ਹਯਾਤੀ ਨੂੰ – ਸ਼ਿਵ ਕੁਮਾਰ ਬਟਾਲਵੀ

ਚੁਗ ਲਏ ਜਿਹੜੇ ਮੈਂ ਚੁਗਣੇ ਸਨ
ਮਾਨਸਰਾਂ ‘ਚੋਂ ਮੋਤੀ |
ਹੁਣ ਤਾਂ ਮਾਨਸਰਾਂ ਵਿੱਚ ਮੇਰਾ
ਦੋ ਦਿਨ ਹੋਰ ਬਸੇਰਾ |

ਘੋਰ ਸਿਆਹੀਆਂ ਨਾਲ ਪੈ ਗਈਆਂ
ਹੁਣ ਕੁਝ ਅੜੀਓ ਸਾਂਝਾਂ
ਤਾਹਿਓਂ ਚਾਨਣੀਆਂ ਰਾਤਾਂ ਵਿੱਚ
ਜੀ ਨਹੀਂ ਲਗਦਾ ਮੇਰਾ |

ਉਮਰ ਅਯਾਲਣ ਛਾਂਗ ਲਈ ਗਈ
ਹੁਸਨਾਂ ਦੇ ਪੱਤੇ ਸਾਵੇ,
ਹੁਣ ਤਾਂ ਬਾਲਣ ਬਾਲਣ ਦਿਸਦਾ
ਅੜੀਓ ਚਾਰ ਚੁਫੇਰਾ |

ਫੂਕੋ ਨੀਂ ਹੁਣ ਲੀਰ ਪਟੋਲੇ
ਗੁੱਡੀਆਂ ਦੇ ਸਿਰ ਸਾੜੋ,
ਮਾਰ ਦੁਹਁਥੜਾਂ ਪਿਟੋ ਨੀਂ
ਹੁਣ ਮੇਰੇ ਮਰ ਗਏ ਹਾਣੀ |
ਝੱਟ ਕਰੋ ਨੀਂ ਖਾ ਲਓ ਟੁੱਕਰ
ਹਁਥ ਵਿੱਚ ਹੈ ਜੋ ਫੜਿਆ
ਔਹ ਵੇਖੋ ਨੀਂ ! ਚੀਲ੍ਹ ਸਮੇਂ ਦੀ
ਉੱਡ ਪਈ ਆਦਮ –ਖਾਣੀ |

ਡਰੋ ਨਾਂ ਲੰਘ ਜਾਣ ਦਿਓ ਅੜੀਓ
ਕਾਗਾਂ ਨੂੰ ਕੰਡਿਆ ਤੋਂ
ਡੀਕ ਲੈਣਗੀਆਂ ਭੁੱਬਲ ਹੋਈਆਂ
ਰੇਤਾਂ ਆਪੇ ਪਾਣੀ |

ਰੀਝਾਂ ਦੀ ਜੇ ਸੁੰਝ ਹੋ ਗਈ
ਤਾਂ ਕੀ ਹੋਇਆ ਜਿੰਦੇ
ਹੋਰ ਲਮੇਰੇ ਹੋ ਜਾਂਦੇ ਨੇ
ਸੰਝ ਪਈ ਪਰਛਾਂਵੇ |

ਕਲਵਲ ਹੋਵੇ ਨਾ ਨੀਂ ਏਦਾਂ
ਵੇਖ ਵਗਦੀਆਂ ਲੋਆਂ
ਉਹ ਬੂਟਾ ਘੱਟ ਹੀ ਪਲਦਾ ਹੈ
ਜੋ ਉਗਦਾ ਹੈ ਛਾਵੇਂ |