ਕਵਿਤਾਵਾਂ

ਪੁਲਵਾਮਾ ਹਮਲਾ – ਯਸ਼ੂ ਜਾਨ

ਕਿਸੇ ਨੇ ਕੀਤਾ ਸੌਦਾ ਦੇਸ਼-ਜਵਾਨਾਂ ਦਾ,
ਕੀ ਮੁਕ਼ਾਬਲਾ ਦੱਸੋ ਭੇਡਾਂ-ਸਾਂਨ੍ਹਾਂ ਦਾ,
ਹੋਇਆ ਫਿਰਦਾ ਸਾਰਾ ਪਾਕਿਸਤਾਨ ਕਮਲ਼ਾ,
ਯਾਦ ਰਹੂਗਾ ਸਾਨੂੰ ਵੀ ਪੁਲਵਾਮਾ ਹਮਲਾ,
ਦੱਸਾਂਗੇ ਹੁਣ ਕਿੱਦਾਂ ਕਰੀਦਾ ਪਿੱਛਿਓਂ ਹਮਲਾ,
ਯਾਦ ਰਹੂਗਾ ਸਾਨੂੰ ਵੀ ਪੁਲਵਾਮਾ ਹਮਲਾ |

ਰੰਜਿਸ਼ ਯਾਦ ਕਰਾਤੀ ਕਾਹਤੋਂ ਪਿਛਲੀ-ਅਗਲੀ,
ਪਰਦੇ ਕਰਨੇ ਫ਼ਾਸ਼ ਤੁਹਾਡੇ ਅਸਲੀ-ਨਕਲੀ,
ਹੁਣ ਸਾਡੇ ਹੱਥ ਤੁਹਾਡੀ ਕਿਸਮਤ ਵਾਲ਼ੀ ਚਾਬੀ,
ਡੁੱਲ੍ਹ-ਡੁੱਲ੍ਹ ਹੋਇਆ ਸਾਡੇ ਖ਼ੂਨ ਦਾ ਰੰਗ ਗ਼ੁਲਾਬੀ,
ਕਿਸੇ ਦੀ ਜਾਨ ਤੋਂ ਵੱਡਾ ਨਹੀਂ ਕਸ਼ਮੀਰੀ ਮਸਲਾ,
ਦੱਸਾਂਗੇ ਹੁਣ ਕਿੱਦਾਂ ਕਰੀਦਾ ਪਿੱਛਿਓਂ ਹਮਲਾ,
ਯਾਦ ਰਹੂਗਾ ਸਾਨੂੰ ਵੀ ਪੁਲਵਾਮਾ ਹਮਲਾ |

ਤੁਸੀਂ ਤਾਂ ਤਾਕਤ ਸਾਡੀ ਦੇਖੀ ਨਹੀਂ ਹਾਲੇ,
ਹੁਣ ਦੇਖਿਓ ਕਿੱਦਾਂ ਤੋਰਨਾਂ ਪੈਰੀਂ ਪਾ ਛਾਲੇ,
ਮਦਦ ਤੇ ਸਹਿਯੋਗ ਦੀ ਕੋਈ ਭੱਲ ਪਚੀ ਨਾਂ,
ਇੱਜ਼ਤ ਤੇ ਭਾਈਆਂ ਵਾਲ਼ੀ ਵੀ ਗੱਲ ਬਚੀ ਨਾਂ,
ਬੱਚਾ-ਬੱਚਾ ਖੜ੍ਹਾ ਹੋ ਜਾਊ ਚੁੱਕ ਕੇ ਅਸਲਾ,
ਦੱਸਾਂਗੇ ਹੁਣ ਕਿੱਦਾਂ ਕਰੀਦਾ ਪਿੱਛਿਓਂ ਹਮਲਾ,
ਯਾਦ ਰਹੂਗਾ ਸਾਨੂੰ ਵੀ ਪੁਲਵਾਮਾ ਹਮਲਾ |

ਨਹੀਓਂ ਦੇਣਾ ਹੋਣ ਤਿਰੰਗਾ ਝੰਡਾ ਨੀਲਾ,
ਯਸ਼ੂ ਜਾਨ ਕਰਨਾ ਪੈਣਾ ਕੋਈ ਪੱਕਾ ਹੀਲਾ,
ਹੱਥਾਂ ਉੱਤੇ ਧਰਕੇ ਹੱਥ ਨਹੀਂ ਬਹਿਣਾ ਵਿਹਲੇ,
ਨਹੀਓਂ ਲੱਗਣ ਦੇਣੇ ਹੁਣ ਸ਼ਮਸ਼ਾਨੀਂ ਮੇਲੇ,
ਭੁਲਣੀਆਂ ਨਹੀਂ ਸਾਨੂੰ ਉਹ ਰੂਹਾਨੀਂ ਸ਼ਕਲਾਂ,
ਦੱਸਾਂਗੇ ਹੁਣ ਕਿੱਦਾਂ ਕਰੀਦਾ ਪਿੱਛਿਓਂ ਹਮਲਾ,
ਯਾਦ ਰਹੂਗਾ ਸਾਨੂੰ ਵੀ ਪੁਲਵਾਮਾ ਹਮਲਾ |

ਬੱਬਰ ਸ਼ੇਰ – ਯਸ਼ੂ ਜਾਨ

ਸਾਡੀ ਅਣਖ਼ ਹਾਲੇ ਤੱਕ ਜਿਊਂਦੀ ਏ,
ਮਾਂ ਬੱਬਰ ਸ਼ੇਰ ਬਣਾਉਂਦੀ ਏ,
ਤਾਹੀਓਂ ਡਰਕੇ ਗਿੱਦੜਾਂ ਵਾਲੀ,
ਹਾਮੀ ਭਰਦੇ ਨਾਂ,
ਅਸੀਂ ਭੀਮ ਰਾਓ ਦੇ ਸ਼ੇਰ,
ਕਿਸੇ ਤੋਂ ਡਰਦੇ ਨਾਂ,
ਅਸੀਂ ਭੀਮ ਦੇ ਬੱਬਰ ਸ਼ੇਰ,
ਗ਼ੁਲ਼ਾਮੀ ਕਰਦੇ ਨਾਂ

ਭਰਮਾਂ ਤੋਂ ਪਰਦਾ ਹੈ ਚੱਕਿਆ,
ਸਾਡੇ ਸਿਰ ਤੇ ਵੀ ਹੱਥ ਰੱਖਿਆ,
ਜੋ ਸਾਨੂੰ ਸਿੱਖਿਆ ਦਿੱਤੀ ਹੈ,
ਨਾ ਸਾਥੋਂ ਖੋਹ ਕੋਈ ਸਕਿਆ,
ਕੁੱਝ ਜਾਣਾ ਕਰਕੇ ਵੀਰੋ,
ਐਵੇਂ ਮਰਦੇ ਨਾਂ,
ਅਸੀਂ ਭੀਮ ਰਾਓ ਦੇ ਸ਼ੇਰ,
ਕਿਸੇ ਤੋਂ ਡਰਦੇ ਨਾਂ,
ਅਸੀਂ ਭੀਮ ਦੇ ਬੱਬਰ ਸ਼ੇਰ,
ਗ਼ੁਲ਼ਾਮੀ ਕਰਦੇ ਨਾਂ

ਬੈਠੇ ਜੋ ਰਿਸ਼ਵਤਖੋਰ ਬੜੇ,
ਹਨ ਲੀਡਰ ਘੱਟ ਤੇ ਚੋਰ ਬੜੇ,
ਸਭਨਾਂ ਦਾ ਖ਼ਾਤਮਾ ਕਰਨਾ ਹੈ,
ਇਹਨਾਂ ਪਿੱਛੇ ਨੇ ਹੋਰ ਬੜੇ,
ਕੰਮ ਬਣਨਾ ਨਹੀਂ ਯਸ਼ੂ ਜਦ ਤੱਕ,
ਆਪਾਂ ਅੜਦੇ ਨਾਂ,
ਅਸੀਂ ਭੀਮ ਰਾਓ ਦੇ ਸ਼ੇਰ,
ਕਿਸੇ ਤੋਂ ਡਰਦੇ ਨਾਂ,
ਅਸੀਂ ਭੀਮ ਦੇ ਬੱਬਰ ਸ਼ੇਰ,
ਗ਼ੁਲ਼ਾਮੀ ਕਰਦੇ ਨਾਂ

ਮੈਨੂੰ ਡਰ ਮੌਤ ਦਾ ਨਹੀਂ – ਯਸ਼ੂ ਜਾਨ

ਮੈਨੂੰ ਡਰ ਮੌਤ ਦਾ ਨਹੀਂ,
ਮੈਨੂੰ ਡਰ ਹੈ ਮਰਨੇ ਦਾ,
ਮੌਤ ਦੀ ਮਰਜ਼ੀ ਆਵੇ-ਜਾਵੇ,
ਤੇ ਜਿੱਥੇ ਮਰਜ਼ੀ ਧੱਕੇ ਖ਼ਾਵੇ,
ਪਰ ਮੈਨੂੰ ਹੱਥ ਨਾਂ ਲਾਵੇ,
ਕੰਮ ਛੱਡੇ ਮੌਤਾਂ ਕਰਨੇ ਦਾ,
ਮੈਨੂੰ ਡਰ ਮੌਤ ਦਾ ਨਹੀਂ |

ਤੂੰ ਥਾਂ-ਥਾਂ ਘੁੰਮਦੀ ਫਿਰਦੀ ਏਂ,
ਕੋਈ ਲੱਭ ਲੈ ਘਰ ਕਿਰਾਏ ਤੇ,
ਤੈਨੂੰ ਕੋਈ ਆਪ ਬੁਲਾਉਂਦਾ ਨਹੀਂ,
ਕਿਉਂ ਆਵੇਂ ਬਿਨ ਬੁਲਾਏ ਤੇ,
ਤੂੰ ਲੱਭਿਆਂ ਕਿਸੇ ਨੂੰ ਲੱਭਦੀ ਨਹੀਂ,
ਤੇ ਬੰਦੇ ਖ਼ਾ-ਖ਼ਾ ਰੱਜਦੀ ਨਹੀਂ,
ਸਾਥੋਂ ਨਾ ਜਿਗਰਾ ਜਰਨੇ ਦਾ,
ਮੈਨੂੰ ਡਰ ਮੌਤ ਦਾ ਨਹੀਂ,
ਮੈਨੂੰ ਡਰ ਹੈ ਮਰਨੇ ਦਾ |

ਤੈਨੂੰ ਦੇਖ਼ ਕੇ ਵੀ ਚੁੱਪ ਬੈਠੀਦਾ,
ਕਰ-ਕਰ ਕੇ ਵੱਡਾ ਜੇਰਾ ਹੀ,
ਤੂੰ ਮਾਰਕੇ ਬੰਦਾ ਖੜ੍ਹੀ ਰਹੇਂ,
ਕੀ ਪੁਲ਼ਸ ਵਿਗਾੜੂ ਤੇਰਾ ਹੀ,
ਕੀ ਅਸਰ ਲਾਹਨਤਾਂ ਪਾਈਆਂ ਤੇ,
ਸਭ ਸੰਗਾਂ-ਸ਼ਰਮਾਂ ਲਾਹੀਆਂ ਤੇ,
ਕੀ ਲਾਭ ਖਾਲੀ ਥਾਂ ਭਰਨੇ ਦਾ,
ਮੈਨੂੰ ਡਰ ਮੌਤ ਦਾ ਨਹੀਂ,
ਮੈਨੂੰ ਡਰ ਹੈ ਮਰਨੇ ਦਾ |

ਉਹ ਵਕ਼ਤ ਕਦੋਂ ਦੱਸ ਆਏਗਾ,
ਜਦ ਮੈਨੂੰ ਮਾਰੇਂਗੀ ਤੂੰ,
ਬੂਹੇ ਨਾ ਆਂਵੀਂ ਸਾਡੇ ਨੀਂ,
ਖੁਦ ਮਾਰੀ ਜਾਵੇਂਗੀ ਤੂੰ,
ਤੂੰ ਬੋਲਣ ਆਂਵੀਂ ਧਾਵਾ ਨੀਂ,
ਤੈਨੂੰ ਮੈਂ ਪਿਲਾਊਂ ਕਾਹਵਾ ਨੀਂ,
ਯਸ਼ੂ ਜਾਨ ਤੋਂ ਹਰਨੇ ਦਾ,
ਮੈਨੂੰ ਡਰ ਮੌਤ ਦਾ ਨਹੀਂ,
ਮੈਨੂੰ ਡਰ ਹੈ ਮਰਨੇ ਦਾ,
ਮੈਨੂੰ ਬਿਨਾਂ ਗੱਲ ਤੋਂ ਸ਼ੌਕ ਨਹੀਂ,
ਲੋਕਾਂ ਨਾਲ਼ ਲੜਨੇ ਦਾ,
ਮੈਨੂੰ ਡਰ ਮੌਤ ਦਾ ਨਹੀਂ,
ਮੈਨੂੰ ਡਰ ਹੈ ਮਰਨੇ ਦਾ |

ਮਕਸਦ – ਯਸ਼ੂ ਜਾਨ

ਮਿਲ ਗਿਆ ਹੈ ਮਕਸਦ ਮੈਨੂੰ ਜ਼ਿੰਦਗ਼ੀ ਜਿਓਣ ਦਾ ,
ਨਹੀਂ ਤਾਂ ਕੀ ਫ਼ਾਇਦਾ ਸੀ ਜ਼ਿੰਦਗ਼ੀ ਤੇ ਆਉਣ ਦਾ |

ਤਾਹੀਓਂ ਮੈਨੂੰ ਮਿਹਨਤਾਂ ਦਾ ਮੁੱਲ ਹੀ ਨਹੀਂ ਸੀ ਪਤਾ,
ਮੈਂ ਲ਼ੁਤਫ਼ ਉਠਾਉਂਦਾ ਰਿਹਾ ਸਾਰੀ ਰਾਤ ਸੌਣ ਦਾ |

ਦੇਖ ਲਏ ਮੈਂ ਜਾਨਵਰ ਕਿਉਂ ਸਾਰੀ ਰਾਤ ਜਾਗਦੇ,
ਹੋਇਆ ਅਫ਼ਸੋਸ ਬੜਾ ਸਮੇਂ ਨੂੰ ਗਵਾਉਣ ਦਾ |

ਨਾ ਮਨ ਮੇਰਾ ਕਿਸੇ ਪੱਖੋਂ ਪਾਕ ਅਤੇ ਸਾਫ ਸੀ,
ਮੈਂ ਸੁਪਨਾ ਤੇ ਪਾਲਿਆ ਸੀ ਮੌਤ ਨੂੰ ਵਿਆਹੁਣ ਦਾ |

ਤੂੰ ‘ਯਸ਼ੂ ਜਾਨ’ ਫ਼ਸ ਗਿਓਂ ਫੜ੍ਹਾਂ ਮਾਰ-ਮਾਰ ਕੇ,
ਬੜਾ ਸਿਗ੍ਹਾ ਸ਼ੌਕ ਤੈਨੂੰ ਖਿੱਲੀਆਂ ਉਡਾਉਣ ਦਾ |

ਲੂਣਾ – ਦੂਜਾ ਅੰਕ | ਭਾਗ – 4

ਲੂਣਾ – ਦੂਜਾ ਅੰਕ | ਭਾਗ – 3 ਪੜ੍ਹਨ ਲਈ ਕਲਿੱਕ ਕਰੋ

ਵਰਮਨ
ਹਾਂ ਮਿੱਤ੍ਰ !
ਤੂੰ ਸੱਚ ਕਹਿੰਦਾ ਹੈਂ
ਅੱਗ ਬਿਣ ਅੱਗ ਦੀ
ਉਮਰ ਹੰਢਾਣੀ
ਜਿਓਂ ਜੀਵੇ ਮੱਛੀ ਬਿਨ ਪਾਣੀ
ਹਰ ਬਾਲਣ ਨੂੰ
ਅੱਗ ਬਣਨ ਲਈ
ਪੈਂਦੀ ਹੀ ਹੈ ਅਗਨੀ ਖਾਣੀ
ਉਂਝ ਤਾਂ ਹਰ ਅੱਗ
ਅੱਗ ਹੁੰਦੀ ਹੈ
ਚੁਲ੍ਹੇ ਬਲੇ ਜਾਂ ਮੜ੍ਹੀ-ਮਸਾਣੀਂ
ਪਰ ਜੋ ਅੱਗ ਨਾਂ
ਲਾਂਬੂ ਬਣਦੀ
ਉਹ ਅੱਗ ਹੁੰਦੀ ਦਰਦ-ਰੰਝਾਣੀ
ਜੇ ਇੱਛਰਾਂ ਵੀ
ਕੱਚੀ ਅੱਗ ਸੀ
ਤਾਂ ਸੀ ਫੂਕਾਂ ਨਾਲ ਮਘਾਣੀ
ਜਾਂ ਉਸ ‘ਤੇ ਪਾ ਦੇਂਦਾ ਪਾਣੀ
ਹੱਡਾਂ ਤਾਈਂ ਘੁਣ ਹੁੰਦੀ ਹੈ
ਦੋ ਚਿੱਤੀ ਦੀ
ਜੂਨ ਹੰਢਾਣੀ

ਉਂਝ ਤਾਂ ਮਿਤ੍ਰ
ਮੀਤ ਪਿਆਰੇ
ਹਰ ਕੋਈ ਕੱਚੀ ਅੱਗ ਨੂੰ ਖਾਵੇ
ਬਲਦੀ ਅੱਗ ਨੂੰ ਵੀ ਹਰ ਕੋਈ
ਕੱਚੀ ਕਹਿ ਕੇ
ਉਮਰ ਲੰਘਾਵੇ
ਹਰ ਬਲਦੀ ਅੱਗ
ਚੁੰਮਣ ਪਿਛੋਂ
ਕੱਚੀ ਅੱਗ ਦਾ ਰੂਪ ਵਟਾਵੇ
ਸੁਪਨੇ ਦੀ
ਸਪਨੀ ਵੀ ਇੱਕ ਦਿਨ
ਅੱਗ ਦੀ ਸਪਨੀ
ਹੀ ਬਣ ਜਾਵੇ

ਸਲਵਾਨ
ਸੁਪਨੇ ਤੇ
ਅੱਗ ਦੀ ਸਪਨੀ ਵਿੱਚ
ਮੇਰੇ ਮਿੱਤ੍ਰ ਅੰਤਰ ਹੁੰਦੈ
ਅੱਗ ਦੀ ਸਪਨੀ ਸਦਾ ਪਾਲਤੂ
ਉਸ ਦਾ ਹੱਥ ਵਿੱਚ
ਮੰਤਰ ਹੁੰਦੈ
ਜੇ ਸੁਪਨੇ ਦੀ ਸਪਨੀ ਡੰਗੇ
ਉਸ ਦਾ ਅੰਤ
ਭਿਅੰਕਰ ਹੁੰਦੈ
ਅੱਗ ਦੀ ਸਪਨੀ ਜੇ ਹੈ ਸ਼ੁਅਲਾ
ਤਾਂ ਉਹ ਇੱਕ ਬਸੰਤਰ ਹੁੰਦੈ
ਅਗਨ-ਸਰਪਨੀ
ਜਿਉਂਦਾ ਸੱਚ ਹੈ
ਚੇਤਨ-ਦੇਹ ਦਾ ਕੰਕਰ ਹੁੰਦੈ
ਸੁਪਨ-ਸਰਪਨੀ
ਝੂਠ, ਨਿਰ੍ਰਥਕ
ਸੁਪਨੇ ਦਾ ਇੱਕ ਜੰਤਰ ਹੁੰਦੈ

ਵਰਮਨ
ਸੱਜਣ ! ਦੋਸਤ !
ਬਹਾਦਰ ਬੰਦੇ
ਸੁਪਨੇ ਤੋਂ ਕੋਈ ਸੱਚ ਕੀਹ ਮੰਗੇ
ਸਾਡੀ ਉਮਰਾ ਤਾਂ ਲੰਘ ਜਾਏ
ਪਰ ਸੁਪਨੇ ਦੀ
ਅਉਧ ਨਾ ਲੰਘੇ
ਇਹ ਸਾਡੇ ਧੁਰ ਅੰਦਰ ਕਿਧਰੇ
ਪੁੱਠੇ ਚਮਗਿਦੜਾਂ ਵਤ ਟੰਗੇ
ਕਾਲੇ ਰੁੱਖ, ਕਿਸਮਤਾਂ ਵਾਲੇ
ਤੇ ਫਲ ਖਾਂਦੇ ਰੰਗ-ਬਰੰਗੇ
ਕੋਈ ਕੋਈ ਸੁਪਨਾ ਕਰਮਾਂ ਸੇਤੀ
ਕਦੇ ਕਦੇ ਸੱਚ ਬਣ ਕੇ ਲੰਘੇ
ਕਿਸੇ ਕਿਸੇ ਚਿਹਰੇ ‘ਚੋਂ ਸਾਨੂੰ
ਸੁਪਨ-ਸਰਪਨੀ
ਆ ਕੇ ਡੰਗੇ
ਉਸ ਦਾ ਡੰਗਿਆ ਕੁਝ ਨਾ ਮੰਗੇ
ਮੰਗੇ ਤਾਂ, ਉਹਦੀ ਛੋਹ ਨੂੰ ਮੰਗੇ
ਦਿਨ-ਦੀਵੀਂ ਜਾਂ ਸੌਣਾ ਮੰਗੇ
ਪਰ ਨਾਂ ਛੋਹ
ਨਾ ਸੌਣਾ ਮਿਲਦਾ
ਉਮਰ ਅਸਾਡੀ ਧੁਖ-ਧੁਖ ਲੰਘੇ
ਸਾਡੀ ਦੇਹ ਹੀ ਸਾਡੇ ਸਾਹ ਤੋਂ
ਇੱਕ ਦਿਨ ਨੀਵੀਂ ਪਾ ਕੇ ਲੰਘੇ
ਸਾਡਾ ਸੂਰਜ
ਸਾਥੋਂ ਸੰਗੇ

ਸਲਵਾਨ
ਹਾਂ ਮਿੱਤ੍ਰ !
ਤੂੰ ਸੱਚ ਕਹਿੰਦਾ ਹੈਂ
ਹੁਣ ਤਾਂ ਸੂਰਜ
ਢਲ ਚੱਲਿਆ ਸੀ
ਧੁੱਪ ਦਾ ਬਾਲਣ ਬਲ ਚੱਲਿਆ ਸੀ
ਸੁਪਨ-ਸਰਪਨੀ ਵਾਲਾ ਸੁਪਨਾ
ਹੁਣ ਮਿੱਟੀ ਵਿੱਚ ਰਲ ਚੱਲਿਆ ਸੀ
ਪਰ ਕਲ ਸੁਪਨਾ ਅੱਖੀਂ ਤੱਕ ਕੇ
ਮੈਨੂੰ ਮੁੜ ਕੇ
ਛਲ ਚੱਲਿਆ ਹੈ
ਮੇਰੀ ਮਹਿਕ-ਵਿਛੁੰਨੀ ਰੂਹ ‘ਤੇ
ਮਲ ਚੱਲਿਆ ਹੈ

ਵਰਮਨ
ਮੈਂ ਵੱਡ-ਭਾਗਾ
ਇਸ ਮਿੱਟੀ ‘ਚੋਂ
ਜੇ ਤੈਨੂੰ ਤੇਰਾ ਸੁਪਨਾ ਲੱਭੇ
ਕਿਹੜੀ ਰੂਪਵਤੀ ਹੈ ਐਸੀ
ਮੈਨੂੰ ਵੀ ਕੁਝ
ਪਤਾ ਤਾਂ ਲੱਗੇ ?

ਸਲਵਾਨ
ਹਾਂ ਮਿੱਤ੍ਰ ! ਉਹ ਕਿਰਨ ਜੇਹੀ ਜੋ
ਸੁੱਤ-ਉਨੀਂਦੇ ਨੈਣਾਂ ਵਾਲੀ
ਕੋਹ ਕੋਹ ਲੰਮੇ ਵਾਲਾਂ ਵਾਲੀ
ਨੀਮ-ਉਦਾਸੇ ਅੰਗਾਂ ਵਾਲੀ
ਦੁਧੀਂ ਧੋਤੇ ਰੰਗਾਂ ਵਾਲੀ
ਲੰਮ-ਸਲੰਮੀ ਚੰਦਨ-ਗੇਲੀ
ਭਾਰੇ ਜਿਹੇ ਨਿਤੰਭਾ ਵਾਲੀ
ਮੋਤੀ-ਵੰਨੇ ਦੰਦਾਂ ਵਾਲੀ
ਲੂਣਾ !
ਜਿਹੜੀ ਕੱਲ ਉਤਸਵ ਵਿੱਚ
ਚੁਣੀ ਸੀ ਯੁਵਤੀ ਸੰਗਾਂ ਵਾਲੀ
ਸੁਪਨ-ਸਰਪਨੀ ਡੰਗਾਂ ਵਾਲੀ

(ਚਲਦਾ….)