ਹੇ ਚੜ੍ਹਾ
ਅੰਤ ਵਿੱਚ ਮੁਟਿਆਰ ਇੱਕ
ਚੁਣਸੀ ਰਾਜਾ ਆ
ਸਾਰੇ ਚੰਬੇ ਦੇਸ ‘ਚੋਂ
ਜਿਸ ਦਾ ਹੁਸਨ ਅਥਾਹ
ਉਹ ਸੋਹਣੀ ਮੁਟਿਆਰ ਫਿਰ
ਗੋਰੇ ਹੱਥ ਉਠਾ
ਕਰਸੀ ਰਾਜੇ ਵਾਸਤੇ,
ਦੇਵੀ ਕੋਲ ਦੁਆ
ਦੇਵੀ ਵਰਮਨ ਵੀਰ ਤੇ
ਰਹਿਮਤ ਇਹ ਫਰਮਾ
ਸਾਰੇ ਚੰਬੇ ਦੇਸ ਦੀ
ਇਸ ਨੂੰ ਉਮਰ ਲਗਾ
ਫਿਰ ਰਾਜਾ ਉਸ ਕੁੜੀ ਦਾ
ਧਰਮੀ ਬਾਪ ਬੁਲਾ
ਇੱਕ ਖੁਹਾ , ਦੋ ਬੌਲੀਆਂ
ਦੇਸੀ ਨਾਮ ਲੁਆ
ਆਇਆ ਚੰਬੇ ਸ਼ਹਿਰ ਥੀਂ
ਕੁਲ ਮੁਲੱਖਇਆ ਧਾ
ਆਉ ਰਾਹਿਉ ਲੈ ਚੱਲੀਏ
ਜੇ ਦੇਖਣ ਦਾ ਚਾ

ਨਟੀ
ਨਾ ਨੀਂ ਭੈਣਾਂ ਮੇਰੀਏ
ਅਸਾਂ ਜਾਣਾ ਦੂਰ ਬੜਾ
ਅਜੇ ਪੈਂਡਾ ਵਾਂਗ ਸਰਾਲ ਦੇ
ਕਿੰਨਾ ਹੋਰ ਪਿਆ
[ਚੰਬਿਆਲਣਾਂ ਹੱਸਦੀਆਂ ਹੱਸਦੀਆਂ ਚਲੀਆਂ ਜਾਂਦੀਆਂ ਹਨ ]

(ਚਲਦਾ….)

ਲੂਣਾ – ਪਹਿਲਾ ਅੰਕ | ਭਾਗ – 3

ਲੂਣਾ – ਪਹਿਲਾ ਅੰਕ | ਭਾਗ – 2 ਪੜ੍ਹਨ ਲਈ ਕਲਿੱਕ ਕਰੋ

ਨਟੀ
ਮਰਨਾ ਜੀਣਾ ਕਰਮ ਹੈ
ਇਸ ਦਾ ਖੇਦ ਕਿਹਾ
ਹੈ ਪਰਿਵਰਤਨ ਹੀ ਆਤਮਾ
ਜਿਹਨੂੰ ਜਾਂਦਾ ਅਮਰ ਕਿਹਾ
ਇਸ ਦੇ ਬਾਝੋਂ ਸਹਿਜ ਹੀ
ਬੁੱਸ ਜਾਂਦੀ ਇਹ ਵਾ
ਬੁੱਸ ਜਾਂਦੇ ਚੰਨ ਸੂਰਜੇ
ਬੁੱਸ ਜਾਂਦੇ ਦਰਿਆ
ਬੁੱਤ ਨੂੰ ਬੁੱਤ ਗਲ ਮਿਲਣ ਦਾ
ਰਹਿੰਦਾ ਰਤਾ ਨਾਂ ਚਾ
ਬਾਗੀਂ ਫੁੱਲ ਨਾਂ ਮੌਲਦੇ
ਢਕੀਂ ਸਾਵੇ ਘਾ
ਇਸ ਅਮਰ ਮਨੁੱਖ ਦੀ ਭਟਕਣਾ
ਵਿੱਚ ਡਾਢਾ ਤੇਜ਼ ਨਸ਼ਾ
ਇਸ ਭਟਕਣ ਦਾ ਨਾਂ ਜਿੰਦਗੀ
ਤੇ ਇਸ ਦਾ ਨਾਮ ਕਜ਼ਾ
ਇਹ ਭਟਕਣ ਦਾ ਹੀ ਰੂਪ ਹੈ
ਜੋ ਖੇਤ ਰਹੇ ਲਹਿਰਾ
ਇਸ ਭਟਕਣ ਦੀ ਹੀ ਕੁੱਖ ਵਿੱਚੋਂ
ਹੈ ਧਰਤੀ ਜਨਮ ਲਿਆ

ਸੂਤਰਧਾਰ
ਉਫ਼ ! ਕੇਹੀ ਇਹ ਭਟਕਣਾ
ਕੁਝ ਸੁਪਨੇ ਮੋਢੇ ਚਾ
ਜਨਮ-ਦਿਵਸ ਦੀ ਨਗਨ-ਘੜੀ ਤੋਂ
ਥਣ ਨੂੰ ਮੂੰਹ ਵਿੱਚ ਪਾ
ਹਿਰਨਾਂ ਸਿੰਗੀਂ ਬੈਠ ਕੇ
ਦੇਣੀ ਉਮਰ ਵੰਝਾ

ਨਟੀ
ਇਹ ਭਟਕਣ ਸਦਾ ਮਨੁੱਖ ਨੂੰ
ਅੱਗੇ ਰਹੀ ਚਲਾ
ਇਸ ਭਟਕਣ ਅੱਗੇ ਦੇਵਤੇ
ਵੀ ਜਾਂਦੇ ਸੀਸ ਨਿਵਾ

ਸੂਤਰਧਾਰ
ਹੈ ਸੰਖ ਨੇ ਵੱਜੇ ਮੰਦਰੀਂ
ਤੇ ਖੂਹੀ ਡੋਲ ਪਿਆ
ਜੀਅ ਚਾਹੁੰਦੈ ਏਸ ਧਰਤ ‘ਤੇ
ਮੈਂ ਦੇਵਾਂ ਉਮਰ ਵੰਝਾ

ਸੂਤਰਧਾਰ
ਇਹ ਕੌਣ ਨੇ ਟੂਣੇ ਹਾਰੀਆਂ
ਜਿਨ੍ਹਾਂ ਕੀਲੀ ਕੁੱਲ ਫਜ਼ਾ
ਜਿਓਂ ਗੁੰਬਦ ਵਿੱਚ ਆਵਾਜ਼ ਦੀ
ਟੁਰਦੀ ਰਹੇ ਸਦਾ
ਜਿਓਂ ਮਧੂ-ਮੱਖੀਆਂ ਦਾ
ਮਧੂ-ਵਣਾਂ ਵਿੱਚ ਟੋਲਾ ਉੱਡ ਰਿਹਾ
ਜਿਓਂ ਚੀਰ ਕੇ ਜੰਗਲ ਬਾਂਸ ਦੇ
ਲੰਘੇ ਤੇਜ਼ ਹਵਾ
ਜਿਓਂ ਥਲ ‘ਚੋਂ ਲੰਘੇ ਕਾਫ਼ਲਾ
ਜਦ ਅੱਧੀ ਰਾਤ ਵਿਹਾ
ਹੈ ਸਾਰੀ ਵਾਦੀ ਗੂੰਜ ਪਈ
ਇਹ ਕੌਣ ਨੇ ਰਹੀਆਂ ਗਾ ?
[ਗੀਤ ਦੀ ਆਵਾਜ਼ ਉੱਭਰਦੀ ਹੈ ]
ਅੱਧੀ ਰਾਤ ਦੇਸ ਚੰਬੇ ਦੇ
ਚੰਬਾ ਖਿੜਿਆ ਹੋ
ਚੰਬਾ ਖਿੜਿਆ ਮਾਲਣੇ
ਉਹਦੇ ਮਹਿਲੀਂ ਗਈ ਖੁਸ਼ਬੋ
ਮਹਿਲੀਂ ਰਾਣੀ ਜਾਗਦੀ
ਉਹਦੇ ਨੈਣੀਂ ਨੀਂਦ ਨਾ ਕੋ
ਰਾਜੇ ਤਾਈਂ ਆਖਦੀ
ਮੈਂ ਚੰਬਾ ਲੈਣਾ ਸੌ
ਜੋ ਕਾਲੇ ਵਣ ਮੌਲਿਆ
ਜਿਦ੍ਹੀ ਹੌਕੇ ਜਹੀ ਖੁਸ਼ਬੋ
ਧਰਮੀ ਰਾਜਾ ਆਖਦਾ
ਬਾਹਾਂ ਵਿੱਚ ਪਰੋ
ਨਾ ਰੋ ਜਿੰਦੇ ਮੇਰੀਏ
ਲੱਗ ਲੈਣ ਦੇ ਲੋਅ
ਚੰਬੇ ਖ਼ਾਤਰ ਸੋਹਣੀਏ
ਜਾਸਾਂ ਕਾਲੇ ਕੋਹ
ਰਾਣੀ ਚੰਬੇ ਸਹਿਕਦੀ
ਮਰੀ ਵਿਚਾਰੀ ਹੋ
ਜੇਕਰ ਰਾਜਾ ਦੱਬਦਾ
ਮੈਲੀ ਜਾਂਦੀ ਹੋ
ਜੇਕਰ ਰਾਜਾ ਸਾੜਦਾ
ਕਾਲੀ ਜਾਂਦੀ ਹੋ
ਅੱਧੀ ਰਾਤੀਂ ਦੇਸ ਚੰਬੇ ਦੇ
ਚੰਬਾ ਖਿੜਿਆ ਹੋ

ਸੂਤਰਧਾਰ
ਵੇਖ ਨਟੇ !
ਕਿੰਝ ਵਾਦੀ ਦੇ ਵਿੱਚ
ਸ੍ਵਰ ਹੈ ਗੂੰਜ ਰਿਹਾ
ਸਰਸਵਤੀ ਦੇ ਸ੍ਵਰ-ਮੰਡਲ ਨੂੰ
ਜਿਓਂ ਕੋਈ ਛੇੜ ਗਿਆ
ਕੱਤਕ ਮਾਂਹ ਵਿੱਚ ਕੂੰਜਾਂ ਦਾ
ਜਿਓਂ ਕੰਨੀਂ ਬੋਲ ਪਿਆ
ਚੇਤਕ ਦੇ ਵਿੱਚ ਜਿਓਂ ਕਰ ਬਾਗੀਂ
ਵਗੇ ਪੁਰੇ ਦੀ ‘ਵਾ
ਸਾਉਣ ਮਹੀਨੇ ਜਿਓਂ ਕੋਇਲਾਂ ਦੀ
ਦੂਰੋਂ ਆਏ ਸਦਾ
ਨਿੱਕੀ ਕਣੀ ਦਾ ਕਹਿੰਦੇ ਛੰਨੇ
ਮੀਂਹ ਜਿਓਂ ਵਰ੍ਹੇ ਪਿਆ
ਜਿਓਂ ਪਰਬਤ ਵਿੱਚ ਪਾਰਵਤੀ ਦਾ
ਬਿਛੂਆ ਛਣਕ ਰਿਹਾ
ਜਾਂ ਜਿਓਂ ਹੋਵੇ ਗੂੰਜਦਾ
ਸ਼ਿਵ ਦਾ ਨਾਦ-ਮਹਾਂ

ਨਟੀ
ਜਿਓਂ ਸਾਗਰ ਦੀ ਛਾਤੀ ਤੇ
ਕੋਈ ਰਿਹਾ ਮਛੇਰਾ ਗਾ
ਜਾਂ ਬਿਰਹਣ ਦੇ ਵਿੱਚ ਕਾਲਜੇ
ਸ਼ਬਦ ਕੋਈ ਧੁਖੇ ਪਿਆ
ਜੋ ਉਹਦੇ ਝੂਠੇ ਪ੍ਰੇਮੀ ਉਸ ਦੇ
ਕੰਨੀਂ ਕਦੇ ਰਿਹਾ

ਸੂਤਰਧਾਰ
ਇਹ ਆਨੰਦ ਕਿਹਾ ?
ਕਿੰਝ ਸ਼ਬਦ ਦੀ ਮਹਿਕ ਫੜਾਂ
ਮੈਂਥੋਂ ਮਹਿਕ ਫੜੀ ਨਾਂ ਜਾ
ਜਿਓਂ ਕੋਈ ਭੌਰਾ ਗੁਣ-ਗੁਣ ਕਰਦਾ
ਕੰਵਰ ਸਰੋਵਰ ਜਾ
ਮਹਿਕ ਦੇ ਕੱਜਣ ਲਿਪਟੇ ਹੋਏ
ਨੀਲੇ ਸੁਪਨ ਜਿਹਾ
ਜਿਵੇਂ ਕਿਸੇ ਵਿਧਵਾ ਹੌਕਾ ਭਰਿਆ
ਸੁੰਨੀ ਸੇਜ ਵਿਛਾ

ਨਟੀ
ਇਹ ਤਾਂ ਹਨ ਚੰਬਿਆਲਣਾਂ
ਜੋ ਰਹੀਆਂ ਰਲ ਮਿਲ ਗਾ
ਸ਼ਹਿਦ-ਪਰੁੱਚੇ ਕੰਠ ‘ਚੋਂ
ਲੰਮੀ ਹੇਕ ਲਗਾ
ਜਿਓਂ ਮਾਂ ਕੋਈ ਗਾਵੇ ਬਿਰਹੜਾ
ਚਰਖੇ ਤੰਦ ਵਲਾ
ਜਿਦ੍ਹਾ ਪੁੱਤਰ ਸਮੁੰਦਰੀਂ
ਨਾ ਮੁੜਿਆ ਲਾਮ ਗਿਆ

ਸੂਤਰਧਾਰ
ਇਹ ਤਾਂ ਸੱਭੋ ਰਾਣੀਏਂ
ਹਨ ਰਹੀਆਂ ਇੱਤ ਵੱਲ ਆ
ਹੱਥ ਫੁੱਲਾਂ ਦੀਆਂ ਡਾਲੀਆਂ
ਸਿਰ ‘ਤੇ ਗੜਵੇ ਚਾ
ਆ ਗਗਨਾਂ ਨੂੰ ਉੱਡੀਏ
ਜਾਂ ਛੱਡ ਦਈਏ ਰਾਹ
ਬਣੀਏ ਵਾਸੀ ਧਰਤ ਦੇ
ਜਾਂ ਲਈਏ ਰੂਪ ਵਟਾ

ਨਟੀ
ਹਾਂ ਹਾਂ ਪ੍ਰਭ ਜੀ ਠੀਕ ਕਿਹਾ
ਆਓ ਲਈਏ ਰੂਪ ਵਟਾ
ਤੇ ਕਰੀਏ ਚਾਰ ਗ੍ਲੋੜੀਆਂ
ਨਾਲ ਇੰਨ੍ਹਾਂ ਦੇ ਜਾ

(ਚਲਦਾ….)

ਹਯਾਤੀ ਨੂੰ – ਸ਼ਿਵ ਕੁਮਾਰ ਬਟਾਲਵੀ

ਚੁਗ ਲਏ ਜਿਹੜੇ ਮੈਂ ਚੁਗਣੇ ਸਨ
ਮਾਨਸਰਾਂ ‘ਚੋਂ ਮੋਤੀ |
ਹੁਣ ਤਾਂ ਮਾਨਸਰਾਂ ਵਿੱਚ ਮੇਰਾ
ਦੋ ਦਿਨ ਹੋਰ ਬਸੇਰਾ |

ਘੋਰ ਸਿਆਹੀਆਂ ਨਾਲ ਪੈ ਗਈਆਂ
ਹੁਣ ਕੁਝ ਅੜੀਓ ਸਾਂਝਾਂ
ਤਾਹਿਓਂ ਚਾਨਣੀਆਂ ਰਾਤਾਂ ਵਿੱਚ
ਜੀ ਨਹੀਂ ਲਗਦਾ ਮੇਰਾ |

ਉਮਰ ਅਯਾਲਣ ਛਾਂਗ ਲਈ ਗਈ
ਹੁਸਨਾਂ ਦੇ ਪੱਤੇ ਸਾਵੇ,
ਹੁਣ ਤਾਂ ਬਾਲਣ ਬਾਲਣ ਦਿਸਦਾ
ਅੜੀਓ ਚਾਰ ਚੁਫੇਰਾ |

ਫੂਕੋ ਨੀਂ ਹੁਣ ਲੀਰ ਪਟੋਲੇ
ਗੁੱਡੀਆਂ ਦੇ ਸਿਰ ਸਾੜੋ,
ਮਾਰ ਦੁਹਁਥੜਾਂ ਪਿਟੋ ਨੀਂ
ਹੁਣ ਮੇਰੇ ਮਰ ਗਏ ਹਾਣੀ |
ਝੱਟ ਕਰੋ ਨੀਂ ਖਾ ਲਓ ਟੁੱਕਰ
ਹਁਥ ਵਿੱਚ ਹੈ ਜੋ ਫੜਿਆ
ਔਹ ਵੇਖੋ ਨੀਂ ! ਚੀਲ੍ਹ ਸਮੇਂ ਦੀ
ਉੱਡ ਪਈ ਆਦਮ –ਖਾਣੀ |

ਡਰੋ ਨਾਂ ਲੰਘ ਜਾਣ ਦਿਓ ਅੜੀਓ
ਕਾਗਾਂ ਨੂੰ ਕੰਡਿਆ ਤੋਂ
ਡੀਕ ਲੈਣਗੀਆਂ ਭੁੱਬਲ ਹੋਈਆਂ
ਰੇਤਾਂ ਆਪੇ ਪਾਣੀ |

ਰੀਝਾਂ ਦੀ ਜੇ ਸੁੰਝ ਹੋ ਗਈ
ਤਾਂ ਕੀ ਹੋਇਆ ਜਿੰਦੇ
ਹੋਰ ਲਮੇਰੇ ਹੋ ਜਾਂਦੇ ਨੇ
ਸੰਝ ਪਈ ਪਰਛਾਂਵੇ |

ਕਲਵਲ ਹੋਵੇ ਨਾ ਨੀਂ ਏਦਾਂ
ਵੇਖ ਵਗਦੀਆਂ ਲੋਆਂ
ਉਹ ਬੂਟਾ ਘੱਟ ਹੀ ਪਲਦਾ ਹੈ
ਜੋ ਉਗਦਾ ਹੈ ਛਾਵੇਂ |