ਇੱਕ ਗੀਤ ਹਿਜਰ ਦਾ – ਸ਼ਿਵ ਕੁਮਾਰ ਬਟਾਲਵੀ

ਮੋਤੀਏ ਰੰਗੀ ਚਾਨਣੀ ਦੀ ਭਰ ਪਿਚਕਾਰੀ,
ਮਾਰੀ ਨੀਂ ਕਿਸੇ ਮੁੱਖ ਮੇਰੇ ਤੇ ਮਾਰੀ |

ਕਿਸ ਲਈ ਮੇਰੇ ਮੱਥੇ ਚੰਨ ਦੀ ਦੌਣੀ,
ਕਿਸ ਰੱਤੀ ਮੇਰੀ ਸੂਹੀ ਗੁੱਟ ਫੁਲਕਾਰੀ |

ਰਹਿਣ ਦਿਓ ਨੀਂ ਹੰਸ ਦਿਲੇ ਦਾ ਫਾਕੇ,
ਜਾਂਦੀ ਨਹੀਂ ਮੈਥੋਂ ਮਹਿੰਗੀ ਚੋਗ ਖਿਲਾਰੀ |

ਤੋੜੇ ਮਾਲ੍ਹ ਤਰੱਕਲਾ ਚਰਖੀ ਫੂਕੋ,
ਕਿਸ ਮੇਰੀ ਵੈਰਣ ਕੌਡਾਂ ਨਾਲ ਸ਼ਿੰਗਾਰੀ |

ਕਿਸ, ਕੂਲ੍ਹਾਂ ਦੇ ਆਣ ਘਚੋਲੇ ਪਾਣੀ,
ਕਿਸ ਤੱਤੜੀ ਨੇ ਆਣ ਮਰੂੰਡੀਆਂ |

ਕਿਸ ਖੂਹੇ ਬਹਿ ਧੋਵਾਂ ਦਾਗ ਦਿਲੇ ਦੇ ,
ਕਿਸ ਚੌਂਕੀ ਬਹਿ ਮਲ ਮਲ ਵਟਣਾ ਨ੍ਹਾਵਾਂ |

ਕੀਹ ਗੁੰਦਾਂ ਹੁਣ ਗੁੱਡੀਆਂ ਦੇ ਸਿਰ ਮੋਤੀ,
ਕੀਕਣ ਉਮਰ ਨਿਆਣੀ ਮੋੜ ਲਿਆਵਾਂ |

ਕਿਸ ਸੰਗ ਖੇਡਾਂ ਅੜੀਓ ਨੀਂ ਮੈਂ ਕੰਜਕਾਂ,
ਕਿਸ ਸੰਗ ਅੜੀਓ ਰਾੜੇ ਬੀਜਣ ਜਾਵਾਂ |

ਉੱਡ ਗਈਆਂ ਡਾਰਾਂ ਸੱਭੇ ਬੰਨ੍ਹ ਕਤਾਰਾਂ,
ਮੈਂ ਕੱਲੀ ਵਿੱਚ ਫਸ ਗਈ ਜੇ ਨੀਂ ਫਾਹੀਆਂ |

ਲੱਖ ਸ਼ੁਦੈਣਾਂ ਔਸੀਆਂ ਪਾ ਪਾ ਮੋਈਆਂ,
ਵਾਤ ਨਾਂ ਪੁੱਛੀ ਏਸ ਗਿਰਾਂ ਦਿਆਂ ਰਾਹੀਆਂ |

ਪਰਤ ਕਦੇ ਨਾਂ ਆਏ ਮਹਿਰਮ ਘਰ ਨੂੰ ,
ਐਵੇਂ ਉਮਰਾਂ ਵਿੱਚ ਉਡੀਕ ਵਿਹਾਈਆਂ |

ਆਖੋ ਸੂ , ਚੰਨ ਮੱਸਿਆ ਨੂੰ ਨਹੀਂ ਚੜ੍ਹਦਾ,
ਮੱਸਿਆ ਵੰਡਦੀ ਆਈ ਧੁਰੋਂ ਸਿਆਹੀਆਂ |

ਝੱਬ ਕਰ ਅੜੀਏ ਤੂੰ ਵੀ ਉੱਡ ਜਾ ਚਿੜੀਏ ,
ਇਹਨੀਂ ਮਹਿਲੀਂ ਹਤਿਆਰੇ ਨੇ ਵਸਦੇ |

ਏਸ ਖੇਤ ਵਿੱਚ ਕਦੇ ਨਹੀਂ ਉੱਗਦੀ ਕੰਗਣੀ ,
ਏਸ ਖੇਤ ਦੇ ਧਾਨ ਕਦੇ ਨਹੀਂ ਪੱਕਦੇ |

ਭੁੱਲ ਨਾਂ ਬੋਲੇ ਕੋਇਲ ਇਹਨੀਂ ਅੰਬੀਂ,
ਇਹਨੀਂ ਬਾਗੀਂ ਮੋਰ ਕਦੇ ਨਹੀਂ ਨੱਚਦੇ |

ਅੜੀਓ ਨੀਂ ਮੈਂ ਘਰ ਬਿਰਹੋਂ ਦੇ ਜਾਈਆਂ ,
ਰਹਿਣਗੇ ਹੋਂਠ ਹਸ਼ਰ ਤੱਕ ਹੰਝੂ ਚੱਟਦੇ |

ਕੀਹ ਰੋਵਾਂ ਮੈਂ ਗਲ ਸੱਜਣਾਂ ਦੇ ਮਿਲ ਕੇ,
ਕੀਹ ਹੱਸਾਂ ਮੈਂ ਅੜੀਓ ਮਾਰ ਛੜੱਪੀਆਂ |

ਕੀਹ ਬੈਠਾਂ ਮੈਂ ਛਾਵੇਂ ਸੰਦਲ ਰੁੱਖ ਦੀ,
ਕੀਹ ਬਣ ਬਣ ‘ਚੋਂ ਚੁਗਦੀ ਫਿਰਾਂ ਮੈਂ ਰੱਤੀਆਂ |

ਕੀਹ ਟੇਰਾਂ ਮੈਂ ਸੂਤ ਗਮਾਂ ਦੇ ਖੱਦੇ,
ਕੀਹ ਖੋਹਲਾਂ ਮੈਂ ਗੰਢਾਂ ਪੇਚ ਪਲੱਚੀਆਂ |

ਕੀਹ ਗਾਵਾਂ ਮੈਂ ਗੀਤ ਹਿਜ਼ਰ ਦੇ ਗੂੰਗੇ,
ਕੀਹ ਛੇੜਾਂ ਮੈਂ ਮੂਕ ਦਿਲੇ ਦੀਆਂ ਮੱਟੀਆਂ |