ਇੱਕ ਗੀਤ ਹਿਜਰ ਦਾ – ਸ਼ਿਵ ਕੁਮਾਰ ਬਟਾਲਵੀ

ਮੋਤੀਏ ਰੰਗੀ ਚਾਨਣੀ ਦੀ ਭਰ ਪਿਚਕਾਰੀ,
ਮਾਰੀ ਨੀਂ ਕਿਸੇ ਮੁੱਖ ਮੇਰੇ ਤੇ ਮਾਰੀ |

ਕਿਸ ਲਈ ਮੇਰੇ ਮੱਥੇ ਚੰਨ ਦੀ ਦੌਣੀ,
ਕਿਸ ਰੱਤੀ ਮੇਰੀ ਸੂਹੀ ਗੁੱਟ ਫੁਲਕਾਰੀ |

ਰਹਿਣ ਦਿਓ ਨੀਂ ਹੰਸ ਦਿਲੇ ਦਾ ਫਾਕੇ,
ਜਾਂਦੀ ਨਹੀਂ ਮੈਥੋਂ ਮਹਿੰਗੀ ਚੋਗ ਖਿਲਾਰੀ |

ਤੋੜੇ ਮਾਲ੍ਹ ਤਰੱਕਲਾ ਚਰਖੀ ਫੂਕੋ,
ਕਿਸ ਮੇਰੀ ਵੈਰਣ ਕੌਡਾਂ ਨਾਲ ਸ਼ਿੰਗਾਰੀ |

ਕਿਸ, ਕੂਲ੍ਹਾਂ ਦੇ ਆਣ ਘਚੋਲੇ ਪਾਣੀ,
ਕਿਸ ਤੱਤੜੀ ਨੇ ਆਣ ਮਰੂੰਡੀਆਂ |

ਕਿਸ ਖੂਹੇ ਬਹਿ ਧੋਵਾਂ ਦਾਗ ਦਿਲੇ ਦੇ ,
ਕਿਸ ਚੌਂਕੀ ਬਹਿ ਮਲ ਮਲ ਵਟਣਾ ਨ੍ਹਾਵਾਂ |

ਕੀਹ ਗੁੰਦਾਂ ਹੁਣ ਗੁੱਡੀਆਂ ਦੇ ਸਿਰ ਮੋਤੀ,
ਕੀਕਣ ਉਮਰ ਨਿਆਣੀ ਮੋੜ ਲਿਆਵਾਂ |

ਕਿਸ ਸੰਗ ਖੇਡਾਂ ਅੜੀਓ ਨੀਂ ਮੈਂ ਕੰਜਕਾਂ,
ਕਿਸ ਸੰਗ ਅੜੀਓ ਰਾੜੇ ਬੀਜਣ ਜਾਵਾਂ |

ਉੱਡ ਗਈਆਂ ਡਾਰਾਂ ਸੱਭੇ ਬੰਨ੍ਹ ਕਤਾਰਾਂ,
ਮੈਂ ਕੱਲੀ ਵਿੱਚ ਫਸ ਗਈ ਜੇ ਨੀਂ ਫਾਹੀਆਂ |

ਲੱਖ ਸ਼ੁਦੈਣਾਂ ਔਸੀਆਂ ਪਾ ਪਾ ਮੋਈਆਂ,
ਵਾਤ ਨਾਂ ਪੁੱਛੀ ਏਸ ਗਿਰਾਂ ਦਿਆਂ ਰਾਹੀਆਂ |

ਪਰਤ ਕਦੇ ਨਾਂ ਆਏ ਮਹਿਰਮ ਘਰ ਨੂੰ ,
ਐਵੇਂ ਉਮਰਾਂ ਵਿੱਚ ਉਡੀਕ ਵਿਹਾਈਆਂ |

ਆਖੋ ਸੂ , ਚੰਨ ਮੱਸਿਆ ਨੂੰ ਨਹੀਂ ਚੜ੍ਹਦਾ,
ਮੱਸਿਆ ਵੰਡਦੀ ਆਈ ਧੁਰੋਂ ਸਿਆਹੀਆਂ |

ਝੱਬ ਕਰ ਅੜੀਏ ਤੂੰ ਵੀ ਉੱਡ ਜਾ ਚਿੜੀਏ ,
ਇਹਨੀਂ ਮਹਿਲੀਂ ਹਤਿਆਰੇ ਨੇ ਵਸਦੇ |

ਏਸ ਖੇਤ ਵਿੱਚ ਕਦੇ ਨਹੀਂ ਉੱਗਦੀ ਕੰਗਣੀ ,
ਏਸ ਖੇਤ ਦੇ ਧਾਨ ਕਦੇ ਨਹੀਂ ਪੱਕਦੇ |

ਭੁੱਲ ਨਾਂ ਬੋਲੇ ਕੋਇਲ ਇਹਨੀਂ ਅੰਬੀਂ,
ਇਹਨੀਂ ਬਾਗੀਂ ਮੋਰ ਕਦੇ ਨਹੀਂ ਨੱਚਦੇ |

ਅੜੀਓ ਨੀਂ ਮੈਂ ਘਰ ਬਿਰਹੋਂ ਦੇ ਜਾਈਆਂ ,
ਰਹਿਣਗੇ ਹੋਂਠ ਹਸ਼ਰ ਤੱਕ ਹੰਝੂ ਚੱਟਦੇ |

ਕੀਹ ਰੋਵਾਂ ਮੈਂ ਗਲ ਸੱਜਣਾਂ ਦੇ ਮਿਲ ਕੇ,
ਕੀਹ ਹੱਸਾਂ ਮੈਂ ਅੜੀਓ ਮਾਰ ਛੜੱਪੀਆਂ |

ਕੀਹ ਬੈਠਾਂ ਮੈਂ ਛਾਵੇਂ ਸੰਦਲ ਰੁੱਖ ਦੀ,
ਕੀਹ ਬਣ ਬਣ ‘ਚੋਂ ਚੁਗਦੀ ਫਿਰਾਂ ਮੈਂ ਰੱਤੀਆਂ |

ਕੀਹ ਟੇਰਾਂ ਮੈਂ ਸੂਤ ਗਮਾਂ ਦੇ ਖੱਦੇ,
ਕੀਹ ਖੋਹਲਾਂ ਮੈਂ ਗੰਢਾਂ ਪੇਚ ਪਲੱਚੀਆਂ |

ਕੀਹ ਗਾਵਾਂ ਮੈਂ ਗੀਤ ਹਿਜ਼ਰ ਦੇ ਗੂੰਗੇ,
ਕੀਹ ਛੇੜਾਂ ਮੈਂ ਮੂਕ ਦਿਲੇ ਦੀਆਂ ਮੱਟੀਆਂ |

ਕਿਰਨਾਂ ਦਾ ਜਨਮ – ਸੰਤ ਰਾਮ ਉਦਾਸੀ

ਤੂੰ ਬੇਦਰਦੀ ਹੋ !
ਤੂੰ ਬੇਦਰਦੀ ਹੋ , ਦੁਖ ਦਰਦਾਂ ਦਾ ਕਿਸ ਦੇ ਕੋਲ ਸੁਣਾਵਾਂ |
ਮੇਰੇ ਮਗਰ ਚਿਰਾਂ ਤੋਂ ਲੱਗਿਆ,ਭੁੱਖ ਦਾ ਇੱਕ ਪ੍ਰਛਾਵਾਂ |
ਮੈਂ ਮਰਜਾ ਤਾਂ ਬੇਸ਼ਕ ਮਰਜਾਂ ,ਮਰਦਾ ਨਾਂ ਪ੍ਰਛਾਵਾਂ |
ਤੂੰ ਬੇਦਰਦੀ ਹੋ !
ਤੇਰੇ ਝੂਠੇ ਵਾਅਦੇ ਦੀ ਮੁਠ , ਸੱਖਣੇ ਢਿੱਡ ਵਿੱਚ ਪਾਵਾਂ |
ਢਿੱਡ ਹੈ ਕਿ ਬਸ ਫਿਰ ਵੀ ਨਿਕਲਣ ,ਇਸ ਤੋਂ ਹੌਂਕੇ ਹਾਵਾਂ |
ਤੂੰ ਬੇਦਰਦੀ ਹੋ !
ਕਰਚ ਲਤੜ ਲਤੜ ਕੇ ਲੰਘੇ ,ਪੈਰ ਬਿਆਈਆਂ ਪਾਟੇ |
ਆ ਕਣਕਾਂ ! ਦੇ ਮੱਥਿਆਂ ਵਿੱਚੋਂ ,ਸਿੰਮਦਾ ਖੂਨ ਵਿਖਾਵਾਂ |
ਤੂੰ ਬੇਦਰਦੀ ਹੋ !
ਛੋੰਕ ਮੇਰੇ ਤੇ ਦੌਰ ਦਾ ,ਕਦਮ ਕਦਮ ਤੇ ਪਹਿਰਾ |
ਫਿਰ ਬੁੱਕਲ ਵਿੱਚ ਉੱਗਿਆ ਸੂਰਜ ਕਿਹੜੀ ਕੂਟ ਛਿਪਾਵਾਂ |
ਤੂੰ ਬੇਦਰਦੀ ਹੋ !
ਅੱਟਣਾ ਵਾਲੇ ਮੁੱਕਿਆ ਦੀ ਜਦ ,ਕੰਧ ਮਹਿਲ ਤੇ ਕੜਕੀ |
ਫਿਰ ਨਾ ਸੌਂ ਸਕਣ ਬੇ -ਗਮ ਹੋ ,ਤੇਰੀਆਂ ਭੈਣਾਂ ,ਮਾਵਾਂ |
ਤੂੰ ਬੇਦਰਦੀ ਹੋ !
ਹੁਣ ਮੁੜਕੇ ਦੀ ਧੁੱਪ ਮੁੜਗੀ ,ਕਰ ਕੇ ਕਤਲ ਹਨੇਰੇ |
ਤਾਹੀਓਂ ਤਾਂ ਮੈਂ ਆਪਣੀ ਕੁਟੀਆ ,ਆਦਰ ਲਈ ਸਜਾਵਾਂ |
ਤੂੰ ਬੇਦਰਦੀ ਹੋ !

ਡਾਚੀ ਸਹਿਕਦੀ – ਸ਼ਿਵ ਕੁਮਾਰ ਬਟਾਲਵੀ

ਜੇ ਡਾਚੀ ਸਹਿਕਦੀ ਸੱਸੀ ਨੂੰ
ਪੁੰਨੂ ਥੀਂ ਮਿਲਾ ਦੇਂਦੀ |
ਤਾਂ ਤੱਤੀ ਮਾਣ ਸੱਸੀ ਦਾ
ਉਹ ਮਿੱਟੀ ਵਿੱਚ ਰੁਲਾ ਦੇਂਦੀ |

ਭਲੀ ਹੋਈ ਕੇ ਸਾਰਾ ਸਾਉਣ ਹੀ
ਬਰਸਾਤ ਨਾ ਹੋਈ,
ਪਤਾ ਕੀ ਆਲ੍ਹਣੇ ਦੇ ਟੋਟਰੂ
ਬਿਜਲੀ ਜਲਾ ਦੇਂਦੀ |

ਮੈਂ ਅਕਸਰ ਵੇਖਿਆ –
ਕਿ ਤੇਲ ਹੁੰਦਿਆ ਸੁੰਦਿਆ ਦੀਵੇ,
ਹਵਾ ਕਈ ਵਾਰ ਦਿਲ ਦੀ
ਮੌਜ ਖਾਤਰ ਹੈ ਬੁਝਾ ਦੇਂਦੀ |

ਭੁਲੇਖਾ ਹੈ ਕਿ ਜਿੰਦਗੀ
ਪਲ ਦੋ ਪਲ ਲਈ ਘੂਕ ਸੌਂ ਜਾਂਦੀ,
ਜੇ ਪੰਛੀ ਗ਼ਮ ਦਾ ਦਿਲ ਦੀ
ਸੰਘਣੀ ਜੂਹ ‘ਚੋਂ ਉਡਾ ਦੇਂਦੀ |
ਹਕੀਕਤ ਇਸ਼ਕ਼ ਦੀ
ਜੇ ਮਹਿਜ ਖੇਡ ਹੁੰਦੀ ਜਿਸਮਾਂ ਦੀ ,
ਤਾਂ ਦੁਨੀਆ ਅੱਜ ਤੀਕਣ
ਨਾਂ ਤੇਰਾ ਮੇਰਾ ਭੁਲਾ ਦੇਂਦੀ |

ਮੈਂ ਬਿਨ ਸੂਲਾਂ ਦੇ ਰਾਹ ‘ਤੇ
ਕੀਹ ਤੁਰਾਂ ਮੈਨੂੰ ਸ਼ਰਮ ਆਉਂਦੀ ਹੈ,
ਮੈਂ ਅੱਖੀਂ ਵੇਖਿਐ
ਕਿ ਹਰ ਕਲੀ ਉੜਕ ਦਗਾ ਦੇਂਦੀ |

ਵਸਲ ਦਾ ਸਵਾਦ ਤਾਂ
ਇੱਕ ਪਲ ਦੋ ਪਲ ਦੀ ਮੌਜ ਤੋਂ ਵੱਧ ਨਹੀਂ ,
ਜੁਦਾਈ ਹਸ਼ਰ ਤੀਕਣ
ਆਦਮੀ ਨੂੰ ਹੈ ਨਸ਼ਾ ਦੇਂਦੀ |

ਜਦ ਬਗ਼ਾਵਤ ਖੌਲਦੀ ਹੈ – ਪਾਸ਼

ਨੇਰ੍ਹੀਆਂ ਸ਼ਾਹ ਨੇਰ੍ਹੀਆਂ ਰਾਤਾਂ ਦੇ ਵਿਚ ,
ਜਦ ਪਲ ਪਲਾਂ ਤੋਂ ਸਹਿਮਦੇ ਹਨ , ਤ੍ਰਭਕਦੇ ਹਨ |
ਚੌਬਾਰਿਆਂ ਦੀ ਰੌਸ਼ਨੀ ਤਦ ,
ਬਾਰੀਆਂ ‘ਚੋਂ ਕੁੱਦ ਕੇ ਖੁਦਕੁਸ਼ੀ ਕਰ ਲੈਂਦੀ ਹੈ |
ਇਹਨਾ ਸ਼ਾਂਤ ਰਾਤਾਂ ਦੇ ਗਰਭ ‘ਚ
ਜਦ ਬਗ਼ਾਵਤ ਖੌਲਦੀ ਹੈ ,
ਚਾਨਣੇ , ਬੇਚਾਨਣੇ ਵੀ ਕਤਲ ਹੋ ਸਕਦਾ ਹਾਂ ਮੈਂ |

ਗਲੇ ਸੜੇ ਫੁੱਲਾਂ ਦੇ ਨਾਂ – ਪਾਸ਼

ਅਸੀਂ ਤਾਂ ਪਿੰਡਾਂ ਦੇ ਵਾਸੀ ਹਾਂ ,
ਤੁਸੀਂ ਸ਼ਹਿਰ ਦੇ ਵਾਸੀ ਤਾਂ ਸੜਕਾਂ ਵਾਲੇ ਹੋ |
ਤੁਸੀਂ ਕਾਸ ਨੂੰ ਰੀਂਗ ਰੀਂਗ ਕੇ ਚਲਦੇ ਹੋ ?
ਸਾਡਾ ਮਨ ਪਰਚਾਵਾ ਤਾਂ ਹੱਟੀ ਭੱਠੀ ਹੈ |
ਤੁਸੀਂ ਕਲੱਬਾਂ ਸਿਨਮੇ ਵਾਲੇ ,
ਸਾਥੋਂ ਪਹਿਲਾਂ ਬੁੱਢੇ ਕੀਕਣ ਹੋ ਜਾਂਦੇ ਹੋ ?
ਸਾਡੀ ਦੌੜ ਤਾਂ ਕਾਲੇ ਮਹਿਰ ਦੀ ਮਟੀ ਤੀਕ
ਜਾਂ ਤੁਲਸੀ ਸੂਦ ਦੇ ਟੂਣੇ ਤੱਕ ਹੈ ,
ਤੁਸੀਂ ਤੇ ਕਹਿੰਦੇ ਚੰਨ ਦੀਆਂ ਗੱਲਾਂ ਕਰਦੇ ਹੋ ?
ਤੁਸੀਂ ਅਸਾਥੋਂ ਪਹਿਲਾਂ ਕਿਉਂ ਮਰ ਜਾਂਦੇ ਹੋ ?
ਅਸੀਂ ਕਾਲਜੇ ਕੱਟ ਕੱਟ ਕੇ ਵੀ ਸੀ ਨਹੀਂ ਕੀਤੀ |
ਤੁਸੀਂ ਜੋ ਰੰਗ-ਬਿਰੰਗੇ ਝੰਡੇ ਚੁੱਕੀ ਫਿਰਦੇ
ਖਾਂਦੇ ਪੀਂਦੇ ਮੌਤ ਤੇ ਛੜਾਂ ਚਲਾਉਂਦੇ ਹੋ |
ਇਹ ਬੌਹੜੀ ਧਾੜਿਆ ਕਿਹੜੀ ਗਲ ਦੀ ਕਰਦੇ ਹੋ ?
ਦੇਖਿਓ ਹੁਣ ,
ਇਹ ਸੁੱਕੀ ਰੋਟੀ ਗੰਢੇ ਨਾਲ ਚਬਾਵਣ ਵਾਲੇ |
ਤੁਹਾਡੇ ਸ਼ਹਿਰ ਦੇ ਸੜਕਾਂ ਕਮਰੇ ਨਿਗਲ ਜਾਣ ਲਈ ,
ਆ ਪਹੁੰਚੇ ਹਨ ,
ਇਹ ਤੁਹਾਡੀ ਡਾਈਨਿੰਗ ਟੇਬਲ ,
ਤੇ ਟਰੇਆਂ ਤਕ ਨਿਗਲ ਜਾਣਗੇ |
ਜਦ ਸਾਡੀ ਰੋਟੀ ‘ਤੇ ਡਾਕੇ ਪੈਂਦੇ ਸਨ ,
ਜਦ ਸਾਡੀ ਇੱਜਤ ਨੂੰ ਸੰਨਾਂ ਲੱਗਦੀਆਂ ਸਨ |
ਤਾਂ ਅਸੀਂ ਅਨਪੜ ਪੇਂਡੂ ਮੂੰਹ ਦੇ ਗੁੰਗੇ ਸਾਂ ,
ਤੁਹਾਡੀ ਲਕਚੋ ਕਾਫੀ ਹਾਉਸ ‘ਚ ਕੀ ਕਰਦੀ ਸੀ |
ਤੁਹਾਨੂੰ ਪੜ੍ਹਿਆਂ -ਲਿਖਿਆਂ ਨੁੰ ਕੀ ਹੋਈਆ ਸੀ ?
ਅਸੀਂ ਤੁਹਾਡੀ ਖਾਹਿਸ਼ ਦਾ ਅਪਮਾਨ ਨਹੀਂ ਕਰਦੇ ,
ਅਸੀਂ ਤੁਹਾਨੂੰ ਆਦਰ ਸਹਿਤ
ਸਣੇ ਤੁਹਾਡੇ ਹੋਂਦਵਾਦ ਦੇ ,
ਬਰਛੇ ਦੀ ਨੋਕ ‘ਤੇ ਟੰਗ ਕੇ ,
ਚੰਦ ਉਤੇ ਅਪੜਾ ਦੇਵਾਂਗੇ |
ਅਸੀਂ ਤਾਂ ਸਾਦ ਮੁਰਾਦੇ ਪੇਂਡੂ ਬੰਦੇ ਹਾਂ ,
ਸਾਡੇ ਕੋਲ ‘ਅਪੋਲੋ’ਹੈ ਨਾ ‘ਲੂਨਾ’ ਹੈ |